ਸਾਹਿਤਕ ਕੋਨਾ

ਰਾਮ ਰੌਲਾ

September 27, 2019 | By

ਨਿਸ਼ਚੇ ਰਾਮ ਅਯੋਧਿਆ ਆਊ
ਸੀਤਾ ਲਛਮਣ ਨਾਲ ਲਿਆਊ।
ਭਾਰਤ ਦੇਸ ਦਾ ਪਰਚਮ ਉੱਚਾ
ਫੇਰ ਹੋਉਗਾ ਅੰਮ੍ਰਿਤ ਸੁੱਚਾ।।

ਨਾਂ ਨਵਤੇਜ ਤੇ ਕਰਦੈਂ ਕਾਲ੍ਹੀ
ਪੈਸਿਓਂ ਧੇਲਿਓਂ ਅਕਲੋਂ ਖਾਲੀ।
ਪੂਰਨ ਬਹੁਮਤ ਕੀ ਹੁੰਦਾ ਏ
ਤੂੰ ਕੀ ਜਾਣੇ ਕੌਣ ਬਲਾ ਏ ?

ਓਹੀ ਧਨਖ ਤੇ ਲੰਮੀਆਂ ਬਾਹਵਾਂ
ਆ ਬੈਠੇਗਾ ਵਿਚ ਭਰਾਵਾਂ।
ਉੱਚੇ ਮਹਲ ਤੇ ਠੰਡੀਆਂ ਛਾਵਾਂ
ਰਹਿਣ ਨਹੀਂ ਦੇਣਾ ਰਾਮ ਨਿਥਾਵਾਂ।।

ਮੰਨਿਆ ਰਾਮ ਓਹ ਪਹਿਲਾਂ ਵਾਲਾ
ਅੰਦਰੋਂ ਨਿਰਮਲ ਬਾਹਰੋਂ ਕਾਲਾ।
ਹੋ ਸਕਦਾ ਏ ਆਕੜ ਜਾਏ
ਮਰਿਆਦਾ ਦੀਆਂ ਸ਼ਰਮਾਂ ਖਾਏ।।

ਪਰ ਰਾਮਾਂ ਦਾ ਦਸ ਕੀ ਤੋੜਾ
ਅਸਲੀ ਰਾਮ ਜਰੂਰੀ ਥੋੜਾ।।
ਰਾਮ ਲੀਲ੍ਹਾ ਵਿਚ ਰਾਮ ਘਨੇਰੇ
ਲੋਕੀਂ ਸ਼ਰਧਾ ਧਰਨ ਬਥੇਰੇ।।

ਬੰਦੋਬਸਤ ਨੇ ਪੱਕੇ ਕੀਤੇ
ਅੰਗਰੇਜ਼ਾਂ ਤੋਂ ਨੁਸਖ਼ੇ ਲੀਤੇ।
ਭੋਰਾ ਕੂ ਮੇਕਅੱਪ ਜੇ ਲਾਈਏ
ਰਾਵਣ ਨੂੰ ਚਾ ਰਾਮ ਬਣਾਈਏ।।

ਲੈ ਆਵਾਂਗੇ ਖਾਂਦਾ ਪੀਂਦਾ
ਗੋਰਾ ਚਿੱਟਾ ਫਬਦਾ ਥੀਂਦਾ।
ਸਾਡੇ ਵਾਂਗੂੰ ਅਕਲ ਸਿਆਣਾ
ਓਹਨੇ ਕੀ ਜੰਗਲਾਂ ਨੂੰ ਜਾਣਾ।।

ਜੂਠ ਭਿਟ ਨਾ ਓਹ ਖਾਵੇਗਾ
ਨਾ ਸ਼ਵਰੀ ਦੇ ਦਰ ਜਾਵੇਗਾ।
ਜੇ ਕੋਈ ਸ਼ੂਦਰ ਗਿਆਨ ਵਿਚਾਰੇ
ਵੇਖੀਂ ਫੇਰ ਵਿਖਾਉਂਦਾ ਤਾਰੇ।।

ਜਦ ਸੀਆਪਤਿ ਆਣ ਢੁਕਣਗੇ
ਟਰੰਪ ਬੋਰਿਸ ਮਹਿਮਾਨ ਜੁੜਨਗੇ।
ਅਰਬ ਅਮੀਰ ਤੇ ਚੀਨੀ ਚੰਗੇ
ਆਣ ਮਿਲਣਗੇ ਯਾਰ ਮਲੰਗੇ।।

ਝੂਠ ਦਾ ਰਾਮ ਰੌਲਾ ਪਿਆ ਪੱਕਦਾ
ਸੱਚ ਹੁਣ ਛਾਤੀ ਠੋਕ ਨਹੀਂ ਸਕਦਾ।
ਰਾਮ ਦਾ ਮਹਲ ਬਨਾਵਣ ਤੋਂ ਹੁਣ
‘ਰਾਮ’ ਵੀ ਸਾਨੂੰ ਰੋਕ ਨਹੀਂ ਸਕਦਾ।।

– ਹਰਦੇਵ ਸਿੰਘ


* ਇਹ ਕਵਿਤਾ ਨਵਤੇਜ ਭਾਰਤੀ ਦੀ ਕਵਿਤਾ “ਹੁਣ ਰਾਮ ਅਯੋਧਿਆ ਨਹੀਂ ਪਰਤੇਗਾ” (ਲੀਲ੍ਹਾ ਵਿਚੋਂ) ਨੂੰ ਪੜ੍ਹਨ ਪਿੱਛੋਂ ਰਚੀ ਗਈ ਏ। ਨਵਤੇਜ ਭਾਰਤੀ ਦੀ ਕਵਿਤਾ “ਹੁਣ ਰਾਮ ਅਯੋਧਿਆ ਨਹੀਂ ਪਰਤੇਗਾ” (ਲੀਲ੍ਹਾ ਵਿਚੋਂ) ਹੇਠਾਂ ਸੁਣੀ ਜਾ ਸਕਦੀ ਹੈ:-



ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,