June 5, 2020 | By ਲੇਖਕ - ਹਰਦੇਵ ਸਿੰਘ
ਛਬੀਲ
ਸਿਤਮਾਂ ਦੀ ਭੱਠੀ ਬੇਸ਼ਕ
ਜੁਆਲੇ ਤੋਂ ਲਾਲ ਹੋਵੇ।
ਬੈਠਣਗੇ ਪਿਆਰ ਵਾਲੇ
ਠੰਡੀਆਂ ਛਬੀਲਾਂ ਲਾ ਕੇ॥
ਉੱਠੀਆਂ ਨੇ ਜੋ ਸਲੀਬਾਂ
ਚਾਨਣ ਦੇ ਸਫ਼ਰ ਖਾਤਰ।
ਪੂਜਣਗੇ ਲੋਕ ਵੇਖੀਂ
ਦੀਵੇ ਜਗਾ ਜਗਾ ਕੇ॥
ਜਿਸ ਨਾਂ ਤੋਂ ਰੋਕਣੇ ਲਈ
ਸਾਹਾਂ ‘ਤੇ ਲਾਏ ਪਹਿਰੇ।
ਅੰਬਰਾਂ ‘ਤੇ ਗੂੰਜ ਪੌਣੀ
ਸਿੰਘਾਂ ਜੈਕਾਰੇ ਲਾ ਕੇ॥
ਖੰਡੇ ਚੋਂ ਉਪਜੀ ਜਿਹੜੀ
ਉਸ ਕੌਮ ਨੇ ਕੀ ਡਰਨਾ।
ਮਾਵਾਂ ਨੇ ਬਾਲ ਪਾਲੇ
ਵਾਰਾਂ ਸੁਣਾ ਸੁਣਾ ਕੇ॥
ਆਦਮ ਦੀ ਜਾਤ ਕੋਲੇ
ਇਕੋ ਹੀ ਥਾਂ ਏ ਸਾਂਝਾ।
ਚਾਰਾਂ ਦਿਸ਼ਾਵਾਂ ਝੁਕਣਾ
ਚਾਰੇ ਦਰਾਂ ‘ਤੇ ਆ ਕੇ॥
ਸਮਿਆਂ ਤੋਂ ਪਾਰ ਰਹਿਣਾ
ਹਿਰਦੇ ‘ਚ ਹਰਿ ਦਾ ਮੰਦਰ।
ਕਾਫਰ ਬਹੁਤ ਨੇ ਗਰਕੇ
ਆਪਣਾ ਗੁਮਾਨ ਢਾਹ ਕੇ॥
ਤੇਰੇ ਚਾਨਣੇ ਦੀ ਖਾਤਰ
ਕਰ ਯਾਦ ਸ਼ਾਇਰਾ ਵੇ।
ਰੌਸ਼ਨ ਰਹੀ ਜੋ ਸ਼ੰਮਾ
ਝੱਖੜਾਂ ਨਾ’ ਮੱਥਾ ਲਾ ਕੇ॥
ਹਰਦੇਵ ਸਿੰਘ
Related Topics: Poems by Hardev Singh