ਸਿਆਸੀ ਖਬਰਾਂ

ਜੇ ਰਾਮਦੇਵ ‘ਮਰਨ ਵਰਤ’ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ : ਪੰਚ ਪ੍ਰਧਾਨੀ

June 10, 2011 | By

ਫ਼ਤਿਹਗੜ੍ਹ ਸਾਹਿਬ, (10 ਜੂਨ, 2011) : ਸ਼ਹਿਦ ਖਾ ਕੇ ਅਤੇ ਨਿੰਬੂ ਪਾਣੀ ਪੀ ਕੇ ‘ਮਰਨ-ਵਰਤ’ ਨਹੀਂ ਰੱਖੇ ਜਾਂਦੇ। ਇਸ ਤਰ੍ਹਾਂ ਕਰਕੇ ਰਾਮਦੇਵ ਲੋਕਾਂ ਨੂੰ ਤੀਜੀ ਵਾਰ ਧੋਖਾ ਦੇ ਰਿਹੈ। ਪਹਿਲਾ ਧੋਖਾ ਸਰਕਾਰ ਨਾਲ ਹੋਏ ਸਮਝੌਤੇ ਬਾਰੇ ਲੋਕਾਂ ਨੂੰ ਬੇਖਬਰ ਰੱਖ ਕੇ ਦਿੱਤਾ। ਦੂਜਾ ਧੋਖਾ ਰਾਮ ਲੀਲਾ ਗਰਾਊਂਡ ਵਿੱਚ ਅਪਣੇ ਸਮਰੱਥਕਾਂ ਨੂੰ ਪਿੱਠ ਵਿਖਾ ਕੇ ਕਾਇਰਤਾ ਪੂਰਨ ਤਰੀਕੇ ਨਾਲ ਭੱਜ ਕੇ ਦਿੱਤਾ ਅਤੇ ਤੀਜਾ ਧੋਖਾ ਰਾਮਦੇਵ ਅਪਣੇ ਸਮੱਰਥਕਾਂ ਨੂੰ ਹੁਣ ‘ਮਰਨ-ਵਰਤ’ ਦੇ ਨਾਂ ਹੇਠ ਦੇ ਰਿਹੈ। ਇਹ ਵਿਚਾਰ ਪੇਸ਼ ਕਰਦਿਆਂ ਸ੍ਰੌਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ “ਸੰਘਰਸ਼ ਕਰਨੇ ਕਾਇਰ ਲੋਕਾਂ ਦੇ ਵਸ ਦੀ ਗੱਲ ਨਹੀਂ ਅਜਿਹੇ ਲੋਕ  ‘ਸੰਘਰਸ਼’  ਸ਼ਬਦ ਨੂੰ ਮਜ਼ਾਕ ਹੀ ਬਣਾ ਸਕਦੇ ਹਨ। ਇਨ੍ਹਾਂ ਡਰਾਮਿਆਂ ਨਾਲ ਲੋਕਾਂ ਨੂੰ ਬਹੁਤੀ ਦੇਰ ਹਨੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ।

ਉਕਤ ਆਗੂਆਂ ਨੇ ਕਿਹਾ ਕਿ ਇਕ ਮਰਨ ਵਰਤ ਪੰਜਾਬ ਦੀ ਧਰਤੀ ’ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਵੀ ਰੱਖਿਆ ਸੀ। ਮੰਗਾਂ ਨਾ ਮੰਨੇ ਜਾਣ ’ਤੇ ਮਰਨ ਵਰਤ ਦੌਰਾਨ ਹੀ 74ਵੇਂ ਦਿਨ ਉਨ੍ਹਾਂ ਸ਼ਹੀਦੀ ਤਾਂ ਪ੍ਰਾਪਤ ਕਰ ਲਈ ਪਰ ਰਾਮਦੇਵ ਵਾਂਗ ਸੰਘਰਸ਼ ਅਤੇ  ਲੋਕਾਂ ਨੂੰ ਪਿੱਠ ਨਹੀਂ ਵਿਖਾਈ। ਉਕਤ ਆਗੂਆ ਨੇ ਕਿਹਾ ਕਿ ਜੇਕਰ ਰਾਮਦੇਵ ‘ਮਰਨ ਵਰਤ’ ਲਈ ਹੀ ਦਿੱਲੀ ਵਿੱਚ ਬੈਠਾ ਸੀ ਤਾਂ ਫਿਰ ‘ਜਾਨ ਨੂੰ ਖ਼ਤਰਾ’ ਦੱਸ ਕੇ ਕਾਇਰਾਂ ਵਾਂਗ ਜ਼ਨਾਨੀਆ ਦੇ ਕੱਪੜੇ ਪਾ ਕੇ ਉੱਥੋਂ ਭੱਜਣ ਦੀ ਲੋੜ ਕੀ ਸੀ? ਉਕਤ ਆਗੂਆਂ ਨੇ ਕਿਹਾ ਕਿ ਕਹਿਣੀ ਤੇ ਕਰਨੀ ਦਾ ਪੱਕਾ ਵਿਅਕਤੀ ਹੀ ਕਿਸੇ ਸੰਘਰਸ਼ ਨੂੰ ਅਗਵਾਈ ਦੇ ਸਕਦਾ ਹੈ। ਇਸ ਲਈ ਮੰਗਾਂ ਨਾ ਮੰਨੇ ਜਾਣ ਤੱਕ ਹਰ ਹਾਲਤ ਵਿਚ ਰਾਮਦੇਵ ਨੂੰ ‘ਮਰਨ ਵਰਤ’ ’ਤੇ ਕਾਇਮ ਰਹਿਣਾ ਚਾਹੀਦਾ ਸੀ। ਜਦੋਂ ਉਹ ਮਰਨ ਵਰਤ ਤੇ ਬੈਠ ਹੀ ਗਿਆ ਤਾਂ ਫਿਰ ਜਾਨ ਦੀ ਪ੍ਰਵਾਹ ਕਿਉਂ ਕਰ ਰਿਹੈ। ਉਨ੍ਹਾ ਕਿਹਾ ਕਿ ਮਰਨ ਵਰਤ ਵਿੱਚ ਤਾਂ ਸਿਰਫ਼ ਪਾਣੀ ਤੋਂ ਬਿਨਾਂ ਦੂਜੀ ਕੋਈ ਤਰਲ ਜਾਂ ਠੋਸ ਵਸਤੂ ਦਾ ਸੇਵਨ ਕੀਤਾ ਹੀ ਨਹੀਂ ਜਾ ਸਕਦਾ।ਸ਼ਹਿਦ ਤੇ ਨਿੰਬੂ ਪਾਣੀ ਪੀਣ ਨਾਲ ਹੁਣ ਮਰਨ ਵਰਤ ਕਿਵੇਂ ਰਹਿ ਗਿਆ?

ਉਕਤ ਆਗੂਆਂ ਨੇ ਕਿਹਾ ਕਿ ਰਾਮਦੇਵ ਦੇ ਢੋਲ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ।ਸਤੰਬਰ 2010 ਵਿੱਚ ਜਦੋਂ ਭਾਰਤ ਸਭਾਵੀਮਾਨ ਯਾਤਰਾ ਤਹਿਤ ਪੰਜਾਬ ਆਏ ਰਾਮਦੇਵ ਨੂੰ ਪੰਜਾਬ ਸਰਕਾਰ ਨੇ ‘ਰਾਜ-ਪ੍ਰਾਹੁਣੇ’ ਦਾ ਦਰਜ਼ਾ ਦਿੱਤਾ ਸੀ ਤਾਂ ਅਸੀਂ ਉਦੋਂ ਵੀ ਕਿਹਾ ਸੀ ਕਿ ਰਾਮਦੇਵ ਅਪਣੇ ਭਗਵੇਂ ਸਿਆਸੀ ਮਨੋਰਥਾ ਦੀ ਪੂਰਤੀ ਲਈ ਇਹ ਯਾਤਰਾ ਕਰ ਰਿਹਾ ਹੈ ਪਰ ‘ਪਥੰਕ’ ਸਰਕਾਰ ਨੇ ਇਸ ਵੱਲ ਧਿਆਨ ਨਾ ਦੇ ਕੇ ਰਾਮਦੇਵ ਦੀ ਪੂਰੀ ਆਓ ਭਗਤ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ  ਲੀਡਰਾਂ ਨੇ ਅਪਣੇ ਮਨੋਰਥਾਂ ਲਈ ਰਾਮਦੇਵ ਨੂੰ ਦੇਸ਼ ਦੇ ਸਿਰ ਚੜ੍ਹਾ ਦਿੱਤਾ ਹੈ। ਹੁਣ ਵੀ ਸਰਕਾਰਾਂ ਤੇ ਦੇਸ਼ ਦੀ ਜਨਤਾ ਉਸਦੇ ‘ਕਾਰਨਾਮਿਆਂ’ ਨੂੰ ਵੇਖ ਕੇ ਉਸ ਤੋਂ ਕਿਨਾਰਾ ਕਰ ਲੈਣ ਇਹੋ ਦੇਸ਼ ਅਤੇ ਸਮਾਜ ਦੇ ਹਿੱਤ ਵਿੱਚ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,