ਸਿਆਸੀ ਖਬਰਾਂ

ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਹਿੰਦੂਵਾਦੀ ਆਗੂ ਦੀਨ ਦਿਆਲ ਉਪਾਧਿਆਏ ਕਰਨ ਦੀਆਂ ਤਿਆਰੀ

August 4, 2017 | By

ਨਵੀਂ ਦਿੱਲੀ: ਮੁਗ਼ਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਜਨਸੰਘ (ਭਾਜਪਾ ਦਾ ਪੁਰਾਣਾ ਨਾਂ) ਦੇ ਆਗੂ ਦੀਨ ਦਿਆਲ ਉਪਾਧਿਆਏ ਕਰਨ ‘ਤੇ ਅੱਜ (ਸ਼ੁੱਕਰਵਾਰ 4 ਅਗਸਤ) ਰਾਜਸਭਾ ‘ਚ ਕਾਫੀ ਗਰਮਾ-ਗਰਮੀ ਰਹੀ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਸਦਾ ਵਿਰੋਧ ਕੀਤਾ। ਅਸਲ ‘ਚ ਯੂ.ਪੀ. ਦੀ ਯੋਗੀ ਆਦਿਤਨਾਥ ਦੀ ਸਰਕਾਰ ਦੇ ਫੈਸਲੇ ਨੂੰ ਗ੍ਰਹਿ ਮੰਤਰਾਲੇ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।

ਭਾਰਤ ਸਰਕਾਰ ਦੇ ਕਾਨੂੰਨ ਮੁਤਾਬਕ ਕਿਸੇ ਸਟੇਸ਼ਨ, ਪਿੰਡ, ਸ਼ਹਿਰ ਦਾ ਨਾਂ ਬਦਲਣ ਦੇ ਲਈ ਸੂਬਾ ਸਰਕਾਰ ਨੂੰ ਗ੍ਰਹਿ ਮੰਤਰਾਲੇ ਤੋਂ ਐਨ.ਓ.ਸੀ. ਲੈਣਾ ਜ਼ਰੂਰੀ ਹੁੰਦਾ ਹੈ। ਭਾਜਪਾ ਨੇ ਇਸ ਸਾਲ ਪੰਡਤ ਦੀਨ ਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਮਨਾਉਣੀ ਹੈ। ਯੋਗੀ ਆਦਿਤਨਾਥ ਸਰਕਾਰ ਨੇ ਕੈਬਨਟ ਦੀ ਮੀਟਿੰਗ ‘ਚ ਮੁਗਲਸਰਾਏ ਦੇ ਮੁੱਖ ਮਾਰਗ ਦਾ ਨਾਂ ਦੀਨ ਦਿਆਲ ਉਪਾਧਿਆਏ ਦੇ ਨਾਂ ‘ਤੇ ਕਰਨ, ਪ੍ਰਮੁੱਖ ਚੌਂਕਾਂ ‘ਤੇ ਉਸਦਾ ਬੁੱਤ ਲਾਉਣ ਅਤੇ ਉਸਦਾ ਨਾਂ ਦੀਨ ਦਿਆਲ ਉਪਾਧਿਆਏ ਚੌਂਕ ਕਰਨ ਦਾ ਵੀ ਫੈਸਲਾ ਲਿਆ ਸੀ। ਇਸ ਮੀਟਿੰਗ ‘ਚ ਇਹ ਵੀ ਦੱਸਿਆ ਗਿਆ ਕਿ ਦੀਨ ਦਿਆਲ ਉਪਾਧਿਆਏ ਦਾ ਮ੍ਰਿਤਕ ਸਰੀਰ ਮੁਗ਼ਲਸਰਾਏ ਰੇਲਵੇ ਸਟੇਸ਼ਨ ‘ਤੇ ਹੀ ਮਿਲਿਆ ਸੀ।

ਜਨਸੰਘ (ਭਾਜਪਾ ਦਾ ਪੁਰਾਣਾ ਨਾਂ) ਦਾ ਆਗੂ ਦੀਨ ਦਿਆਲ ਉਪਾਧਿਆਏ (ਫਾਈਲ ਫੋਟੋ)

ਜਨਸੰਘ (ਭਾਜਪਾ ਦਾ ਪੁਰਾਣਾ ਨਾਂ) ਦਾ ਆਗੂ ਦੀਨ ਦਿਆਲ ਉਪਾਧਿਆਏ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ 1968 ‘ਚ ਦੀਨ ਦਿਆਲ ਉਪਾਧਿਆਏ ਦੀ ਲਾਸ਼ ਸ਼ੱਕੀ ਹਾਲਤ ਵਿਚ ਮੁਗ਼ਲਸਰਾਏ ਰੇਲਵੇ ਸਟੇਸ਼ਨ ‘ਤੇ ਮਿਲੀ ਸੀ। ਉਸਤੋਂ ਬਾਅਦ ਆਰ.ਐਸ.ਐਸ. ਦੇ ਉਸ ਵੇਲੇ ਦੇ ਮੁਖੀ ਗੋਲਵਰਕਰ ਅਤੇ ਅਟਲ ਬਿਹਾਰੀ ਵਾਜਪਾਈ ਮੁਗ਼ਲਸਰਾਏ ਗਏ ਅਤੇ ਦੀਨ ਦਿਆਲ ਦੀ ਲਾਸ਼ ਨੂੰ ਦਿੱਲੀ ਲਿਆਏ।

ਮੁਗ਼ਲਸਰਾਏ ਜੰਕਸ਼ਨ ਸਭ ਤੋਂ ਵੱਧ ਆਵਾਜਾਵੀ ਵਾਲੇ ਰੇਲਵੇ ਸਟੇਸ਼ਨਾਂ ਵਿਚੋਂ ਇਕ ਹੈ। ਮੁਗ਼ਲਸਰਾਏ ਤੋਂ ਪਟਨਾ ਲਈ ਰੇਲ ਗੱਡੀ 1862 ‘ਚ ਸ਼ੁਰੂ ਹੋਈ ਸੀ।

ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਕਾਂਗਰਸ ਦੀ ਸ਼ਾਸਨ ਕਾਲ ਦੌਰਾਨ ਸੜਕਾਂ, ਯੂਨੀਵਰਸਿਟੀਆਂ, ਮੁਹੱਲਿਆਂ, ਕਲੋਨੀਆਂ ਟੂਰਨਾਮੈਂਟਾਂ, ਹਵਾਈ ਜਹਾਜ਼ ਦੇ ਅੱਡਿਆਂ, ਸਰਕਾਰੀ ਸਕੀਮਾਂ, ਪੈਨਸ਼ਨ ਯੋਜਨਾਵਾਂ ਆਦਿ-ਆਦਿ ਦੇ ਨਾਂ ਜਦੋਂ ਗਾਂਧੀ, ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਂ ‘ਤੇ ਰੱਖਣ ਦੀ ਪਿਰਤ ਪਈ ਸੀ ਅਤੇ ਹੁਣ ਜਦੋਂ ਤੋਂ ਕੱਟੜ ਹਿੰਦੂਤਵੀ ਤਾਕਤਾਂ ਸੱਤਾ ਵਿਚ ਆਈਆਂ ਹਨ ਤਾਂ ਆਰ.ਐਸ.ਐਸ. ਦੀ ਵਿਚਾਰਧਾਰਾ ਵਾਲੇ ਹਿੰਦੂਵਾਦੀ ਆਗੂਆਂ ਦੇ ਨਾਂ ‘ਤੇ ਵੀ ਉਹੀ ਕੰਮ ਸ਼ੁਰੂ ਹੋ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,