ਲੇਖ » ਸਿਆਸੀ ਖਬਰਾਂ » ਸਿੱਖ ਖਬਰਾਂ

ਨਵੀਂ ਕਮੇਟੀ ਦੇ ਆਉਂਦੇ ਅਜਲਾਸ ਮੌਕੇ ਅਹੁਦੇਦਾਰਾਂ ਦੀ ਚੋਣ ਨੂੰ ਲੈਕੇ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ

September 27, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ‘ਸਹਿਜਧਾਰੀ ਸਿੱਖਾਂ’ ਦੇ ਸ਼੍ਰੋਮਣੀ ਕਮੇਟੀ ਆਮ ਚੋਣਾਂ ਵਿੱਚ ਵੋਟ ਪਾਉਣ ਦੇ ਅਧਿਕਾਰ ਨੂੰ ਲੈਕੇ ਅਦਾਲਤੀ ਚੱਕਰਾਂ ਕਾਰਣ ਪੰਜ ਸਾਲ ਬੇਬੱਸ ਰਹੇ ਕਮੇਟੀ ਮੈਂਬਰਾਨ ਸ਼ਾਇਦ ਚਾਹ ਕੇ ਵੀ ਉਨ੍ਹਾਂ ਦਾਅਵੇਦਾਰਾਂ ਨੂੰ ਪ੍ਰਧਾਨਗੀ ਦਾ ਤਾਜ ਨਾ ਬਖਸ਼ ਸਕਣ ਜਿਨ੍ਹਾਂ ਦੇ ਨਾਮ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹੇ ਹਨ। ਸਹਿਜਧਾਰੀ ਫੈਡਰੇਸ਼ਨ ਬਨਾਮ ਸਟੇਟ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ 15 ਸਤੰਬਰ ਨੂੰ ਸੁਣਾਏ ਗਏ ਫੈਸਲੇ ਨੇ ਦਸ ਦਿਨ ਬਾਅਦ ਮੂੰਹ ਦਿਖਾ ਹੀ ਦਿੱਤਾ ਹੈ ਤੇ ਕਮੇਟੀ ਦਾ ਨਵਾਂ ਹਾਊਸ ਬੁਲਾਏ ਜਾਣ ਲਈ ਕਾਗਜ਼ੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ; ਤੇਜਾ ਸਿੰਘ ਸਮੁੰਦਰੀ ਹਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫਤਰ; ਤੇਜਾ ਸਿੰਘ ਸਮੁੰਦਰੀ ਹਾਲ

ਜਾਣਕਾਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਵਿੱਚ ਚੋਣ ਜਾਬਤਾ ਪੂਰੀ ਤਰ੍ਹਾਂ ਲਾਗੂ ਹੋ ਚੁੱਕਾ ਹੈ ਜਿਸ ਤਹਿਤ ਹਰ ਕਿਸਮ ਦੀ ਤਰੱਕੀ, ਉਚ ਅਹੁੱਦਿਆਂ ‘ਤੇ ਤਾਇਨਾਤ ਅਧਿਕਾਰੀਆਂ ਦੀ ਤਬਦੀਲੀ ਅਤੇ ਨਵੀਂ ਮੁਲਾਜ਼ਮ ਭਰਤੀ ‘ਤੇ ਰੋਕ 16 ਸਤੰਬਰ ਤੋਂ ਹੀ ਲਗ ਚੁੱਕੀ ਹੈ। ਇਥੇ ਹੀ ਬੱਸ ਨਹੀਂ ਪੰਜ ਸਾਲ ਪ੍ਰਬੰਧ ਤੋਂ ਦੂਰ ਰੱਖੇ ਗਏ ਕਮੇਟੀ ਮੈਂਬਰਾਨ ਵਲੋਂ ਪਿਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਜੁਲਾਈ 2011 ਤੋਂ ਹੁਣ ਤੀਕ ਕੀਤੀ ਮੁਲਾਜ਼ਮ ਭਰਤੀ ਅਤੇ ਤਰੱਕੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਪਿਛਲੇ ਪੰਜ ਸਾਲ ਦੇ ਅਰਸੇ ਦੌਰਾਨ ਕਿਸੇ ਜਨਰਲ ਹਾਊਸ ਦੀ ਗੈਰ-ਮੌਜੂਦਗੀ ਕਾਰਣ ਮਨਮਨਰਜ਼ੀਆਂ ਕਰਨ ਅਤੇ ਸਾਲ 2011 ਦੇ ਚੁਣੇ ਮੈਂਬਰਾਨ ਨੂੰ ਅੱਖੋਂ ਪਰੋਖੇ ਕਰਨ ਵਾਲੇ ਕਮੇਟੀ ਦੇ ਕੁਝ ਸੀਨੀਅਰ ਅਧਿਕਾਰੀ ਬੁੱਲ੍ਹਾਂ ‘ਤੇ ਨਕਲੀ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਵੀ ਸ਼ੁਰੂ ਕਰ ਚੁੱਕੇ ਹਨ।

ਉਧਰ ਅੱਜ ਚੰਡੀਗੜ੍ਹ ਵਿਖੇ ਅਕਾਲੀ ਦਲ ਪ੍ਰਧਾਨ ਵਲੋਂ ਕਮੇਟੀ ਮੈਂਬਰਾਨ ਦੀ ਬੁਲਾਈ ਗਈ ਇਕੱਤਰਤਾ ਸਿਰਫ ਖਾਨਾ ਪੂਰਤੀ ਦੱਸੀ ਜਾ ਰਹੀ ਹੈ। ਖੁੱਦ ਕਮੇਟੀ ਦੇ ਜਾਣਕਾਰ ਅਤੇ ਕਈ ਦਹਾਕਿਆਂ ਤੋਂ ਕਮੇਟੀ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਨੂੰ ਨੇੜਿਓੁਂ ਵੇਖ ਤੇ ਪਰਖ ਚੁੱਕੇ ਕਮੇਟੀ ਦੇ ਤਜਰਬੇਕਾਰ ਮੁਲਾਜਮਾਂ ਦਾ ਮੰਨਣਾ ਹੈ ਕਿ ਕੁਝ ਅਖਬਾਰਾਂ ਅੰਦਾਜੇ ਨਾਲ ਹੀ ਜਾਂ ਕੁਝ ਲੋਕਾਂ ਨੂੰ ਖੁਸ਼ ਕਰਨ ਦੀ ਮਨਸ਼ਾ ਨਾਲ ਕੁਝ ਕਮੇਟੀ ਮੈਂਬਰਾਨ ਦੇ ਸੰਭਾਵੀ ਪ੍ਰਧਾਨ ਚੁਣੇ ਜਾਣ ਦੀ ਗੱਲ ਕਰ ਰਹੀਆਂ ਹਨ ਲੇਕਿਨ ਇਹ ਉਹੀ ਨਾਮ ਹਨ ਜੋ ਪਿਛਲੇ ਕਈ ਸਾਲਾਂ ਤੋਂ ਹਰ ਵਾਰ ਪ੍ਰਧਾਨਗੀ ਦੇ ਦਾਅਵੇਦਾਰ ਵਜੋਂ ਸਾਹਮਣੇ ਆਉਂਦੇ ਹਨ ਲੇਕਿਨ ਜਨਰਲ ਮੌਕੇ ਕੁਝ ਹੋਰ ਹੀ ਸਾਹਮਣੇ ਆ ਜਾਂਦਾ ਹੈ। ਇਨ੍ਹਾਂ ਜਾਣਕਾਰਾਂ ਦਾ ਇਹ ਮੰਨਣਾ ਜ਼ਰੂਰ ਹੈ ਕਿ ਕਮੇਟੀ ਦੀ ਪ੍ਰਧਾਨਗੀ ਇਸ ਵਾਰ ਵੀ ਮਾਲਵੇ ਵਿੱਚ ਜਾਣੀ ਤੈਅ ਹੈ ਤੇ ਚਿਹਰਾ ਵੀ ਨਵਾਂ ਹੀ ਹੋਵੇਗਾ।

ਇਹ ਵੀ ਜ਼ਰੂਰੀ ਦੱਸਿਆ ਜਾ ਰਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਅਜਿਹੇ ਬਾਦਲ-ਭਗਤ ਨੂੰ ਹੀ ਕਮੇਟੀ ਦੀ ਵਾਗਡੋਰ ਸੌਂਪੀ ਜਾਵੇਗੀ ਜੋ ਵਿਰੋਧੀਆਂ ਵੱਲੋਂ ਉਠਾਈ ਗਈ ਕਿਸੇ ਵੀ ਉਂਗਲ ਨੂੰ ਸਹੀ ਦਿਸ਼ਾ ਦੇਣ ਦੀ ਬਜਾਏ ਢੀਠਤਾਈ ਤੇ ਬਾਦਲ ਭਗਤੀ ਦਾ ਰਾਗ ਅਲਾਪਣ ਦਾ ਮਾਹਿਰ ਹੋਵੇ। ਪਰ ਕਮੇਟੀ ਦੇ ਜਾਣਕਾਰ ਇਹ ਸ਼ੰਕਾ ਜ਼ਰੂਰ ਪ੍ਰਗਟ ਕਰ ਰਹੇ ਹਨ ਕਿ ਪ੍ਰਧਾਨਗੀ ਚੋਣ ਪ੍ਰਕਿਰਿਆ ਦੌਰਾਨ ਉਠਣ ਵਾਲੇ ਇਤਰਾਜ਼ਾਂ ‘ਤੇ ਪਿਛਲੇ ਪੰਜ ਸਾਲ ਦੀ ਕਾਰਗੁਜ਼ਾਰੀ ਨੂੰ ਲੈਕੇ ਇਹ ਜਨਰਲ ਅਜਲਾਸ ਹੰਗਾਮਿਆਂ ਭਰਪੂਰ ਜ਼ਰੂਰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,