October 28, 2018 | By ਸਿੱਖ ਸਿਆਸਤ ਬਿਊਰੋ
ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਆਖਰੀ ਮਹਾਰਾਜਾ – ਮਹਾਰਾਜਾ ਦਲੀਪ ਸਿੰਘ ਦੇ ਜੀਵਨ ਉੱਤੇ ਬਣਾਈ ਗਈ ਦਸਤਾਵੇਜੀ-“ਬੇਇਨਸਾਫੀ ਦੀ ਦਾਸਤਾਨ – ਮਹਾਰਾਜਾ ਦਲੀਪ ਸਿੰਘ” ਸ੍ਰੀ ਅਨੰਦਪੁਰ ਸਾਹਿਬ ਵਿਖੇ ਉਸਾਰੀ ਗਈ “ਵਿਰਾਸਤ ਏ ਖਾਲਸਾ” ਨਾਂ ਦੀ ਇਮਾਰਤ ਵਿੱਚ ਲੰਘੇ ਸ਼ੁੱਕਰਵਾਰ ਨੂੰ ਵਿਖਾਈ ਗਈ। ਚੰਡੀਗੜ੍ਹ ਸਥਿਤ ‘ਕ੍ਰਿਏਟਿਵ ਵਿਜ਼ਨ ਫਿਲਮਜ਼ ਵਲੋਂ ਆਪਣੇ ਬੈਨਰ ਹੇਂਠ ਤਿਆਰ ਕੀਤੀ ਗਈ ਇਸ ਫਿਲਮ ਦੇ ਨਿਰਮਾਤਾ ਅਮਰਜੀਤ ਸਿੰਘ ਹਨ ।45 ਮਿੰਟਾਂ ਦੀ ਦਾ ਨਿਰਦੇਸ਼ਨ ਪ੍ਰੋ. ਪੀ ਐਸ. ਨਰੂਲਾ ਵਲੋਂ ਕੀਤਾ ਗਿਆ ਹੈ ਅਤੇ ਇਸਦਾ ਸੰਗੀਤ ਵਰਿੰਦਰ ਬਚਨ ਨੇ ਤਿਆਰ ਕੀਤਾ ਹੈ।
ਇਸ ਵਿੱਚ ਬੜੇ ਭਾਵਪੂਰਨ ਤਰੀਕੇ ਨਾਲ ਪੰਜਾਬ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉੱਤੇ ਅੰਗਰੇਜ ਹਕੂਮਤ ਦੇ ਕਬਜੇ ਅਤੇ ਮਹਾਰਾਣੀ ਜਿੰਦ ਕੌਰ ਤੇ 11 ਸਾਲਾ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਦੂਰ ਕੀਤੇ ਜਾਣ ਦੇ ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਿਆ ਹੈ।
ਮਹਾਰਾਜਾ ਦਲੀਪ ਸਿੰਘ ਜੀ ਦੀ ਤਸਵੀਰ।
ਇਸ ਦਸਤਾਵੇਜੀ ਦੇ ਨਿਰਮਾਤਾ ਸ.ਅਮਰਜੀਤ ਸਿੰਘ(ਚੰਡੀਗੜ੍ਹ) ਨੇ ਦੱਸਿਆ ਕਿ ਅਸੀਂ ਮਹਾਰਾਜਾ ਦਲੀਪ ਸਿੰਘ ਦੇ ਚਾਲ੍ਹੀ ਸਾਲਾ ਵਿਦੇਸ਼ ਵਿੱਚ ਬਿਤਾਏ ਵਰ੍ਹਿਆਂ ਅਤੇ ਖੁੱਸੇ ਰਾਜ ਨੂੰ ਮੁੜ ਪ੍ਰਾਪਤ ਕਰਨ ਦੇ ਯਤਨਾਂ ਨੂੰ ਵਿਖਾਲਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਇਹ ਦਸਤਾਵੇਜੀ ਸੰਗਤ ਨੂੰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਮੁਫਤ ਵਿਖਾਈ ਜਾਵੇ ਤਾਂ ਜੋ ਸਾਡੀ ਅਗਲੇਰੀ ਪੀੜ੍ਹੀ ਆਪਣਾ ਸੁਨਿਹਰੀ ਇਤਿਹਾਸ ਚੇਤੇ ਕਰ ਸਕੇ।
Related Topics: Maharaja Daleep Singh, Maharaja Ranjeet Singh