January 28, 2012 | By ਸਿੱਖ ਸਿਆਸਤ ਬਿਊਰੋ
ਮਾਨਸਾ, ਪੰਜਾਬ (28 ਜਨਵਰੀ, 2012 – ਸਿੱਖ ਸਿਆਸਤ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੋ ਦਿਨਾਂ ਨੂੰ ਹੋਣ ਜਾ ਰਹੀਆਂ ਹਨ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ “ਲੋਕਤੰਤਰੀ ਢਕਵੰਜ” ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਨੇ ਪੰਜਾਬ ਵਿਚ ਵੱਡੀ ਪੱਧਰ ਉੱਤੇ ਪੱਸਰ ਚੁੱਕੀ ਸਿਆਸੀ ਚਰਿੱਤਰਹੀਣਤਾ ਨੂੰ ਉਜਾਗਰ ਕੀਤਾ ਹੈ।
ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਬੁਨਿਆਦੀ ਮੁੱਦੇ ਤੇ ਮਸਲੇ ਪੂਰੀ ਅਲੋਪ ਹੋ ਗਏ ਹਨ ਤੇ ਬਾਕੀ ਰਹਿ ਗਈ ਹੈ ਮਸਖਰਾ ਕਿਸਮ ਦੀ ਸਿਆਸੀ ਦੂਸ਼ਣਬਾਜ਼ੀ ਤੇ ਮੁਫਤਖੋਰ ਬਣਨ ਦੇ ਸਬਜ਼ਬਾਗ। ਪ੍ਰਮੁੱਖ ਸਿਆਸੀ ਧਿਰਾਂ (ਬਾਦਲ-ਭਾਜਪਾ ਤੇ ਕਾਂਗਰਸ) ਦੇ ਆਗੂ ਇਕ ਦੂਸਰੇ ਬਾਰੇ ਜੋ ਨਿੱਜੀ ਦੂਸ਼ਣਾਂ ਭਰਪੂਰ ਬਿਆਨ ਦੇ ਰਹੇ ਹਨ ਉਹ ਉਨ੍ਹਾਂ ਦੇ ਆਪਣੇ ਚਰਿੱਤਰ ਨੂੰ ਵੀ ਬਾਖੂਬੀ ਬਿਆਨ ਕਰ ਰਹੇ ਹਨ।
ਪੰਜਾਬ ਵਿਚ ਜਿੰਨੀ ਵੱਡੀ ਪੱਧਰ ਉੱਤੇ ਵੋਟਰਾਂ ਨੂੰ ਲੁਭਾਉਣ ਲਈ ਵਰਤਿਆ ਜਾਣ ਵਾਲਾ ਪੈਸਾ ਅਤੇ ਨਸ਼ਾ (ਸ਼ਰਾਬ, ਭੁੱਕੀ ਅਤੇ ਸਮੈਕ ਆਦਿ) ਫੜਿਆ ਗਿਆ ਹੈ ਉਸ ਤੋਂ ਕਿਤੇ ਵੱਧ ਨਸ਼ਾ ਤੇ ਪੈਸਾ ਵੰਡਿਆ ਜਾ ਚੁੱਕਾ ਹੈ ਤੇ ਵੰਡਿਆ ਜਾ ਰਿਹਾ ਹੈ। ਇਸ ਹਾਲਾਤ ਵਿਚ ਪੰਜਾਬ ਵਾਸੀਆਂ ਨੂੰ ਖੁਦ ਹੀ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ?
ਜਿਥੋਂ ਤੱਕ ਚੋਣਾਂ ਵਿਚ ਡੇਰਿਆਂ ਦੇ ਪ੍ਰਭਾਵ ਦਾ ਸਵਾਲ ਹੈ ਤਾਂ ਇਸ ਬਾਰੇ ਪਿਛਲੇ ਕੁਝ ਦਿਨਾਂ ਤੋਂ ਸਾਰੀ ਚਰਚਾ ਡੇਰਾ ਸੌਦਾ ਸਿਰਸਾ ਦੁਆਲੇ ਹੀ ਘੁੰਮ ਰਹੀ ਹੈ। ਸਾਲ 2007 ਵਿਚ ਸਿੱਖ ਪੰਥ ਨਾਲ ਟਕਰਾਅ ਵਿਚ ਆਏ ਇਸ ਡੇਰੇ ਦੇ ਪੰਜਾਬ ਵਿਚਲੇ ਅਧਾਰ ਨੂੰ ਪਿਛਲੇ ਸਮੇਂ ਦੌਰਾਨ ਕਾਫੀ ਖੋਰਾ ਲੱਗਾ ਹੈ। ਇਸ ਡੇਰੇ ਦਾ ਮੁਖੀ ਬਲਾਤਕਾਰ ਤੇ ਕਤਲ ਜਿਹੇ ਕੇਸਾਂ ਵਿਚ ਸੀ. ਬੀ. ਆਈ ਦੀਆਂ ਅਦਾਲਤਾਂ ਵਿਚ ਮੁਕਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਡੇਰਾ ਪੰਜਾਬ ਦੇ ਚੋਣ ਮਹੌਲ ਨੂੰ ਪੰਜਾਬ ਵਿਚ ਮੁੜ ਪੈਰਾਂ ਸਿਰ ਹੋਣ ਲਈ ਵਰਤਣ ਵਿਚ ਕੋਈ ਕਸਰ ਨਹੀਂ ਛੱਡਣੀ ਚਾਹੁੰਦਾ। ਪੰਜਾਬ ਦੇ ਚਰਿੱਤਰਹੀਣ ਸਿਆਸੀ ਆਗੂ ਖੁਦ ਉਸ ਦਾ ਇਹ ਕੰਮ ਅਸਾਨ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਬਾਦਲ ਦਲ, ਕਾਂਗਰਸ, ਪੀਪਲਜ਼ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਉਮੀਦਵਾਰ ਡੇਰੇ ਕੋਲ ਮਦਦ ਲਈ ਤਰਲੇ ਕਰਕੇ ਆਏ ਹਨ। ਮਨਪ੍ਰੀਤ ਬਾਦਲ, ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਰਣਇੰਦਰ ਸਿੰਘ ਤੇ ਬਾਦਲ ਦਲ ਦੇ ਕਈ ਉਮੀਦਵਾਰਾਂ ਨੂੰ ਡੇਰਾ ਮੁਖੀ ਨੇ ਕਈ-ਕਈ ਚਿਰ ਇੰਤਜ਼ਾਰ ਕਰਵਾ ਕੇ ਦੋ-ਦੋ ਮਿੰਨਟ ਗੱਲ ਕਰ ਲਈ ਦਿੱਤੇ। ਇਨ੍ਹਾਂ ਲਈ ਬੇਸ਼ਰਮੀ ਦੀ ਗੱਲ ਹੈ ਕਿ ਸਿੱਖ ਗੁਰੂ ਸਾਹਿਬਾਨ ਦਾ ਨਿਰਾਦਰ ਕਰਨ ਵਾਲੇ ਇਸ ਅਪਰਾਧੀ ਕਿਸਮ ਦੇ ਵਿਅਕਤੀ ਨੂੰ ਇਹ ਸਿਆਸੀ ਆਗੂ “ਧਾਰਮਕ ਮੁਖੀ” ਦੱਸ ਰਹੇ ਹਨ। ਇਹ ਵਰਤਾਰਾ ਜਿਥੇ ਇਨ੍ਹਾਂ ਆਗੂਆਂ ਦੇ ਬੌਣੇ ਹੋ ਚੁੱਕੇ ਕਿਰਦਾਰ ਦੀ ਦੱਸ ਪਾਉਂਦਾ ਹੈ ਓਥੇ ਇਸ ਤੋਂ ਇਹ ਅੰਦਾਜ਼ਾ ਵੀ ਲੱਗ ਜਾਣਾ ਚਾਹੀਦਾ ਹੈ ਕਿ ਪੰਜਾਬ ਵਿਚ ਰਹਿੰਦੇ ਸਿੱਖਾਂ ਨੂੰ ਆਉਂਦੇ ਸਮੇਂ ਕਿੰਨੀਆਂ ਤੇ ਕਿੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜਿਨ੍ਹਾਂ ਦੀ ਚੋਣ ਪੰਜਾਬ ਦੇ ਲੋਕ ਕਰਨ ਜਾ ਰਹੇ ਹਨ ਉਹ ਹੀ ਡੇਰਾਵਾਦ ਦੀ ਅਲਾਮਤ ਨੂੰ ਪੰਜਾਬ ਦੀ ਫਿਜ਼ਾ ਵਿਚ ਜ਼ਹਿਰ ਘੋਲਣ ਦਾ ਸੱਦਾ ਦੇਣਗੇ।
ਡੇਰਾਵਾਦ ਬਿਪਰਵਾਦੀ ਸੋਚ ਦਾ ਅਜਿਹਾ ਹਥਿਆਰ ਹੈ ਜਿਸ ਨਾਲ ਉਹ ਸਿੱਖ ਪੰਥ ਉੱਤੇ ਸਮਾਜਕ ਤੇ ਸਿਧਾਂਤਕ ਦੋਹੇਂ ਤਰ੍ਹਾਂ ਦੇ ਹਮਲੇ ਕਰਦਾ ਹੈ। ਇਸ ਲਈ ਬਿਪਰਵਾਦੀ ਸੋਚ ਦੀ ਨੁਮਾਇੰਦਾ ਭਾਰਤੀ ਸਟੇਟ ਕਦੇ ਨਹੀਂ ਚਾਹੇਗੀ ਕਿ ਪੰਜਾਬ ਵਿਚ ਡੇਰਾਵਾਦ ਕਮਜ਼ੋਰ ਹੋਵੇ। ਡੇਰੇ ਦੀ ਹੁਣ ਬਣ ਰਹੀ ਚੜ੍ਹਤ ਵਿਚ ਭਾਰਤੀ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ। ਮੀਡੀਆ ਨੇ ਬਿਲਕੁਲ ਅਜਿਹੀ ਹੀ ਭੂਮਿਕਾ ਮਨਪ੍ਰੀਤ ਬਾਦਲ ਵੱਲੋਂ ਕੇਂਦਰ ਪੱਖੀ ਸੋਚ ਉੱਤੇ ਅਧਾਰਤ ਪਾਰਟੀ ਦੇ ਗਠਨ ਸਮੇਂ ਇਸ ਪਾਰਟੀ ਨੂੰ ਪੰਜਾਬ ਦੇ ਤੀਸਰੇ ਬਦਲ ਵੱਜੋਂ ਉਭਾਰਨ ਵਿਚ ਨਿਭਾਈ ਸੀ।
ਮੀਡੀਆ ਵੱਲੋਂ ਵੱਡੀ ਸ਼ਕਤੀ ਵੱਜੋਂ ਪਰਚਾਰੇ ਜਾ ਰਹੇ ਡੇਰਾ ਸਿਰਸਾ ਦੀ ਹਾਲਤ ਬੀਤੇ ਸਾਲਾਂ ਦੌਰਾਨ ਇਹ ਰਹੀ ਹੈ ਕਿ ਪੰਜਾਬ ਵਿਚ ਇਸ ਦੀ ਸਰਗਰਮੀ ਲਗਭਗ ਨਾਮਾਤਰ ਰਹੀ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਡੇਰੇ ਅਲਵਿਦਾ ਕਹਿ ਦਿੱਤਾ।
ਸਮਾਜਕ ਤਾਣੇ-ਬਾਣੇ ਵਿਚ ਸਰੀਰਕ-ਤਾਕਤ ਦੇ ਸੰਤੁਲਨ ਨੂੰ ਮਨੋਵਿਗਿਆਨਕ ਤਾਕਤਾਂ ਨਿਰਧਾਰਤ ਕਰਦੀਆਂ ਹਨ। ਮੀਡੀਆ ਵੱਲੋਂ ਡੇਰੇ ਦੇ ਵਧਵੇਂ ਪ੍ਰਭਾਵ ਬਾਰੇ ਕੀਤੀ ਜਾ ਰਹੀ ਚਰਚਾ ਦਾ ਮਨੋਰਥ ਡੇਰੇ ਦੇ ਡਿੱਗੇ ਮਨੋਬਲ ਨੂੰ ਚੁੱਕਣਾ ਹੈ। ਦੂਸਰੇ ਪਾਸੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਆਗੂਆਂ ਵੱਲੋਂ ਡੇਰੇ ਵੱਲ ਘੱਤੀਆਂ ਜਾ ਰਹੀਆਂ ਵਹੀਰਾਂ ਵੀ ਇਸ ਵਰਤਾਰੇ ਨੂੰ ਮਜਬੂਤੀ ਦੇ ਰਹੀਆਂ ਹਨ।
ਸੱਤਾ ਦੇ ਲਾਲਚ ਲਈ ਬਿਪਰਵਾਦੀ ਸੋਚ ਦੀ ਨੁਮਾਇੰਦਾ ਭਾਰਤੀ ਸਟੇਟੇ, ਮੀਡੀਆ ਤੇ ਪੰਜਾਬ ਦੇ ਚਰਿੱਤਰਹੀਣ ਸਿਆਸੀ ਆਗੂਆਂ ਵੱਲੋਂ ਖੇਡੀ ਜਾ ਰਹੀ ਇਸ ਸ਼ੈਤਾਨੀ ਖੇਡ ਦੇ ਨਤੀਜੇ ਪੰਜਾਬ ਦੇ ਭਵਿੱਖ ਲਈ ਕਿੰਨੇ ਹਾਨੀਕਾਰਕ ਹੋਣਗੇ, ਇਹ ਹਰ ਸੁਹਿਰਦ ਪੰਜਾਬ ਵਾਸੀ ਲਈ ਚਿੰਤਾ ਦਾ ਵਿਸ਼ਾ ਹਨ।
Related Topics: Anti-Sikh Deras, Anti-Sikh Mindset, Badal Dal, Congress Government in Punjab 2017-2022, Indian Media, PPP, Punjab Polls 2012