ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਆਪਣੀਆਂ ਜੜ੍ਹਾਂ ਵੱਲ ਮੁੜਨਾ ਜਰੂਰੀ [ਖਾਸ ਲੇਖ]

April 15, 2016 | By

– ਐਡਵੋਕੇਟ ਜਸਪਾਲ ਸਿੰਘ ਮੰਝਪੁਰ *

ਕੋਈ ਵੀ ਰੁੱਖ ਦੇਖਣ ਨੂੰ ਭਾਵੇਂ ਕਿੰਨਾ ਵੀ ਸੋਹਣਾ ਜਾਂ ਸੁਡੌਲ ਕਿਉਂ ਨਾ ਹੋਵੇ ਪਰ ਅਸਲ ਮਜਬੂਤੀ ਉਸਦੀਆਂ ਜੜ੍ਹਾਂ ਦੀ ਧਰਤੀ ਵਿਚ ਡੂੰਘਾਈ ਅਤੇ ਧਰਤੀ ਦੀ ਪਕੜ ਨਾਲ ਹੁੰਦੀ ਹੈ। ਖੋਖਲੀਆਂ ਜੜ੍ਹਾਂ ਜਾਂ ਉਪਰਲੀ ਪਰਤ ਵਿਚਲੀਆਂ ਜੜ੍ਹਾਂ ਵਾਲੇ ਰੱੁਖ ਭਾਦਰੋਂ ਦੀ ਪਹਿਲੀ ਹਨੇਰੀ ਵਿਚ ਹੀ ਮੂਧੇ ਮੂੰਹ ਪਏ ਹੁੰਦੇ ਹਨ।

ਗੁਰੂ ਨਾਨਕ ਪਾਤਸ਼ਾਹ ਦੇ ਹਰ ਸਿੱਖ ਦਾ ਇਸ ਗੱਲ ਵਿਚ ਪੱਕਾ ਯਕੀਨ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਉਸ ਧਰਮ ਧਰਤੀ ਵਿਚ ਗਹਿਰੀਆਂ ਲੱਗੀਆਂ ਹੋਈਆਂ ਹਨ ਜਿਸ ਧਰਮ ਦਾ ਜਨਮ ਦਇਆ ਵਿਚੋਂ ਹੋਇਆ ਹੈ ਅਤੇ ਇਸਦੀ ਹੋਂਦ ਸਦੀਵ ਹੈ।

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ | Photo: Deep Hundal

ਲੇਖਕ: ਐਡਵੋਕੇਟ ਜਸਪਾਲ ਸਿੰਘ ਮੰਝਪੁਰ | Photo: Deep Hundal

ਇਹ ਰੁੱਖ ਘਣਛਾਵਾਂ ਬਣ ਕੇ ਸਰਬਤ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਤਪਦੀ ਤ੍ਰਿਸ਼ਨਾ ਦੀ ਗਰਮੀ ਅਤੇ ਵਿਕਾਰਾਂ ਦੇ ਸੇਕ ਤੋਂ ਬਚਾ ਰਿਹਾ ਹੈ। ਇਸ ਰੁੱਖ ਉਪਰ ਕਈ ਸੰਪਰਦਾਵਾਂ, ਡੇਰਿਆਂ, ਸੰਸਥਾਵਾਂ ਆਦਿ ਨੇ ਆਪਣੇ ਪੱਕੇ ਆਲਣੇ ਵੀ ਬਣਾਏ ਹੋਏ ਹਨ ਜੋ ਆਪਣੀ ਰੋਜ਼ੀ-ਰੋਟੀ ਤਾਂ ਇਸ ਰੁੱਖ ਤੋਂ ਹੀ ਚਲਾਉਂਦੇ ਹਨ ਪਰ ਰੁੱਖ ਨੂੰ ਪਲੀਤ ਵੀ ਕਰਦੇ ਹਨ ਅਤੇ ਅਕਸਰ ਦੇਖਣ ਵਿਚ ਆਇਆ ਹੈ ਕਿ ਜਦੋਂ ਕੋਈ ਇਸ ਰੁੱਖ ਨੂੰ ਵੱਢਣ ਜਾਂ ਨੁਕਸਾਨ ਪਹੁੰਚਾਉਂਣ ਆਉਂਦਾ ਹੈ ਤਾਂ ਰੁੱਖ ਤੋਂ ਝੱਟ ਉਡਾਰੀ ਮਾਰ ਜਾਂਦੇ ਹਨ।ਕਈ ਤਾਂ ਇਸ ਰੁੱਖ ਦੀ ਕੇਵਲ਼ ਛਾਂ ਮਾਣਨ ਲਈ ਆਏ ਹੀ ਇਸ ਰੁੱਖ ਦੇ ਹੀ ਹੋ ਗਏ ਅਤੇ ਆਪਣਾ ਸਾਰਾ ਕੁੱਝ ਇਸ ਰੁੱਖ ਲਈ ਅਰਪਣ ਕਰ ਦਿੱਤਾ।ਇਹ ਰੁੱਖ ਤਾਂ ਆਪਣੇ ਵੱਢਣ ਵਾਲਿਆਂ ਨੂੰ ਵੀ ਛਾਂ ਦੇਣ ਤੋਂ ਵੀ ਕਦੀ ਇਨਕਾਰੀ ਨਹੀਂ ਹੋਇਆ ਪਰ ਇਸਨੂੰ ਪੂਰੀ ਤਰ੍ਹਾਂ ਛਾਂਗਣ ਤੋਂ ਬਾਅਦ ਇਸ ਤੋਂ ਛਾਂ ਦੀ ਉਮੀਦ ਕਰਨ ਵਾਲਿਆਂ ਨੂੰ ਮੂਰਖ ਹੀ ਆਖਿਆ ਜਾ ਸਕਦਾ ਹੈ। ਇਸ ਰੁੱਖ ਨੂੰ ਕਈ ਵਾਰ ਛਾਂਗਿਆ ਵੀ ਗਿਆ ਅਤੇ ਕਈ ਵਾਰ ਇਸਦੀਆਂ ਜੜ੍ਹਾਂ ਨੂੰ ਵੀ ਹੱਥ ਪਾਇਆ ਗਿਆ ਪਰ ਦੋਖੀਆਂ ਨੂੰ ਸਫਲਤਾ ਨਾ ਮਿਲੀ ਅਤੇ ਇਹ ਰੁੱਖ ਸਮਾਂ ਰਹਿੰਦਿਆਂ ਫਿਰ ਫਲਿਆ-ਫੁੱਲਿਆ ਅਤੇ ਸਰਬਤ ਦੇ ਭਲੇ ਲਈ ਛਾਂ ਦੇਣ ਲੱਗਾ।

ਸਮੇਂ ਤੇ ਰੁੱਤਾਂ ਮੁਤਾਬਕ ਇਸ ਰੁੱਖ ਵਿਚ ਵੀ ਬਦਲਾਅ ਆਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਂਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਗੁਰੂ ਪੰਥ ਨੇ ਇਸ ਰੁੱਖ ਦਾ ਰਾਜ ਲਿਆਂਦਾ ਤਾਂ ਵਾਹੀਕਾਰਾਂ ਨੂੰ ਉਹਨਾਂ ਦੀਆਂ ਜਮੀਨਾਂ ਦੇ ਹੱਕ ਮਿਲੇ। ਖੂਨ ਚੂਸਣ ਵਾਲਿਆਂ ਨੂੰ ਢੰਡ ਭਰਨੇ ਪਏ। ਸਰਬਤ ਦੇ ਭਲੇ ਲਈ ਹਰ ਤਰ੍ਹਾਂ ਦੇ ਭੇਦ-ਭਾਵ ਮਿਟਾਉਂਣ ਲਈ ਉਪਰਾਲੇ ਕੀਤੇ ਗਏ ਪਰ ਛੇਤੀ ਹੀ ਦੋਖੀਆਂ ਨੇ ਇਸ ਰਾਜ-ਪ੍ਰਬੰਧ ਨੂੰ ਖਤਮ ਕਰਕੇ ਇਸ ਰੱੁਖ ਦੇ ਰਾਖਿਆਂ ਉਪਰ ਜ਼ੁਲਮ ਦੀ ਹਨੇਰੀ ਵਗਾ ਦਿੱਤੀ ਅਤੇ ਇਸ ਰੁੱਖ ਨੂੰ ਪਾਣੀ ਦਾ ਪਰਵਾਹ ਬੰਦ ਕਰ ਦਿੱਤਾ ਪਰ ਇਸ ਰੁੱਖ ਦੇ ਰਾਖਿਆਂ ਨੇ ਆਪਣੇ ਲਹੂ ਨਾਲ ਰੁੱਖ ਨੂੰ ਸਿੰਜਣਾ ਕੀਤਾ ਅਤੇ ਇਸ ਰੁੱਖ ਨੇ ਉਹਨਾਂ ਮਰਜੀਵੜਿਆਂ ਨੂੰ ਆਪਣੀ ਗੋਦ ਵਿਚ ਲੈ ਲਿਆ ਅਤੇ ਉਹ ਸਾਰੇ ‘ਸ਼ਹੀਦ’ ਅਹੁਦੇ ਨਾਲ ਨਿਵਾਜ਼ੇ ਗਏੇ।ਅੰਤ ਇਹਨਾਂ ਸ਼ਹੀਦਾਂ ਦੀ ਰੱਤ ਕੰਮ ਆਈ ਤੇ ਖਾਲਸਾ ਰਾਜ ਸਥਾਪਤ ਹੋਇਆ ਜਿਸ ਵਿਚ ਇਸ ਰੱੁਖ ਦੀ ਆਨ-ਬਾਨ-ਸ਼ਾਨ ਦੇਖਦਿਆਂ ਹੀ ਬਣਦੀ ਸੀ।ਰੁੱਖ ਦੀਆਂ ਛਾਵਾਂ ਦੀ ਧਾਂਕ ਦੁਨੀਆਂ ਦੇ ਕੋਨੇ-ਕੋਨੇ ਤੱਕ ਪੁੱਜੀ ਪਰ ਹੁਣ ਰੱੱੁਖ ਨੂੰ ਉਹਨਾਂ ਕੁਹਾੜਿਆਂ ਨੇ ਵੱਢਿਆ ਜਿਹਨਾਂ ਵਿਚ ਦਸਤੇ ਇਸ ਰੁੱਖ ਦੀ ਲੱਕੜੀ ਤੋਂ ਹੀ ਬਣੇ ਦੱਸੀਦੇ ਹਨ ਅਤੇ ਇਹਨਾਂ ਆਪਣੀ ਲੱਕੜੀ ਤੋਂ ਬਣੇ ਦਸਤਿਆਂ ਵਾਲਿਆਂ ਕੁਹਾੜਿਆਂ ਦਾ ਕੰਮ ਅਜੇ ਵੀ ਜਾਰੀ ਹੈ । ਇਸ ਸਮੇਂ ਦੌਰਾਨ ਹੀ ਰੱੁਖ ਦੀਆਂ ਜੜ੍ਹਾਂ ਪਰ ਵੀ ਹਮਲੇ ਕਰਨੇ ਸ਼ੁਰੂ ਕੀਤੇ ਗਏ ਪਰ 500 ਸਾਲ ਤੋਂ ਉਪਰ ਦਾ ਸਮਾਂ ਹੋਣ ਕਾਰਨ ਰੁੱਖ ਨੇ ਆਪਣੀਆਂ ਜੜ੍ਹਾਂ ਹੋਰਨਾਂ ਖਿੱਤਿਆਂ ਅਤੇ ਸਮੁੰਦਰੋਂ ਪਾਰ ਤੱਕ ਪਹੁੰਚਾ ਦਿੱਤੀਆਂ ਹਨ ਅਤੇ ਉਹਨਾਂ ਥਾਵਾਂ ਉਪਰ ਵੀ ਛੋਟੇ-ਛੋਟੇ ਰੱੁਖ ਨਿਕਲ ਆਏ ਹਨ ਜੋ ਭੂਗੋਲਿਕ ਤੌਰ ‘ਤੇ ਤਾਂ ਆਪਣੇ ਮੂਲ ਤੋਂ ਦੂਰ ਹਨ ਪਰ ਜੜ੍ਹ ਰੂਪ ਵਿਚ ਨਾਲ ਹੀ ਜੁੜੇ ਹੋਏ ਹਨ ਪਰ ਉਹਨਾਂ ਦੀ ਆਪਣੀ ਹੋਂਦ ਹੁੰਦੀ ਹੋਈ ਵੀ ਕੋਈ ਹੋਂਦ ਨਹੀਂ ਜੇਕਰ ਮੂਲ ਰੁੱਖ ਦੀਆਂ ਜੜ੍ਹਾਂ ਤੋਂ ਵੱਖ ਹੋਣ ਦਾ ਯਤਨ ਕਰਨਗੇ ਜਾਂ ਕੀਤੇ ਜਾਣਗੇ।

ਇਸ ਘਣਛਾਵੇਂ ਰੁੱਖ ਨੂੰ ਹੁਣ ਬਹੁਤਾ ਖਤਰਾ ਇਸਦੇ ਅਖੌਤੀ ਰਾਖਿਆਂ ਤੋਂ ਹੀ ਬਣਿਆ ਹੋਇਆ ਹੈ। ਕਈ ਰਾਖੇ ਤਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਕਿ ਇਸ ਰੱੁਖ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਹੋ ਸਕਦੀਆਂ ਹਨ ਅਤੇ ਉਹਨਾਂ ਮੂਰਖਾਂ ਨੇ ਇਸ ਦੀਆਂ ਜੜ੍ਹਾਂ ਫਰੋਲਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਕਿ ਇਹ ਕਿੰਨੀਆਂ ਡੂੰਘੀਆਂ ਹਨ ਅਤੇ ਕਿੱਧਰ-ਕਿੱਧਰ ਨੂੰ ਜਾ ਰਹੀਆਂ ਹਨ। ਇਹਨਾਂ ਤਰਕ ਦੇ ਕਰਿੰਦਿਆਂ ਨੇ ਜੜ੍ਹਾਂ ਉਪਰ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਹ ਇਸ ਰੁੱਖ ਦੀਆਂ ਜੜ੍ਹਾਂ ਹਨ ਵੀ ਕਿ ਨਹੀਂ? ਜਿਹੜਾ ਕੰਮ ਦੁਸ਼ਮਣ ਨੇ ਨਹੀਂ ਸੀ ਕੀਤਾ ਉਹ ਅਸੀਂ ਆਪ ਹੀ ਛੇੜ ਲਿਆ ਹੈ ਅਤੇ ਧਰਮ ਦੀ ਮਿੱਟੀ ਪੁੱਟ-ਪੁੱਟ ਕੇ ਜੜ੍ਹਾਂ ਦੇਖਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਸਾਨੂੰ ਗੁਰੂ ਸਾਹਿਬਾਨ ਅਤੇ ਰੁੱਖ ਦੇ ਰਾਖੇ ਸ਼ਹੀਦਾਂ ਉਪਰ ਅਤੇ ਉਹਨਾਂ ਦੇ ਬਚਨਾਂ ਉਪਰ ਸ਼ਾਇਦ ਭਰੋਸਾ ਹੀ ਨਹੀਂ ਰਿਹਾ ? ਅਰਦਾਸ ਵਿਚ ਭਰੋਸਾ ਦਾਨ ਮੰਗਦੇ ਤਾਂ ਹਾਂ ਪਰ ਗੁਰੂ ਪਾਸੋਂ ਮੰਗਣ ਵਿਚ ਹੀ ਭਰੋਸਾ ਨਹੀਂ ਰਿਹਾ ਤਾਂ ਇਹ ਕਿਵੇ ਮਿਲੂੰ? ਅਧਿਆਤਮਕ ਜੀਵਨ ਵਿਚ ਸਵਾਲਾਂ ਦੇ ਜਵਾਬ ਕਿਸੇ ਵਿਅਕਤੀ ਕੋਲੋਂ ਲੈਣ ਨਾਲ ਅਧਿਆਤਮਕ ਜੀਵਨ ਦਾ ਮਾਰਗ ਨਹੀਂ ਮਿਲਦਾ ਸਗੋਂ ਗੁਰੂ, ਭਗਤਾਂ ਤੇ ਸ਼ਹੀਦਾਂ ਦੇ ਬਚਨ ਸੁਣਕੇ, ਮੰਨਕੇ, ਚੱਲਣ ਨਾਲ ਆਪਣੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਮਿਲਣ ਲੱਗਣ ਤਾਂ ਹੀ ਆਤਮਕ ਜੀਵਨ ਦੀ ਸੋਝੀ ਅਤੇ ਅਰਦਾਸ ਵਿਚ ਮੰਗੇ ਜਾਂਦੇ ਦਾਨ ਮਿਲਦੇ ਹਨ।

ਇਹ ਗੱਲ ਸੱਚ ਹੈ ਕਿ ਰੁੱਖ ਦੀਆਂ ਜੜ੍ਹਾਂ ਵਿਚ ਸਿਉਂਕ ਦਾ ਹਮਲਾ ਵੀ ਰਹਿੰਦਾ ਹੈ ਪਰ ਸ਼ਹੀਦਾਂ ਦੀ ਰੱਤ ਨੇ ਇਸ ਸਿਉਂਕ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਉਂਣ ਦਿੱਤਾ ਪਰ ਹੁਣ ਇਸ ਸਿਉਂਕ ਦਾ ਹਮਲਾ ਵੱਧ ਲੱਗਦਾ ਹੈ ਕਿਉਂਕਿ ਸ਼ਹੀਦੀ ਦਾ ਨਿਰਛਲ ਲਹੂ ਇਸ ਰੁੱਖ ਦੀਆਂ ਜੜ੍ਹਾਂ ਵਿਚ ਪਾਇਆਂ ਸਮਾਂ ਹੋ ਗਿਆ ਹੈ।

ਸਾਡੇ ਇਸ ਰੱੁਖ ਦੀਆਂ ਜੜ੍ਹਾਂ ਕੀ ਹਨ ? ਮੂਲ ਜੜ੍ਹ ਤਾਂ ਦਇਆ ਦੀ ਹੈ ਜਿਸ ਵਿਚੋਂ ਧਰਮ ਰੂਪੀ ਰੁੱਖ ਉਪਜਿਆ ਹੈ। ਇਸ ਨਾਲ ਹੀ ਸਤੁ, ਸੰਤੋਖ ਤੇ ਵਿਚਾਰ ਵੀ ਜੜ੍ਹਾਂ ਦਾ ਹਿੱਸਾ ਹੈ।ਜਪ, ਤਪ, ਹਠ ਤੇ ਸੰਜਮ ਵੀ ਸਾਡੀਆਂ ਜੜ੍ਹਾਂ ਹਨ ਅਤੇ ਇਹਨਾਂ ਨੂੰ ਸੇਵਾ-ਸਿਮਰਨ ਅਤੇ ਗੁਰੂਆਂ ਦੇ ਬਚਨ ਤੇ ਗੁਰੂ ਉਪਰ ਭਰੋਸੇ ਦੀ ਆਬ ਮਿਲਣੀ ਸਦਾ ਜਰੂਰੀ ਹੈ ਜਿਸ ਵਿਚੋਂ ਤਿਆਗ, ਨਿਮਰਤਾ, ਸਹਿਜਤਾ ਤੇ ਨਿਰਛਲਤਾ ਉਪਜਦੀ ਹੈ।ਬਾਕੀ ਸਾਰਾ ਕੁਝ ਜਿਵੇ ਕਿ ਬਾਹਰੀ ਸਰੂਪ, ਸਰੀਰਕ ਸੁਡੌਲਤਾ, ਬਾਣਾ, ਜੁਝਾਰੂਪਣ ਆਦਿ ਤਾਂ ਇਸ ਰੱੁਖ ਦੇ ਟਾਹਣੀਆਂ, ਪੱਤੇ, ਫੁੱਲ, ਫਲ ਅਤਿਆਦਕ ਹਨ।
ਹਰੇਕ ਸਿੱਖ ਵੀ ਇਕ ਰੁੱਖ ਦੀ ਨਿਆਂਈ ਮੰਨੀਏ ਤਾਂ ਰੁੱਖ ਦੀ ਬਾਹਰੀ ਦਿੱਖ ਦੀ ਸੁੰਦਰਤਾ ਤਾਂ ਆਉਂਦੀ-ਜਾਂਦੀ ਰਹਿੰਦੀ ਹੈ ਪਰ ਜਿੰਨਾਂ ਚਿਰ ਤੱਕ ਇਹ ਰੁੱਖ ਅਣਦਿਸਦੀਆਂ ਜੜ੍ਹਾਂ ਰੂਪੀ ਗੁਣਾਂ ਨਾਲ ਭਰਪੂਰ ਹੈ ਤਾਂ ਇਸ ਰੱੁਖ ਨੂੰ ਕੋਈ ਨੁਕਸਾਨ ਨਹੀਂ। ਕਿਸੇ ਰੁੱਖ ਦੇ ਫਲ-ਫੁੱਲ-ਪੱਤੇ ਵੀ ਅੰਦਰੂਨੀ ਜੜ੍ਹਾਂ ਮੁਤਾਬਕ ਹੀ ਹੁੰਦੇ ਹਨ। ਸਾਡੀਆਂ ਜੜ੍ਹਾਂ ਜੇਕਰ ਦਇਆ, ਸਤੁ, ਸੰਤੋਖ, ਵਿਚਾਰ, ਜਪ, ਤਪ, ਹਠ, ਸੰਜਮ, ਸੇਵਾ-ਸਿਮਰਨ, ਗੁਰੂਆਂ ਦੇ ਬਚਨਾਂ ਉਪਰ ਭਰੋਸਾ, ਤਿਆਗ, ਨਿਮਰਤਾ ਸਹਿਜਤਾ ਤੇ ਨਿਰਛਲਤਾ ਆਦਿ ਸਦਗੁਣ ਹਨ ਤਾਂ ਹੀ ਸਾਡੇ ਫਲ-ਫੱੁਲ-ਪੱਤੇ ਤੇ ਟਾਹਣੀਆਂ ਲੋਕਾਈ ਨੂੰ ਛਾਂ ਦੇ ਸਕਣਗੇ ਅਤੇ ਅਸੀਂ ਸਰਬਤ ਦੇ ਭਲੇ ਲਈ ਸਹੀ ਕਾਰਜ਼ ਕਰ ਸਕਾਂਗੇ।

ਅੱਜ ਲੋੜ ਹੈ ਕਿ ਅਸੀਂ ਆਪਣੇ ਆਪੇ ਨੂੰ ਸੰਕੋਚ ਕੇ, ਬਾਹਰੀ ਵਰਤਾਰੇ ਤੋਂ ਬਚਦੇ ਹੋਏ ਆਪਣੀਆਂ ਜੜ੍ਹਾਂ ਵੱਲ ਨੂੰ ਮੁੜੀਏ ਜਿੱਥੇ ਸਾਡੇ ਲਈ ਪਿਓ-ਦਾਦੇ ਦਾ ਗੁਣਾਂ ਨਾਲ ਭਰਪੂਰ ਖ਼ਜ਼ਾਨਾ ਪਿਆ ਹੈ ਜੋ ਹੀ ਸਾਡੀ ਅਸਲ ਪੂੰਜੀ ਹੈ ਉਸ ਤੋਂ ਬਿਨਾਂ ਹੋਰ ਦੁਨੀਆਈਂ ਮਾਇਆ, ਸ਼ੋਹਰਤ ਤੇ ਦੁਨੀਆਈਂ ਚੌਧਰਾਂ ਦੀ ਭੁੱਖ ਨਾਲ ਅਸੀਂ ਵਿਕਾਰਾਂ ਅਧੀਨ ਤ੍ਰਿਸ਼ਨਾ ਦੀ ਅੱਗ ਵਿਚ ਜਲ ਰਹੇ ਹਾਂ।ਗੁਰੂ ਨਾਨਕ ਪਾਤਸ਼ਾਹ ਦੇ ਇਸ ਰੁੱਖ ਦੀ ਛਾਂ ਮਾਣੀਏ ਤੇ ਹੋਰਨਾਂ ਨੂੰ ਵੀ ਇਸਦੀ ਛਤਰ-ਛਾਇਆ ਵਿਚ ਲਿਆਈਏ ਪਰ ਗੁਰੂ ਨਾਨਕ ਦੇ ਘਰ ਦੇ ਗੋਲਿਆਂ ਦਾ ਇਹ ਕੰਮ ਨਹੀਂ ਕਿ ਜੜ੍ਹਾਂ ਦੀ ਹੀ ਫਰੋਲਾ-ਫਰਾਲੀ ਸ਼ੁਰੂ ਕਰ ਦਈਏ ਸਗੋਂ ਇਹਨਾਂ ਜੜ੍ਹਾਂ ਦੀ ਜਿੱਥੇ ਰਾਖੀ ਕਰੀਏ ਉੱਥੇ ਆਪਣਾ ਆਪਾ ਗਵਾ ਕੇ ਇਹਨਾਂ ਜੜ੍ਹਾਂ ਦਾ ਹੀ ਹਿੱਸਾ ਬਣੀਏ ਤਾਂ ਜੋ ਜਲੰਦੇ ਜਗਤ ਨੂੰ ਰੱਖਿਆ ਜਾ ਸਕੇ।

ਆਓ! ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਦਗੁਣਾਂ ਦੀ ਬਖ਼ਸ਼ਿਸ ਕਰੇ ਤਾਂ ਜੋ ਅਸੀਂ ਆਪਣੇ ਆਪ ਨੂੰ ਪਛਾਣ ਕੇ ਗੂਰੂ ਨਾਨਕ ਪਾਤਸ਼ਾਹ ਦੇ ਇਸ ਰੱੁਖ ਦਾ ਅਨਿੱਖੜਵਾਂ ਅੰਗ ਬਣਨ ਦੇ ਕਾਬਲ ਹੋ ਸਕੀਏ।

-0-

* ਜਿਲ੍ਹਾ ਕਚਹਿਰੀਆਂ ਲੁਧਿਆਣਾ, ਪੰਜਾਬ। ਲੇਖਕ ਨਾਲ +91-98554-01843 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,