ਖਾਸ ਖਬਰਾਂ

ਪਰਮੀਸ਼ ਵਰਮਾ ਗੋਲੀਕਾਂਡ: ਫੇਸਬੁੱਕ ਪੋਸਟ ਲਾਈਕ ਅਤੇ ਟਿੱਪਣੀ ਨੂੰ ਅਧਾਰ ਬਣਾ ਕੇ ਪੁਲਿਸ ਨੇ ਨੌਜਵਾਨ ਗ੍ਰਿਫਤਾਰ ਕੀਤਾ

April 23, 2018 | By

ਚੰਡੀਗੜ੍ਹ: ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਇਕ ਨੌਜਵਾਨ ਨੂੰ ਇਸ ਅਧਾਰ ‘ਤੇ ਗ੍ਰਿਫਤਾਰ ਕੀਤਾ ਹੈ ਕਿ ਉਸਨੇ ਗੋਲੀ ਚਲਾਉਣ ਦੀ ਕਥਿਤ ਜਿੰਮੇਵਾਰੀ ਲੈਣ ਵਾਲੇ ਦਿਲਪ੍ਰੀਤ ਸਿੰਘ ਢਾਹਾਂ ਦੀਆਂ ਫੇਸਬੁੱਕ ‘ਤੇ ਪਾਈਆਂ ਧਮਕੀ ਵਾਲੀਆਂ ਪੋਸਟਾਂ ਨੂੰ ਲਾਈਕ ਕੀਤਾ ਸੀ ਤੇ ਉਨ੍ਹਾਂ ‘ਤੇ ਟਿੱਪਣੀ (ਕਮੈਂਟ) ਕੀਤਾ ਸੀ।

ਪਰਮੀਸ਼ ਵਰਮਾ

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਮੁੱਲਾਂਪੁਰ ਗਰੀਬਦਾਸ ਥਾਣੇ ਅਧੀਨ ਆਉਂਦੇ ਪਿੰਡ ਫਿਰੋਜ਼ਪੁਰ ਦੇ ਵਸਨੀਕ ਮਨਦੀਪ ਸਿੰਘ ਧਾਲੀਵਾਲ ਵਜੋਂ ਹੋਈ ਹੈ। ਮੀਡੀਆ ਰਿਪੋਰਟ ਅਨੁਸਾਰ ਮਨਦੀਪ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਫੇਸਬੁੱਕ ’ਤੇ ਧਮਕੀਆਂ ਭਰੀਆਂ ਪੋਸਟਾਂ ’ਤੇ ਲਾਈਕ ਅਤੇ ਕੁਮੈਂਟਸ ਕਰਨ ਦਾ ਦੋਸ਼ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਬੱਦੀ ’ਚੋਂ ਹਰਵਿੰਦਰ ਸਿੰਘ ਉਰਫ਼ ਹੈਪੀ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਗਾਇਕ ਨੂੰ ਗੋਲੀ ਮਾਰਨ ਵੇਲੇ ਹੈਪੀ ਮੌਕੇ ’ਤੇ ਮੌਜੂਦ ਨਹੀਂ ਸੀ, ਪਰ ਉਸ ’ਤੇ ਦਿਲਪ੍ਰੀਤ ਨੂੰ ਕਥਿਤ ਤੌਰ ’ਤੇ ਹਥਿਆਰ ਮੁਹੱਈਆ ਕਰਵਾਉਣ ਦਾ ਪੁਲਿਸ ਨੇ ਦੋਸ਼ ਲਾਇਆ ਹੈ।

ਪੁਲਿਸ ਦੇ ਦਾਅਵੇ ਅਨੁਸਾਰ ਬੀਤੀ 20 ਅਪਰੈਲ ਦੀ ਰਾਤ ਨੂੰ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਨੇ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਚੌਕ ਨੇੜੇ ਨਾਕੇ ਦੌਰਾਨ ਕੁਲਦੀਪ ਸਿੰਘ ਵਾਸੀ ਪਿੰਡ ਸੁਲਤਾਨਪੁਰ (ਫਿਰੋਜ਼ਪੁਰ) ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,