ਵਿਦੇਸ਼ » ਸਿੱਖ ਖਬਰਾਂ

ਸਿੱਖ ਨਸਲਕੁਸ਼ੀ ਦੀ ਯਾਦ ‘ਚ ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਦੀ ਅਗਵਾਈ ਵਿੱਚ ਆਸਟਰੇਲੀਆ ਵਿੱਚ ਹੋਇਆ ਮਾਰਚ

December 15, 2014 | By

ਮੈਲਬਰਨ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਰੋਸ ਮਾਰਚ ਦਾ ਦ੍ਰਿਸ਼

ਮੈਲਬਰਨ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਰੋਸ ਮਾਰਚ ਦਾ ਦ੍ਰਿਸ਼

ਮੈਲਬਰਨ (14 ਦਸੰਬਰ, 201): ਭਾਰਤੀ ਫੋਜ ਵੱਲੋਂ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਕੀਤੇ ਫੋਜੀ ਹਮਲੇ ਤੋਂ ਬਾਅਦ ਦੋ ਸਿੱਖਾਂ ਵੱਲੋਂ ਇਸ ਹਮਲੇ ਦੀ ਦੋਸ਼ੀ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰ ਦਿੱਤ ਗਿਆ ਸੀ।

ਇੰਦਰਾ ਗਾਧੀ ਦੇ ਕਤਲ ਤੋਂ ਬਾਅਦ ਸਿੱਖ ਨਫਤਰ ਵਿੱਚ ਅੰਨੀ ਹਿੰਦੂਤਵੀ ਜਨੂੰਨੀ ਭੀੜ ਨੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਤਿੰਨ ਦਿਨਾਂ ਤੱਕ ਯੋਜਨਾਂਬੱਧ ਤਰੀਕੇ ਨਾਲ ਸਿੱਖਾਂਦਾ ਕਤਲੇਆਮ ਕੀਤਾ ਅਤੇ ਸਿੱਖ ਬੀਬੀਆਂ ਦੀ ਪੱਤ ਲੁੱਟੀ ਬੇਪੱਤ ਕੀਤਾ।

ਇਸ ਕਲਤੇਆਮ ਦੀ ਯਾਦ ਨੂੰ ਸਮਰਪਿਤ ਆਸਟਰੇਲੀਆ ਦੇ ਵੱਖ-ਵੱਖ ਸੂਬਿਆਂ ਦੀਆਂ ਸਿੱਖ ਸੰਸਥਾਵਾਂ ਵੱਲੋਂ ਯਾਦਗਾਰੀ ਮਾਰਚ ਇਥੇ ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ।
ਮੈਲਬਰਨ ਦੀ ਸਟੇਟ ਲਾਇਬਰੇਰੀ ਅੱਗੇ ਹੋਈ ਇਕੱਤਰਤਾ ਮਗਰੋਂ ਅਰਦਾਸ ਉਪਰੰਤ ਹਜ਼ਾਰਾਂ ਦੀ ਗਿਣਤੀ ‘ਚ ਸਿੱਖਾਂ ਨੇ ਸ਼ਹਿਰ ਦੇ ਮੁੱਖ ਚੌਕ ਫੈਡਰੇਸ਼ਨ ਸਕੁਏਅਰ ਵੱਲ ਮਾਰਚ ਕੀਤਾ।

ਸੰਗਤਾਂ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਸਨ। ਸਿੱਖਾਂ ਨੇ ਹੱਥਾਂ ਵਿੱਚ ਨਵੰਬਰ 1984 ਦੇ ਪਹਿਲੇ ਹਫਤੇ ਦਿੱਲੀ ‘ਚ ਹੋਏ ਕਤਲੇਆਮ ਸਬੰਧੀ ਤਖਤੀਆਂ ਫੜੀਆਂ ਹੋਈਆਂ ਸਨ। ਇਸ ਮਾਰਚ ਦੀ ਅਗਵਾਈ ਕੈਨੇਡਾ ਦੇ ਓਂਟਾਰੀਓ ਸੂਬੇ ਤੋਂ ਸੰਸਦ ਮੈਂਬਰ ਜਗਮੀਤ ਸਿੰਘ, ਉੱਤਰੀ ਕੁਈਨਜ਼ਲੈਂਡ ਤੋਂ ਐਮ.ਪੀ. ਵਾਰੈਨ ਏਂਚ ਤੇ ਸਥਾਨਕ ਗੁਰੂ ਘਰ ਕਮੇਟੀਆਂ ਦੇ ਨੁਮਾਇੰਦੇ ਕਰ ਰਹੇ ਸਨ।

ਫੈਡਰੇਸ਼ਨ ਸਕੁਏਅਰ ‘ਤੇ ਪਹੁੰਚ ਕੇ ਮੰਚ ਤੋਂ ਸੰਗਤ ਨੂੰ ਸੰਬੋਧਨ ਕਰਦਿਆਂ ਲਿਬਰਲ ਪਾਰਟੀ ਦੇ ਐਮ.ਪੀ. ਵਾਰੈਨ ਏਂਚ ਨੇ ਕਿਹਾ,”ਤੀਹ ਵਰ੍ਹੇ ਪਹਿਲਾਂ ਦਿੱਲੀ ਸਮੇਤ ਭਾਰਤ ਦੇ ਕਈ ਸ਼ਹਿਰਾਂ ‘ਚ ਸ਼ਰ੍ਹੇਆਮ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਬਜ਼ੁਰਗ ਬੀਬੀਆਂ ਨਾਲ ਬਲਾਤਕਾਰ ਕੀਤੇ ਗਏ। ਹਜ਼ਾਰਾਂ ਬੇਕਸੂਰਾਂ ਨੂੰ ਸਿਰਫ ਸਿੱਖ ਪਛਾਣ ਹੋਣ ਕਰਕੇ ਮਾਰਿਆ ਗਿਆ। ਸ੍ਰੀ ਏਂਚ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਕੋਨਜ਼ ‘ਚ ਸੈਂਕੜੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰ ਇਸ ਜ਼ੁਲਮ ਦਾ ਸ਼ਿਕਾਰ ਹੋਏ।

ਇਸ ਤ੍ਰਾਸਦੀ ਨੂੰ ‘ਨਸਲਕੁਸ਼ੀ’ ਐਲਾਨਣ ਲਈ ਹੀ 2012 ‘ਚ ਇਸ ਐਮ.ਪੀ. ਵੱਲੋਂ ਇਸ ਪਟੀਸ਼ਨ ਆਸਟਰੇਲੀਅਨ ਸੰਸਦ ਸਾਹਮਣੇ ਰੱਖੀ ਜਾ ਚੁੱਕੀ ਹੈ।

ਕੈਨੇਡਾ ਦੀ ਓਂਟਾਰੀਓ ਸੰਸਦ ਦੇ ਮੈਂਬਰ ਜਗਮੀਤ ਸਿੰਘ ਨੇ ਕਿਹਾ ਕਿ 1984 ਨੇ ਸਿੱਖ ਮਾਨਸਿਕਤਾ ‘ਤੇ ਡੂੰਘੇ ਜ਼ਖਮ ਛੱਡੇ ਹਨ। ਜਿਨ੍ਹਾਂ ਖਿਲਾਫ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਮਨੁੱਖਤਾ ਦੇ ਘਾਣ ਵਿਰੁੱਧ ਡਟ ਕੇ ਆਵਾਜ਼ ਬੁਲੰਦ ਕਰਨ ਦਾ ਫਲਸਫਾ ਸਿੱਖਾਂ ਨੂੰ ਗੁਰੂ ਸਾਹਿਬਾਨ ਤੋਂ ਮਿਲਿਆ ਹੈ। ਇਸ ‘ਤੇ ਪਹਿਰਾ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਦੀ 30ਵੀਂ ਵਰ੍ਹੇਗੰਢ ‘ਤੇ ਸਿੱਖ ਇਤਿਹਾਸ ‘ਚੋਂ ਰੌਸ਼ਨੀ ਲੈਣ ਤੇ ਬੇਇਨਸਾਫੀ ਖਿਲਾਫ ਪੁਰਖਿਆਂ ਤੋਂ ਚੱਲੀ ਇਹ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ।

ਕੌਮਾਂਤਰੀ ਪੱਧਰ ‘ਤੇ ਮਨੁੱਖੀ ਹੱਕਾਂ ਲਈ ਕੰਮ ਕਰਦੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਦੇ ਬੁਲਾਰੇ ਨੇ 1984 ਦੇ ਕੇਸ ਮੁੜ ਖੋਲ੍ਹ ਕੇ ਕਾਰਵਾਈ ਆਰੰਭੇ ਜਾਣ ਦੀ ਮੰਗ ਕੀਤੀ। ਆਸਟਰੇਲੀਅਨ ਲੇਬਰ ਪਾਰਟੀ ਦੀ ਸੈਨੇਟਰ ਨੇ ਵੀ ਵਿਚਾਰ ਸਾਂਝੇ ਕੀਤੇ।

ਵਾਸ਼ਿੰਗਟਨ ਤੋਂ ਡਾ. ਅਮਰਜੀਤ ਸਿੰਘ ਨੇ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ। ਯੂਨਾਈਟਿਡ ਸਿੱਖਜ਼ ਤੇ ਜਤਿੰਦਰ ਸਿੰਘ ਅਤੇ ਸਿੱਖ ਚਿੰਤਕ ਹਰਿੰਦਰ ਸਿੰਘ ਨੇ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,