ਸਿਆਸੀ ਖਬਰਾਂ

ਅਕਤੂਬਰ ਦੇ ਪਹਿਲੇ ਹਫਤੇ ‘ਆਪ’ ਦੇ 25 ਹੋਰ ਉਮੀਦਵਾਰਾਂ ਦਾ ਐਲਾਨ ਹੋਵੇਗਾ

September 28, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਚਲੇ ਮੁੱਖ ਦਫਤਰ ਵਿੱਚ ਉਮੀਦਵਾਰਾਂ ਦੀ ਇੰਟਰਵਿਊ ਲੈਣ ਦਾ ਸਿਲਸਿਲਾ ਜਾਰੀ ਹੈ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ 25 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਾਰਟੀ ਵੱਲੋਂ ਤੀਜੀ ਸੂਚੀ ਵਿੱਚੋਂ ਵੀ ਮੁੱਖ ਆਗੂਆਂ ਨੂੰ ਬਾਹਰ ਰੱਖਣ ਦੀ ਰਣਨੀਤੀ ਬਣਾਈ ਗਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਪਹਿਲੇ ਉਮੀਦਵਾਰਾਂ ਵਿਰੁੱਧ ਕਈ ਤਰ੍ਹਾਂ ਦੀਆਂ ਉਂਗਲਾਂ ਉਠਣ ਕਾਰਨ ਹੁਣ ਲੀਡਰਸ਼ਿਪ ਵੱਲੋਂ ਉਮੀਦਵਾਰਾਂ ਦੀ ਚੋਣ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਬਰੀਕੀ ਨਾਲ ਘੋਖਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇੱਥੇ ਮੁੱਖ ਦਫਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਇਕਾਈ ਦੇ ਇੰਚਾਰਜ ਸੰਜੇ ਸਿੰਘ ਤੇ ਸਹਿ-ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਕੌਮੀ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਅਤੇ ਸੰਸਦ ਮੈਂਬਰ ਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਮੁੱਖ ਤੌਰ ’ਤੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦੇ ਰਹੇ ਹਨ।

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਆਪਣੀ ਟੀਮ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਆਪਣੀ ਟੀਮ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਪਾਰਟੀ ਵੱਲੋਂ ਫਿਲਹਾਲ ਪੰਜਾਬ ਦੇ ਪ੍ਰਮੁੱਖ ਆਗੂਆਂ ਨੂੰ ਟਿਕਟਾਂ ਦੇਣ ਦੇ ਐਲਾਨ ਨੂੰ ਟਾਲਿਆ ਜਾ ਰਿਹਾ ਹੈ। ਪਾਰਟੀ ਦਾ ਮੰਨਣਾ ਹੈ ਕਿ ਮੁੱਖ ਆਗੂਆਂ ਨੂੰ ਹੁਣ ਟਿਕਟਾਂ ਦੇਣ ਦਾ ਐਲਾਨ ਕਰਨ ਨਾਲ ਉਨ੍ਹਾਂ ਦੇ ਆਪਣੇ ਹਲਕਿਆਂ ਵਿੱਚ ਸਰਗਰਮ ਹੋਣ ਨਾਲ ਰਾਜ ਪੱਧਰੀ ਪ੍ਰਚਾਰ ਨੂੰ ਠੇਸ ਲੱਗ ਸਕਦੀ ਹੈ। ਆਮ ਆਦਮੀ ਪਾਰਟੀ ਉਪਰ ਦਿੱਲੀ ਵਾਲਿਆਂ ਦੇ ਭਾਰੂ ਹੋਣ ਦੇ ਲੱਗ ਰਹੇ ਦੋਸ਼ਾਂ ਨੂੰ ਦੂਰ ਕਰਨ ਲਈ ਲੀਡਰਸ਼ਿਪ ਨੇ ਪੰਜਾਬ ਦੀ ਸਟੇਟ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਲੈ ਲਿਆ ਹੈ। ਇਸ ਦੇ ਪਹਿਲੇ ਪੜਾਅ ਵਿੱਚ ਮੰਡੀ ਗੋਬਿੰਦਗੜ੍ਹ ਤੋਂ ਗੁਲਸ਼ਨ ਛਾਬੜਾ ਨੂੰ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਸਹਿ-ਇੰਚਾਰਜ ਜਰਨੈਲ ਸਿੰਘ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਟੇਟ ਕਮੇਟੀ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ ਅਤੇ ਜਲਦ ਹੀ ਮੀਤ ਪ੍ਰਧਾਨ ਤੇ ਜੁਆਇੰਟ ਸਕੱਤਰ ਨਿਯੁਕਤ ਕੀਤੇ ਜਾਣਗੇ।

ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਖਰੀ ਸਿਆਸੀ ਪਾਰਟੀ ਬਣਾਉਣਗੇ ਤਾਂ ਉਨ੍ਹਾਂ ਵਿਰੁੱਧ ਲਾਜ਼ਮੀ ਕਾਰਵਾਈ ਕੀਤੀ ਜਾਵੇਗੀ। ਪਾਰਟੀ ਆਗੂ ਐਚ.ਐਸ. ਫੂਲਕਾ ਵੱਲੋਂ ਡਾ. ਗਾਂਧੀ ਨੂੰ ਚੰਗਾ ਬੰਦਾ ਕਹਿਣ ’ਤੇ ਜਰਨੈਲ ਸਿੰਘ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਪਾਰਟੀ ਦੇ ਐਨਆਰਆਈ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ ਨੇ ਦੋਸ਼ ਲਾਇਆ ਕਿ ਐਨਆਰਆਈਜ਼ ਵੱਲੋਂ ‘ਆਪ’ ਦੀ ਪਿੱਠ ’ਤੇ ਆਉਣ ਕਾਰਨ ਬਾਦਲ ਸਰਕਾਰ ਨੇ ਬਦਲਾਲਊ ਕਾਰਵਾਈ ਤਹਿਤ ਵਿਦੇਸ਼ੀ ਨਾਗਰਿਕਤਾ ਲੈਣ ਵਾਲੇ ਪੰਜਾਬ ਦੇ ਪੈਨਸ਼ਨਰਾਂ ਦਾ ਡੀ.ਏ. ਤੇ ਮੈਡੀਕਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਚੋਣ ਮਨੋਰਥ ਪੱਤਰ ਕਮੇਟੀ ਦੀ ਮੈਂਬਰ ਚੰਦਰ ਸੁਤਾ ਡੋਗਰਾ ਨੇ ਦੋਸ਼ ਲਾਇਆ ਕਿ ਬਾਦਲਾਂ ਦੇ ਨਜ਼ਦੀਕੀਆਂ ਦੇ ਹਲਕਿਆਂ ਵਿੱਚ ਬਿਜਲੀ ਦੀ ਚੋਰੀ ਵਿਆਪਕ ਪੱਧਰ ’ਤੇ ਹੋ ਰਹੀ ਹੈ, ਜਿਸ ਦਾ ਬੋਝ ਆਮ ਬੰਦਿਆਂ ਉਪਰ ਪੈ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,