
December 24, 2011 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ /ਚੰਡੀਗੜ੍ਹ (ਦਸੰਬਰ 24, 2011): ਪੰਜਾਬ ਵਿਧਾਨ ਸਭਾ ਦੀ 2012 ਵਿਚ ਹੋਣ ਵਾਲੀ ਚੋਣ 30 ਜਨਵਰੀ ਨੂੰ ਹੋ ਜਾਵੇਗੀ ਤੇ ਚੋਣਾਂ ਦੇ ਨਤੀਜਿਆਂ ਦਾ ਐਲਾਨ 4 ਮਾਰਚ ਨੂੰ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਨਵੀਂ ਸਰਕਾਰ ਦੀ ਚੋਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਵੋਟਾਂ 30 ਜਨਵਰੀ ਨੂੰ ਪੈਣਗੀਆਂ ਅਤੇ ਚੋਣ ਨਤੀਜੇ 4 ਮਾਰਚ ਨੂੰ ਆਉਣਗੇ।
ਇਸ ਐਲਾਨ ਦੇ ਨਾਲ ਹੀ ਪੰਜਾਬ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਜ਼ਿਕਰਯੋਗ ਹੈ ਕਿ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ 42 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਬੀਤੇ ਦਿਨ ਹੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਮਾਨ) ਵੱਲੋਂ ਵੀ ਕੁਝ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਸੂਬੇ ਦੀ ਦੂਸਰੀ ਵੱਡੀ ਸਿਆਸੀ ਧਿਰ ਕਾਂਗਰਸ ਪਾਰਟੀ ਨੇ ਅਜੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਨਹੀਂ ਕੀਤਾ। ਪੀ. ਪੀ. ਪੀ ਤੇ ਖੱਬੇ ਪੱਖੀਆਂ ਦੇ ਸਾਂਝੇ ਮੋਰਚੇ ਨੇ ਵੀ ਅਜੇ ਤੱਕ ਉਮੀਦਵਾਰਾਂ ਦਾ ਕੋਈ ਬਕਾਇਦਾ ਐਲਾਨ ਨਹੀਂ ਕੀਤਾ ਹੈ।
ਆਉਂਦੇ ਦਿਨਾਂ ਵਿਚ ਸੂਬੇ ਵਿਚ ਸਿਆਸੀ ਮਾਹੌਲ ਪੂਰਾ ਗਰਮਾ ਜਾਣ ਦੇ ਅਸਾਰ ਹਨ। ਬੀਤੇ ਕੁਝ ਦਿਨਾਂ ਤੋਂ ਹੀ ਟੁੱਟ-ਭੱਜ ਤੇ ਦਲ ਬਦਲਣ ਦੀਆਂ ਕਾਰਵਾਈਆਂ ਸ਼ਿਖਰਾਂ ਉੱਤੇ ਚੱਲ ਰਹੀਆਂ ਹਨ।
ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।
ਭਾਰਤ ਵਿਚ ਪੰਜਾਬ ਤੋਂ ਇਲਾਵਾ ਚਾਰ ਹੋਰ ਰਾਜਾਂ ਲਈ ਵੀ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਚ ਸੱਤ ਪੜਾਵਾਂ ਵਿਚ ਵੋਟਾਂ ਪੈਣਗੀਆਂ ਜਦਕਿ ਬਾਕੀ ਚਾਰ ਰਾਜਾਂ ਵਿਚ ਇਕੋ ਦਿਨ ਵੋਟਾਂ ਪਾਉਣ ਦਾ ਕੰਮ ਨੇਪਰੇ ਚਾੜ੍ਹ ਲਿਆ ਜਾਵੇਗਾ। ਪੰਜਾਬ ਅਤੇ ਉੱਤਰਾਖੰਡ ਵਿਚ 30 ਜਨਵਰੀ ਨੂੰ ਵੋਟਾਂ ਪੈਣਗੀਆਂ। ਯੂਪੀ ਵਿਚ 4 ਫਰਵਰੀ, 8 ਫਰਵਰੀ, 11 ਫਰਵਰੀ, 15 ਫਰਵਰੀ, 19 ਫਰਵਰੀ, 23 ਫਰਵਰੀ ਅਤੇ 28 ਫਰਵਰੀ ਨੂੰ ਸੱਤ ਪੜਾਵਾਂ ਵਿਚ ਪੈਣਗੀਆਂ।
ਮਨੀਪੁਰ ਵਿਚ 28 ਫਰਵਰੀ ਨੂੰ ਜਦਕਿ ਅਖੀਰ ਵਿਚ ਗੋਆ ‘ਚ 3 ਮਾਰਚ ਨੂੰ ਵੋਟਾਂ ਪੈਣਗੀਆਂ। ਸਾਰੇ ਸੂਬਿਆਂ ਵਿਚ ਵੋਟਾਂ ਲਈ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਸਾਰੇ ਰਾਜਾਂ ਵਿਚ ਵੋਟਾਂ ਦੀ ਗਿਣਤੀ ਅਤੇ ਚੋਣਾਂ ਦੇ ਨਤੀਜੇ 4 ਮਾਰਚ ਨੂੰ ਐਲਾਨੇ ਜਾਣਗੇ। ਚੋਣਾਂ ਲਈ ਤਰੀਕਾਂ ਦੇ ਐਲਾਨ ਦੇ ਨਾਲ ਹੀ ਪੰਜ ਰਾਜਾਂ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ।
Related Topics: Congress Government in Punjab 2017-2022, PPP, Punjab Assembly Elections 2012, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)