ਸਿਆਸੀ ਖਬਰਾਂ » ਸਿੱਖ ਖਬਰਾਂ

ਮਾਮਲਾ ਸੁਖਬੀਰ ਬਾਦਲ-ਅਮਿਤ ਸ਼ਾਹ ਸਮਝੌਤੇ ਦਾ: ਗੱਲ ਪਰਦੇ ਪਿਛਲੀ ਕਾਰਵਾਈ ਦੀ

February 3, 2019 | By

ਲੇਖਕ: ਨਰਿੰਦਰ ਪਾਲ ਸਿੰਘ

ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਮਹਾਂਰਾਸ਼ਟਰ ਸਰਕਾਰ ਦੀ ਦਖਲਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਗਠਜੋੜ ਦੇ ਸਾਂਝੇ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਭਾਜਪਾ ਖਿਲਾਫ ਵਿੱਢੀ ਸਿਆਸੀ ਦੂਸ਼ਣਬਾਜ਼ੀ ਦੇ ਡਰਾਮੇ ਦਾ ਬੀਤੇ ਕਲ੍ਹ ਨਾਟਕੀ ਅੰਤ ਹੋ ਗਿਆ। ਸਿਰਫ ਸੱਤਾ ਤੇ ਸਰਦਾਰੀ ਖਾਤਿਰ ਖੁਦ ਨੂੰ “ਪਤੀ-ਪਤਨੀ” ਦੇ ਰਿਸ਼ਤੇ ਵਿੱਚ ਬੱਝਿਆ ਦੱਸਣ ਵਾਲੇ ਬਾਦਲ-ਭਾਜਪਾ ਪ੍ਰਧਾਨਾਂ ਨੇ ਇਹ ਕਹਿ ਕੇ ਸਾਰੀ ਡਰਾਮੇਬਾਜ਼ੀ ਖਤਮ ਕਰ ਦਿੱਤੀ ਹੈ ਕਿ “ਰਾਸ਼ਟਰੀ ਸਿੱਖ ਸੰਗਤ” ਗੁਰਦਆਰਾ ਪ੍ਰਬੰਧ ਵਿੱਚ ਦਖਲਅੰਦਾਜ਼ੀ ਨਹੀਂ ਕਰੇਗੀ। ਪਰ ਦੋਵੇਂ ਹੀ ਸਿਆਸੀ ਦਲਾਂ ਦੇ ਮੁਖੀ ਇਹ ਸਾਫ ਨਹੀਂ ਕਰ ਸਕੇ ਕਿ ਕੀ ਮਹਾਂਰਾਸ਼ਟਰ ਸਰਕਾਰ ਵਲੋਂ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਕਾਨੂੰਨ 1956 ਦੀ ਧਾਰਾ 11 ਵਿੱਚ ਕੀਤੀ ਜਾ ਰਹੀ ਤਬਦੀਲੀ/ਸੋਧ ਵਾਪਿਸ ਲੈ ਲਈ ਗਈ ਹੈ ਜਾਂ ਨਹੀਂ? ਤੇ ਕੀ ਮਹਾਂਰਾਸ਼ਟਰ ਸਰਕਾਰ ਭਾਜਪਾ ਦੀ ਨਾ ਹੋ ਕੇ ਉਸ ਰਾਸ਼ਟਰੀ ਸਿੱਖ ਸੰਗਤ ਨਾਮੀ ਸੰਸਥਾ ਦੀ ਹੈ ਜਿਸ ਦੇ ਚੋਣ ਨਿਸ਼ਾਨ ਹੇਠ ਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਇੱਕ ਵੀ ਵਿਧਾਇਕ ਨਹੀਂ ਹੈ? ਕਿਉਂਕਿ ਮਾਮਲਾ ਤਾਂ ਸਰਕਾਰੀ ਦਖਲ ਅੰਦਾਜ਼ੀ ਦਾ ਸੀ।

ਅਮਿਤ ਸ਼ਾਹ (ਖੱਬੇ) ਤੇ ਸੁਖਬੀਰ ਸਿੰਘ ਬਾਦਲ (ਸੱਜੇ) ਦੀ ਇਕ ਪੁਰਾਣੀ ਤਸਵੀਰ

ਸ਼ਾਇਦ ਇਨ੍ਹਾਂ ਸਵਾਲਾਂ ਦੇ ਜਵਾਬ ਨਾ ਤਾਂ ਕਦੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਦੇ ਸਕਣਗੇ ਤੇ ਨਾ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ। ਕਾਰਣ ਸਪਸ਼ਟ ਹੈ ਕਿ ਇਹਨਾਂ ਦੋਵੇਂ ਦਲਾਂ ਦੇ ਪ੍ਰਧਾਨਾਂ ਤੋਂ ਇਲਾਵਾ ਇਸ ਖਿੱਤੇ ਅੰਦਰ ਵਿਚਰਨ ਵਾਲਾ ਹਰ ਕੋਈ ਜਾਣਦਾ ਹੈ ਕਿ ਭਾਜਪਾ ਅਤੇ ਰਾਸ਼ਟਰੀ ਸਿੱਖ ਸੰਗਤ ਇਕ ਹੀ ਵਿਚਾਰਧਾਰਕ ਜਥੇਬੰਦੀ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐਸ.ਐਸ) ਹੇਠ ਕੰਮ ਕਰ ਰਹੀਆਂ ਦੋ ਵੱਖ ਵੱਖ ਜਥੇਬੰਦੀਆਂ ਹਨ। ਭਾਜਪਾ, ਸੰਘ ਦੀ ਸਿਆਸੀ ਸ਼ਾਖਾ ਹੈ ਤੇ ਰਾਸ਼ਟਰੀ ਸਿੱਖ ਸੰਗਤ ਸਿੱਖ ਮਸਲਿਆਂ ਵਿੱਚ ਹਿੰਦੂਤਵ ਦੀ ਸਿੱਧੀ ਦਖਲ ਅੰਦਾਜ਼ੀ ਲਈ ਮੰਚ। ਇਹ ਵੀ ਕਿਸੇ ਪਾਸੋਂ ਗੁੱਝਾ ਨਹੀ ਹੈ ਕਿ ਰਾਸ਼ਟਰੀ ਸਵੈਅਮ ਸੇਵਕ ਸੰਘ, ਉਸ ਕੱਟੜਵਾਦੀ ਹਿੰਦੂਤਵੀ ਸੋਚ ਦੀ ਪ੍ਰਚਾਰਕ ਹੈ ਜੋ ਇਸ ਬਹੁਭਾਂਤੀ ਖਿੱਤੇ ਨੂੰ ਹਿੰਦੀ, ਹਿੰਦੂ, ਹਿੰਦੁਸਤਾਨ ਦੇ ਤਿੰਨ ਨੁਕਾਤੀ ਸਿਧਾਂਤ ਮੁਤਾਬਕ ਘੜ੍ਹਨਾ ਲੋਚਦੀ ਹੈ ਤੇ ਘੱਟ ਗਿਣਤੀਆਂ ਨੂੰ ਸਾਮ, ਦਾਮ, ਦੰਡ, ਭੇਵ ਦੀ ਨੀਤੀ ਤਹਿਤ ਨਿਗਲਣ ਦੇ ਮਨਸੂਬੇ ਤਿਆਰ ਤੇ ਲਾਗੂ ਵੀ ਕਰਦੀ ਹੈ।
ਜੇਕਰ ਸੁਖਬੀਰ ਸਿੰਘ ਬਾਦਲ ਅਤੇ ਅਮਿਤ ਸ਼ਾਹ ਦਰਮਿਆਨ ਹੋਇਆ ਸਮਝੋਤਾ ਇਹ ਯਕੀਨ ਦਿਵਾ ਰਿਹਾ ਹੈ ਕਿ ਰਾਸਟਰੀ ਸਿੱਖ ਸੰਗਤ ਸਿੱਖ ਗੁਰਧਾਮਾਂ ਵਿੱਚ ਦਖਲਅੰਦਾਜ਼ੀ ਨਹੀ ਕਰੇਗੀ ਤਾਂ ਫਿਰ ਜਦੋਂ ਸ਼੍ਰੋ.ਗੁ.ਪ੍ਰ.ਕ. ਤੇ ਦਿ.ਸਿ.ਗੁ.ਪ੍ਰ.ਕ. ਵਰਗੀਆਂ ਸੰਸਥਾਵਾਂ ਦੇ ਆਗੂ ਭਾਜਪਾ ਦੀ ਟਿਕਟ ਤੇ ਚੋਣਾਂ ਲੜਦੇ ਹਨ ਤੇ ਇਨ੍ਹਾਂ ਕਮੇਟੀਆਂ ਦੇ ਮੁਲਾਜਮਾਂ ਨੂੰ ਭਾਜਪਾ ਆਗੂਆਂ ਦੇ ਹੱਕ ਵਿਚ ਵੋਟਾਂ ਭੁਗਤਾਣ ਲਈ ਪੇਸ਼ ਕੀਤਾ ਜਾਂਦਾ ਹੈ ਤਾਂ ਕੀ ਇਹ ਦਖਲਅੰਦਾਜ਼ੀ ਨਹੀ ਹੈ?

⊕ ਇਸ ਮਸਲੇ ਦੇ ਪਿਛਕੋੜ ਬਾਰੇ ਇਹ ਖਬਰ ਵੀ ਪੜ੍ਹੋ – ਤਖਤ ਹਜੂਰ ਸਾਹਿਬ ਪ੍ਰਬੰਧਕ ਕਮੇਟੀ ਤੇ ਕਬਜੇ ਲਈ ਭਾਜਪਾ ਪੱਬਾਂ ਭਾਰ; ਸਿੱਖ ਸੰਗਤਾਂ ਚ ਭਾਰੀ ਰੋਹ

ਫਿਰ ਭਾਜਪਾ ਤੇ ਬਾਦਲ ਦਲ ਦਰਮਿਆਨ ਕਿਸ ਮੁਦੇ ਤੇ ਸਮਝੋਤਾ ਹੋਇਆ ਹੈ ਉਹ ਵੀ ਸਾਫ ਕਹਿਣਾ ਬਣਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਇਸ ਸਾਲ 26 ਜਨਵਰੀ ਮੌਕੇ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਦੇ ਦੋ ਖਿਤਾਬ ਅਜੇਹੇ ਸਿੱਖ ਆਗੂਆਂ (ਸੁਖਦੇਵ ਸਿੰਘ ਢੀਂਡਸਾ ਅਤੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ) ਨੂੰ ਦਿੱਤੇ ਸਨ। ਇਨ੍ਹਾਂ ਆਗੂਆਂ ਨੂੰ ਬਾਦਲ ਦਲ ਆਪਣੇ ਵਿਰੋਧੀ ਮੰਨ ਰਿਹਾ ਹੈ। ਇਹ ਕਿਵੇਂ ਹੋ ਸਕਦਾ ਸੀ ਕਿ ਪਿਛਲੇ 40 ਸਾਲਾਂ ਤੋਂ ਸੱਤਾ ਵਿੱਚ ਭਾਈ ਵਾਲ ਰਹੀ ਭਾਜਪਾ, ਬਾਦਲਾਂ ਦੇ ਬਾਗੀਆਂ ਨੂੰ ਕੋਈ ਸਨਮਾਨ ਦੇ ਦਿੰਦੀ।

ਹੁਣ ਇਹ ਸਵਾਲ ਅਹਿਮ ਰਹੇਗਾ ਕਿ ਕੀ ਦਿੱਲੀ ਕਮੇਟੀ ਵਿੱਚੋਂ ਭਾਜਪਾ ਦੀ ਦਖਲਅੰਦਾਜ਼ੀ ਖਤਮ ਕਰਨ ਲਈ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ ਵਰਗੇ ਕਮੇਟੀ ਅਹੁਦੇਦਾਰਾਂ ਉਨ੍ਹਾਂ ਅਹੁਦਿਆਂ (ਭਾਜਪਾ ਵਿਧਾਇਕ ਤੇ ਭਾਜਪਾ ਕੌਂਸਲਰ) ਤੋਂ ਅਸਤੀਫੇ ਦੇ ਦੇਣਗੇ? ਜੇਕਰ ਨਹੀਂ ਤਾਂ ਸਪਸ਼ਟ ਹੈ ਕਿ ਜਿਸ ਤਰ੍ਹਾਂ ਭਾਜਪਾ ਬਾਦਲਾਂ ਨੂੰ ਠਿੱਬੀਆਂ ਲਾ ਰਹੀ ਸੀ ਉਸਦੇ ਚੱਲਦਿਆਂ ਬਾਦਲਾਂ ਨੇ ਭਾਜਪਾ ਪਾਸ ਰੋਸ ਪ੍ਰਗਟਾਉਣਾ ਸੀ ਜਿਸ ਲਈ ਤਖਤ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਵਿਚ ਭਾਜਪਾ ਦੀ ਦਖਲਅੰਦਾਜ਼ੀ ਦਾ ਮੁੱਦਾ ਉਠਾ ਕੇ ਮਨ ਦਾ ਗੁਬਾਰ ਕੱਢ ਲਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,