ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਪੰਜਾਬ ਦੀਆਂ ਜੇਲ੍ਹਾਂ ‘ਚ ਤੈਅ ਸ਼ੁਦਾ ਗਿਣਤੀ ਨਾਲੋਂ 95 ਪ੍ਰਤੀਸ਼ਤ ਤੱਕ ਵਾਧੂ ਬੰਦੀ ਗੈਰ ਮਨੁੱਖੀ ਹਲਾਤਾਂ ‘ਚ ਰੱਖੇ: ਆਪ

July 13, 2018 | By

ਚੰਡੀਗੜ੍ਹ; ਪੰਜਾਬ ਦੀਆਂ ਜੇਲਾਂ ਵਿਚ ਰੱਖੇ ਗਏ ਬੰਦੀਆਂ ਦੀ ਗਿਣਤੀ ਤੈਅਸ਼ੁਦਾ ਗਿਣਤੀ ਨਾਲੋਂ 95 ਫੀਸਦ ਤੱਕ ਜਿਆਦਾ ਹੈ ਅਤੇ ਇਹਨਾਂ ਜੇਲ੍ਹਾਂ ਵਿਚ ਗੈਰ ਮਨੁੱਖੀ ਹਲਾਤਾਂ ‘ਚ ਰੱਖੇ ਗਏ ਬੰਦੀਆਂ ਨੂੰ ਭਵਿੱਖ ਦੇ ਵਿਚ ਸੁਧਾਰਨ ਦੇ ਲਈ ਸਰਕਾਰ ਦੀ ਕੋਈ ਵੀ ਠੋਸ ਨੀਤੀ ਨਹੀਂ ਹੈ। ਇਹ ਵਿਚਾਰ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਵਕੀਲ ਦਿਨੇਸ਼ ਚੱਢਾ, ਬੁਲਾਰਾ ਵਕੀਲ ਜਸਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖੀ ਖਜਾਂਚੀ ਨੇ ਆਰਟੀਆਈ ਦੀ ਜਾਣਕਾਰੀ ਦੇ ਆਧਾਰ ਉਤੇ ਮੀਡੀਆ ਦੇ ਸਾਹਮਣੇ ਰੱਖੇ।

ਐਡਵੋਕੇਟ ਚੱਢਾ ਨੇ ਦਫਤਰ ਵਧੀਕ ਡਾਇਰੈਕਟ ਜਨਰਲ ਆਫ ਪੁਲਿਸ (ਜੇਲ੍ਹਾਂ) ਪੰਜਾਬ ਤੋਂ ਆਰਟੀਆਈ ਐਕਟ ਅਧੀਨ ਲਈ ਜਾਣਕਾਰੀ ਦੇ ਮੁਤਾਬਿਕ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜਪੁਰ ਵਿਚ 1100 ਤੱਕ ਮਰਦ ਬੰਦੀ ਰੱਖਣ ਦੀ ਸਮਰਥਾ ਹੈ ਪਰ ਇਸ ਜੇਲ੍ਹ ਵਿਚ 1214 ਮਰਦ ਬੰਦੀ ਹਨ ਜੋ ਕਿ 114 (10 ਪ੍ਰਤੀਸ਼ਤ) ਵਾਧੂ ਬੰਦੀ ਹਨ। ਇਸ ਤਰ੍ਹਾਂ ਹੀ ਕੇਂਦਰੀ ਜੇਲ੍ਹ ਪਟਿਆਲਾ ਵਿਚ ਕੁੱਲ 1688 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ ਵੀ 1790 ਬੰਦੀ ਹੋਣ ਕਰਕੇ 102 (6 ਫੀਸਦੀ) ਵਾਧੂ ਕੈਦੀ ਹਨ।

ਕੇਂਦਰੀ ਜੇਲ ਅੰਮ੍ਰਿਤਸਰ ਵਿਚ 1982 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ ਵੀ 3127 ਬੰਦੀ ਹੋਣ ਕਰਕੇ 1145 (57 ਫੀਸਦੀ) ਵਾਧੂ ਕੈਦੀ ਹਨ। ਕੇਂਦਰੀ ਜੇਲ੍ਹ ਹੁਸ਼ਿਆਰ ਵਿਚ 478 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 819 ਬੰਦੀ ਹੋਣ ਕਰਕੇ 341 (71 ਫੀਸਦੀ) ਵਾਧੂ ਕੈਦੀ ਹਨ। ਜਿਲ੍ਹਾ ਜੇਲ੍ਹ ਸੰਗਰੂਰ ਵਿਚ 584 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 843 ਬੰਦੀ ਹੋਣ ਕਰਕੇ 259 (48 ਫੀਸਦੀ) ਵਾਧੂ ਬੰਦੀ ਹਨ। ਜਿਲ੍ਹਾ ਜੇਲ੍ਹ ਰੂਪ ਨਗਰ ਵਿਚ 338 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 660 ਬੰਦੀ ਹੋਣ ਕਰਕੇ 322 (95 ਫੀਸਦੀ) ਵਾਧੂ ਬੰਦੀ ਹਨ। ਜਿਲ੍ਹਾ ਜੇਲ੍ਹ ਮਾਨਸਾ ਵਿਚ 401 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 691 ਬੰਦੀ ਹੋਣ ਕਰਕੇ 290 (72 ਫੀਸਦੀ) ਵਾਧੂ ਬੰਦੀ ਹਨ। ਸਬ-ਜੇਲ੍ਹ ਪੱਟੀ ਵਿਚ 204 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 262 ਬੰਦੀ ਹਨ। ਸਬ-ਜੇਲ੍ਹ ਫਾਜਿਲਕਾ ਵਿਚ 48 ਮਰਦ ਬੰਦੀ ਰੱਖਣ ਦੀ ਸਮਰੱਥਾ ਹੈ ਪਰ ਇਥੇ 64 ਬੰਦੀ ਹਨ।

ਐਡਵੋਕੇਟ ਚੱਢਾ ਨੇ ਕਿਹਾ ਕਿ ਇਥੇ ਹੀ ਬਸ ਨਹੀਂ ਪੰਜਾਬ ਦੀਆਂ ਜੇਲਾਂ ਵਿਚ ਔਰਤ ਬੰਦੀਆਂ ਦੀ ਗਿਣਤੀ ਵੀ ਸਮਰੱਥਾ ਨਾਲੋਂ 84 ਫੀਸਦੀ ਤੱਕ ਵਾਧੂ ਹੈ। ਚੱਢਾ ਨੇ ਅੰਕੜੇ ਰੱਖਦਿਆਂ ਦੱਸਿਆ ਕਿ ਕੇਂਦਰੀ ਜੇਲ੍ਹ ਜਲੰਧਰ (ਕਪੂਰਥਲਾ) ਵਿਚ 120 ਔਰਤ ਬੰਦੀਆਂ ਦੀ ਸਮਰੱਥਾ ਹੈ ਪਰ ਇਥੇ 161 ਔਰਤ ਬੰਦੀ ਹੋਣ ਕਰਕੇ 41 (34 ਫੀਸਦੀ) ਵਾਧੂ ਬੰਦੀ ਹਨ। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ 45 ਔਰਤ ਬੰਦੀਆਂ ਦੀ ਸਮਰੱਥਾ ਹੈ ਪਰ ਇਥੇ 51 ਔਰਤ ਬੰਦੀ ਹੋਣ ਕਰਕੇ 6 (13 ਫੀਸਦੀ) ਵਾਧੂ ਬੰਦੀ ਹਨ। ਕੇਂਦਰੀ ਜੇਲ੍ਹ ਸੰਗਰੂਰ ਵਿਚ 66 ਔਰਤ ਬੰਦੀਆਂ ਦੀ ਸਮਰੱਥਾ ਹੈ ਪਰ ਇਥੇ 98 ਔਰਤ ਬੰਦੀ ਹੋਣ ਕਰਕੇ 32 (48 ਫੀਸਦੀ) ਵਾਧੂ ਬੰਦੀ ਹਨ। ਕੇਂਦਰੀ ਜੇਲ੍ਹ ਰੂਪ ਨਗਰ ਵਿਚ 25 ਔਰਤ ਬੰਦੀਆਂ ਦੀ ਸਮਰੱਥਾ ਹੈ ਪਰ ਇਥੇ 46 ਔਰਤ ਬੰਦੀ ਹੋਣ ਕਰਕੇ 21 (84 ਫੀਸਦੀ) ਵਾਧੂ ਬੰਦੀ ਹਨ।

ਐਡਵੋਕੇਟ ਚੱਢਾ ਨੇ ਕਿਹਾ ਕਿ ਇੰਨੀ ਜਿਆਦਾ ਵਾਧੂ ਗਿਣਤੀ ‘ਚ ਬੰਦੀ ਰੱਖਣ ਕਾਰਨ ਜੇਲ੍ਹਾਂ ਦੇ ਵਿਚ ਇਹਨਾਂ ਬੰਦੀਆਂ ਦੀ ਹਾਲਤ ਗੈਰ ਮਨੁੱਖੀ ਬਣੀ ਹੋਈ ਹੈ,ਕਿਉਂਕਿ ਸਮਰੱਥਾ ਤੋਂ ਜਿਆਦਾ ਹੋਣ ਕਾਰਨ ਇਹਨਾਂ ਲਈ ਵਧੀਆ ਖਾਣ-ਪੀਣ, ਸਫਾਈ, ਸਿਹਤ ਸਹੂਲਤਾਂ ਅਤੇ ਹੋਰ ਸਹੂਲਤਾਂ ਮੁਹੱਇਆ ਨਹੀਂ ਕਰਵਾਈਆਂ ਜਾ ਸਕਦੀਆਂ।

ਐਡਵੋਕੇਟ ਚੱਢਾ ਨੇ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਹਾਸਿਲ ਜਾਣਕਾਰੀ ਇਹ ਖੁਲਾਸਾ ਕਰਦੀ ਹੈ ਕਿ ਜੇਲ੍ਹਾਂ ਦੇ ਵਿਚ ਬੰਦ ਮੁਜ਼ਰਮਾਂ ਨੂੰ ਸੁਧਾਰਨ ਲਈ ਸਰਕਾਰ ਦੀ ਕੋਈ ਵੀ ਠੋਸ ਨੀਤੀ ਨਹੀਂ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ ਕੇਂਦਰ ਜੇਲ੍ਹ ਲੁਧਿਆਣਾ ਨੇ ਜਵਾਬ ਦਿੱਤਾ ਹੈ ਕਿ ਇਸ ਜੇਲ੍ਹ ਵਿਚ ਮੁਜ਼ਰਮਾਂ ਨੂੰ ਸੁਧਾਰਨ ਸੰਬੰਧੀ ਕੋਈ ਵੀ ਪ੍ਰੋਗਰਾਮ ਨਹੀਂ ਹੈ। ਇਸੇ ਤਰ੍ਹਾਂ ਹੀ ਬਾਕੀ ਜੇਲ੍ਹਾਂ ਨੇ ਵੀ ਮੁਜ਼ਰਮਾਂ ਨੂੰ ਸੁਧਾਰਨ ਸੰਬੰਧੀ ਕੋਈ ਠੋਸ ਪ੍ਰੋਗਰਾਮ ਹੋਣ ਦੀ ਪੁਸ਼ਟੀ ਨਹੀਂ ਕੀਤੀ। ਕੇਂਦਰੀ ਜੇਲ੍ਹ ਪਟਿਆਲਾ ਨੇ ਜਵਾਬ ਦਿੱਤਾ ਕਿ ਇਸ ਜੇਲ੍ਹ ਵਿਚ ਸਿਰਫ ਇਕ ਯੋਗਾ ਟ੍ਰੇਨਰ ਜੋ ਕਿ ਖੁਦ ਬੰਦੀ ਹੈ ਜੋ 525 ਬੰਦੀਆਂ ਨੂੰ ਯੋਗਾ ਦੀ ਸਿਖਲਾਈ ਦਿੰਦਾ ਹੈ। ਜਦਕਿ ਇਸ ਜੇਲ੍ਹ ਵਿਚ ਕੁੱਲ 1801 ਬੰਦੀ ਹਨ। ਬਾਕੀ ਕਿਸੇ ਵੀ ਜੇਲ੍ਹ ਨੇ ਮੁਜ਼ਰਮਾਂ ਨੂੰ ਸੁਧਾਰ ਕੇ ਮੁਖ ਧਾਰਾ ਦੇ ਵਿਚ ਲਿਆਉਣ ਲਈ ਕੌਂਸਲਰ ਜਾਂ ਧਾਰਮਿਕ ਗਿਆਨ ਦੇਣ ਦੀ ਪੁਸ਼ਟੀ ਨਹੀਂ ਕੀਤੀ। ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਜੇਲ੍ਹਾਂ ‘ਚ ਮੁਜ਼ਰਮਾਂ ਨੂੰ ਸੁਧਾਰ ਕੇ ਮੁਖ ਧਾਰਾ ਵਿਚ ਲਿਆਉਣ ਸੰਬੰਧੀ ਨਾ ਤਾਂ ਸਰਕਾਰ ਗੰਭੀਰ ਹੈ ਅਤੇ ਨਾ ਹੀ ਸਰਕਾਰ ਦੀ ਕੋਈ ਨੀਤੀ ਹੈ। ਐਡਵੋਕੇਟ ਚੱਢਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਲ੍ਹਾਂ ਵਿਚ ਬੰਦ ਮੁਜ਼ਰਮਾਂ ਨੂੰ ਸੁਧਾਰਨ ਲਈ ਕੋਈ ਠੋਸ ਨੀਤੀ ਅਪਣਾਵੇ ਨਹੀਂ ਤਾਂ ਜੇਲ੍ਹਾਂ ਦੇ ਵਿਚ ਗੈਰ ਮਨੁੱਖੀ ਹਲਾਤਾਂ ‘ਚ ਬੰਦੀਆਂ ਨੂੰ ਰੱਖ ਕੇ ਉਨਾਂ ਦੇ ਅਪਰਾਧਾਂ ਨੂੰ ਘਟਾਇਆ ਨਹੀਂ ਜਾ ਸਕੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,