June 10, 2015 | By ਸਿੱਖ ਸਿਆਸਤ ਬਿਊਰੋ

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ (ਫਾਈਲ ਫੋਟੋ)
ਅੰਮ੍ਰਿਤਸਰ(9 ਜੂਨ,2015): ਦਿੱਲੀ ਦੀ ਤਿਹਾੜ ਜੇਲ ਵਿੱਚ ਟਾਡਾ ਕਾਨੂੰਨ ਤਹਿਤ ਉਮਰ ਕੈਦ ਸਜ਼ਾ ਅਧੀਨ ਬੰਦ ਸਿੱਖ ਰਾਜਸੀਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਤਸਰ ਜੇਲ ਵਿੱਚ ਤਬਦੀਲੀ ਨੂੰ ਪੰਜਾਬ ਦੇ ਜੇਲ ਵਿੱਭਾਗ ਨੇ “ਇਤਰਾਜ਼ ਨਹੀ” ਪੱਤਰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਉਸਨੂੰ ਪ੍ਰੋ. ਭੁੱਲਰ ਦੀ ਪੰਜਾਬ ਵਿੱਵ ਜੇਲ ਬਦਲੀ ‘ਤੇ ਕੋਈ ਇਤਰਾਜ਼ ਨਹੀਂ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਵਾਲੀ ਸਰਕਾਰ ਪਹਿਲਾਂ ਹੀ ਪ੍ਰੋ. ਭੁੱਲਰ ਦੀ ਜੇਲ ਬਦਲੀ ਦੇ ਕੇਸ ਨੂੰ ਮਨਜ਼ੂਰੀ ਦੇ ਚੁੱਕੀ ਹੈ।
ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਦੀ ਸੰਘਰਸ਼ ਕਮੇਟੀ ਨੂੰ ਉਮੀਦ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਦਿੱਲੀ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਭੁੱਲਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਉਮਰ ਕੈਦ ਭੋਗ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਹੋਣੀ ਚਾਹੀਦੀ ਹੈ।
ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ ਨੇ ਗੱਲ ਕਰਦਿਆਂ ਉਮੀਦ ਪ੍ਰਗਟਾਈ ਹੈ ਕਿ ਦੋਵਾਂ ਸਰਕਾਰਾਂ ਵਿਚਾਲੇ ਇਸ ਸਬੰਧੀ ਰਸਮੀ ਸਹਿਮਤੀ ਹੋ ਚੁੱਕੀ ਹੈ। ਹੁਣ ਸਿਰਫ ਉਸਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਵਿਚ ਤਬਦੀਲ ਕਰਨ ਦੀ ਪ੍ਰਕਿਰਿਆ ਵਿਚ ਹੀ ਸਮਾਂ ਲੱਗੇਗਾ।
ਉਨ੍ਹਾਂ ਆਖਿਆ ਕਿ ਇਸ ਹਫਤੇ ਦੇ ਅਖੀਰ ਤੱਕ ਉਸਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ। ਇਥੇ ਤਬਦੀਲ ਹੋਣ ਮਗਰੋਂ ਉਸਨੂੰ ਸਿਹਤ ਪੱਖ ਤੋਂ ਪੈਰੋਲ ’ਤੇ ਰਿਹਾਅ ਕੀਤਾ ਜਾਵੇਗਾ ਅਤੇ ਮਗਰੋਂ ਉਸਦੀ ਪੱਕੀ ਜ਼ਮਾਨਤ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਅਤੇ ਉਸਦੇ ਭਰਾ ਨਾਲ ਵਿਦੇਸ਼ ਵਿਖੇ ਅੱਜ ਗੱਲਬਾਤ ਹੋਈ ਹੈ ਅਤੇ ਉਹ ਵੀ ਜਲਦੀ ਤੋਂ ਜਲਦੀ ਪੰਜਾਬ ਆਉਣ ਲਈ ਯਤਨਸ਼ੀਲ ਹਨ। ਉਹ ਉਸਦੀ ਜੇਲ੍ਹ ਤਬਦੀਲੀ ਸਮੇਂ ਇਥੇ ਹਾਜ਼ਰ ਹੋਣਾ ਚਾਹੁੰਦੇ ਹਨ।
ਸਾਂਝੀ ਸੰਘਰਸ਼ ਕਮੇਟੀ ਵਲੋਂ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਲਕੇ ਦਸ ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੌਪਈ ਸਾਹਿਬ ਦੇ ਪਾਠ ਕਰਨ ਅਤੇ ਅਰਦਾਸ ਕਰਨ ਦਾ ਵੀ ਪ੍ਰੋਗਰਾਮ ਹੈ। ਸ੍ਰੀ ਬਠਿੰਡਾ ਨੇ ਦੱਸਿਆ ਕਿ ਕਮੇਟੀ ਦੇ ਕੁਝ ਨੁਮਾਇੰਦੇ ਅਰਦਾਸ ਵਿਚ ਸ਼ਾਮਲ ਹੋਣ ਲਈ ਆਉਣਗੇ ਅਤੇ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਸੰਘਰਸ਼ ਕਮੇਟੀ ਭਾਈ ਸੂਰਤ ਸਿੰਘ ਖਾਲਸਾ ਜੋ ਲੰਮੇ ਸਮੇਂ ਤੋਂ ਭੁੱਖ ਹੜਤਾਲ ਤੇ ਹਨ, ਦੀ ਮੰਗ ਦੀ ਪੂਰਤੀ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਨਤੀਜਾ ਸਾਹਮਣੇ ਨਹੀਂ ਆਉਂਦਾ, ਸੰਘਰਸ਼ ਕਮੇਟੀ ਵਲੋਂ ਆਪਣਾ ਸੰਘਰਸ਼ ਜਮਹੂਰੀ ਢੰਗ ਨਾਲ ਜਾਰੀ ਰੱਖਿਆ ਜਾਵੇਗਾ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਕਿ ਇਸ ਨਾਲ ਸਿੱਖ ਜਥੇਬੰਦੀਆਂ ਦੀ ਮੰਗ ਪੂਰੀ ਹੋਣ ਵੱਲ ਇਕ ਕਾਰਗਰ ਕਦਮ ਹੋਵੇਗਾ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਲੰਮੇ ਸਮੇਂ ਤੋਂ ਮੰਗ ਕਰ ਰਹੀ ਹੈ ਕਿ ਜੇਲ੍ਹਾਂ ਵਿਚ ਬੰਦ ਸਿੱਖ ਬੰਦੀ, ਜਿਨ੍ਹਾਂ ਦੀਆਂ ਸਜ਼ਾਵਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ, ਨੂੰ ਰਿਹਾਅ ਕੀਤਾ ਜਾਵੇ।
Related Topics: Prof. Devinder Pal Singh Bhullar, Punjab Politics