ਵਿਦੇਸ਼ » ਸਿੱਖ ਖਬਰਾਂ

ਪਾਕਿ: ਸਰਕਾਰ ਨੇ ਦੋ ਹੋਰ ਗੁਰਦੁਆਰਾ ਸਾਹਿਬ ਖੋਲਣ ਦਾ ਕੀਤਾ ਫੈਸਲਾ: ਸਰਨਾ

April 11, 2016 | By

ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਨੇ ਲਾਹੌਰ ਸਥਿਤ ਦੋ ਹੋਰ ਇਤਿਹਾਸਕ ਗੁਰਦੁਆਰੇ ਸਿੱਖ ਸੰਗਤ ਦੇ ਦਰਸ਼ਨ ਦੀਦਾਰ ਲਈ ਖੋਲ੍ਹਣ ਦਾ ਫੈ਼ਸਲਾ ਕੀਤਾ ਹੈ। ਲਾਹੌਰ ਸਥਿਤ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨਾਲ ਸਬੰਧਤ ਦੋ ਗੁਰਦੁਆਰੇ ਸਿੱਖ ਸੰਗਤ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਗੁਰਦੁਆਰੇ ਲਾਹੌਰ ਦੇ ਬਾਜ਼ਾਰ ਮੰਜਮ ਵਿਖੇ ਹਨ, ਜਿਨ੍ਹਾਂ ਦੀ ਔਕਾਫ ਬੋਰਡ ਵੱਲੋਂ ਮੁਰੰਮਤ ਕਰਾਈ ਗਈ ਹੈ ਅਤੇ ਹੁਣ ਇਨ੍ਹਾਂ ਨੂੰ ਸੰਗਤ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਤੋਂ ਪਰਤਨ ਤੋਂ ਬਾਅਦ ਪੱਤਰਕਾਰਾ ਨਾਨਲ ਗੱਲਬਾਤ ਦੌਰਾਨ ਦਿੱਤੀ।

ਪਰਮਜੀਤ ਸਿੰਘ ਸਰਨਾ

ਪਰਮਜੀਤ ਸਿੰਘ ਸਰਨਾ

ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਹੋਰ ਇਤਿਹਾਸਕ ਥਾਵਾਂ ਸਿੱਖ ਕੌਮ ਨੂੰ ਸੌਂਪਣ ਲਈ ਅਪੀਲ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਹ ਉਥੇ ਪੀਐਸਜੀਪੀਸੀ ਦੇ ਪ੍ਰਧਾਨ ਸ਼ਾਮ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਗਏ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਾਕਿਸਤਾਨ ਸਰਕਾਰ ਤੇ ਔਕਾਫ਼ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ।

ਉਨ੍ਹਾਂ ਨੇ ਪਾਕਿਸਤਾਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਲਾਹੌਰ ਵਿੱਚ ਚੰਦੂ ਦੀ ਹਵੇਲੀ ਤੇ ਭਾਈ ਮਨੀ ਸਿੰਘ ਦੇ ਸ਼ਹੀਦੀ ਸਥਾਨ ਵਾਲੀ ਜਗ੍ਹਾ ਸਿੱਖਾਂ ਨੂੰ ਸੌਂਪੀ ਜਾਵੇ। ਉਨ੍ਹਾਂ ਦੱਸਿਆ ਕਿ ਭਾਈ ਮਨੀ ਸਿੰਘ ਨੂੰ ਜਿਸ ਥਾਂ ‘ਤੇ ਸ਼ਹੀਦ ਕੀਤਾ ਗਿਆ ਸੀ, ਉਥੇ ਇੱਕ ਇਮਾਰਤ ਬਣੀ ਹੋਈ ਹੈ, ਜਿਥੇ ਹੁਣ ਇਕ ਪਠਾਨ ਵੱਲੋਂ ਦੋ ਖਰਾਦ ਲਾਏ ਹੋਏ ਹਨ ਪਰ ਇਸ ਇਮਾਰਤ ਵਿੱਚ ਗੁਰਦੁਆਰੇ ਦਾ ਗੁੰਬਦ ਅੱਜ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਗੁਰਦੁਆਰੇ ਦੀ ਥਾਂ ਸਿੱਖ ਕੌਮ ਨੂੰ ਸੌਂਪੀ ਜਾਵੇ ਅਤੇ ਉਹ ਇਸ ਬਦਲੇ ਜਗ੍ਹਾ ਉਤੇ ਕਾਬਜ਼ ਪਠਾਨ ਵਿਅਕਤੀ ਨੂੰ ਮੁਆਵਜ਼ਾ ਦੇਣ ਲਈ ਤਿਆਰ ਹਨ।

ਇਸੇ ਤਰ੍ਹਾਂ ਚੰਦੂ ਦੀ ਹਵੇਲੀ, ਜਿਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸਨ, ਵੀ ਸਿੱਖ ਕੌਮ ਨੂੰ ਸੌਂਪੀ ਜਾਵੇ। ਇਹ ਹਵੇਲੀ ਵੀ ਨਾਜਾਇਜ਼ ਕਬਜ਼ੇ ਹੇਠ ਹੈ। ਉਨ੍ਹਾਂ ਦੱਸਿਆ ਕਿ ਰਾਵਲਪਿੰਡੀ ਵਿੱਚ ਨਿਰੰਕਾਰੀ ਦਰਬਾਰ ਹੈ, ਜਿਸ ਦੀ ਉਸਾਰੀ 1830 ਵਿੱਚ ਹੋਈ ਸੀ। ਇਸ ਥਾਂ ’ਤੇ ਸੰਨ 1860 ਵਿੱਚ ਬਾਬਾ ਦਿਆਲ ਸਿੰਘ ਨੇ ਪਹਿਲੀ ਵਾਰ ਅਨੰਦ ਕਾਰਜ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਥੇ ਹੁਣ ਸਕੂਲ ਚੱਲ ਰਿਹਾ ਹੈ। ਪਰ ਪੁਰਾਣੀ ਇਮਾਰਤ ਕਾਇਮ ਹੈ। ਇਹ ਥਾਂ ਸਿੱਖ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੀਆਂ ਇਨ੍ਹਾਂ ਮੰਗਾਂ ਦਾ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਬਾਰੇ ਉਨ੍ਹਾਂ ਕਿਹਾ ਕਿ ਅਗਲੇ ਸਾਲ ਤਕ ਗੁਰਦੁਆਰੇ ਦੀ ਇਮਾਰਤ ਤਿਆਰ ਹੋ ਜਾਵੇਗੀ ਅਤੇ ਬਾਅਦ ਵਿੱਚ ਪੱਥਰ, ਟਾਈਲ ਤੇ ਹੋਰ ਅੰਦਰੂਨੀ ਮੁਰੰਮਤ ਦਾ ਕੰਮ ਚੱਲਦਾ ਰਹੇਗਾ। ਸ੍ਰੀ ਸਰਨਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੀਜੀਪੀਸੀ ਦੇ ਮਰਹੂਮ ਪ੍ਰਧਾਨ ਸ਼ਾਮ ਸਿੰਘ ਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਦੇ ਅਜਾਇਬ ਘਰ ਵਿੱਚ ਸਥਾਪਤ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,