ਸਿੱਖ ਖਬਰਾਂ

ਅਮਰੀਕਨ ਧਰਤੀ ਉੱਤੇ ਕਤਲ ਦੀ ਸਾਜਿਸ਼ ਬਾਰੇ ਇੰਡੀਆ ਦੀ ਜਾਂਚ ਵਿਚ ਅਫਸਰ ਦੋਸ਼ੀ: ਬਲੂਮਬਰਗ ਦੀ ਰਿਪੋਰਟ

March 21, 2024 | By

ਚੰਡੀਗੜ੍ਹ: ਅਮਰੀਕਾ ਦੀ ਧਰਤੀ ਉੱਤੇ ਸਿੱਖ ਆਜ਼ਾਦੀ ਲਹਿਰ ਦੇ ਨਾਲ ਸੰਬੰਧਿਤ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਇੰਡੀਆ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਅਫਸਰਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਖਬਰ ਬਲੂਮਬਰਗ ਨਿਊਜ਼ ਵੱਲੋਂ ਸਾਹਮਣੇ ਆਈ ਹੈ।

ਅਫਸਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ:

ਖਬਰ ਅਦਾਰੇ ਬਲੂਮਬਰਗ ਨਿਊਜ਼ ਵਿੱਚ ਬੀਤੇ ਦਿਨ ਛਪੀ ਇੱਕ ਖਬਰ ਅਨੁਸਾਰ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਜਿਨਾਂ ਦਾ ਨਾਮ ਖਬਰ ਵਿੱਚ ਨਸ਼ਰ ਨਹੀਂ ਕੀਤਾ ਗਿਆ, ਨੇ ਕਿਹਾ ਹੈ ਕਿ ਭਾਰਤ ਸਰਕਾਰ ਦਾ ਘੱਟੋ ਘੱਟ ਇੱਕ ਮੁਲਾਜ਼ਮ ਸਿੱਧੇ ਤੌਰ ਉੱਤੇ ਕਤਲ ਦੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਫਸਰ ਅਜੇ ਵੀ ਭਾਰਤ ਸਰਕਾਰ ਦਾ ਮੁਲਾਜ਼ਮ ਹੈ, ਪਰ ਇਹ ਵਿਅਕਤੀ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਰਿਸਰਚ ਐਂਡ ਅਨੈਲਸਿਸ ਵਿੰਗ, ਜਿਸ ਨੂੰ ਰਾਅ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਚ ਹੁਣ ਕੰਮ ਨਹੀਂ ਕਰਦਾ।

ਵਿਦੇਸ਼ ਮੰਤਰਾਲੇ ਨੇ ਅਜੇ ਪ੍ਰਤੀਕਰਮ ਨਹੀਂ ਕੀਤਾ:

ਖਬਰ ਏਜੰਸੀ ਰਿਊਟਰਸ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਸ ਖਬਰ ਬਾਰੇ ਟਿੱਪਣੀ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਇਸ ਬਾਰੇ ਕੋਈ ਵੀ ਪ੍ਰਤੀਕਰਮ ਨਹੀਂ ਕੀਤਾ ਗਿਆ।

ਅਮਰੀਕਾ ਵੱਲੋਂ ਫੌਜਦਾਰੀ ਕੇਸ ਦੀ ਮੰਗ ਕੀਤੀ ਜਾ ਰਹੀ:

ਬਲੂਮਬਰਗ ਦੀ ਖਬਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਇਸ ਸਾਜਿਸ਼ ਵਿੱਚ ਸ਼ਾਮਿਲ ਵਿਅਕਤੀਆਂ ਉੱਤੇ ਫੌਜਦਾਰੀ (ਕ੍ਰਿਮੀਨਲ) ਕੇਸ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਖਬਰ ਵਿੱਚ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ:

ਬਲੂਮਬਰਗ ਨਿਊਜ਼ ਜਾਂ ਇਸ ਦੇ ਹਵਾਲੇ ਨਾਲ ਖਬਰਾਂ ਨਸ਼ਰ ਕਰਨ ਵਾਲੇ ਅਦਾਰਿਆਂ ਨੇ ਕਤਲ ਦੀ ਸਾਜਿਸ਼ ਵਿੱਚ ਸ਼ਾਮਿਲ ਇਸ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਖਬਰਾਂ ਵਿੱਚ ਸਾਬਕਾ ਰਾਅ ਮੁਖੀ ਸੀਮੰਤ ਗੋਇਲ ਦਾ ਨਾਮ ਇਸ ਮਾਮਲੇ ਵਿੱਚ ਨਸ਼ਰ ਹੋਇਆ ਹੈ। ਪਰ ਅਮਰੀਕਾ ਜਾਂ ਭਾਰਤ ਵੱਲੋਂ ਇਸ ਸਬੰਧੀ ਹਾਲੀ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।

ਲੰਘੇ ਨਵੰਬਰ ਮਹੀਨੇ ਮਾਮਲਾ ਸਾਹਮਣੇ ਆਇਆ ਸੀ:

ਬੀਤੇ ਵਰ੍ਹੇ ਨਵੰਬਰ ਮਹੀਨੇ ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਦਾਖਲ ਕੀਤੇ ਗਏ ਦੋਸ਼ਾਂ ਵਿੱਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਅਤੇ ਇੰਡੀਆ ਦੋਵੇਂ ਹੀ ਇਸ ਮਾਮਲੇ ਉੱਤੇ ਬੋਚ-ਬੋਚ ਕੇ ਕਾਰਵਾਈ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਨਿਖਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਮਾਮਲਾ ਇਸ ਵੇਲੇ ਚੈੱਕ ਸੰਵਿਧਾਨਿਕ ਅਦਾਲਤ ਦੇ ਕੋਲ ਵਿਚਾਰ ਅਧੀਨ ਹੈ।

ਕਨੇਡਾ ਵੱਲੋਂ ਵੀ ਦੋਸ਼ ਲਗਾਏ ਗਏ ਹਨ

ਇਸ ਤੋਂ ਪਹਿਲਾਂ ਲੰਘੇ ਸਤੰਬਰ ਮਹੀਨੇ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਕਾਰਕੁੰਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿੱਚ ਵੈਨਕੂਵਰ ਵਿੱਚ ਕਤਲ ਕਰਨ ਪਿੱਛੇ ਭਾਰਤ ਸਰਕਾਰ ਨਾਲ ਸੰਬੰਧਿਤ ਵਿਅਕਤੀਆਂ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਭਾਰਤ ਸਰਕਾਰ ਇਨਾਂ ਦੋਸ਼ਾਂ ਨੂੰ ਨਕਾਰਦੀ ਆ ਰਹੀ ਹੈ। 

ਕਨੇਡਾ ਅਤੇ ਅਮਰੀਕਾ ਵਾਲੇ ਮਾਮਲਿਆਂ ਉੱਤੇ ਭਾਰਤ ਦੀ ਪਹੁੰਚ ਵੱਖੋ ਵੱਖਰੀ:

ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਅਦਾਲਤ ਵਿੱਚ ਪੇਸ਼ ਕੀਤੇ ਦੋਸ਼ਾਂ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਾਲੇ ਘਟਨਾ ਬਾਰੇ ਜਾਂਚ ਸ਼ੁਰੂ ਕਰਨ ਦਾ ਖੁਲਾਸਾ ਕੀਤਾ ਸੀ। 

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵਾਲੇ ਮਾਮਲੇ ਵਿੱਚ ਪੁਖਤਾ ਸਮੂਥ ਸਾਹਮਣੇ ਆਏ ਹਨ ਪਰ ਕਨੇਡਾ ਸਰਕਾਰ ਨੇ ਸਿਰਫ ਦੋਸ਼ ਹੀ ਲਗਾਏ ਹਨ। ਹਾਲਾਂਕਿ ਕਨੇਡਾ ਦਾ ਕਹਿਣਾ ਹੈ ਕਿ ਉਸ ਵੱਲੋਂ ਭਾਰਤ ਸਰਕਾਰ ਨਾਲ ਲੁੜੀਦੀ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।

ਅਮਰੀਕਾ ਭਾਰਤ ਨੇੜਤਾ ਜਾਰੀ ਹੈ:

ਇਸ ਸਾਰੇ ਸਮੇਂ ਦੌਰਾਨ ਅਮਰੀਕਾ ਅਤੇ ਭਾਰਤ ਦੇ ਸੰਬੰਧ ਕਾਇਮ ਰਹੇ ਹਨ ਅਤੇ ਦੋਵਾਂ ਦਰਮਿਆਨ ਨੇੜਤਾ ਦਾ ਦੌਰ ਜਾਰੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਏਸ਼ੀਆ ਵਿੱਚੋਂ ਉਭਰ ਰਹੀ ਤਾਕਤ ਚੀਨ ਦੇ ਮੁਕਾਬਲੇ ਉੱਤੇ ਇੰਡੀਆ ਨੂੰ ਅਹਿਮ ਮੰਨ ਕੇ ਚੱਲ ਰਿਹਾ ਹੈ, ਜਿਸ ਕਰਕੇ ਦੋਵੇਂ ਧਿਰਾਂ ਆਪਸੀ ਸਬੰਧਾਂ ਵਿੱਚ ਲਗਾਤਾਰਤਾ ਬਣਾ ਕੇ ਰੱਖ ਰਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,