ਖਾਸ ਖਬਰਾਂ » ਸਿੱਖ ਖਬਰਾਂ

ਅਖੌਤੀ ਸਾਧ ਖਿਲਾਫ ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ: ਫੈਸਲਾ ਲੈਣ ਲਈ ਤਿੰਨ ਸਾਲ ਦਾ ਸਮਾਂ ਕਿਉਂ ਲੱਗਾ?

May 23, 2018 | By

ਨਰਿੰਦਰ ਪਾਲ ਸਿੰਘ*

ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਨੂੰ ਲੈਕੇ ਇੱਕ ਅਖੌਤੀ ਸਾਧ ਵਲੋਂ ਕੀਤੇ ਕਿੰਤੂ ਪ੍ਰੰਤੂ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੇਕਿਨ ਐਸਾ ਫੈਸਲਾ ਲੈਣ ਲਈ ਕਮੇਟੀ ਨੇ ਤਿੰਨ ਸਾਲ ਦਾ ਸਮਾਂ ਕਿਉਂ ਲਗਾ ਦਿੱਤਾ ?ਇਹ ਸਵਾਲ ਜਿਥੇ ਸਿੱਖ ਚਿੰਤਕਾਂ ਲਈ ਰਾਹਤ ਦਾ ਕਾਰਣ ਹੈ ਉਥੇ ਸਿਆਸੀ ਮਾਹਿਰਾਂ ਦੇ ਮੱਥੇ ਤੇ ਸ਼ੰਕਾ ਦੀਆਂ ਲਕੀਰਾਂ ਗੂੜੀਆਂ ਕਰਦਾ ਹੈ।

ਨਰਿੰਦਰਪਾਲ ਸਿੰਘ

ਵਿਸ਼ਵ ਦੇ ਸਭਤੋਂ ਛੋਟੀ ਉਮਰ ਦੇ ਧਰਮ ਪੰਥ ਸਿੱਖ ਧਰਮ ਦੀ ਵਿੱਲਖਣਤਾ ਦਾ ਪਹਿਲਾ ਸਰੂਪ ਜਿਸ ਕਰਕੇ ਸੰਸਾਰ ਸਿੱਖ ਕੌਮ ਨੂੰ ‘ਸ਼ਬਦ ਦੇ ਪੈਰੋਕਾਰ’ ਹੋਣ ਵਜੋਂ ਪ੍ਰਵਾਨ ਕਰਦਾ ਹੈ ਉਹ ਹੈ ਰੂਹਾਨੀ ਗਿਆਨ ਅਤੇ ਸਮੁਚੀ ਮਨੁੱਖਤਾ ਲਈ ਸੁਚੱਜੀ ਜੀਵਨ ਜਾਚ ਦਾ ਮਾਰਗ ਦਰਸ਼ਨ ਕਰਨ ਵਾਲਾ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ।ਬੀਤੇ ਕਲ੍ਹ ਇੱਕ ਅਖੌਤੀ ਸਾਧੂ ਨਰਾਇਣ ਦਾਸ ਵਲੋਂ ਪੰਚਮ ਗੁਰਦੇਵ ਵਲੋਂ ਆਦਿ(ਗੁਰੂ)ਗ੍ਰੰਥ ਸਾਹਿਬ ਦਾ ਸੰਪਾਦਨ ਕਰਦਿਆਂ ਬਾਣੀ ਦੀ ਚੋਣ ਨੂੰ ਲੈਕੇ ਉਠਾਏ ਸਵਾਲਾਂ ਤੇ ਕੀਤੇ ਕਿੰਤੂ ਪ੍ਰੰਤੂ ਖਿਲਾਫ ਸਿੱਖ ਸੰਗਤ ਅੰਦਰ ਰੋਸ ਤੇ ਰੋਹ ਫੈਲ ਗਿਆ ਸੀ।ਦੇਰ ਸ਼ਾਮ ਤੀਕ ਇਸ ਅਖੌਤੀ ਨੇ ਭਾਵੇਂ ਆਪਣੇ ਕੀਤੇ ਕਾਰੇ ਦੀ ਮੁਆਫੀ ਵੀ ਮੰਗ ਲਈ ਸੀ ਲੇਕਿਨ ਕੌਮ ਐਸੇ ਗੁਨਾਹਗਾਰ ਨੂੰ ਬਖਸ਼ਣ ਲਈ ਹਰਗਿਜ਼ ਤਿਆਰ ਨਹੀ ਹੋਈ।ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਦੋਸ਼ੀ ਖਿਲਾਫ ਕਾਰਵਾਈ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਸੌਪ ਦਿੱਤੀ ।

ਸ਼੍ਰੋਮਣੀ ਕਮੇਟੀ ਦੁਆਰਾ ਸਮੇਂ ਸਿਰ ਚੱੁਕੇ ਗਏ ਇਸ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ ਪ੍ਰਤੂੰ ਇਹ ਸਵਾਲ ਜਰੂਰ ਪੁੱਛਣਾ ਬਣਦਾ ਹੈ ਕਿ ਕੀ ਸਿੱਖ ਗੁਰੂ ਸਾਹਿਬਾਨ ,ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਫਲਸਫੇ ਖਿਲਾਫ ਵਰਤਾਰਾ ਪਹਿਲੀ ਵਾਰ ਸਾਹਮਣੇ ਆਇਆ ਸੀ।ਜੇਕਰ ਸ਼੍ਰੋਮਣੀ ਕਮੇਟੀ ਪਿਛਲੇ ਤਿੰਨ ਸਾਲ ਦਾ ਦਫਤਰੀ ਜਾਂ ਅਖਬਾਰੀ ਰਿਕਾਰਡ ਫਰੋਲ ਲਵੇ ਤਾਂ ਸਾਫ ਹੋ ਜਾਵੇਗਾ ਕਿ ਜੂਨ 2015 ਵਿੱਚ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਜੋ ਦੁਖਦਾਈ ਘਟਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਜਾਣ ਦੀ ਵਾਪਰੀ ਸੀ ਉਸਦੀ ਤਾਰੀਖ 1ਜੂਨ 2015 ਸੀ ।ਜਗੋਂ ਤੇਰਵੀਂ ਕੀਤੀ ਇਸ ਚੋਰੀ ਅਤੇ ਦੋਸ਼ੀਆਂ ਵਲੋਂ ਸਿੱਖ ਕੌਮ ਨੂੰ ਵੰਗਾਰਨ ਦੀ ਵਿਖਾਈ ਸੀਨਾ ਜ਼ੋਰੀ ਖਿਲਾਫ ਬੁਰਜ ਜਵਾਹਰ ਸਿੰਘ ਵਾਲਾ ਦੀ ਸੰਗਤ ਨੇ 1ਤੇ 2ਜੂਨ ਨੂੰ ਨਿਰੰਤਰ ਦੋ ਵੱਖ ਵੱਖ ਸ਼ਿਕਾਇਤਾਂ ਜਿਲ੍ਹਾ ਪੁਲਿਸ ਪਾਸ ਲਿਖਵਾਈਆਂ ਸਨ।ਇਸ ਘਟਨਾ ਦੀ ਸੰਗਤੀ ਜਾਂਚ ਕਰਨ ਦਾ ਜਿੰਮਾ ਵੀ ਪਿੰਡ ਤੇ ਇਲਾਕੇ ਦੀ ਸੰਗਤ ਨੇ ਹੀ ਨਿਭਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਪਾਸ ਰਿਪੋਰਟ ਵੀ ਪੇਸ਼ ਕੀਤੀ ।ਲੇਕਿਨ ਜੋ ਇਨਸਾਫ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਕੀਤੇ ਜਾਣ ਅਤੇ ਪੁਲਿਸ ਪਾਸ ਸ਼ਿਕਾਇਤ ਕਰਨ ਦੇ ਇਵਜ ਵਿੱਚ ਮਿਿਲਆ ,ਉਹ ਸੀ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਪਾਵਨ ਸਰੂਪ ਦੇ ਅੰਗਾਂ ਦਾ ਨਿਰਾਦਰ।13 ਅਕਤੂਬਰ 2015 ਤੀਕ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਿਸੇ ਵੀ ਪ੍ਰਸ਼ਾਸ਼ਨ ਨੂੰ ਲਿਖਤੀ ਸ਼ਿਕਾਇਤ ਨਹੀ ਕੀਤੀ ਗਈ ।ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਾਵਨ ਸਰੂਪ ਦਾ ਨਿਰਾਦਰ ਹੀ ਬਰਗਾੜੀ ਤੇ ਬਹਿਬਲ ਕਲਾਂ ਵਿੱਚ ਤਤਕਾਲੀਨ ਸਰਕਾਰ ਵਲੋਂ ਚਲਵਾਈ ਗੋਲੀ ਨਾਲ ਦੋ ਸਿੰਘਾਂ ਦੀ ਹੋਈ ਮੌਤ ਬਣਦਾ ਹੈ।ਜਿਕਰ ਕਰਨਾ ਪਵੇਗਾ ਕਿ ਇਸ ਸਮੁਚੇ ਵਰਤਾਰੇ ਖਿਲਾਫ ਜਦੋਂ ਸਮੁਚਾ ਪੰਜਾਬ ,ਇਨਸਾਫ ਲਈ ਸੜਕਾਂ ਤੇ ਉਤਰ ਪਿਆ ਤਾਂ ਸ਼੍ਰੋਮਣੀ ਕਮੇਟੀ ਨੇ ਕਮੇਟੀ ਦਫਤਰ ਤੋਂ ਸਥਾਨਕ ਹਾਲ ਗੇਟ ਤੀਕ ਇਕ ਰੋਸ ਮਾਰਚ ਹੀ ਕੱਢਿਆ।ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ –ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਪਣੇ ਸਿਆਸੀ ਮਾਲਕਾਂ ਦੀ ਅਖੌਤੀ ਪੰਥਕ ਸਰਕਾਰ ਵਲੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਗਠਿਤ ਕੀਤਾ ਗਿਆ।ਫਿਰ ਜਸਟਿਸ ਮਾਰਕੰਡੇ ਕਾਟਜ਼ੂ ਨਾਮੀ ਇੱਕ ਜਨਤਕ ਜਾਂਚ ਕਮਿਸ਼ਨ ਬਣਿਆ ਤੇ ਹੁਣ ਸਾਲ 2017 ਵਿੱਚ ਗਠਿਤ ਹੋਈ ਕਾਂਗਰਸ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਗਿਆ।ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਦੀ ਪੰਥਕ ਸਰਕਾਰ ਦੇ ਸੱਤਾ ਤੋਂ ਬਾਹਰ ਹੋਣ ਦੇ ਨਾਲ ਹੀ ਕਿਸੇ ਸਰਕਾਰੀ ਦਫਤਰ ਵਿੱਚ ਦਫਨ ਹੋ ਗਈ ।ਜਸਟਿਸ ਕਾਟਜ਼ੂ ਦੀ ਰਿਪੋਰਟ ਨੂੰ ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮਾਂ ਨੇ ਮੰਨਿਆਂ ਨਹੀ ।ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਅਜੇ ਜਾਰੀ ਹੈ ।ਇਹ ਜਾਣਕਾਰੀ ਵੀ ਸ਼ਾਇਦ ਸ਼੍ਰੋਮਣੀ ਕਮੇਟੀ ਪਾਸ ਕਿਸੇ ਰਿਕਾਰਡ ਵਿੱਚ ਹੋਵੇ ਕਿ ਜੂਨ 2015 ਤੋਂ 15 ਮਈ 2018 ਤੀਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ,ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਦੇ ਨਿਰਾਦਰ ਦੇ ਰੂਪ ਵਿੱਚ ਸੈਂਕੜੇ ਘਟਨਾਵਾਂ ਵਾਪਰ ਚੱੁਕੀਆਂ ਹਨ ।ਸਿਰਫ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਅਜੇਹੀਆਂ ਦੁਖਦਾਈ ਤਿੰਨ ਘਟਨਾਵਾਂ ਵਾਪਰ ਚੱੁਕੀਆਂ ਹਨ।ਸ਼੍ਰੋਮਣੀ ਕਮੇਟੀ ਦੀਆਂ ਕੁਝ ਆਪਣੀਆਂ ਪ੍ਰਕਾਸ਼ਨਾਵਾਂ ਵੀ ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਮਾਨ ਜਨਕ ਟਿੱਪਣੀਆਂ ਕਾਰਣ ਸ਼ੰਕਾ ਦੇ ਘੇਰੇ ਵਿੱਚ ਹਨ ਲੇਕਿਨ ਕਮੇਟੀ ਅਜੇਹਾ ਕਾਰਜ ਕਰਨ ਵਾਲੇ ਅਧਿਕਾਰੀਆਂ ਨੂੰ ਗੁਰੂ ਦੀ ਗੋਲਕ ‘ਚੋਂ ਪੈਸੇ ਖਰਚ ਕੇ ਬਚਾਉਣ ਤੀਕ ਸੀਮਤ ਹੈ।ਕੁਝ ਦਿਨ ਪਹਿਲਾਂ ਹੀ ਰਾਸ਼ਟਰੀ ਸਵੈਅਮ ਸੇਵਕ ਸੰਘ ਵਲੋਂ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ।

ਲ਼ੇਕਿਨ ਕਮੇਟੀ ਵਲੋਂ ਅੱਜ ਲਏ ਫੈਸਲੇ ਨਾਲ ਜਿਥੇ ਇਕ ਸਕੂਨ ਮਿਿਲਆ ਹੈ ਕਿ ਕਮੇਟੀ ਜਾਗ ਚੱੁਕੀ ਹੈ ਉਥੇ ਸਿੱਖ ਚਿੰਤਕਾਂ ਅੰਦਰ ਸ਼ੰਕਾ ਵੀ ਹੈ ਕਿ ਕੀ ਸ਼੍ਰੋਮਣੀ ਕਮੇਟੀ ਇੱਕ ਸਿਆਸੀ ਪ੍ਰੀਵਾਰ ਦੀ ਐਨੀ ਗੁਲਾਮੀ ਸਵੀਕਾਰ ਚੱੁਕੀ ਹੈ ਕਿ ਉਹ ਤਿੰਨ ਸਾਲ ਕਹਿਣ ਦੀ ਜ਼ੁਰਅਤ ਨਹੀ ਕਰ ਸਕੀ ਕਿ ‘ਪ੍ਰਭਾਣੀਏ ਅੱਗਾ ਢੱਕ’।ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਲੱਗੇ ਜਥੇਦਾਰ ਹੀ ਆਪ ਨਿਵਾਜੇ ਫਖਰ-ਏ-ਕੌਮ ਅੱਗੇ ਨਿਮਾਣੇ ਹੋ ਗਏ।ਕੀ ਸਾਲ 2015 ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੇ ਸ੍ਰੀ ਦਰਬਾਰ ਸਾਹਿਬ ਪੁਜਕੇ ਮੰਗ ਪੱਤਰ ਜਾਂ ਸ਼ਿਕਾਇਤ ਪੱਤਰ ਲੈਣ ਤੇ ਕੋਈ ਪਾਬੰਦੀ ਸੀ ਜਾਂ ਸ਼੍ਰੋਮਣੀ ਕਮੇਟੀ ਲਈ ਇਹ ਪੈਂਡਾ ਬਹੁਤ ਲੰਬਾ ਸੀ ਕਿ ਇੱਕ ਲਿਖਤੀ ਸ਼ਿਕਾਇਤ ਨਹੀ ਦਿੱਤੀ ਜਾ ਸਕੀ ਕਿ ਸਿੱਖ ਕੌਮ ਦੇ ਇਸ਼ਟ ਦਾ ਨਿਰਾਦਰ ਹੋਇਆ ਹੈ।ਕਮੇਟੀ ਦੀ ਅੱਜ ਦੀ ਕਾਰਵਾਈ ਨੇ ਇਹ ਤਾਂ ਜਾਹਿਰ ਕਰ ਦਿੱਤਾ ਹੈ ਕਿ ਜੇ ਹੁਕਮ ਹੋਵੇ /ਨੀਅਤ ਹੋਵੇ ਤਾਂ ਕਿਸੇ ਵੀ ਗੁਰੂ ਪੰਥ ਦੋਖੀ ਖਿਲਾਫ ਇੱਕ ਦਿਨ ਵਿੱਚ ਕਦਮ ਚੱੁਕਿਆ ਜਾ ਸਕਦਾ ਹੈ ਤੇ ਜੇ ਨਹੀ ਤਾਂ ਜੂਨ 2015 ਤੋਂ ਮਾਰਚ 2017 ਤੀਕ ਵਾਪਰੀਆਂ ਗੁਰੂ ਗ੍ਰੰਥ ਦੇ ਨਿਰਾਦਰ ਦੀਆਂ ਵਾਪਰੀਆਂ ਸੈਂਕੜੇ ਘਟਨਾਵਾਂ ਕੋਈ ਅਰਥ ਨਹੀ ਰੱਖਦੀਆਂ।

* ਲੇਖਕ ਨਾਲ 098553-13236 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: