ਖਾਸ ਖਬਰਾਂ » ਸਿੱਖ ਖਬਰਾਂ

ਪੰਜਾਬ ਸਰਕਾਰ ਨੇ ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਵਿਸਾਰਿਆ ?

November 12, 2018 | By

ਚੰਡੀਗੜ੍ਹ: ਬੀਤੇ ਕਲ੍ਹ ਦੁਨੀਆ ਦੇ ਵੱਖ-ਵੱਖ ਮੁਲਕਾਂ ਨੇ 1914-1918 ਵਿੱਚ ਹੋਈ ਵਿਸ਼ਵ ਜੰਗ ਦੇ 100 ਸਾਲਾ ਦਿਹਾੜੇ ਉੱਤੇ ਏਸ ਜੰਗ ਵਿੱਚ ਜਾਨਾਂ ਗਵਾਉਣ ਵਾਲੇ ਫੌਜੀਆਂ ਨੂੰ ਚੇਤੇ ਕਰਦਿਆਂ ਵੱਡੇ ਪੱਧਰ ਉੱਤੇ ਸਮਾਗਮ ਕਰਵਾਏ ।

ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋਏ ਅੰਤਰ-ਰਾਸ਼ਟਰੀ ਸਮਾਗਮ ਵਿੱਚ ਅਮਰੀਕਾ, ਰੂਸ ਜਿਹੇ ਵੱਡੇ ਮੁਲਕਾਂ ਦੇ ਰਾਸ਼ਟਰਪਤੀ ਵੀ ਸ਼ਾਮਿਲ ਹੋਏ।

ਭਾਰਤੀ ਉਪਮਹਾਦੀਪ ਵਿੱਚ ਵੱਸਦੀਆਂ ਕੌਮਾਂ ਵਲੋਂ ਵੀ ਵਿਸ਼ਵ ਜੰਗ ਵਿੱਚ ਭਾਗ ਲੈਣ ਵਾਲੇ ਆਪਣੇ ਲੋਕਾਂ ਨੂੰ ਵੱਖ-ਵੱਖ ਸਮਾਗਮਾਂ ਵਿੱਚ ਯਾਦ ਕੀਤਾ ਗਿਆ।

ਇਸ ਜੰਗ ਵਿੱਚ ਭਾਰਤੀ ਉਪਮਹਾਦੀਪ ਵਿੱਚੋਂ 10 ਲੱਖ ਤੋਂ ਵੀ ਵੱਧ ਲੋਕ ਬਰਤਾਨਵੀ ਹਕੂਮਤ ਵਲੋਂ ਲੜੇ ਸਨ। ਜਿਸ ਵਿੱਚੋਂ 22 ਫੀਸਦੀ ਸਿੱਖ ਸਨ। ਸਿੱਖ ਲੀਡਰਾਂ ਨੇ ਪੰਜਾਬ ਦੀ ਰਾਜ ਬਹਾਲੀ ਦੀ ਆਸ ਕਰਦਿਆਂ ਅੰਗਰੇਜ ਹਕੂਮਤ ਨੂੰ ਸਹਿਯੋਗ ਦੇਣ ਦਾ ਫੈਸਲਾ ਲਿਆ ਸੀ। ਆਬਾਦੀ ਦਾ 1.5 ਫੀਸਦ ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਸੀ,ਜਿਸ ਕਰਕੇ ਅੱਜ ਵੀ ਬਰਤਾਨਵੀ ਫੌਜ ਵਲੋਂ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ।

ਸਿੱਖ ਰੈਜੀਮੈਂਟ ਦੇ ਫੌਜੀਆਂ ਦੀ ਵਿਸ਼ਵ ਜੰਗ ਵਿਚਲੀ ਤਸਵੀਰ।

ਪਰ ਪੰਜਾਬੀ ਭਾਖਾ ਦੇ ਅਧਾਰ ਉੱਤੇ ਬਣੇ ਸੂਬੇ ਪੰਜਾਬ ਵਿੱਚ ਇਨ੍ਹਾ ਸਿੱਖ ਫੌਜੀਆਂ ਦੇ ਮਾਣ ਵਿੱਚ ਕੋਈ ਸਮਾਗਮ ਨਾ ਉਲੀਕਿਆ ਗਿਆ। ਹਾਲਾਂਕਿ ਪੰਜਾਬ ਦੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਬਰਤਾਨਵੀ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਨਾਲ ਸੰਬੰਧਿਤ ਦੋ ਕਿਤਾਬਾਂ ਵੀ ਲਿਖ ਚੁੱਕੇ ਹਨ, ਪਰ ਪੰਜਾਬ ਸਰਕਾਰ ਉਹਨਾਂ ਫੌਜੀਆਂ ਦੀ ਯਾਦ ਵਿੱਚ ਕੋਈ ਵੀ ਰਾਜ-ਪੱਧਰੀ ਸਮਾਗਮ ਨਾ ਉਲੀਕਣ ਦੀ ਅਣਗਹਿਲੀ ਕਿਵੇਂ ਕਰ ਸਕਦੀ ਹੈ।

ਪਟਿਆਲੇ ਵਿਖੇ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਦੀ ਯਾਦ ਵਿੱਚ ਉਸਾਰੀ ਗਈ ਯਾਦਗਾਰ ਦਾ ਵੀਰਾਨ ਦ੍ਰਿਸ਼।

ਏਥੇ ਜਿਕਰ ਕਰਨਾ ਬਣਦੈ ਕਿ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਸਿੱਖ ਫੌਜੀਆਂ ਦੀ ਭਰਤੀ ਅਤੇ ਹੋਰ ਕਾਰਜਾਂ ਵਿੱਚ ਮੋਹਰੀ ਵਜੋਂ ਵਿਚਰੇ ਸਨ ਅਤੇ ਉਹਨਾਂ ਆਪ ਵੀ ਇਸ ਵਿੱਚ ਭਾਗ ਲਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੇਖ ਰਾਹੀਂ ਇਨ੍ਹਾ ਫੌਜੀਆਂ ਨੂੰ ਯਾਦ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,