ਸਿੱਖ ਖਬਰਾਂ

ਪੰਜਾਂ ਪਿਆਰਿਆਂ ਦਾ ਪੰਥਕ ਸ਼ਖਸ਼ੀਅਤਾਂ ਵੱਲੋਂ ਸਨਮਾਨ ਕੀਤਾ ਗਿਆ

February 7, 2016 | By

ਨਵਾਂਸ਼ਹਿਰ (6 ਫਰਵਰੀ, 2016): ਪੰਥਕ ਰਵਾਇਤਾਂ ‘ਤੇ ਪਹਿਰਾ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦਾ ਅੱਜ ਗੁਰਦੁਆਰਾ ਸ਼ਹੀਦਾਂ ਪਿੰਡ ਜੈਤਪੁਰ-ਸਜਾਵਲਪੁਰ  ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਗਿਆ। ਪੰਜ ਪਿਆਰਿਆਂ ਨੂੰ ਪੰਥਕ ਸ਼ਖਸ਼ੀਅਤਾਂ  ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਭਾਈ ਅਮਰੀਕ ਸਿੰਘ, ਗਿਆਨੀ ਹਰਬੰਸ ਸਿੰਘ ਤੇਗ, ਭਾਈ ਜਰਨੈਲ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਸੂਬਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਿਰੋਪਾਓ ਭੇਟ ਕੀਤੇ ਗਏ।

 ਗਿਆ

ਪੰਜਾਂ ਪਿਆਰਿਆਂ ਨੂੰ ਸਨਮਾਨਿਤ ਕਰਨ ਮੌਕੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰਪਾਲ ਸਿੰਘ ਅਤੇ ਹੋਰ ਪੰਥਕ ਸ਼ਖਸ਼ੀਅਤਾਂ

ਇਸ ਮੌਕੇ ਭਾਈ ਸਤਨਾਮ ਸਿੰਘ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਸ਼ਬਦ ਗੁਰੂ ਪ੍ਰਚਾਰ, ਸ਼ਬਦ ਗੁਰੂ ਪ੍ਸਾਰ ਅਤੇ ਅੰਮਿ੍ਤ ਸੰਚਾਰ ਲਹਿਰ ਨੂੰ ਚਲਾਇਆ ਗਿਆ ਹੈ ਜਿਸ ਨੂੰ ਲੈ ਕੇ ਉਹ ਘਰ ਘਰ ਹੋਕਾ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਹਿਰ ’ਤੇ ਹੁਣ ਸਿੱਖ ਕੌਮ ਨੂੰ ਪਹਿਰਾ ਦੇਣ ਦੀ ਲੋੜ ਹੈ ਤਾਂ ਕਿ ਉਹ ਦਿ੍ਡ਼੍ਹ ਇਰਾਦੇ ਨੂੰ ਮਜ਼ਬੂਤ ਕਰਦੇ ਹੋਏ ਸੱਚ ’ਤੇ ਪਹਿਰਾ ਦੇ ਸਕਣ। ਇਕ ਸਵਾਲ ਦੇ ਜਵਾਬ ਵਿੱਚ ੳੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਨੂੰ ਐਸ.ਜੀ.ਪੀ.ਸੀ ਵਿਚ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਨੀ ਚਾਹੀਦੀ ਹੈ।

ਇਸੇ ਤਰਾਂ ਬਲਾਚੌਰ ਨੇੜਲੇ ਪਿੰਡ ਸਜਾਵਲਪੁਰ ਨੇੜੇ ਗੁਰਦੁਆਰਾ ਸ਼ਹੀਦਾਂ ਵਿੱਚ ਵੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦਾ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਪੰਜਾਂ ਪਿਆਰਿਆ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਵਾਲੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਇੱਕਜੁਟ ਹੋਣਾ ਪਵੇਗਾ।

ਇਸ ਮੌਕੇ ਸ੍ਰ. ਅਜਮੇਰ ਸਿੰਘ ਨੇ  ਕਿਹਾ ਕਿ ਅਖੌਤੀ ਪੰਥਕ ਸਰਕਾਰ ਦੇ ਰਾਜ ਭਾਗ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ  ਹੋਈ  ਹੈ, ਜੋ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਪੂਰੀ ਤਰਾਂ ਬੇਨਕਾਬ ਕਰਦੀ ਹੈ।

ਸਮਾਗਮ ਦੌਰਾਨ  ਭਾਈ ਪੰਥਪ੍ਰੀਤ ਸਿੰਘ, ਪਰਮਜੀਤ ਸਿੰਘ ਗਾਜੀ,  ਦਲਜੀਤ ਸਿੰਘ ਮੋਲਾ, ਜਰਨੈਲ ਸਿੰਘ ਖਾਲਸਾ, ਹਰਜਿੰਦਰ ਸਿੰਘ ਬਰਾੜ, ਰਨਵੀਰ ਸਿੰਘ ਅਤੇ ਸਰਵਣ ਸਿੰਘ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਪੰਜਾਂ ਪਿਆਰਿਆਂ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤਖਤ ਸਾਹਿਬਾਨ ਦੇ ਜੱਥੇਦਾਰਾਂ ਨੂੰ ਸਿੱਖ ਵਿਰੋਧੀ ਸੌਦਾ ਸਾਧ ਨੂੰ ਦਿੱਤੇ ਅਖੋਤੀ ਮਾਫੀਨਾਮੇ ‘ਤੇ ਕੌਮ ਨੂੰ ਸਪਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਗਿਆਨੀ ਗੁਰਬਚਨ ਸਿੰਘ ਅਤੇ ਦੂਸਰੇ ਜੱਥੇਦਾਰ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੇ ਸਨਮੁੱਖ ਪੇਸ਼ ਨਹੀਂ ਹੋਏ ਸਨ। ਜਿਸ ਕਰਕੇ ਅਗਲੀ ਕਾਰਵਾਈ ਕਰਦਿਆਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਜੱਥੇਦਾਰਾਂ ਦੀਆਂ ਸੇਵਾਂ ਤੁਰੰਤ ਖਤਮ ਕੀਤੀਆਂ ਜਾਣ। ਸ਼੍ਰੋਮਣੀ ਕਮੇਟੀ ਨੇ ਜੱਥੇਦਾਰਾਂ ਦੀ ਸੇਵਾਵਾਂ ਖਤਮ ਕਰਨ ਦੀ ਬਜ਼ਾਏ ਪੰਜਾਂ ਪਿਆਰਿਆਂ ਦੀ ਬਰਖਾਸਤੀ ਕਰ ਦਿੱਤੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,