ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਪਠਲਾਵਾ ਪਿੰਡ ਦੇ ਵਾਸੀਆਂ ਨੇ ਸਿੱਧੂ ਮੂਸੇਵਾਲਾ ਤੇ ਪੁਲਿਸ ਮੁਖੀ ਦਿਨਕਰ ਗੁਪਤਾ ਵਿਰੁੱਧ ਮੁੱਖ ਮੰਤਰੀ ਨੂੰ ਚਿੱਠੀ ਲਿਖੀ 

April 1, 2020 | By

ਸ਼ਹੀਦ ਭਗਤ ਸਿੰਘ ਨਗਰ: ਪੰਜਾਬ ਪੁਲੀਸ, ਭਾਰਤੀ ਖਬਰਖਾਨੇ, ਗਾਇਕ ਸਿੱਧੂ ਮੂਸੇਵਾਲਾ, ਅਤੇ ਬੀਬੀਸੀ ਤੇ ਅਲਜਜ਼ੀਰਾ ਵਰਗੇ ਅਦਾਰਿਆਂ ਵੱਲੋਂ ਪਿੰਡ ਪਠਲਾਵਾ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਵਾਸੀ ਬਲਦੇਵ ਸਿੰਘ ਬਾਰੇ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਚਿੱਠੀ ਲਿਖੀ ਹੈ। ਬਲਦੇਵ ਸਿੰਘ ਪਠਲਾਵਾ ਦਿਲ ਦਾ ਦੌਰਾ ਪੈਣ ਕਾਰਨ ਅਠਾਰਾਂ ਮਾਰਚ ਨੂੰ ਚਲਾਣਾ ਕਰ ਗਿਆ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕੇ ਉਹ ਕਰੋਨਾ ਵਾਇਰਸ ਦੀ ਬੀਮਾਰੀ ਤੋਂ ਵੀ ਪੀੜਤ ਸੀ। 

ਪਿੰਡ ਪਠਲਾਵਾ ਦੇ ਵਸਨੀਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਂ ਲਿਖੀ ਗਈ ਚਿੱਠੀ ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:-

ਮਾਨਯੋਗ ਮੁੱਖ ਮੰਤਰੀ ਪੰਜਾਬ 

ਕੈਪਟਨ ਅਮਰਿੰਦਰ ਸਿੰਘ ਜੀ 

ਵਿਸ਼ਾ: ਬਲਦੇਵ ਸਿੰਘ ਅਤੇ ਉਸ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਬਦਨਾਮ ਕਰਨ ਬਾਰੇ 

ਅਸੀਂ ਸਾਰੇ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਹਾਂ। ਪਿਛਲੇ ਦਿਨੀਂ ਸਾਡੇ ਪਿੰਡ ਦੇ ਬਲਦੇਵ ਸਿੰਘ ਜੀ ਦੀ ਦਿਲ ਦੇ ਦੌਰੇ ਨਾਲ ਹੋਈ। ਮੌਤ ਪਿਛੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕਰੋਨਾ ਵਾਇਰਸ ਵੀ ਸੀ। 

ਬਲਦੇਵ ਸਿੰਘ ਸਬੰਧੀ ਕੁੱਝ ਗਲਤ ਖਬਰਾਂ ਅਤੇ ਝੂਠੀਆਂ ਅਫਵਾਹਾਂ ਵੀ ਫ਼ੈਲੀਆਂ। ਇਨ੍ਹਾਂ ਝੂਠੀਆਂ ਖਬਰਾਂ ਵਿੱਚ ਕਿਹਾ ਗਿਆ ਕਿ ਬਲਦੇਵ ਸਿੰਘ ਨੂੰ ਆਪਣੀ ਬਿਮਾਰੀ ਬਾਰੇ ਪਤਾ ਸੀ ਅਤੇ ਉਸ ਨੇ ਜਾਣ ਬੁੱਝ ਕੇ ਇਸ ਗੱਲ ਨੂੰ ਲਕੋਇਆ। ਤੁਸੀਂ ਇਸ ਗੱਲ ਦੀ ਪੁਸ਼ਟੀ ਸਿਹਤ ਵਿਭਾਗ ਤੋਂ ਕਰ ਸਕਦੇ ਹੋ ਕਿ ਬਲਦੇਵ ਸਿੰਘ ਅੰਦਰ ਕਰੋਨਾ ਵਾਇਰਸ ਹੋਣ ਦਾ ਪਤਾ ਉਸ ਦੀ ਮੌਤ ਤੋਂ ਬਾਅਦ ਹੀ ਲੱਗਾ। ਇਹ ਵੀ ਸੱਚ ਹੈ ਕਿ ਬਲਦੇਵ ਸਿੰਘ ਨੂੰ ਕਿਸੇ ਨੇ ਵੀ ਅਲਿਹਦਗੀ ‘ਚ ਰਹਿਣ ਬਾਰੇ ਨਹੀਂ ਕਿਹਾ ਸੀ। 

ਪਰ ਬਲਦੇਵ ਸਿੰਘ ਬਾਰੇ ਝੂਠੀਆਂ ਖਬਰਾਂ ਹੁਣ ਅੰਤਰਰਾਸ਼ਟਰੀ ਮੀਡੀਏ ਵਿੱਚ ਵੀ ਪਹੁੰਚ ਚੁੱਕੀਆਂ ਨੇ। ਇਸ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ। ਬਲਦੇਵ ਸਿੰਘ ਦੇ ਨਾਲ ਉਹ ਸਤਿਕਾਰਯੋਗ ਬਾਬਾ ਗੁਰਬਚਨ ਸਿੰਘ ਜੀ ਨੂੰ ਵੀ ਬਦਨਾਮ ਕਰ ਰਹੇ ਹਨ। 

ਬਲਦੀ ‘ਤੇ ਤੇਲ ਪਾਉਣ ਵਾਲੀ ਗੱਲ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀਤੀ ਹੈ। ਸਿੱਧੂ ਮੂਸੇਵਾਲੇ ਨੇ ਬਲਦੇਵ ਸਿੰਘ ਨੂੰ ਕਰੋਨਾ ਵਾਇਰਸ ਫੈਲਾਉਣ ਵਾਸਤੇ ਦੋਸ਼ੀ ਗਰਦਾਨਿਆਂ ਇਕ ਗਾਣਾ ਗਾਇਆ ਹੈ। ਇਸ ਗਾਣੇ ਵਿੱਚ ਬਲਦੇਵ ਸਿੰਘ ਦੀਆਂ ਤਸਵੀਰਾਂ ਵਰਤੀਆਂ ਗਈਆਂ ਨੇ ਅਤੇ ਉਸ ਨੂੰ ਪਾਪੀ ਤੱਕ ਕਹਿ ਦਿੱਤਾ ਗਿਆ ਹੈ। 

ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣ ਚਾਹੁੰਦਾ ਹਾਂ ਕਿ ਸਿੱਧੂ ਮੂਸੇਵਾਲੇ ‘ਤੇ ਪਿਛਲੇ ਮਹੀਨੇ 2 ਫਰਵਰੀ ਨੂੰ ਮਾਨਸਾ ਦੇ ਸਦਰ ਠਾਣੇ ‘ਚ ਹਿੰਸਾ ਭੜਕਾਉਣ ਵਾਸਤੇ ਪਰਚਾ ਦਰਜ ਹੋਇਆ। ਪੁਲਿਸ ਰਿਕਾਰਡ ਵਿੱਚ ਉਹ ਮੁਲਜ਼ਮ ਹੈ। 

ਇਕ ਮੁਲਜ਼ਮ ਵਲੋਂ ਬਲਦੇਵ ਸਿੰਘ ਨੂੰ ਬਦਨਾਮ ਕਰਨ ਵਾਸਤੇ ਗਾਏ ਗਾਣੇ ਨੂੰ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਵਲੋਂ ਆਪਣੇ ਟਵਿੱਟਰ ਖਾਤੇ ਤੋਂ ਸਾਂਝਾ ਕੀਤਾ ਗਿਆ ਹੈ। ਪਿਛਲੇ ਦਿਨੀਂ ਦਿਨਕਰ ਗੁਪਤਾ ਜੀ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨੂੰ ਬਦਨਾਮ ਕਰਨ ਵਾਲਾ ਬਿਆਨ ਵੀ ਦਿੱਤਾ ਸੀ। ਹੁਣ ਉਨ੍ਹਾਂ ਵਲੋਂ ਇਕ ਮਰ ਚੁੱਕੇ ਮਰੀਜ਼ ਨੂੰ ਬਦਨਾਮ ਕਰਨਾ ਸ਼ਰਮਨਾਹਰਕਤ ਹੈ। 

ਇਕ ਪਾਸੇ ਇਸ ਮੁਸ਼ਕਲ ਦੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀ ਸਾਡੇ ਪਿੰਡ ਲਈ ਦੇਵਤੇ ਬਣ ਕੇ ਕੰਮ ਕਰ ਰਹੇ ਨੇ। ਪਰ ਉੱਚ ਅਧਿਕਾਰੀ ਸਾਡੇ ਪਿੰਡ ਦੀ ਵਿਛੜੀ ਰੂਹ ਅਤੇ ਸਾਨੂੰ ਬਦਨਾਮ ਕਰ ਰਹੇ ਨੇ। 

ਝੂਠੀਆਂ ਖਬਰਾਂ ਅਤੇ ਪੰਜਾਬ ਪੁਲਿਸ ਮੁੱਖੀ ਵਲੋਂ ਸਾਂਝੇ ਕੀਤੇ ਸਿੱਧੂ ਮੂਸੇਵਾਲੇ ਦੇ ਗਾਣੇ ਕਾਰਨ ਨਾਲ ਬਲਦੇਵ ਸਿੰਘ ਦੇ ਪਰਿਵਾਰ ਅਤੇ ਸਾਡੇ ਪਿੰਡ ਨੂੰ ਆਉਣ ਵਾਲੇ ਸਮੇਂ ‘ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਇਹ ਸਾਡੇ ਸਾਰਿਆਂ ਲਈ ਮਾਨਸਿਕ ਤਸੀਹੇ ਵਾਂਗ ਹੈ। 

ਸਾਡੀ ਬੇਨਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਬਲਦੇਵ ਸਿੰਘ ਬਾਰੇ ਛਪੀਆਂ ਝੂਠੀਆਂ ਖਬਰਾਂ ਦੀ ਨਿੰਦਾ ਕੀਤੀ ਜਾਵੇ ਅਤੇ ਸਪਸ਼ਟੀਕਰਨ ਦਿੱਤਾ ਜਾਵੇ। ਬਲਦੇਵ ਸਿੰਘ ਨੂੰ ਬਦਨਾਮ ਕਰਨ ਲਈ ਗਾਣਾ ਗਾਉਣ ਵਾਲੇ ਸਿੱਧੂ ਮੂਸੇਵਾਲੇ ਖਿਲਾਫ ਪਰਚਾ ਦਰਜ ਕੀਤਾ ਜਾਵੇ । ਉਸ ਦਾ ਗਾਣਾ ਯੂ-ਟਿਊਬ ਤੋਂ ਹਟਾਇਆ ਜਾਵੇ। 

ਨਾਲ ਹੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਤਾੜਣਾ ਕੀਤੀ ਜਾਵੇ ਅਤੇ ਟਵਿੱਟਰ ਤੋਂ ਗੀਤ ਦੇ ਸਾਂਝੇ ਕੀਤੇ ਲਿੰਕ ਨੂੰ ਡਲੀਟ ਕਰਵਾਇਆ ਜਾਵੇ। 

ਜੇ ਇਹ ਕਦਮ ਨਾ ਚੁੱਕੇ ਗਏ ਤਾਂ ਬਲਦੇਵ ਸਿੰਘ ਅਤੇ ਸਾਡੇ ਪਿੰਡ ਦੀ ਬਦਨਾਮੀ ਦੇਖ ਕੇ ਆਵਦੀ ਬਦਨਾਮੀ ਦੇ ਘਰੋਂ ਕਿਸੇ ਕਰਨਾ ਸ਼ੱਕੀ ਮਰੀਜ਼ ਨੇ ਆਵਦੇ ਲੱਛਣ ਡਾਕਟਰਾਂ ਨਾਲ ਸਾਂਝੇ ਨਹੀਂ ਕਰਨੇ। ਕਰੋਨਾ ਮਰੀਜ਼ਾਂ ਦੀ ਬਦਨਾਮੀ ਦਾ ਡਰ ਇਸ ਬਿਮਾਰੀ ਨੂੰ ਖਤਰਨਾਕ ਤਰੀਕੇ ਨਾਲ ਫੈਲਾ ਸਕਦਾ ਹੈ। 

ਕੀ ਦੇਸ਼ ਦੇ ਕਿਸੇ ਸੂਬੇ ‘ਚ ਕਰੋਨਾ ਵਾਇਰਸ ਦੇ ਪਹਿਲੇ ਮਰੀਜ਼ਾਂ ਨੂੰ ਇਸ ਤਰ੍ਹਾਂ ਸਰਕਾਰੀ ਤੌਰ ਤੇ ਬਦਨਾਮ ਕਰਨ ਦੀ ਮੁਹਿੰਮ ਚੱਲੀ ਹੈ ? ਮਰੀਜ਼ਾਂ ਨੂੰ ਹਮਦਰਦੀ ਦੀ ਲੋੜ ਹੈ ਨਾ ਕਿ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੀ। 

ਇਹ ਕਦਮ ਬਲਦੇਵ ਸਿੰਘ, ਉਸ ਦੇ ਪਰਿਵਾਰ, ਉਸ ਦੀਆਂ ਪੀੜੀਆਂ ਅਤੇ ਸਾਡੇ ਪਿੰਡ ਦਾ ਮਾਣ ਸਤਿਕਾਰ ਬਹਾਲ ਰਨ ਲਈ ਬਹੁਤ ਜ਼ਰੂਰੀ ਨੇ। 

ਆਪ ਜੀ ਦੇ ਧੰਨਵਾਦੀ ਸਮੂਹ ਪਠਲਾਵਾ ਨਿਵਾਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,