ਸਿਆਸੀ ਖਬਰਾਂ

ਰਾਮ ਰਹੀਮ ਦਾ ਸੱਚ ਸਾਹਮਣੇ ਲਿਆਉਣ ਵਾਲਾ ਪੱਤਰਕਾਰ ਰਾਮਚੰਦ ਛਤਰਪਤੀ

August 26, 2017 | By

ਚੰਡੀਗੜ੍ਹ: ਪੰਚਕੁਲਾ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਹੈ। ਸਾਲ 2002 ‘ਚ ਇਸ ਬਲਾਤਕਾਰ ਦੀ ਜਾਣਕਾਰੀ ਪੱਤਰਕਾਰ ਰਾਮਚੰਦ ਛਤਰਪਤੀ ਨੇ ਪਹਿਲੀ ਵਾਰ ਦਿੱਤੀ ਸੀ।

ਰਾਮਚੰਦ ਛਤਰਪਤੀ ਸਿਰਸਾ ਦੇ ਸ਼ਾਮ ਨੂੰ ਨਿਕਲਣ ਵਾਲੇ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ’ ਦੇ ਸੰਪਾਦਕ ਸੀ। ਸਾਧਵੀ ਨਾਲ ਹੋਏ ਬਲਾਤਕਾਰ ਦੀ ਖ਼ਬਰ ਪ੍ਰਕਾਸ਼ਤ ਕਰਨ ਤੋਂ ਕੁਝ ਮਹੀਨਿਆਂ ਬਾਅਦ ਹੀ ਛਤਰਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਪੂਰਾ ਸੱਚ ਅਖ਼ਬਾਰ ਦਾ ਸੰਪਾਦਕ ਮਰਹੂਮ ਰਾਮਚੰਦਰ ਛਤਰਪਤੀ

ਪੂਰਾ ਸੱਚ ਅਖ਼ਬਾਰ ਦਾ ਸੰਪਾਦਕ ਮਰਹੂਮ ਰਾਮਚੰਦਰ ਛਤਰਪਤੀ

ਸਿਰਸਾ ਦੇ ਸਥਾਨਕ ਪੱਤਰਕਾਰ ਪ੍ਰਭੂ ਦਿਆਲ ਨੇ ਦੱਸਿਆ ਕਿ ‘ਸਾਲ 2000 ‘ਚ ਸਿਰਸਾ ‘ਚ ਰਾਮਚੰਦਰ ਛਤਰਪਤੀ ਨੇ ਵਕਾਲਤ ਛੱਡ ਕੇ “ਪੂਰਾ ਸੱਚ” ਨਾਂ ਦਾ ਅਖ਼ਬਾਰ ਸ਼ੁਰੂ ਕੀਤਾ ਸੀ।

ਪ੍ਰਭੂ ਦਿਆਲ ਅੱਗੇ ਦੱਸਦੇ ਹਨ, “2002 ‘ਚ ਉਨ੍ਹਾਂ ਨੂੰ ਇਕ ਗੁਰਨਾਮ ਚਿੱਠੀ ਮਿਲੀ ਜਿਸ ‘ਚ ਡੇਰੇ ‘ਚ ਸਾਧਵੀਆਂ ਦੇ ਸਰੀਰਕ ਸੋਸ਼ਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਨੇ ਉਸ ਚਿੱਠੀ ਨੂੰ ਛਾਪ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।”

ਪੂਰਾ ਸੱਚ ਅਖ਼ਬਾਰ ਦੀ ਕਾਪੀ, ਜਿਸ ਵਿਚ ਡੇਰਾ ਸਿਰਸਾ 'ਚ ਹੋ ਰਹੇ ਸਰੀਰਕ ਸੋਸ਼ਣ ਦੀ ਖ਼ਬਰ ਛਪੀ ਸੀ

ਪੂਰਾ ਸੱਚ ਅਖ਼ਬਾਰ ਦੀ ਕਾਪੀ, ਜਿਸ ਵਿਚ ਡੇਰਾ ਸਿਰਸਾ ‘ਚ ਹੋ ਰਹੇ ਸਰੀਰਕ ਸੋਸ਼ਣ ਦੀ ਖ਼ਬਰ ਛਪੀ ਸੀ

“ਆਖਰਕਾਰ 19 ਅਕਤੂਬਰ ਦੀ ਰਾਤ ਛਤਰਪਤੀ ਨੂੰ ਘਰ ਦੇ ਅੱਗੇ ਗੋਲੀ ਮਾਰ ਦਿੱਤੀ ਗਈ। ਇਸਤੋਂ ਬਾਅਦ 21 ਅਕਤੂਬਰ ਨੂੰ ਦਿੱਲੀ ਦੇ ਅਪੋਲੋ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ।”

ਪ੍ਰਭੂ ਦਿਆਲ ਦੱਸਦੇ ਹਨ ਕਿ ਇਸ ਦੌਰਾਨ ਉਹ ਹੋਸ਼ ‘ਚ ਵੀ ਆਏ ਪਰ ਰਾਜਨੀਤਕ ਦਬਾਅ ਕਾਰਨ ਛਤਰਪਤੀ ਦਾ ਬਿਆਨ ਤਕ ਦਰਜ ਨਹੀਂ ਕੀਤਾ ਗਿਆ। ਇਸਤੋਂ ਬਾਅਦ ਉਨ੍ਹਾਂ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਅਦਾਲਤ ‘ਚ ਅਰਜ਼ੀ ਦੇ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ।

ਉਹ ਦੱਸਦੇ ਹਨ ਕਿ ਛਤਰਪਤੀ ਆਪਣੇ ਅਖ਼ਬਾਰ ‘ਚ ਡੇਰਾ ਸਿਰਸਾ ਦੀਆਂ ਖ਼ਬਰਾਂ ਨੂੰ ਛਾਪਦੇ ਸੀ, ਜਿਸ ਕਰਕੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਸੀ।

ਛਤਰਪਤੀ ਦਾ ਪਰਿਵਾਰ ਅੱਜ ਵੀ ਉਸਦੇ ਕਤਲ ਦੇ ਮਾਮਲੇ ‘ਚ ਇਨਸਾਫ ਦੀ ਉਡੀਕ ਕਰ ਰਿਹਾ ਹੈ। ਇਹ ਮਾਮਲੇ ਵੀ ਉਸੇ ਸੀਬੀਆਈ ਅਦਾਲਤ ‘ਚ ਚੱਲ ਰਿਹਾ ਹੈ ਜਿਸਨੇ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ‘ਚ ਦੋਸ਼ੀ ਠਹਿਰਾਇਆ ਹੈ।

ਅੰਗ੍ਰੇਜ਼ੀ ਰੋਜ਼ਾਨਾ ਹਿੰਦੁਸਤਾਨ ਟਾਈਮਸ ਦੀ ਖ਼ਬਰ ਦੇ ਮੁਤਾਬਕ ਅਕਤੂਬਰ 2002 ਨੂੰ ਛਤਪਰੀ ਨੂੰ ਉਸਦੇ ਘਰ ਸਾਹਮਣੇ ਗੋਲੀ ਮਾਰੀ ਗਈ ਸੀ। ਉਸਦੇ ਪੁੱਤਰ ਅੰਸ਼ੁਲ ਨੇ ਦੱਸਿਆ, ‘ਮੈਂ ਉਸ ਵੇਲੇ 21 ਸਾਲ ਦਾ ਸੀ, ਮੈਨੂੰ ਨਹੀਂ ਸੀ ਪਤਾ ਕਿ ਇਨਸਾਫ ਲਈ ਕਿੱਥੇ ਜਾਵਾਂ, ਪੁਲਿਸ ਨੇ ਐਫ.ਆਈ.ਆਰ. ‘ਚ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਨਹੀਂ ਸ਼ਾਮਲ ਕੀਤਾ ਸੀ।”

ਰਾਮ ਰਹੀਮ ‘ਤੇ ਫੈਸਲਾ ਆਉਣ ਦੇ ਨਾਲ ਹੀ ਪੱਤਰਕਾਰ ਰਾਮਚੰਦਰ ਛਤਰਪਤੀ ਲਈ ਸੋਸ਼ਲ ਮੀਡੀਆ ‘ਤੇ ਇਨਸਾਫ ਦੀ ਮੰਗ ਉੱਠਣ ਲੱਗੀ ਹੈ।

ਰਾਜਨੀਤਕ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਫੇਸਬੁਕ ‘ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਜ਼ਿਕਰ ਕੀਤਾ। ਯਾਦਵ ਨੇ ਲਿਖਿਆ ਕਿ ਛਤਰਪਤੀ ਇਕ ਇਮਾਨਦਾਰ ਅਤੇ ਬਹਾਦਰ ਪੱਤਰਕਾਰ ਵਜੋਂ ਜਾਣਿਆ ਜਾਂਦਾ ਸੀ।

ਛਤਰਪਤੀ ਨਾਲ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਯੋਗੇਂਦਰ ਯਾਦਵ ਨੇ ਲਿਖਿਆ, ਛਤਰਪਤੀ ਨੇ ਮੈਨੂੰ ਦੱਸਿਆ ਕਿ “ਅਸੀਂ ਸਾਧਵੀ ਦੀ ਚਿੱਠੀ ਛਾਪ ਦਿੱਤੀ, ਚਿੱਠੀ ਛਪਣ ਤੋਂ ਬਾਅਦ ਚਿੱਠੀ ਲੀਕ ਕਰਨ ਦੇ ਸ਼ੱਕ ‘ਚ ਪੀੜਤ ਲੜਕੀ ਦੇ ਭਰਾ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ।” ਯਾਦਵ ਨੇ ਦੱਸਿਆ ਕਿ ਇਹ ਸੁਣ ਕੇ ਮੈਂ ਡਰ ਕੇ ਪੁੱਛਿਆ, “ਰਾਮਚੰਦਰ ਜੀ ਤੁਹਾਨੂੰ ਖ਼ਬਰਾ ਨਹੀਂ ਹੈ?” ਛਤਰਪਤੀ ਨੇ ਕਿਹਾ, “ਹਾਂ, ਕਈ ਵਾਰ ਧਮਕੀਆਂ ਮਿਲ ਚੁਕੀਆਂ ਹਨ, ਕੀ ਹੋਊਗਾ ਪਤਾ ਨਹੀਂ, ਪਰ ਇਕ ਨਾ ਇਕ ਦਿਨ ਆਪਾਂ ਸਾਰਿਆਂ ਨੂੰ ਜਾਣਾ ਹੈ।”

ਸਬੰਧਤ ਖ਼ਬਰ:

ਡੇਰੇ ਵਿਚ ਹੁੰਦੇ ਕੁਕਰਮਾਂ ਨੂੰ ਬੇਪਰਦ ਕਰਨ ਵਾਲਾ ਪੱਤਰਕਾਰ ਵੀ ਕਤਲ ਕਰ ਦਿੱਤਾ ਗਿਆ ਸੀ (ਖਾਸ ਰਿਪੋਰਟ) …

ਯੋਗੇਂਦਰ ਯਾਦਵ ਨੇ ਦੱਸਿਆ, “ਚਾਰ ਦਿਨਾਂ ਬਾਅਦ ਖ਼ਬਰ ਆਈ ਕਿ ਰਾਮਚੰਦਰ ਛਤਰਪਤੀ ਦੇ ਘਰੇ ਹਮਲਾ ਹੋਇਆ ਅਤੇ ਉਨ੍ਹਾਂ ਨੂੰ ਪੰਜ ਗੋਲੀਆਂ ਲੱਗੀਆਂ। ਕੁਝ ਦਿਨ ਬਾਅਦ ਉਹ ਨਹੀਂ ਰਹੇ। ਉਸ ਵੇਲੇ ਹਰਿਆਣਾ ‘ਚ ਚੌਟਾਲਿਆਂ ਦੀ ਸਰਕਾਰ ਸੀ। ਜਿਸਨੇ ਕਤਲ ਦੀ ਢੰਗ ਨਾਲ “ਜਾਂਚ” ਤਕ ਨਹੀਂ ਕਰਵਾਈ। ਯਾਦਵ ਨੇ ਦੱਸਿਆ ਕਿ ਸਾਰੇ ਸੂਬੇ ਤੋਂ ਪੱਤਰਕਾਰਾਂ ਨੇ ਆਵਾਜ਼ ਚੁੱਕੀ ਪਰ ਸਰਕਾਰ ਸੀਬੀਆਈ ਜਾਂਚ ਲਈ ਨਹੀਂ ਮੰਨੀ।”

ਉਸਨੇ ਲਿਖਿਆ, “ਆਖਰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਸੀਬੀਆਈ ਜਾਂਚ ਸ਼ੁਰੂ ਹੋਈ, ਜਿਸਨੂ ਕਿ ਡੇਰਾ ਸਿਰਸਾ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ।

ਪੱਤਰਕਾਰ ਰਵੀਸ਼ ਕੁਮਾਰ ਨੇ ਦੱਸਿਆ ਕਿ ਛਤਰਪਤੀ ਕਤਲ ਕੇਸ ‘ਚ ਰਾਜਿੰਦਰ ਸੱਚਰ, ਆਰ.ਐਸ. ਚੀਮਾ, ਅਸ਼ਵਨੀ ਬਖਸ਼ੀ ਅਤੇ ਲੇਖਰਾਜ ਵਰਗੇ ਵਕੀਲਾਂ ਨੇ ਬਿਨਾਂ ਪੈਸੇ ਲਏ ਇਹ ਕੇਸ ਲੜਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,