ਪੰਜਾਬ ਦੀ ਰਾਜਨੀਤੀ

ਹੁਣ ਸਰਕਾਰ ਵੱਲੋਂ ਚਮਕੌਰ ਸਾਹਿਬ ਨੇੜੇ ਕਾਰਖਾਨਾ ਪਾਰਕ ਲਾਉਣ ਦੀਆਂ ਵਿਉਂਤਾਂ ਸਾਹਮਣੇ ਆਈਆਂ

September 19, 2022 | By

ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆ ਇਹਦੇ ਸਿਰ ਤੋਂ ਵਾਰੋ

ਆਲਮੀ ਤਪਸ਼ ਤੇ ਮੌਸਮੀ ਤਬਦੀਲੀ ਕਾਰਨ ਕੁਦਰਤੀ ਸਾਧਨਾਂ, ਖਾਸ ਕਰਕੇ ਜਲ ਸਰੋਤਾਂ, ਉੱਤੇ ਸਾਰੀ ਦੁਨੀਆਂ ਵਿਚ ਹੀ ਦਬਾਅ ਵਧ ਰਿਹਾ ਹੈ। ਪੰਜਾਬ ਦਾ ਜਲ ਸਰੋਤ ਪਹਿਲਾਂ ਹੀ ਭਾਰੀ ਦਬਾਅ ਹੇਠ ਹੈ ਕਿਉਂਕਿ ਇਕ ਪਾਸੇ ਧਰਤੀ ਹੇਠਲੇ ਪਾਣੀ ਦਾ ਤਲ ਲਗਾਤਾਰ ਹੇਠਾਂ ਡਿੱਗ ਰਿਹਾ ਹੈ ਅਤੇ ਦੂਜੇ ਪਾਸੇ ਪੰਜਾਬ ਤੇ ਜਲ ਸੋਮੇ ਪਲੀਤ ਹੋ ਰਹੇ ਹਨ। ਪਾਣੀ ਪਲੀਤ ਕਰਨ ਵਿੱਚ ਪੰਜਾਬ ਵਿੱਚ ਲਗਾਏ ਗਏ ਵੱਧ ਪ੍ਰਦੂਸ਼ਣ ਕਰਨ ਵਾਲੇ “ਲਾਲ ਸ਼੍ਰੇਣੀ” ਦੇ ਕਾਰਖਾਨਿਆਂ ਦਾ ਵੱਡਾ ਹਿੱਸਾ ਹੈ।

ਪੰਜਾਬ ਦੇ ਲੋਕਾਂ ਦੀ ਜਾਗਰੂਕਤਾ ਅਤੇ ਦ੍ਰਿੜ੍ਹਤਾ ਕਾਰਨ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਸਤਲੁਜ ਦਰਿਆ ਦੇ ਕੰਢੇ ਉੱਤੇ ਲਾਲ ਸ਼੍ਰੇਣੀ ਦੇ ਕੱਪੜਾ ਰੰਗਾਈ ਦੇ ਕਾਰਖਾਨੇ ਲਾਉਣ ਦੀ ਵਿਉਂਤ ਤਾਂ ਰੱਦ ਹੋ ਗਈ ਪਰ ਪੰਜਾਬ ਸਿਰੋਂ ਇਨ੍ਹਾਂ ਕਾਰਖਾਨਿਆਂ ਦੇ ਨਾਲ ਹੋਣ ਵਾਲੇ ਘਾਤਕ ਪ੍ਰਦੂਸ਼ਣ ਦਾ ਖਦਸ਼ਾ ਹਾਲੀ ਵੀ ਨਹੀਂ ਟਲਿਆ ਹੈ। ਮੱਤੇਵਾੜੇ ਤੋਂ ਰੱਦ ਹੋਈ ਤਜਵੀਜ਼ ਨੂੰ ਸਰਕਾਰ ਹੁਣ ਫਤਹਿਗਡ਼੍ਹ ਸਾਹਿਬ ਵਿਖੇ ਲਗਾਉਣ ਦੀਆਂ ਵਿਉਂਤਾਂ ਬਣਾ ਰਹੀ ਹੈ।
ਦੂਜੇ ਪਾਸੇ ਚਮਕੌਰ ਸਾਹਿਬ ਨੇੜੇ ਲੱਗਣ ਜਾ ਰਹੀ ਇਕ ਪੇਪਰ ਮਿੱਲ ਦਾ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਇਲਾਕੇ ਵਿੱਚ ਪੰਚਾਇਤੀ ਜਮੀਨ ਉੱਤੇ ਕਾਰਖਾਨਾ ਪਾਰਕ ਬਣਾਉਣ ਦੀਆਂ ਵਿਉਂਤਾਂ ਬਣਾ ਰਹੀ ਹੈ।
ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਇੱਕ ਚਿੱਠੀ ਸਾਹਮਣੇ ਆਈ ਹੈ ਜਿਸ ਵਿੱਚ ਚਮਕੌਰ ਸਾਹਿਬ ਇਲਾਕੇ ਦੇ ਮਹਿਤੋਤ, ਕੀੜੀ ਅਫਗਾਨਾ, ਬੱਸੀ ਗੁੱਜਰਾਂ ਅਤੇ ਧੌਲਰਾਂ ਪਿੰਡਾਂ ਦੀ 384 ਏਕੜ ਪੰਚਾਇਤੀ ਜਮੀਨ ਕਾਰਖਾਨਾ ਪਾਰਕ ਬਣਾਉਣ ਲਈ ਜਬਤ ਕਰਨ ਦੀ ਕਾਰਵਾਈ ਸ਼ੁਰੂ ਕਰਨ ਦਾ ਅਮਲ ਉਜਾਗਰ ਹੋਇਆ ਹੈ।
ਸ੍ਰੀ ਚਮਕੌਰ ਸਾਹਿਬ ਵਾਤਾਵਰਨ ਕਮੇਟੀ ਦੇ ਜੀਆਂ ਵੱਲੋਂ ਦੱਸਿਆ ਗਿਆ ਹੈ ਕਿ ਸਰਕਾਰੀ ਅਫਸਰਾਂ ਵੱਲੋਂ ਉਕਤ ਪਿੰਡਾਂ ਦੀਆਂ ਪੰਚਾਇਤਾਂ ਬੁਲਾ ਕੇ ਉਨ੍ਹਾਂ ਨੂੰ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਸਰਕਾਰ ਨੂੰ ਦੇਣ ਵਾਸਤੇ ਮਤੇ ਪ੍ਰਵਾਨ ਕਰਨ ਲਈ ਕਿਹਾ ਗਿਆ ਹੈ। ਪਤਾ ਲੱਗਾ ਹੈ ਕਿ ਕੁਝ ਪਿੰਡਾਂ ਦੇ ਸਰਪੰਚਾਂ ਨੇ ਸਰਕਾਰੀ ਅਫਸਰਾਂ ਨੂੰ ਮਨ੍ਹਾ ਕਰ ਦਿੱਤਾ ਹੈ ਕਿ ਉਹ ਆਪਣੇ ਪਿੰਡ ਦੀ ਜਮੀਨ ਕਾਰਖਾਨੇ ਲਾਉਣ ਵਾਸਤੇ ਨਹੀਂ ਦੇਣਗੇ।
ਸਰਕਾਰ ਵੱਲੋਂ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਸ ਜਮੀਨ ਉੱਪਰ ਕਿਸ ਸ਼੍ਰੇਣੀ ਦੇ ਕਾਰਖਾਨੇ ਲੱਗਣੇ ਹਨ। ਭਾਵੇਂ ਕਿ ਹਾਲੀ ਕੁਝ ਪਿੰਡਾਂ ਦੇ ਸਰਪੰਚਾਂ ਵੱਲੋਂ ਜਮੀਨ ਨਾ ਦੇਣ ਲਈ ਸਰਕਾਰੀ ਅਫਸਰਾਂ ਨੂੰ ਕਹਿ ਦਿੱਤਾ ਗਿਆ ਹੈ ਪਰ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਅਤੇ ਅਫਸਰਸ਼ਾਹੀ ਵੱਲੋਂ ਪੰਚਾਇਤਾਂ ਅਤੇ ਸਰਪੰਚਾਂ ਉੱਪਰ ਦਬਾਅ ਬਣਾ ਕੇ ਜਮੀਨ ਅਜਿਹੇ ਕਾਰਖਾਨਿਆਂ ਲਈ ਲਿਖਵਾ ਲਈ ਜਾਂਦੀ ਹੈ।
ਇਸ ਇਲਾਕੇ ਵਿਚ ਜ਼ਮੀਨ ਹੇਠਲੇ ਪਾਣੀ ਦਾ ਤਲ ਉੱਪਰ ਹੈ ਅਤੇ ਇੱਥੇ ਭੂ-ਬਣਤਰ ਇਸ ਤਰ੍ਹਾਂ ਦੀ ਹੈ ਕਿ ਧਰਤੀ ਹੇਠਾਂ ਪਾਣੀ ਵਾਲੀ ਰੇਤ ਕਾਫੀ ਉਪਰ ਹੀ ਆ ਜਾਂਦੀ ਹੈ ਜਿਸ ਕਰਕੇ ਇਲਾਕਾ ਨਿਵਾਸੀਆਂ ਦਾ ਇਹ ਖਦਸ਼ਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿ ਜੇਕਰ ਇੱਥੇ ਕਾਰਖਾਨੇ ਲਗਦੇ ਹਨ ਤਾਂ ਇਸ ਦੇ ਨਾਲ ਧਰਤੀ ਹੇਠਲਾ ਪਾਣੀ ਬਹੁਤ ਛੇਤੀ ਪਲੀਤ ਹੋ ਜਾਵੇਗਾ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਤਲ ਤੇਜੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਥੋਡ਼੍ਹੇ ਇਲਾਕੇ ਹੀ ਅਜਿਹੇ ਬਚੇ ਹਨ ਜਿੱਥੇ ਪਾਣੀ ਦਾ ਤਲ ਕੁਝ ਠੀਕ ਪੱਧਰ ਉੱਤੇ ਹੈ। ਲੋੜ ਹੈ ਕਿ ਅਜਿਹੇ ਇਲਾਕਿਆਂ ਦੀ ਸੰਭਾਲ ਕੀਤੀ ਜਾਵੇ ਅਤੇ ਇੱਥੋਂ ਦੇ ਕੁਦਰਤੀ ਤਵਾਜਨ ਨੂੰ ਠੀਕ ਰੱਖਿਆ ਜਾਵੇ। ਇਨ੍ਹਾਂ ਇਲਾਕਿਆਂ ਵਿੱਚ ਲਾਲ-ਪੀਲੀ ਸ਼੍ਰੇਣੀ ਦੀ ਸਨਅਤ, ਜੋ ਕਿ ਵੱਧ ਪ੍ਰਦੂਸ਼ਣ ਕਰਦੀ ਹੈ, ਬਿਲਕੁਲ ਨਹੀਂ ਲੱਗਣੀ ਚਾਹੀਦੀ।
ਪੰਜਾਬ ਦੇ ਜਲ ਸੋਮੇ ਨੂੰ ਬਚਾਈ ਰੱਖਣ ਦੀ ਜੱਦੋ ਜਹਿਦ ਅਸਲ ਵਿੱਚ ਪੰਜਾਬ ਦੀ ਸਭਿਅਤਾ ਦੇ ਭਵਿੱਖ ਨਾਲ ਜੁੜਿਆ ਹੋਇਆ ਮਸਲਾ ਹੈ ਜਿਸ ਵਿਚ ਸਮੂਹ ਪੰਜਾਬ ਵਾਸੀਆਂ ਅਤੇ ਪੰਜਾਬ ਧਰਤੀਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਆਓ! ਪੰਜਾਬ ਦੇ ਭਵਿੱਖ ਲਈ ਜਾਗਰੂਕ ਹੋਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,