ਖਾਸ ਖਬਰਾਂ » ਸਿੱਖ ਖਬਰਾਂ

ਬੇਅਦਬੀ ਤੇ ਡੇਰਾ ਮਾਮਲੇ ਵਿੱਚ ਅਜੇ ਹੋਰ ਬਹੁਤ ਕੁਝ ਸਾਮਣੇ ਆਵੇਗਾ:ਮੱਕੜ

September 8, 2018 | By

 ਅੰਮ੍ਰਿਤਸਰ: ਸੁਖਬੀਰ ਸਿੰਘ ਬਾਦਲ ਨੂੰ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਮੁਆਫੀ ਦੇ ਵਿਉਂਤਕਾਰ ਦੱਸਣ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੰਕਸ਼ਾਫ ਕੀਤਾ ਹੈ ਕਿ ਬੇਅਦਬੀ ਤੇ ਡੇਰਾ ਮੁਆਫੀ ਮਾਮਲੇ ਵਿੱਚ ਅਜੇ ਹੋਰ ਬਹੁਤ ਲੋਕ ਸੱਚ ਸਾਹਮਣੇ ਲੈਕੇ ਆਉਣਗੇ ।

ਮੱਕੜ ਨੇ ਤਨਜ ਕੀਤਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਰਾਹੀਂ ਬੇਅਦਬੀ ਦਾ ਸੱਚ ਸਾਹਮਣੇ ਆਉਣ ਤੇ ਵੀ ਸ਼੍ਰੋਮਣੀ ਕਮੇਟੀ ਮੁਲਾਜਮ ਕਿਉਂ ਗੂੰਗੇ ਬਣੇ ਹੋਏ ਹਨ? ਸਾਬਕਾ ਕਮੇਟੀ ਪਰਧਾਨ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁਜੇ ਸਨ।ਚੁਣਿੰਦਾ ਪੱਤਰਕਾਰਾਂ ਨਾਲ ਗੈਰ ਰਸਮੀ ਗਲਬਾਤ ਕਰਦਿਆਂ ਅਵਤਾਰ ਸਿੰਘ ਮੱਕੜ ਬੀਤੇ ਦਿਨੀ ਕੀਤੇ ਉਸ ਇੰਕਸ਼ਾਫ ਤੋਂ ਖੁਸ਼ ਨਜਰ ਆਏ ਕਿ ‘ਡੇਰਾ ਸਿਰਸਾ ਮੁਖੀ ਮੁਆਫੀ ਬਾਰੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਚੰਡੀਗੜ੍ਹ ਬੁਲਾਕੇ ਦੱਸਿਆ ਸੀ’।

ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਤਸਵੀਰ।

ਇਹ ਪੁੱਛੇ ਜਾਣ ਤੇ ਕਿ ਆਪ ਜੀ ਵਲੋਂ ਕੀਤਾ ਇਹ ਇੰਕਸ਼ਾਫ, ਡੇਰਾ-ਸੁਖਬੀਰ ਰਿਸ਼ਤਿਆਂ ਦੀ ਪਹਿਲੀ ਕਿਸ਼ਤ ਹੈ ਜਾਂ ਹੋਰ ਗੱਲਾਂ ਵੀ ਬਾਕੀ ਹਨ ਤਾਂ ਮੱਕੜ ਮੁਸਕੜੀਆਂ ‘ਚ ਹੱਸਦੇ ਨਜਰ ਆਏ। ਮੱਕੜ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਸਮੇਂ ਦੀ ਲੋੜ ਸੀ। ਉਹ ਪਹਿਲਾਂ ਵੀ ਗਾਹੇ ਬਗਾਹੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਮਾਨਸਿਕਤਾ ਵਿਰੋਧੀ ਅਜੇਹੇ ਫੈਸਲਿਆਂ ਪਰਤੀ ਸੁਚੇਤ ਕਰਦੇ ਰਹੇ ਹਨ ।

ਉਨ੍ਹਾਂ ਕਿਹਾ ਕਿ ਹੈਰਾਨੀ ਤਾਂ ਇਸ ਗਲ ਦੀ ਸੀ ਕਿ ਜਦ ਕਦੇ ਵੀ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਆਏ, ਉਨ੍ਹਾਂ(ਮੱਕੜ) ਨੂੰ ਨਜਰਅੰਦਾਜ ਕੀਤਾ।ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਜਾਂ ਸਕੱਤਰ ਨੂੰ ਬੁਲਾ ਲੈਣਾ ਤੇ ਪ੍ਰਬੰਧ ਬਾਰੇ ਵੀ ਆਦੇਸ਼ ਦੇ ਦੇਣੇ ਲੇਕਿਨ ਕਮੇਟੀ ਪ੍ਰਧਾਨ ਨਾਲ ਗਲ ਨਹੀ ਕਰਨੀ।

ਇੱਕ ਸਵਾਲ ਦੇ ਜਵਾਬ ਵਿੱਚ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਤਾਂ ਅਕਤੂਬਰ 2015 ਵਿੱਚ ਹੋਈ ਬੇਅਦਬੀ ਦੀ ਘਟਨਾ ਖਿਲਾਫ ਆਪਣੇ ਅਧਿਕਾਰੀਆਂ ਨੂੰ ਬਕਾਇਦਾ ਰੋਸ ਮਾਰਚ ਕੱਢਣ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇਣ ਦੀ ਹਦਾਇਤ ਕੀਤੀ ਸੀ ਤੇ ਇਹ ਹੋਇਆ ਵੀ।ਸ੍ਰ:ਮੱਕੜ ਨੇ ਤਨਜ ਨਾਲ ਕਿਹਾ ਕਿ ਹੁਣ ਸ਼੍ਰੋਮਣੀ ਕਮੇਟੀ ਮੁਲਾਜਮਾਂ ਨੂੰ ਕੀ ਹੋਇਆ ਹੈ? ਉਨ੍ਹਾਂ ਦੀ ਜਮੀਰ ਕਿਉਂ ਨਹੀ ਜਾਗੀ?ਉਹ ਇਹ ਵੀ ਨਹੀ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਅਜੇ ਦੋਸ਼ੀ ਹੀ ਬੇਨਕਾਬ ਹੋਏ ਹਨ। ਇਨਸਾਫ ਮਿਲਣਾ ਬਾਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,