ਸਿਆਸੀ ਖਬਰਾਂ » ਸਿੱਖ ਖਬਰਾਂ

ਪੰਜਾਬ ‘ਵਰਸਿਟੀ ‘ਚ ਖੱਬੇ ਪੱਖੀ ਤੇ ਪੰਥਕ ਜਥੇਬੰਦੀਆਂ ਦੇ ਇਕ ਮੰਚ ‘ਤੇ ਇਕੱਠੇ ਹੋਣਾ ਬਣਿਆ ਚਰਚਾ ਦਾ ਵਿਸ਼ਾ

March 7, 2017 | By

ਚੰਡੀਗੜ੍ਹ (ਮਨਜੋਤ ਸਿੰਘ ਜੋਤ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਵੱਲੋਂ 3 ਮਾਰਚ ਨੂੰ ਕਰਵਾਏ ਸੈਮੀਨਾਰ ਵਿਚ ਖੱਬੇ ਪੱਖੀ ਅਤੇ ਪੰਥਕ ਜਥੇਬੰਦੀਆਂ ਦੇ ਇਕ ਮੰਚ ‘ਤੇ ਇਕੱਠੇ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੈਮੀਨਾਰ ਵਿਚ ਪੰਜਾਬ ਭਰ ਤੋਂ ਕਈ ਪੰਥਕ ਅਤੇ ਖੱਬੇ ਪੱਖੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਅਖਬਾਰਾਂ ਰਾਹੀਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ) ਵੱਲੋਂ ਐਸ.ਐਫ.ਐਸ. ਦੇ ਸੈਮੀਨਾਰ ਨੂੰ ਰੁਕਵਾਉਣ ਦੇ ਐਲਾਨ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਯੂਨੀਵਰਸਿਟੀ ਆਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਸੈਮੀਨਾਰ ਵਿਚ ਕਈ ਕਿਸਾਨ, ਜਮਹੂਰੀ ਅਤੇ ਮਜਦੂਰ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਸਨ।

harpal singh cheema chandigarh police

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੂੰ ਕਾਨਫਰੰਸ ‘ਚ ਜਾਣ ਤੋਂ ਰੋਕਦੀ ਹੋਏ ਚੰਡੀਗੜ੍ਹ ਪੁਲਿਸ

ਜਾਣਕਾਰਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਖੱਬੇ ਪੱਖੀਆਂ ਦੇ ਮਸਲਿਆਂ ਵਿਚ ਕੇਵਲ ਖੱਬੇ ਪੱਖੀ ਅਤੇ ਪੰਥਕ ਜਥੇਬੰਦਆਂ ਦੇ ਸੰਵੇਦਨਸ਼ੀਲ ਮਸਲਿਆਂ ਵਿਚ ਸਿੱਖ ਸਟੂਡੈਂਟਸ ਫੈੱਡਰੇਸ਼ਨਾਂ ਹੀ ਸ਼ਾਮਿਲ ਹੁੰਦੀਆਂ ਸਨ। ਦੋਨਾਂ ਦੀ ਵੱਖਰੀ ਵਿਚਾਰਧਾਰਾ ਹੋਣ ਕਾਰਨ ਕਦੇ ਵੀ ਇਕੋ ਮੰਚ ‘ਤੇ ਇਕੱਠੇ ਨਹੀਂ ਹੁੰਦੀਆਂ ਸਨ। 1960 ਤੋਂ 80 ਤੱਕ ਚੱਲੀ ਕੰਮਿਊਨਿਸਟ ਲਹਿਰ ਅਤੇ 1985 ਤੋਂ 95 ਤੱਕ ਸਿੱਖ ਸੰਘਰਸ਼ ਦੇ ਦੌਰ ਸਮੇਂ ਦੋਨੋਂ ਧਿਰਾਂ ਇਕ-ਦੂਜੇ ਨਾਲ ਇਤਫਾਕ ਨਹੀਂ ਰੱਖਦੀਆਂ ਸਨ ਪਰ ਹੁਣ ਸਮੇਂ ਨੇ ਐਸੀ ਖੇਡ ਖੇਡੀ ਕਿ ਹਾਲਾਤ ਬਦਲ ਕੇ ਰੱਖ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਵਿਚ ਵੀ ਕਾਫੀ ਲੰਬੇ ਸਮੇਂ ਬਾਅਦ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬਹਿਸ (ਡਿਬੇਟ) ਦਾ ਦੌਰ ਸ਼ੁਰੂ ਹੋਇਆ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਬਾਅ ਨੂੰ ਦੇਖਦੇ ਹੋਏ ਐਸ.ਐਫ.ਐਸ. ਨੂੰ ਸੈਮੀਨਾਰ ਲਈ ਲਾਅ ਵਿਭਾਗ ਦਾ ਆਡੀਟੋਰੀਅਮ ਨਾ ਦਿੱਤਾ ਗਿਆ ਤਾਂ ਜਥੇਬੰਦੀ ਵੱਲੋਂ ਉਪ ਕੁਲਪਤੀ ਦਫਤਰ ਦੇ ਸਾਹਮਣੇ ਹੀ ਸੈਮੀਨਾਰ ਕਰਵਾਇਆ ਗਿਆ।

seema azad

ਸੀਮਾ ਆਜ਼ਾਦ

ਇਤਿਹਾਸਕਾਰ ਅਜਮੇਰ ਸਿੰਘ ਨੇ ਕਿਹਾ ਕਿ ਵਿਚਾਰਧਾਰਾ ਜਥੇਬੰਦੀ ਦੇ ਉਸਾਰਨ ਦਾ ਆਧਾਰ ਹੁੰਦੀ ਹੈ, ਜੇਕਰ ਕਿਸੇ ਸੰਵੇਦਨਸ਼ੀਲ ਮੁੱਦੇ ‘ਤੇ ਕੰਮ ਕਰਨਾ ਹੋਵੇ ਤਾਂ ਵਿਚਾਰਧਾਰਾ ਦਾ ਇਕ ਹੋਣਾ ਜ਼ਰੂਰੀ ਨਹੀਂ ਹੁੰਦਾ। ਪੰਜਾਬ ਯੂਨੀਵਰਸਿਟੀ ‘ਚ ਐਸ.ਐਫ.ਐਸ. ਦੇ ਸੈਮੀਨਾਰ ਵਿਚ ਦਲ ਖਾਲਸਾ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ, ਸਿੱਖ ਯੂਥ ਫਾਰ ਪੰਜਾਬ, ਯੂਨਾਈਟਿਡ ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ (ਡਕੌਾਦਾ), ਪੰਜਾਬ ਸਟੂਡੈਂਟ ਯੂਨੀਅਨ ਲਲਕਾਰ, ਨੌਜਵਾਨ ਭਾਰਤੀ ਸਭਾ, ਏ.ਆਈ.ਐਸ.ਏ, ਇਨਕਲਾਬੀ ਲੋਕ ਮੋਰਚਾ, ਅੰਬੇਡਕਰ ਯੁਵਾ ਮੋਰਚਾ, ਲੋਕ ਸੰਗਰਾਮ ਮੰਚ, ਸੀ.ਪੀ.ਆਈ, ਇਨਕਲਾਬੀ ਕੇਂਦਰ, ਜਮੂਹਰੀ ਅਧਿਕਾਰ ਸਭਾ, ਪੀ.ਏ.ਐਫ, ਪੀਪਲਜ਼ ਪੋਇਟ ਪਟਿਆਲਾ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਗਈ ਸੀ।

(ਧੰਨਵਾਦ ਸਹਿਤ: ਰੋਜ਼ਾਨਾ ਅਜੀਤ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,