ਜੀਵਨੀਆਂ » ਲੇਖ » ਲੜੀਵਾਰ ਕਿਤਾਬਾਂ » ਸਿੱਖ ਇਤਿਹਾਸਕਾਰੀ

ਰਾਣੀ ਸਦਾ ਕੌਰ ਦਾ ਖਾਲਸਾ ਰਾਜ ਦੀ ਉਸਾਰੀ ਚ ਯੋਗਦਾਨ – ੨ (ਜੀਵਨੀ- ਕਿਸ਼ਤ ਤੀਜੀ)

June 19, 2019 | By

ਪਾਠਕ ਜੀ, ਜੇਕਰ ਤੁਸੀਂ ਇਸ ਜੀਵਨੀ ਦਾ ਦੂਸਰਾ ਭਾਗ ਨਹੀਂ ਪੜ੍ਹਿਆ ਤਾਂ ਇਹ ਤੰਦ ਛੂਹੋ:-

  ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੧ (ਜੀਵਨੀ- ਕਿਸ਼ਤ ਦੂਜੀ)


ਰਾਣੀ ਸਦਾ ਕੌਰ ਤੇ ਖ਼ਾਲਸਾ ਰਾਜ ਦੀ ਉਸਾਰੀ-੨ (ਜੀਵਨੀ- ਕਿਸ਼ਤ ਤੀਜੀ)

ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ

ਸ਼ੇਰਿ ਪੰਜਾਬ ਨੂੰ ‘ਮਹਾਰਾਜਾ’ ਦਾ ਪਦ ਮਿਲਣਾ

ਜਦ ਲਾਹੌਰ ਸ਼ਹਿਰ ਦੀ ਰਾਖੀ ਆਦਿ ਦਾ ਸਾਰਾ ਪ੍ਰਬੰਧ ਠੀਕ ਹੋ ਗਿਆ ਤਾਂ ਕੁਝ ਦਿਨਾਂ ਬਾਅਦ ਸਰਦਾਰਨੀ ਸਦਾ ਕੌਰ ਜੀ ਦੀ ਵਿਚਾਰ ਅਨੁਸਾਰ ਫੌਜ ਦੇ ਵਡੇ ਸਰਦਾਰਾਂ ਅਤੇ ਸ਼ਹਿਰ ਦੇ ਮੁਖੀਆਂ ਨੇ ਸਰਕਾਰ ਦੀ ਹਜ਼ੂਰੀ ਵਿਚ ਹਾਜ਼ਰ ਹੋਕੇ ਬਿਨੈ ਕੀਤੀ ਕਿ ਰਾਜਧਾਨੀ ਲਾਹੌਰ ਵਿਚ ਇਕ ਵੱਡਾ ਦਰਬਾਰ ਕੀਤਾ ਜਾਏ, ਜਿਸ ਵਿਚ ਪੰਜਾਬ ਦੀ ਪਰਜਾ ਵੱਲੋਂ ਸ੍ਰੀ ਹਜ਼ੂਰ ਜੀ ਨੂੰ ਮਹਾਰਾਜਾ’ ਦਾ ਪਦ ਦਿੱਤਾ ਜਾਏ, ਆਪ ਕ੍ਰਿਪਾ ਕਰਕੇ ਸਾਡੀ ਇਸ ਬੇਨਤੀ ਨੂੰ ਪ੍ਰਵਾਨਗੀ ਦਾ ਮਾਨ ਬਖਸ਼ੋ । ਇਹ ਸੁਣਕੇ ਪਹਿਲਾਂ ਤਾਂ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਇਸ ਤਰ੍ਹਾਂ ਦੇ ਦਿਖਲਾਵਿਆਂ ਦੀ ਕੀ ਲੋੜ ਹੈ, ਪਰ ਜਦ ਸਾਰੇ ਆਗੂਆਂ ਤੇ ਖਾਸ ਕਰ ਸਰਦਾਰਨੀ ਸਦਾ ਕੌਰ ਨੇ ਬਹੁਤ ਜ਼ੋਰ ਦਿੱਤਾ ਤੇ ਆਪ ਨੇ ਪਰਵਾਨ ਕਰ ਲਿਆ।

ਸ੍ਰੀ ਅੰਮ੍ਰਿਤਸਰ ਤੇ ਸਰਦਾਰਨੀ ਸਦਾ ਕੌਰ

ਲਾਹੌਰ ਅਤੇ ਹੋਰ ਨੇੜੇ ਤੇੜੇ ਦੇ ਇਲਾਕੇ ਪਰ ਜਦ ਸ਼ੇਰਿ ਪੰਜਾਬ ਦਾ ਪੂਰਾ ਪੂਰਾ ਕਬਜ਼ਾ ਹੋ ਗਿਆ ਤੇ ਨਾਲ ਹੀ ਸਰਕਾਰ ਨੂੰ ਪਰਜਾ ਵਲੋਂ ਮਹਾਰਾਜਗੀ ਦਾ ਖਿਤਾਬ ਦਿੱਤਾ ਗਿਆ ਤਾਂ ਇਹ ਸਾਰੇ ਕੰਮ ਸੁਭਾਵਕ ਹੀ ਰਾਮਗੜੀਆ ਅਤੇ ਭੰਗੀ ਸਰਦਾਰਾਂ ਲਈ ਦਿਨੋ ਦਿਨ ਤੋਖਲੇ ਦਾ ਕਾਰਨ ਬਣ ਗਏ। ਇਸ ਵਿਚ ਸ਼ੱਕ ਵੀ ਕੀ ਹੋ ਸਕਦਾ ਸੀ ਕਿ ਜਿਸ ਦੇ ਗੁਆਂਢ ਵਿਚ ਇਕ ਐਸੀ ਜ਼ਬਰਦਸਤ ਤਾਕਤ ਦਿਨੋ ਦਿਨ ਵਧ ਫੁਲ ਰਹੀ ਹੋਵੇ ਤੇ ਉਸ ਨੂੰ ਗੁਆਂਢੀ ਜੇ ਨਿਸਚਿੰਤ ਹੋਕੇ ਤੇ ਹੱਥ ਪਰ ਹੱਥ ਧਰਕੇ ਬੈਠੇ ਰਹਿੰਦੇ ਤਾਂ ਉਨ੍ਹਾਂ ਨੂੰ ਸੰਸਾਰ ਪਰ ਕੋਈ ਵੀ ਸਿਆਣਾ ਤੇ ਦੂਰਦ੍ਰਿਸ਼ਟਤਾ ਨਹੀਂ ਕਹੇਗਾ। ਠੀਕ ਇਸੇ ਖਤਰੇ ਤੋਂ ਪ੍ਰਭਾਵਿਤ ਹੋਕੇ ਸੰਨ ੧੮੦੨ ਦੇ ਛੇਕੜਲੇ ਦਿਨਾਂ ਵਿਚ ਇਨ੍ਹਾਂ ਸਰਦਾਰਾਂ ਨੇ ਸਵੈ ਰੱਖਿਆ ਲਈ ਸ੍ਰੀ ਅੰਮ੍ਰਿਤਸਰ ਵਿਚ ਕੁਝ ਜੰਗੀ ਤਿਆਰੀਆਂ ਅਰੰਭ ਦਿੱਤੀਆਂ। ਇਨ੍ਹਾਂ ਤਿਆਰੀਆਂ ਦੀਆਂ ਖਬਰਾਂ ਜਦ ਮਹਾਰਾਜਾ ਸਾਹਿਬ ਨੂੰ ਪਹੁੰਚੀਆਂ ਤੇ ਨਾਲ ਇਹ ਵੀ ਪਤਾ ਲੱਗਾ ਕਿ ਇਸ ਗੋਂਦ ਵਿਚ ਸਭ ਤੋਂ ਵੱਧ ਰਾਣੀ ਸੁੱਖਾਂ ਜੀ ਹਿੱਸਾ ਲੈ ਰਹੀ ਹੈ ਤਾਂ ਮਹਾਰਾਜਾ ਸਾਹਿਬ ਨੇ ਤੁਰੰਤ ਇਨ੍ਹਾਂ ਖਬਰਾਂ ਦੀ ਜਾਂਚ ਪੜਤਾਲ ਕਰਵਾਈ ਤਾਂ ਇਹ ਗੱਲ ਠੀਕ ਨਿਕਲੀ। ਮਹਾਰਾਜਾ ਸਾਹਿਬ ਨੇ ਉਸੇ ਦਿਨ ਹੀ ਇਕ ਤੇਜ਼ ਰਫਤਾਰ ਹਲਕਾ ਭੇਜ ਕੇ ਮਹਾਰਾਣੀ ਸਦਾ ਕੌਰ ਨੂੰ ਬਟਾਲੇ ਤੋਂ ਅਤੇ ਸਰਦਾਰ ਫਤਿਹ ਸਿੰਘ ਆਹਲੂਵਾਲੀਏ ਨੂੰ ਕਪੂਰਥਲੇ ਤੋਂ, ਸਣੇ ਆਪੋ ਆਪਣੀਆਂ ਫੌਜਾਂ ਦੇ ਆਪਣੇ ਪਾਸ ਬੁਲਵਾ ਲਿਆ। ਇਨ੍ਹਾਂ ਦੇ ਪਹੁੰਚ ਜਾਣੇ ਪਰ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਸਭ ਜ਼ਰੂਰੀ ਤਿਆਰੀਆਂ ਹੋ ਜਾਣ ਦੇ ਉਪਰੰਤ ੨੫ ਦਸੰਬਰ ੧੮੦੨ ਨੂੰ ਖਾਲਸਾ ਫੌਜਾਂ ਨੇ ਸਰਦਾਰਨੀ ਸਦਾ ਕੌਰ, ਸਰਦਾਰ ਫਤਿਹ ਸਿੰਘ ਆਹਲੂਵਾਲੀਆ ਤੇ ਸ਼ੇਰਿ ਪੰਜਾਬ ਦੀ ਸੌਂਪਣੀ ਵਿਚ ਸ੍ਰੀ ਅੰਮ੍ਰਿਤਸਰ ਜੀ ਵੱਲ ਚਾਲੇ ਪਾ ਦਿਤੇ।

ਰਾਣੀ ਸਦਾ ਕੌਰ ਦੀ ਇੱਕ ਹੋਰ ਤਸਵੀਰ

ਕੂਚ ਤੋਂ ਪਹਿਲਾਂ ਫੌਜ ਦੇ ਇਨ੍ਹਾਂ ਤਿੰਨਾਂ ਮੁਖੀਆਂ ਦੀ ਸਲਾਹ ਨਾਲ ਇਹ ਫੈਸਲਾ ਹੋਇਆ ਕਿ ਇਸ ਸਮੇਂ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਮਹੱਤਤਾ ਤੇ ਸਤਿਕਾਰ ਨੂੰ ਖਾਸ ਤੌਰ ਪੁਰ ਦ੍ਰਿਸ਼ਟੀਗੋਚਰ ਰਖਿਆ ਜਾਏ, ਸਗੋਂ ਕੋਈ ਐਸਾ ਢੰਗ ਵਰਤਿਆ ਜਾਏ, ਜਿਸ ਨਾਲ ਬਿਨਾਂ ਕਿਸੇ ਖੂਨ ਖਰਾਬੇ ਤੇ ਤੋਪਾਂ ਆਦਿ ਦੀ ਵਰਤੋਂ ਦੇ – ਗੁਰੂ ਨਗਰੀ ਤੋਂ ਬਰਕਤਾਂ ਪ੍ਰਾਪਤ ਕਰਨ ਤੇ ਗੁਰਧਾਮਾਂ ਦੀ ਵਧੇਰੇ ਸੇਵਾ ਦੇ ਭਾਵ ਨੂੰ ਮੁੱਖ ਰੱਖ ਕੇ ਖਾਲਸਾ ਰਾਜ ਦੇ ਨਾਲ ਮਿਲਾਇਆ ਜਾਏ। ਇਸ ਸਮੇਂ ‘ਇੱਛਾ ਪੂਰਕੁ ਸਰਬ ਸੁਖ ਦਾਤਾ’ ਜੀ ਦਾ ਐਸਾ ਖੇਲ ਵਰਤਿਆ ਕਿ ਬਹਾਦਰ ਰਾਮਗੜੀਏ ਸਰਦਾਰ ਸਮੇਂ ਸਿਰ ਭੰਗੀਆਂ ਨਾਲ ਨਾ ਮਿਲ ਸਕੇ, ਕਿਉਂਕਿ ਮਹਾਰਾਜਾ ਸਾਹਿਬ ਵਲੋਂ ਇਹ ਧਾਵਾ ਇਤਨਾ ਤੁਰਤ ਫੁਰਤ ਤੇ ਚੁਪ ਚਾਪ ਕੀਤਾ ਗਿਆ ਸੀ ਕਿ ਖਾਲਸਾ ਫੌਜ ਦੀ ਚੜ੍ਹਾਈ ਦਾ ਕਿਸੇ ਨੂੰ ਵੀ ਪਤਾ ਨਾ ਸੀ ਲਗ ਸਕਿਆ। ਦੂਜਾ ਸਰਦਾਰਨੀ ਸਦਾ ਕੌਰ ਦੀ ਵਿਚਾਰ ਅਨੁਸਾਰ ਫੌਜ ਨੂੰ ਸ਼ਹਿਰ ਦੇ ਚੌਗਿਰਦੇ ਪਰਕਰਮਾ ਦੇ ਤਰੀਕੇ ਨਾਲ ਫੈਲਾ ਦਿੱਤਾ ਗਿਆ, ਪਰ ਨਾਲ ਹੀ ਇਹ ਜ਼ਰੂਰੀ ਹੁਕਮ ਸੁਣਾਇਆ ਗਿਆ ਕਿ ਕੇਵਲ ਜੈਕਾਰੇ ਬਕਾਰੇ ਤੇ ਧੌਂਸਿਆਂ ਨੌਬਤਾਂ ਤੇ ਸ਼ੋਰ ਸ਼ਰਾਬੇ ਤੋਂ ਹੀ ਕੰਮ ਲੈ ਲਿਆ ਜਾਏ, ਇਸ ਤਰ੍ਹਾਂ ਗੁਰੂ-ਨਗਰੀ ਦੀ ਸਲਾਮੀ ਲਈ ਫੋਕਾਰੀ ਤੋਪਾਂ ਦੀਆਂ ਸ਼ਲਕਾਂ ਚਲਾਈਆਂ ਜਾਣ, ਜਦ ਤੱਕ ਖਾਸ ਦੂਜਾ ਹੁਕਮ ਨਾ ਦਿੱਤਾ ਜਾਏ ਕੋਈ ਵੀ ਜਵਾਨ ਆਪਣੇ ਹਥਿਆਰ ਨਾ ਵਰਤੇ। ਸੋ ਇਸ ਵਕਤ ਸੋਚੀ ਵਿਉਂਤ ਅਨੁਸਾਰ ਇਹ ਦਿਖਲਾਵਾ ਕੁਝ ਉਸ ਢੰਗ ਦਾ ਸੀ ਜਿਸ ਤਰ੍ਹਾਂ ਫੌਜ ਦੀ ਸਿਖਲਾਈ ਲਈ ਫ਼ਰਜ਼ੀ ਧਾਵਾ ਕੀਤਾ ਜਾਂਦਾ ਹੈ। ਇਹ ਤਰੀਕਾ ਪਹਿਲੀ ਵਾਰ ਸ੍ਰੀ ਅੰਮ੍ਰਿਤਸਰ ਜੀ ਵਿਚ ਵਰਤਿਆ ਗਿਆ ਕਿ ਬਿਨਾਂ ਹਥਿਆਰਾਂ ਦੀ ਵਰਤੋਂ ਦੇ ਅਤੇ ਬਗੈਰ ਇਕ ਤੁਪਕਾ ਲਹੂ ਡੋਲਣ ਦੇ ਗ਼ਨੀਮ ਪਰ ਫ਼ਤਿਹ ਪਾਣੀ। ਅਜੇ ਖਾਲਸਾ ਫੌਜ ਇਸ ਪਾਵਨ ਸ਼ਹਿਰ ਦੀ ਪ੍ਰਕਰਮਾਂ ਕਰ ਰਹੀ ਸੀ ਤੇ ਤੋਪਾਂ ਸਲਾਮੀ ਉਤਾਰ ਰਹੀਆਂ ਸਨ ਕਿ ਇੰਨੇ ਨੂੰ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਮੁਖੀਏ, ਸਣੇ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ, ਦੋਹਾਂ ਧਿਰਾਂ ਦੇ ਸਰਦਾਰਾਂ ਨੂੰ ਆ ਮਿਲੇ ਤੇ ਘਰ ਵਿਚ ਹੀ ਪੂਰੀ ਇਜ਼ਤ ਨਾਲ ਸਮਝੌਤਾ ਕਰਵਾ ਦਿੱਤਾ, ਜਿਸ ਦੀਆਂ ਦੋ ਵੱਡੀਆਂ ਸ਼ਰਤਾਂ ਇਹ ਸਨ :- (੧) ਭੰਗੀ ਸਰਦਾਰ ਆਪਣਾ ਕਿਲਾ ਖਾਲੀ ਕਰ ਦੇਣ ਤੇ ਗੁਰੂ ਦੀ ਨਗਰੀ ਨੂੰ ਖਾਲਸਾ ਰਾਜ ਨਾਲ ਸੰਮਲਿਤ ਕਰ ਲਿਆ ਜਾਏ। (੨) ਮਹਾਰਾਜਾ ਰਣਜੀਤ ਸਿੰਘ ਵਲੋਂ ਭੰਗੀ ਸਰਦਾਰਾਂ ਨੂੰ ਅੱਗੇ ਨੂੰ ਪਤਵੰਤੀ ਜ਼ਿੰਦਗੀ ਗੁਜ਼ਾਰਨ ਲਈ ਮਾਅਕੂਲ ਜਾਗੀਰ ਦਿੱਤੀ ਜਾਏ। ਇਹ ਸ਼ਰਤਾਂ ਦੋਹਾਂ ਧਿਰਾਂ ਵਲੋਂ ਪ੍ਰਵਾਨ ਹੋਈਆਂ ਅਤੇ ਇਤਨਾ ਮਹਾਨ ਕਾਰਜ ਗੁਰੂ ਨਗਰੀ ਦਾ ਸਤਿਕਾਰ ਬਰਕਰਾਰ ਰੱਖਦੇ ਹੋਏ ਤੇ ਬਿਨਾਂ ਇਕ ਜਾਨ ਦੇ ਵਿਅਰਥ ਜਾਣ ਦੇ ਸਰਦਾਰਨੀ ਸਦਾ ਕੌਰ ਦੀ ਸਿਆਣਪ ਤੇ ਦੁਰਦ੍ਰਿਸ਼ਟਤਾ ਦੇ ਕਾਰਨ ਬੜੀ ਸਫ਼ਲਤਾ ਨਾਲ ਸਿਰੇ ਚੜ੍ਹ ਗਿਆ, ਜਿਹੜਾ ਸਦਾ ਇਤਿਹਾਸ ਵਿਚ ਸਰਦਾਰਨੀ ਜੀ ਦੀ ਯਾਦਗਾਰ ਰਹੇਗਾ। ਇਹ ਗੱਲ ੨੬ ਦਸੰਬਰ ਸੰਨ ੧੮੦੨ ਈ: ਦੀ ਹੈ।

ਇਸ ਦੇ ਉਪਰੰਤ ਸ਼ੇਰਿ ਪੰਜਾਬ, ਸਣੇ ਸਰਦਾਰਨੀ ਸਦਾ ਕੌਰ ਤੇ ਸਰਦਾਰ ਫ਼ਤਿਹ ਸਿੰਘ ਆਦਿ ਸਰਦਾਰਾਂ ਦੇ, ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ। ਪਾਵਨ ਸ੍ਰੀ ਰਾਮਦਾਸ ਸਰੋਵਰ ਵਿਚ ਇਸ਼ਨਾਨ ਕਰਨ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਜੀ ਆਦਿ ਗੁਰਦਵਾਰਿਆਂ ਦੀ ਸੇਵਾ ਲਈ ਆਪਣੇ ਆਪ ਨੂੰ ਵਡਭਾਗੀ ਜਾਣ ਕੇ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ।

ਭੰਗੀਆਂ ਦੇ ਕਿਲੇ ਪੁਰ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਣ ਨਾਲ ਬਹੁਤ ਸਾਰੇ ਹਥਿਆਰ ਸਰਕਾਰ ਦੇ ਹੱਥ ਆਏ ਜਿਨ੍ਹਾਂ ਵਿਚੋਂ ਜਗਤ ਪ੍ਰਸਿੱਧ ਭੰਗੀਆਂ ਦੀ ਤੋਪ ‘ਜ਼ਮਜ਼ਮਾ’ ਭੀ ਸੀ।

ਸਦਾ ਕੌਰ ਦੇ ਹਜ਼ਾਰੇ ਦੀ ਰਣਭੂਮੀ ਵਿਚ ਜੰਗੀ ਕਮਾਲ

ਹਜ਼ਾਰੇ ਦਾ ਦੇਸ਼ ਆਪਣੇ ਹਰੇ ਭਰੇ ਮੈਦਾਨਾਂ ਅਤੇ ਉੱਚੇ ਤੋਂ ਉੱਚੇ ਠੰਡੇ ਬਰਫ਼ਾਨੀ ਪਹਾੜਾਂ, ਨਿਰਮਲ ਚਸ਼ਮਿਆਂ, ਅਡੋਲ ਟਿੱਕੀਆਂ ਹੋਈਆਂ ਝੀਲਾਂ ਅਤੇ ਆਪਣੇ ਬਹਾਦਰ ਵਸਨੀਕਾਂ ਲਈ ਖਾਸ ਪ੍ਰਸਿੱਧਤਾ ਰੱਖਦਾ ਹੈ| ਇਹ ਸੂਬਾ ਕਈ ਵਾਰੀ ਕਸ਼ਮੀਰ ਨਾਲ ਮਿਲਿਆ ਤੇ ਵੱਖ ਹੋਇਆ। ਹਕੀਕਤ ਵਿਚ ਇਹ ਕਸ਼ਮੀਰ ਦਾ ਹੀ ਨਿੱਕਾ ਭਾਈ ਹੈ। ਕਸ਼ਮੀਰ ਦੀ ਤਰ੍ਹਾਂ ਇਸ ਦੇ ਉੱਚੇ ਪਹਾੜ, ਜਿਨ੍ਹਾਂ ਵਿਚੋਂ ‘ਮਾਲੀਕਾ ਪ੍ਰਬਤ’ ਦੀ ਉਚਾਈ ੧੭੩੬੦ ਫੁਟ ਹੈ, ਇਸ ਦੇ ਨਾਲ ‘ਗਗਨ ਪਾਜੀ’ ੧੬੫੨੮ ਫੁੱਟ ਉੱਚਾ ਹੈ। ਇੰਨੀ ਉਚਾਣ ਪੁਰ ਚਾਂਦੀ ਦੇ ਥਾਲਾਂ ਵਰਗੀਆਂ ਡਲ਼ ਫ਼ਲ਼ ਕਰਦੀਆਂ ਬਰਫ਼ਾਨੀ ਪਾਣੀ ਦਾ ਨਾਲ ਸਭਰ ਭਰੀਆਂ ਝੀਲਾਂ, ਜਿਨ੍ਹਾਂ ਦੇ ਡਿੱਠੀਆਂ ਮਨ ਮੋਹੇ ਜਾਂਦੇ ਹਨ, ਇਨ੍ਹਾਂ ਵਿਚੋਂ ‘ਲੌਲੋਸਰ’ ਤੇ ‘ਮੈਪਰ ਮਲੂਕ ਸੁਰ’ ਖਾਮ ਸਿੱਧ ਹਨ। ਇਥੋਂ ਦੇ ਕੱਦਾਵਰ ਦਰਖਤਾਂ ਤੇ ਰੰਗਾਰੰਗ ਫੁੱਲਾਂ ਦਾ ਤਾਂ ਅੰਤ ਹੀ ਕੋਈ ਨਹੀਂ। ਜਿਸ ਤਰ੍ਹਾਂ ਕੁਦਰਤ ਨੇ ਹੋਰਨਾਂ ਮੁਲਕਾਂ ਤੋਂ ਵੱਖ ਇਸ ਇਲਾਕੇ ਨੂੰ ਰਮਣੀਕਤਾ ਤੇ ਪ੍ਰਫੁੱਲਤਾ ਬਖਸ਼ੀ ਹੈ ਇਸੇ ਤਰ੍ਹਾਂ ਇਥੋਂ ਦੇ ਵਸਨੀਕ ਵੀ ਤਾਂ ਹੋਰਨਾਂ ਲੋਕਾਂ ਤੋਂ ਵੱਖ ਸੁਭਾਵ ਦੇ ਹੋਣੇ ਸ਼ੋਭਦੇ ਸਨ, ਸੋ ਠੀਕ ਅਭੁੱਲ ਕਾਦਰ ਨੇ ਇਨ੍ਹਾਂ ਨੂੰ ਕਈ ਗੁਣਾਂ ਵਿਚ ਸਾਰੇ ਜਗਤ ਤੋਂ ਅੱਡਰੇ ਸੁਭਾਵ ਬਖਸ਼ੇ ਸਨ । ਇਥੋਂ ਦੀਆਂ ਇਤਿਹਾਸਕ ਲਿਖਤਾਂ ਨੂੰ ਵਿਚਾਰਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਲੋਕ ਮੁੱਦਤਾਂ ਤੋਂ ਸੁਤੰਤਰ ਚਲੇ ਆਏ ਸਨ। ਇਨ੍ਹਾਂ ਨੂੰ ਸੌਖਾ ਹੀ ਆਪਣਾ ਅਨੁਸਾਰੀ ਕਰ ਲੈਣਾ ਪਹਿਲਾਂ ਪਹਿਲ ਇਕ ਅਨਹੋਣੀ ਜਿਹੀ ਗੱਲ ਸਮਝੀ ਜਾਂਦੀ ਸੀ।

ਕਸ਼ਮੀਰ ਦੀ ਫ਼ਤਿਹ ਤੋਂ ਪਹਿਲਾਂ ਹੀ ਸ਼ੇਰਿ ਪੰਜਾਬ ਦੀ ਤੀਬਰ ਇੱਛਾ ਸੀ ਕਿ ਇਸ ਦੇਸ਼ ਨੂੰ ਖਾਲਸਾ ਰਾਜ ਨਾਲ ਮਿਲਾ ਲਿਆ ਜਾਏ, ਕਿਉਂਕਿ ਕਸ਼ਮੀਰ ਵਲ ਜਾਣ ਆਉਣ ਦਾ ਸੌਖਾ ਰਾਹ, ਕਿਹੜਾ ਬਾਰਾਂ ਮਹੀਨੇ ਖੁਲ੍ਹਾ ਰਹਿੰਦਾ ਸੀ, ਉਹ ਕੇਵਲ ਹਜ਼ਾਰੇ ਦੇ ਵਿਚੋਂ ਦੀ ਹੋ ਕੇ ਲੰਘਦਾ ਸੀ। ਸ਼ੁਰੂ ਵਿਚ ਇਸ ਕੰਮ ਦੀ ਸਫ਼ਲਤਾ ਵਿਚ ਵੱਡੀਆਂ ਔਕੜਾਂ ਸਾਹਮਣੇ ਆਉਂਦੀਆਂ ਰਹੀਆਂ, ਇਸੇ ਲਈ ਇਨ੍ਹਾਂ ਨੇ ਮੁਦਤ ਤੱਕ ਪੂਰਨ ਅਨੁਸਾਰ ਨਹੀਂ ਸੀ ਮੰਨੀ। ਜਦ ਖਾਲਸਾ ਫੌਜ ਦਾ ਜ਼ੋਰ ਇਨ੍ਹਾਂ ਪੁਰ ਆ ਪੈਂਦਾ ਤਾਂ ਮਾਲੀਆ ਆਦਿ ਉਗਰਾਹ ਲਿਆ ਜਾਂਦਾ, ਪਰ ਹਕੁਮਤ ਵਲੋਂ ਜਦ ਜ਼ਰਾ ਜਿੰਨੀ ਵੀ ਨਰਮੀ ਹੁੰਦੀ ਤਾਂ ਇਹ ਮੁੜ ਰੌਲਾ ਖੜਾ ਕਰ ਦਿੰਦੇ ।

ਸੰਨ ੧੮੧੮ ਈ: ਵਿਚ ਹਾਸ਼ਮ ਖਾਨ ਦੀ ਫ਼ਰਿਆਦ ਪੁਰ ਸਰਦਾਰ ਮੱਖਣ ਸਿੰਘ ਨਾਜ਼ਮ ਰਾਵਲ ਪਿੰਡੀ ਨੂੰ ਮਹਾਰਾਜਾ ਸਾਹਿਬ ਨੇ ਹੁਕਮ ਭੇਜਿਆ ਕਿ ਉਹ ਲੋੜ ਅਨੁਸਾਰ ਫ਼ੌਜ ਨਾਲ ਹਜ਼ਾਰੇ ਦੀ ਬਦਅਮਨੀ ਨੂੰ ਦੂਰ ਕਰਕੇ ਉੱਥੇ ਸ਼ਾਂਤੀ ਕਾਇਮ ਕਰੇ। ਇਸ ਹੁਕਮ ਅਨੁਸਾਰ ਸਰਦਾਰ ਮੱਖਣ ਸਿੰਘ ਨੇ ਕੱਤਕ ਸੰਮਤ ੧੮੭੫ ਮੁਤਾਬਿਕ ਅਕਤੂਬਰ ਸੰ: ੧੮੧੮ ਈ: ਨੂੰ ੫੦੦ ਖਾਲਸਾ ਸਵਾਰਾਂ ਨਾਲ ਹਜ਼ਾਰੇ ਦੇ ਮੈਦਾਨੀ ਇਲਾਕੇ ਪਰ ਚੜਾਈ ਕਰ ਦਿੱਤੀ, ਜਿਸ ਵਿਚ ਬੜੀ ਹੱਦ ਤੱਕ ਸਰਦਾਰ ਜੀ ਨੂੰ ਸਫ਼ਲਤਾ ਹੋਈ । ਸਰਦਾਰ ਮੱਖਣ ਸਿੰਘ ਨੇ ਇਨ੍ਹਾਂ ਦੀ ਸਰਕਸ਼ੀ ਦੇ ਬਦਲੇ ਇਨ੍ਹਾਂ ਪਰ ੨੦੦੦ ਨਾਨਕ ਸ਼ਾਹੀ ਰੁਪਿਆ ਜੁਰਮਾਨਾ ਲਾਇਆ ਤੇ ਸਭ ਦਾ ਸਭ ਵਸੂਲ ਕਰ ਲਿਆ। ਹਜ਼ਾਰੇ ਦੇ ਲੋਕਾਂ ਲਈ ਇਹ ਪਹਿਲਾ ਮੌਕਾ ਸੀ ਜਦ ਇਨ੍ਹਾਂ ਨੇ ਕਿਸੇ ਹੁਕਮਰਾਨ ਨੂੰ ਪੂਰਾ ਜੁਰਮਾਨਾ ਤਾਰਿਆ ਹੋਵੇ। ਇਸ ਦੇ ਬਾਅਦ ਸਰਦਾਰ ਮੱਖਣ ਸਿੰਘ ਨੇ ਸਾਰੇ ਇਲਾਕੇ ਦਾ ਦੌਰਾ ਕਰਕੇ ਸਰਾਏ ਸਾਲੇ ਦੇ ਮੁਕਾਮ ਪੁਰ ਇਕ ਕਿਲਾ ਬਣਵਾ ਕੇ , ਲੋੜ ਅਨੁਸਾਰ ਖਾਲਸਾ ਫੌਜ ਦੇ ਕੁਝ ਜਵਾਨ ਇਥੇ ਰੱਖੇ ਅਤੇ ਆਪ ਪਿੰਡੀ ਵੱਲ ਪਰਤ ਆਇਆ।

ਮਹਾਂਰਾਜਾ ਰਣਜੀਤ ਸਿੰਘ ਦੇ ਦਰਬਾਰੀ ਮੁਸੱਵਰ ਵਲੋਂ ਰਾਣੀ ਸਦਾ ਕੌਰ ਦਾ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ)

 

ਇਸ ਦੇ ਇਕ ਸਾਲ ਉਪਰੰਤ ਸਰਦਾਰ ਮੱਖਣ ਸਿੰਘ ਮੁੜ ਹਜ਼ਾਰੇ ਦੇ ਦੌਰੇ ਪਰ ਆਇਆ ਤਾਂ ਅੱਗੋਂ ਇਹ ਲੋਕ ਬੜੇ ਸਤਿਕਾਰ ਨਾਲ ਮਿਲੇ ਅਤੇ ਛੇਤੀ ਹੀ ਮਾਲੀਆ ਤਾਰ ਦੇਣ ਦਾ ਭਰੋਸਾ ਦਿਵਾਇਆ, ਪਰ ਅੰਦਰੋਂ ਅੰਦਰ ਇਨਾਂ ਬਹੁਤ ਸਾਰਾ ਲਸ਼ਕਰ ਇਕੱਠਾ ਕਰ ਲਿਆ ਤੇ ‘ਸ਼ਾਹ ਮੁਹੰਮਦ’ ਨਾਮੀ ਪਿੰਡ ਦੇ ਲਾਗੇ, ਜਿਹੜਾ ਦੋੜ ਨਦੀ ਦੇ ਕਿਨਾਰੇ ਪਰ ਵੱਸਦਾ ਸੀ, ਇਨ੍ਹਾਂ ਵਿਸਾਹਘਾਤ ਕਰਕੇ ਰਾਤ ਦੇ ਹਨੇਰੇ ਵਿਚ ਸਰਦਾਰ ਜੀ ਦੇ ਖੁੱਲੇ ਡੇਰੇ ਪਰ ਛਪੋਲ ਮਾਰਿਆ। ਅੱਗੋਂ ਨਿਡਰ ਸਰਦਾਰ ਮੱਖਣ ਸਿੰਘ ਨੇ, ਸਣੇ ਆਪਣੇ ਜੁਆਨਾਂ ਦੇ, ਇਨ੍ਹਾਂ ਦਾ ਐਸਾ ਡਟ ਕੇ ਮੁਕਾਬਲਾ ਕੀਤਾ ਕਿ ਵੈਰੀਆਂ ਦੇ ਮੂੰਹ ਫੇਰ ਦਿੱਤੇ। ਹੁਣ ਨੱਸਦੇ ਹੋਇਆਂ ਵਿਚੋਂ ਇਕ ਗਾਜ਼ੀ ਨੇ ਆਪਣੀ ਬੰਦੂਕ ਚਲਾਈ, ਜਿਸ ਦੀ ਗੋਲੀ ਸਰਦਾਰ ਮੱਖਣ ਸਿੰਘ ਨੂੰ ਲੱਗੀ, ਜਿਸ ਨਾਲ ਉਹ ਉਸੇ ਵੇਲੇ ਪਰਲੋਕ ਸਿਧਾਰ ਗਏ। ਇਹ ਗੱਲ ੧੨ ਨਵੰਬਰ ਸੰ: ੧੯੧੯ ਈ: ਦੀ ਹੈ।

ਇਹ ਖਬਰ ਜਦ ਬਹਾਦਰ ਸਰਦਾਰ ਹੁਕਮਾ ਸਿੰਘ ਚਿਮਨੀ ਨੂੰ ਮਿਲੀ, ਜੋ ਉਸ ਸਮੇਂ ਕਿਲਾ ਅਟਕ ਦਾ ਕਿਲਾਦਾਰ ਸੀ, ਤਾਂ ਉਹ ਉਸੀ ਵਕਤ ਸਣੇ ਆਪਣੇ ਚੋਣਵੇਂ ਜਵਾਨਾਂ ਦੇ ਖਾਲਸਾ ਫੌਜ ਦੀ ਮਦਦ ਲਈ ਹਜ਼ਾਰੇ ਪਹੁੰਚ ਗਿਆ। ਇਸ ਨੇ ਆਉਂਦੇ ਸਾਰ ਹੀ ਖਾਲਸਈ ਜੋਸ਼ ਨਾਲ ਉਨ੍ਹਾਂ ਸਾਰੇ ਪਿੰਡਾਂ ਪਰ ਹੱਲਾ ਕਰ ਦਿੱਤਾ ਜਿਨ੍ਹਾਂ ਦੇ ਵਸਨੀਕਾਂ ਨੇ ਸਰਦਾਰ ਮੱਖਣ ਸਿੰਘ ਦੇ ਡੇਰੇ ਪਰ ਧਾਵਾ ਕੀਤਾ ਸੀ। ਇਨ੍ਹਾਂ ਵਿਚੋਂ ਸੁਲਤਾਨਪੁਰ ਤੇ ਮੋੜਾ ਆਦਿ ਹੋਰ ਨਦੀ ਦੇ ਕੰਢੇ ਵੱਸਦੇ ਪਿੰਡ ਫੂਕ ਦਿੱਤੇ ਤੇ ਸੈਂਕੜਿਆਂ ਨੂੰ ਆਪਣੇ ਕੀਤੇ ਦਾ ਫਲ ਭੁਗਤਾਇਆ। ਇਸ ਦੇ ਬਾਅਦ ਕੁਝ ਆਪਣੀ ਫੌਜ ਕਿਲਾ ਹਜ਼ਾਰੇ ਵਿਚ ਛੱਡ ਕੇ ਆਪ ਅਟਕ ਵਲ ਪਰਤ ਆਇਆ। ਇਥੇ ਪਹੁੰਚ ਕੇ ਇਸ ਨੇ ਹਜ਼ਾਰ ਦੀ ਘਟਨਾ ਬਾਰੇ ਇਕ ਸਵਿਸਥਾਰ ਰਿਪੋਟ ਮਹਾਰਾਜਾ ਸਾਹਿਬ ਨੂੰ ਲਾਹੌਰ ਭੇਜ ਦਿੱਤੀ, ਜਿਸ ਦੇ ਅਖੀਰ ਪਰ ਆਪਣੀ ਇਹ ਵੀਚਾਰ ਵੀ ਲਿਖੀ ਕਿ ਹੁਣ ਤਾਂ ਬਾਗੀਆਂ ਦਾ ਸਿਰ ਕੁਚਲ ਦਿੱਤਾ ਗਿਆ ਹੈ। ਪਰ ਹਜ਼ਾਰੇ ਵਿਚ ਅੱਗ ਨੂੰ ਪੂਰਾ ਪੂਰਾ ਅਮਨ ਕਾਇਮ ਰੱਖਣ ਲਈ ਇਕ ਤਕੜੀ ਮੁਹਿੰਮ ਦੀ ਲੋੜ ਹੈ।

ਸ਼ੇਰਿ ਪੰਜਾਬ ਨੇ ਸਰਦਾਰ ਹੁਕਮ ਸਿੰਘ ਦੀ ਇਸ ਤਜਵੀਜ਼ ਨੂੰ ਬਹੁਤ ਸਲਾਹਿਆ ਤੇ ਥੋੜੇ ਦਿਨਾਂ ਵਿਚ ਹੀ ਆਪਣੀਆਂ ਚੋਣਵੀਆਂ ਫੌਜਾਂ ਵਿਚੋਂ ੬੦੦੦ ਜਵਾਨ ਸਰਦਾਰਨੀ ਸਦਾ ਕੌਰ, ਸ਼ਹਿਜ਼ਾਦਾ ਸ਼ੇਰ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ ਤੇ ਨੌਜਵਾਨ ਰਾਮ ਦਿਆਲ ਦੀ ਸੌਂਪਣੀ ਵਿਚ ਹਜ਼ਾਰੇ ਵੱਲ ਤੋਰ ਦਿੱਤੇ। ਇਸ ਫੌਜ ਦੇ ਹਜ਼ਾਰੇ ਵਿਚ ਪਹੁੰਚਣ ਪਰ ਸਰਦਾਰਨੀ ਸਦਾ ਕੌਰ ਜੀ ਦੀ ਵਿਚਾਰ ਅਨੁਸਾਰ ਫ਼ੌਜ ਦੇ ਦੋ ਭਾਗ ਕੀਤੇ ਗਏ – ਪਹਿਲਾ ਦਸਤਾ ੩੦੦੦ ਜਵਾਨਾਂ ਦਾ ਖਾਸ ਆਪਣੀ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਦੀ ਤਾਇਤ ਵਿਚ ਰੱਖਿਆ ਅਤੇ ਬਾਕੀ ਦੀ ਸਾਰੀ ਫੌਜ ਬੀਰ ਸਰਦਾਰ ਸ਼ਾਮ ਸਿੰਘ ਤੇ ਨੌਜਵਾਨ ਰਾਮ ਦਿਆਲ ਦੀ ਸੌਂਪਣੀ ਵਿਚ ਦਿੱਤੀ ਗਈ। ਅੱਗੋਂ ਹਜ਼ਾਰੇ ਵਾਲਿਆਂ ਜਦ ਖਾਲਸਾ ਫੌਜ ਨੂੰ ਇਧਰ ਆਉਂਦਿਆਂ ਸੁਣਿਆਂ ਤਾਂ ਇਨ੍ਹਾਂ ਵੀ ਬਹੁਤ ਬੜੀ ਗਿਣਤੀ ਵਿਚ ਟਾਕਰੇ ਲਈ ਇਕੱਠ ਕਰ ਲਿਆ ਤੇ ਗੰਧਿ-ਗਿਰਿ (ਸੁਗੰਧਤ ਪਹਾੜ) ਦੀ ਉਚਾਈ ਦੇ ਨਾਲ ਨਾਲ ਖਾਲਸੇ ਨੂੰ ਰੋਕਣ ਲਈ ਮੋਰਚੇ ਤਿਆਰ ਕਰ ਲਏ।

ਇਥੇ ਪਹੁੰਚ ਕੇ ਸਰਦਾਰਨੀ ਸਦਾ ਕੌਰ ਨੂੰ ਵੈਰੀਆਂ ਪਰ ਸੱਜੇ ਪਾਸੇ ਤੋਂ ਅਤੇ ਸਰਦਾਰ ਸ਼ਾਮ ਸਿੰਘ ਤੇ ਦੀਵਾਨ ਰਾਮ ਦਿਆਲ ਨੇ ਖੱਬੇ ਪਾਸੇ ਤੋਂ ਹੱਲਾ ਬੋਲ ਦਿੱਤਾ। ਇਸ ਸਮੇਂ ਖਾਲਸਾ ਫੌਜ ਵਿਚ ਗਜ਼ਬ ਦਾ ਜੋਸ਼ ਖਿਲਰ ਗਿਆ। ਜਦ ਇਨ੍ਹਾਂ ਆਪਣੀ ਸਤਿਕਾਰ ਯੋਗ ਸਰਦਾਰਨੀ ਨੂੰ ਨੰਗੀ ਤਲਵਾਰ ਹੱਥ ਵਿਚ ਲਈ ਸਾਰੀ ਫੌਜ ਤੋਂ ਅੱਗੇ ਅੱਗੇ ਆਪਣੇ ਅਰਬੀ ਘੋੜੇ ਨੂੰ ਉਡਾਂਦੀ ਹੋਈ ਵੈਰੀ ਦੀਆਂ ਸਫਾਂ ਨੂੰ ਤੋੜਦਿਆਂ ਡਿੱਠਾ ਤਾਂ ਇਹ ਆਪੇ ਤੋਂ ਬਾਹਰ ਹੋ ਗਏ ਅਤੇ ਅਜਿਹੀ ਸਿਰੀ ਸਾਹਿਬ ਚਲਾਈ ਕਿ ਪਲ ਦੇ ਪਲ ਵਿਚ ਮੈਦਾਨ ਲੋਥਾਂ ਨਾਲ ਪੂਰਤ ਹੋ ਗਿਆ। ਅੱਗੋਂ ਬਹਾਦਰ ਗਾਜ਼ੀਆਂ ਨੇ ਭੀ ਆਪਣੇ ਮਜ਼ਬੀ ਜੋਸ਼ ਤੇ ਪੁਰਾਣੀਆਂ ਰਵਾਇਤਾਂ ਅਨੁਸਾਰ ਸਿਰ ਤਲੀ ਤੇ ਰੱਖ ਕੇ ਬੜੀ ਦਿੜਤਾ ਨਾਲ ਖਾਲਸੇ ਦਾ ਟਾਕਰਾ ਕੀਤਾ, ਪਰ ਦੁਪਹਿਰ ਢਲਦਿਆਂ ਹੀ ਅੱਜ ਸਰਦਾਰਨੀ ਸਦਾ ਕੌਰ ਨੇ ਆਪਣੇ ਜੰਗੀ ਕਮਾਲ ਦਾ ਐਸਾ ਹੁਨਰ ਵਰਤਿਆ; ਜਿਸ ਨੂੰ ਦੇਖਣ ਵਾਲੇ ਮਿਤਰ ਅਤੇ ਸ਼ਤਰੂ ਸਭ ਸਿਕਸਾਰ ਹੈਰਾਨ ਰਹਿ ਗਏ। ਇਸ ਸਮੇਂ ਆਪ ਦੀ ਖਾਲਸਈ ਬੀਰਤਾ ਦੀ ਸ਼ਾਨ, ਆਪ ਦਾ ਕੌਮੀ ਜੋਸ਼, ਆਪ ਦੀ ਨਿਰਉਤਾਂ, ਆਪ ਦਾ ਤਲਵਾਰ ਚਲਾਣ ਦਾ ਹੁਨਰ ਕਮਾਲ ਦਾ ਸੀ। ਆਪ ਇਕਾ-ਇਕ ਆਪਣੀ ਫੌਜ ਨੂੰ ਮੈਦਾਨ ਵਿਚੋਂ ਕੁਝ ਕਦਮ ਪਿਛੇ ਹਟਾ ਲਿਆ। ਵੈਰੀ ਸਮਝੇ ਕਿ ਖਾਲਸਾ ਫੌਜ ਨੱਸ ਚੱਲੀ ਹੈ, ਇਹ ਇਸ ਖੁਸ਼ੀ ਵਿਚ ਆਪਣਿਆਂ ਸੰਘਰਾਂ ਵਿਚੋਂ ਨਿਕਲ ਕੇ ਖੁੱਲ੍ਹੇ ਮੈਦਾਨ ਵਿਚ ਆ ਗਏ। ਹੁਣ ਇਕਲਖਤ ਸਰਦਾਰਨੀ ਨੇ ਆਪਣੀ ਫੌਜ ਨੂੰ ਐਸੇ ਅਨੋਖੇ ਢੰਗ ਨਾਲ ਮੁੜ ਵੈਗੇ ਪਰ ਹੱਲਾ ਕਰਵਾਇਆ, ਜਿਸ ਨਾਲ ਆਪਣੀ ਫੌਜ ਨਾਲੋਂ ਕਈ ਗੁਣਾ ਵਧ ਵੰਗੇ ਨੂੰ ਸੌਖਾ ਹੀ ਆਪਣੇ ਘਰ ਵਿਚ ਰੱਖ ਲਿਆ। ਇਸ ਸਮੇਂ ਗਾਜ਼ੀਆਂ ਜਦ ਆਪਣੇ ਆਪ ਨੂੰ ਹਰ ਪਾਸੇ ਤੋਂ ਘੇਰੇ ਵਿਚ ਵਾਧਾ ਹੋਇਆ ਡਿੱਠਾ ਤਾਂ ਉਨ੍ਹਾਂ ਨੂੰ ਸਤੇ ਸੁਧਾਂ ਭੁੱਲ ਗਈਆਂ, ਅਤੇ ਹੁਣ ਜਦ ਇਨ੍ਹਾਂ ਆਪਣੀਆਂ ਜਾਨਾਂ ਖਤਰੇ ਵਿਚ ਡਿੱਠੀਆਂ ਤਾਂ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਹਥਿਆਰ ਸੁਟ ਦਿਤੇ ਤੇ ਖਾਲਸਾ ਦੀ ਈਨ ਮੰਨ ਕੇ ਜਾਨਾਂ ਬਚਾਈਆਂ ।

ਰਾਣੀ ਸਦਾ ਕੌਰ ਵਲੋਂ ਘਨੱਯਾ ਮਿਸਲ ਦੀ ਅਗਵਾਈ ਕੀਤੇ ਜਾਣ ਦਾ ਇਕ ਮੁਸੱਵਰ ਵਲੋਂ ਬਣਾਇਆ ਗਿਆ ਚਿੱਤਰ (ਸਰੋਤ: ਬਿਜਾਲ/ਇੰਟਰਨੈਟ; ਜਿਸ ਸਰੋਤ ਤੋਂ ਇਹ ਚਿੱਤਰ ਮਿਿਲਆ ਹੈ ਉਸ ਤੋਂ ਚਿਤਰਕਾਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਜੇਕਰ ਕਿਸੇ ਪਾਠਕ ਕੋਲ ਇਸ ਬਾਰੇ ਸਟੀਕ ਜਾਣਕਾਰੀ ਹੋਵਾ ਤਾਂ ਸਿੱਖ ਸਿਆਸਤ ਨਾਲ ਜਰੂਰ ਸਾਂਝੀ ਕਰੇ)

ਬਾਕੀ ਰਹਿੰਦਿਆਂ ਲਈ ਖਾਲਸੇ ਦਾ ਪ੍ਰਸਿੱਧ ਤਰੀਕਾ ‘ਜੋ ਅੜੇ ਸੋ ਝੜੇ’ ਵਰਤਿਆ ਗਿਆ। ਹਾਂ, ਵੈਰੀ ਦਲ ਵਿਚੋਂ ਕੁਝ ਕੁ ਐਸੀਆਂ ਲੰਮੀਆਂ ਲੱਤਾਂ ਵਾਲੇ ਭੀ ਨਿਕਲ ਆਏ ਸਨ, ਜਿਨ੍ਹਾਂ ਇਸ ਨਾਜ਼ਕ ਸਮੇਂ ਆਪਣੀਆਂ ਟੰਗਾਂ ਤੋਂ ਦੌੜਨ ਦਾ ਖੂਬ ਕੰਮ ਲਿਆ ਅਤੇ ਮੈਦਾਨੇ ਜੰਗ ਵਿਚੋਂ ਹਰਨ ਹੋ ਕੇ ਆਪਣੀਆਂ ਪਿਆਰੀਆਂ ਜਾਨਾਂ ਬਚਾ ਲਈਆਂ | ਅੱਜ ਸਰਦਾਰਨੀ ਜੀ ਨੇ ਆਪਣਾ ਇਹ ਹੁਨਰ ਐਸੀ ਸਫਾਈ ਨਾਲ ਵਰਤਿਆ ਕਿ ਆਪਣੇ ਨਾਲੋਂ ਚਾਰ ਗੁਣਾਂ ਵੱਧ ਲਸ਼ਕਰ ਨੂੰ ਕੈਦੀ ਬਣਾ ਕੇ ਸੂਰਜ ਅਸਤ ਹੋਣ ਤੋਂ ਪਹਿਲਾਂ ਹੀ ਮੈਦਾਨ ਫ਼ਤਿਹ ਕਰ ਲਿਆ । ਇਸ ਸਮੇਂ ਦੀਵਾਨ ਰਾਮ ਦਿਆਲ ਜਵਾਨੀ ਦੇ ਜੋਸ਼ ਤੇ ਕਾਮਯਾਬੀ ਦੀ ਖੁਸ਼ੀ ਵਿਚ ਕੁਝ ਭੱਜੇ ਜਾਂਦੇ ਵੈਰੀਆਂ ਦਾ ਪਿੱਛਾ ਕਰਦਾ ਹੋਇਆ ਆਪਣੀ ਫੌਜ ਤੋਂ ਦੂਰ ਨਿਕਲ ਗਿਆ। ਇਥੋਂ ਨਿਡਰ ਰਾਮ ਦਿਆਲ ਪਿਛੇ ਨੂੰ ਮੁੜਨ ਹੀ ਲੱਗਾ ਸੀ ਕਿ ਇੰਨੇ ਨੂੰ ਉਪਰੋਂ ਬੜੇ ਜ਼ੋਰ ਦਾ ਝੱਖੜ ਤੇ ਮੀਂਹ ਆ ਗਿਆ। ਹੁਣ ਇਹ ਦਸਤਾ ਜਦ ਇਕ ਖੱਡ ਵਿਚੋਂ ਨਿਕਲ ਕੇ ਉਪਰ ਆ ਰਿਹਾ ਸੀ ਤਾਂ ਕੁਝ ਲੁਕੇ ਹੋਏ ਵੈਰੀਆਂ ਨੇ ਇਨ੍ਹਾਂ ਪੁਰ ਗੋਲੀਆਂ ਚਲਾਈਆਂ, ਜਿਸ ਨਾਲ ਇਸ ਜੱਥੇ ਦੇ ਕਈ ਜਵਾਨ ਮਾਰੇ ਗਏ, ਜਿਨ੍ਹਾਂ ਵਿਚ ਬਹਾਦਰ ਰਾਮ ਦਿਆਲ ਭੀ ਸੀ ।

ਦੀਵਾਨ ਰਾਮ ਦਿਆਲ ਦੀ ਮੌਤ ਦੀ ਜਦ ਸਰਦਾਰਨੀ ਸਦਾ ਕੌਰ ਨੂੰ ਖਬਰ ਪਹੁੰਚੀ ਤਾਂ ਆਪ ਨੇ ਅਤੇ ਸਰਬੱਤ ਖਾਲਸੇ ਨੇ ਬੜਾ ਦੁੱਖ ਮਨਾਇਆ। ਅਗਲੀ ਸਵੇਰ ਨੂੰ ਅਜੇ ਹਨੇਰਾ ਹੀ ਸੀ ਵੈਰੀ ਦੇ ਉਸ ਇਲਾਕੇ ਪਰ ਸਰਦਾਰਨੀ ਸਦਾ ਕੌਰ ਨੇ ਹੱਲਾ ਬੋਲ ਦਿੱਤਾ ਅਤੇ ‘ਗੰਧ-ਗਿਰਿ’ ਦਿਆਂ ਅਪਰਾਧੀਆਂ ਨੂੰ ਉਨ੍ਹਾਂ ਦੇ ਗੁਨਾਹ ਅਨੁਸਾਰ ਸਿਖਯਾ ਦਿੱਤੀ। ਹੁਣ ਜਦ ਵੇਰੀ ਰੋਜ਼ ਦੀਆਂ ਭਾਜੜਾਂ ਤੋਂ ਡਾਢਾ ਆਤਰ ਹੋ ਗਿਆ ਤਾਂ ਇਨ੍ਹਾਂ ਨੇ ਆਪਣੇ ਮੁਖੀਆਂ ਦਾ ਇਕ ਜਿਗਰਾ ਸਰਦਾਰਨੀ ਸਦਾ ਕੌਰ ਪਾਸ ਭੇਜਿਆ ਕਿ ਸਾਡਾ ਕਸੂਰ ਬਖਸ਼ਿਆ ਜਾਏ, ਅਸੀਂ ਸਰਕਾਰ ਦੀਆਂ ਸਭ ਸ਼ਰਤਾਂ ਮੰਨਣ ਲਈ ਤਿਆਰ ਹਾਂ। ਸਰਦਾਰਨੀ ਜੀ ਨੇ ਇਨ੍ਹਾਂ ਨੂੰ ਇੱਕ ਤ੍ਰੀਕ ਦੱਸੀ ਕਿ ਤੁਸੀਂ ਸਾਰੇ ਇਲਾਕੇ ਦੇ ਮੁਖੀਆਂ ਨੂੰ ਉਸ ਦਿਨ ਇਕੱਠਾ ਕਰਕੇ ਹਾਜ਼ਰ ਕਰੋ, ਉਨ੍ਹਾਂ ਦੇ ਸਾਹਮਣੇ ਹਜ਼ਾਰੇ ਬਾਰੇ ਖਾਲਸਾ ਸਰਕਾਰ ਵਲੋਂ ਇਕ ਐਲਾਨ ਸੁਣਾਇਆ ਜਾਏਗਾ। ਇਸ ਐਲਾਨ ਤੋਂ ਸਰਦਾਰਨੀ ਜੀ ਦੇ ਜੰਗੀ ਕਮਾਲ ਦੇ ਨਾਲ ਨਾਲ ਰਾਜਸੀ ਯੋਗਤਾ ਤੇ ਦਬਦਬੇ ਦੀ ਛਾਪ ਵੀ ਮਨਾਂ ਪਰ ਉੱਕਰ ਜਾਂਦੀ ਹੈ । ਆਪਣੇ ਜਿਗਰੇ ਨੂੰ ਸੰਬੋਧਨ ਕਰਦੇ ਹੋਏ ਆਖਿਆ — “ਮਦਾਨੇ ਜੰਗ ! ਖਾਲਸਾ ਫੌਜ ਦੀ ਸ਼ਕਤੀ ਤੇ ਬੀਰਤਾ ਦਾ ਚੰਗੀ ਤਰ੍ਹਾਂ ਪਰਤਾਵਾ ਕਰਕੇ ਦੇਖ ਲਿਆ ਤੇ, ਅਜੇ ਵੀ ਸਮਾਂ ਹੈ ਜੇ ਆਪ ਲੋਕ ਆਪਣੇ ਇਲਾਕੇ ਵਿਚ ਅਮਨ ਰੱਖਣ ਦੀ ਜ਼ਿਮੇਵਾਰੀ ਆ ਲਵੇ ਅਤੇ ਸਰਕਾਰ ਦਾ ਮਾਲੀਆ ਠੀਕ ਸਮੇਂ ਸਿਰ ਤਾਰਦੇ ਰਹੋ ਤਾਂ ਆਪਦਾ ਪਿਛਲਾ ਅਪਰਾਧ ਬਖਸ਼ਿਆ ਜਾ ਸਕਦਾ ਹੈ, ਪਰ ਜੇ ਅਜੇ ਵੀ ਤੁਸੀਂ ਕੋਈ ਹੋਰ ਸਿਖਯਾ ਪ੍ਰਾਪਤ ਕਰਨੀ ਚਾਹੋ ਤਾਂ ਮੈਂ ਖਾਲਸਾ ਫੌਜ ਨੂੰ ਹੁਕਮ ਦੇ ਦਿਤਾ ਹੈ ਕਿ ਉਹ ਖੁਲ੍ਹਾ ਕੂਚ ਸ਼ੁਰੂ ਕਰੇ, ਤੇ ਜੇ ਕੋਈ ਉਨ੍ਹਾਂ ਦੇ ਨਾ ਵਿਚ ਰੋਕ ਬਣੇ ਉਸਨੂੰ ਕੁਚਲ ਸੁੱਟੇ। ਇਹ ਹੁਣ ਆਪ ਲੋਕਾਂ ਦੇ ਆਪਣੇ ਹੱਥ ਹੈ। ਮੈਂ ਖਾਲਸਾ ਸਰਕਾਰ ਵੱਲੋਂ ਦੋ ਰਾਹ ਆਪਦੇ ਸਾਹਮਣੇ ਰੱਖੇ ਹਨ, ਇਹਨਾਂ ਵਿਚੋਂ ਜਿਹੜਾ ਆਪ ਆਪਣੇ ਲਈ ਲਾਭਦਾਇਕ ਸਮਝੋ ਉਸ ਨੂੰ ਚੁਣ ਲਵੋ।

ਇਹ ਸ਼ਾਹੀ ਫੁਰਮਾਨ, ਸਰਦਾਰਨੀ ਸਦਾ ਕੌਰ ਨੇ ਐਸੇ ਰੋਅਬ ਭਰੇ ਢੰਗ ਨਾਲ ਹਜ਼ਾਰਾ ਦੇ ਮੁਖੀਆਂ ਨੂੰ ਸੁਣਾਇਆ ਕਿ ਉਨ੍ਹਾਂ ਦੇ ਕੰਨਾਂ ਦੀਆਂ ਖਿੜਕੀਆਂ ਖੁਲ੍ਹ ਗਈਆਂ ਤੇ ਉਹ ਸਾਰੇ ਸਹਿਮ ਗਏ। ਇਨ੍ਹਾਂ ਵੱਲੋਂ ਮੁਹੰਮਦ ਖਾਨ ਤਰੀਨ ਨੇ ਬੜੀ ਨਿਮਰਤਾ ਨਾਲ ਆਖਿਆ ਕਿ ਸਰਦਾਰ ! ਆਪ ਸਾਡੀ ਮਾਂ ਹੋ, ਜੇ ਪੁੱਤ ਅਨਜਾਣਪੁਣੇ ਦੇ ਕਾਰਨ ਕੋਈ ਭੁੱਲ ਕਰ ਬੈਠੇ ਤਾਂ ਮਾਂ ਆਪਣੇ ਭਲੜ ਬੱਚੇ ਨੂੰ ਬਖਸ਼ ਦਿੰਦੀ ਹੈ। ਸੋ ਆਪ ਭੀ ਹੁਣ ਸਾਡੀ ਭੁੱਲ ਬਖਸ਼ ਦੇਵੋ, ਅਸੀਂ ਸਾਰੇ ਮਿਲਕੇ ਹਜ਼ਾਰੇ ਵਿਚ ਸ਼ਾਂਤੀ ਰੱਖਣ ਦੀ ਜ਼ਿਮੇਵਾਰੀ ਆਪਣੇ ਮੋਢਿਆਂ ਪਰ ਲੈਂਦੇ ਹਾਂ ਤੇ ਪਿਛਲੇ ਕੀਤੇ ਪਰ ਪਸਚਾਤਾਪ ਕਰਦੇ ਹਾਂ।

ਇਹ ਦਰਬਾਰ ਬੜਾ ਕਾਮਯਾਬ ਰਿਹਾ, ਜੋ ਜੋ ਸ਼ਰਤਾਂ ਸਰਦਾਰਨੀ ਸਦਾ ਕੌਰ ਤੇ ਸਰਦਾਰ ਸ਼ਾਮ ਸਿੰਘ ਨੇ ਪੇਸ਼ ਕੀਤੀਆਂ ਉਹ ਸਭ ਇਨ੍ਹਾਂ ਮੰਨ ਲਈਆਂ। ਹੁਣ ਪਿਛਲਾ ਬਕਾਇਆ ਤੇ ਤਾਵਾਨ – ਜੰਗ ਦੀ ਰਕਮ ਤਾਰ ਕੇ ਇਨ੍ਹਾਂ ਆਪਣੀ ਖਲਾਸੀ ਕਰਵਾਈ।

ਇਸ ਦੇ ਬਾਦ ਸਰਦਾਰਨੀ ਸਦਾ ਕੌਰ ਨੇ ਹਜ਼ਾਰੇ ਦਾ ਦੌਰਾ ਕੀਤਾ ਅਤੇ ਜਿੱਥੇ ਜਿੱਥੇ ਫੌਜੀ ਦ੍ਰਿਸ਼ਟੀਕੌਣ ਨਾਲ ਯੋਗ ਸਮਝਿਆ ਉਥੇ ਹੀ ਕਿਲ੍ਹੇ ਥਾਣੇ ਤੇ ਚੌਕੀਆਂ ਉਸਾਰਨ ਦਾ ਹੁਕਮ ਦਿੱਤਾ। ਇਨ੍ਹਾਂ ਵਿੱਚੋਂ ਤਰਬੇਲਾ, ਰਾਜੀ, ਦਰਬੰਦ ਅਤੇ ਇਲਾਕਾ ਗੰਧਿ-ਗਿਰਿ ਦੇ ਕਿਲ੍ਹੇ ਅਜੇ ਤੀਕ ਪ੍ਰਸਿੱਧ ਹਨ। ਇਸ ਦੇ ਉਪਰੰਤ ਹਜ਼ਾਰੇ ਦਾ ਪ੍ਰਬੰਧ ਸਮੇਂ ਅਨੁਸਾਰ ਪੂਰਾ ਕਰ ਕੇ ਸਰਦਾਰਨੀ ਸਦਾ ਕੌਰ ਜੀ ਆਪਣੀ ਫਤਹਮੰਦ ਫੌਜ ਨਾਲ ਲਾਹੌਰ ਪਰਤ ਆਈ।

ਸਦਾ ਕੌਰ ਤੇ ਮਹਾਰਾਜੇ ਦੀ ਸ਼ਕਰਰੰਜੀ

ਸੰਸਾਰ ਦੀ ਗਤੀ ਬੜੀ ਵਚਿੱਤਰ ਹੈ। ਕਈ ਵਾਰੀ ਐਸੀਆਂ ਅਣਹੋਣੀਆਂ ਹੋ ਵਾਪਰੀਆਂ ਹਨ ਜਿਨ੍ਹਾਂ ਦਾ ਕਦੇ ਫੁਰਨਾ ਤੱਕ ਵੀ ਮਨਾਂ ਵਿਚ ਨਹੀਂ ਫੁਰਿਆ ਹੁੰਦਾ, ਇਸੇ ਤਰ੍ਹਾਂ ਦੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਸ਼ਕਰਰੰਜੀ ਵਾਲੀ ਘਟਨਾ ਵੀ ਕੁਝ ਘਟ ਚਕ੍ਰਿੱਤ ਕਰ ਦੇਣ ਵਾਲੀ ਨਹੀਂ।

ਸੰਨ ੧੮੨੨ ਦੀਆਂ ਗਰਮੀਆਂ ਵਿਚ ਰਾਣੀ ਦਯਾ ਕੌਰ ਅੰਬਾਲੇ ਵਾਲੀ ਸਖਤ ਬਿਮਾਰ ਪੈ ਗਈ। ਇਸ ਦੀ ਲੰਮੀ ਬੀਮਾਰੀ ਦੇ ਸਮੇਂ ਕਈ ਵਾਰੀ ਇਸ ਦੇ ਚਲਾਣੇ ਦੀ ਖ਼ਬਰ ਆਮ ਖਿੰਡ ਜਾਂਦੀ ਰਹੀ । ਕਿਉਂਕਿ ਇਹ ਸਰਦਾਰਨੀ ਸੰਤਾਹੀਨ ਸੀ, ਇਸ ਲਈ ਇਸ ਦੀ ਮੌਤ ਦੀ ਖਬਰ ਦੇ ਨਾਲ ਹੀ ਕਈ ਵਾਰੀ ਇਹ ਅਵਾੜਾ ਵੀ ਉਡਿਆ ਕਰਦਾ ਕਿ ਇਸ ਸਰਦਾਰਨੀ ਦਾ ਸਾਰਾ ਇਲਾਕਾ ਸਣੇ ਕਿਲਾ ਅੰਬਾਲਾ ਦੇ, ਅੰਗਰੇਜ਼ੀ ਗਵਰਨਮੈਂਟ ਨੇ ਆਪਣੇ ਹੱਕ ਵਿਚ ਲਾਵਾਰਸੀ ਦੀ ਪਾਲਸੀ ਅਨੁਸਾਰ ਜ਼ਬਤ ਕਰ ਲਿਆ ਹੈ। ਛੇਕੜ ਦਯਾ ਕੌਰ ਦੀ ਮ੍ਰਿਤੂ ਅਤੇ ਅੰਬਾਲੇ ਦੀ ਜ਼ਬਤੀ ਦੀ ਖ਼ਬਰ ਸੱਚੀ ਸਾਬਤ ਹੋਈ। ਇਸ ਸਮੇਂ ਗਵਰਨਮੈਂਟ ਅੰਗਰੇਜ਼ੀ ਦੀ ਇਹ ਜਾਇਦਾਦ – ਜ਼ਬਤ ਚਾਲ ਬੜੀ ਤੇਜ਼ੀ ਨਾਲ ਚੱਲ ਰਹੀ ਸੀ। ਇਕ ਰਿਆਸਤ ਪਿੱਛੋਂ ਦੁਜੀ ਤੇ ਦੂਜੀ ਪਿਛੋਂ ਤੀਜੀ ਲਗਾਤਾਰ ਜ਼ਬਤ ਹੁੰਦੀ ਜਾ ਰਹੀ ਸੀ, ਜਿਸ ਦੇ ਕਾਰਨ ਜਾਇਦਾਦਾਂ ਅਤੇ ਆਸਤਾਂ ਦੇ ਮਾਲਕ ਬੜੇ ਭੈਭੀਤ ਹੋ ਰਹੇ ਸਨ।

‘The Cis-Satluj Chiefs thus lived in a perpetual fear that one portion of their possessions, in the event of their dying childes, would pass to distant kinsmen with whome they were at constant feud, while the most ancient and dearest loved portion would become an escheat of the British Government, which threatened in course of time to absorb them all. Now was this fear all unreasonable. The number of lapses that had fallen to the Government from the time of its first connection with country north of Delhi was very great: and Chiefship after Chiefship had been absorbed in the British territories.’

ਇਹ ਘਬਰਾਹਟ ਇਲਾਕੇ ਦੇ ਰਈਸਾਂ ਵਿਚ ਇੱਥੋਂ ਤੱਕ ਵਧ ਗਈ ਸੀ ਕਿ ਜਦ ਇਹ ਆਪਸ ਵਿਚ ਮਿਲਦੇ ਤਾਂ ਬ੍ਰਿਟਸ਼ ਗਵਰਨਮੈਂਟ ਦੇ ਇਸ ਰਵੱਯੇ ਨੂੰ ਬੜੇ ਘਿਣਤ ਸ਼ਬਦਾਂ ਵਿਚ ਜ਼ਿਕਰ ਕਰਦੇ ਅਤੇ ਆਖਦੇ ਕਿ ਸਾਨੂੰ ਅੰਗਰੇਜ਼ਾਂ ਦੀ ਰੱਖਿਆ ਵਿਚ ਆਉਣ ਵਾਲਾ ਸੌਦਾ ਕਿੰਨਾ ਮਹਿੰਗਾ ਪਿਆ ਹੈ। ਲੈਪਾਲਕ ਦੇ ਹੱਕ ਤੋਂ ਸਾਨੂੰ ਵਾਂਜਿਆ ਰੱਖਣ ਦਾ ਸਪਸ਼ਟ ਭਾਵ ਇਹ ਹੈ ਕਿ ਉਹ ਸਾਡੇ ਵਡੇ ਵਡੇਰਿਆਂ ਦੀਆਂ ਤਲਵਾਰਾਂ ਮਾਰਕੇ ਪੈਦਾ ਕੀਤੀਆਂ ਹੋਈਆਂ ਜਾਇਦਾਦਾਂ, ਬਿਨਾਂ ਸਾਡੀ ਮਰਜ਼ੀ ਦੇ, ਲੈਣਾ ਚਾਹੁੰਦੀ ਹੈ। ਕੀ ਗਵਰਨਮੈਂਟ ਦਾ ਸਾਡੇ ਨਾਲ ਇਹ ਵਤੀਰਾ ਉਸ ਬਚਨ (ਵਾਇਦੇ) ਦੇ ਅਨੁਕੂਲ ਹੈ ਜਿਹੜਾ ਸੰਨ ੧੮੦੯ ਵਿਚ ਅਹਿਦਨਾਮੇ ਦੇ ਲਿਖਣ ਸਮੇਂ ਸਾਡੇ ਨਾਲ ਕੀਤਾ ਗਿਆ ਸੀ ? ਉਸ ਸਮੇਂ ਦੇ ਲੋਕਾਂ ਦੇ ਖਿਆਲਾਤਾਂ ਨੂੰ ਇਕ ਜ਼ਿੰਮੇਵਾਰ ਲੇਖਕ ਇਸ ਤਰ੍ਹਾਂ ਲਿਖਦਾ ਹੈ –

“It was in succession to Chierships alone that the right of adoption was denied and the Rajas asked themselves whether the English protection had not been bought at too dear a cost and whether the policy which had given to the British Government the first portion of the territories won by the Khalsa in the days of its first triumphs, had been as disinterested as the Government had always declared.”

ਅੰਬਾਲੇ ਦੀ ਰਬਤੀ ਦੀਆਂ ਅਫ਼ਵਾਹਾਂ ਨੂੰ ਸੁਣ ਸੁਣ ਕੇ ਸ਼ੇਰਿ ਪੰਜਾਬ ਵਰਗਾ ਦੂਰਦ੍ਰਿਸ਼ਟਾ ਹੁਕਮਰਾਨ ਕਦ ਨਿਸਚਿਤ ਬੈਠ ਸਕਦਾ ਸੀ ? ਇਸ ਦੇ ਮਨ ਵਿਚ ਇਕਾਇਕ ਸੋਚ ਫੁਰੀ ਕਿ ਇਸੇ ਤਰ੍ਹਾਂ ਜ਼ਬਤੀਆਂ ਕਰਦਿਆਂ ਅੰਗਰੇਜ਼ੀ ਹਕੂਮਤ ਦਾ ਖਾਲਸਾ ਰਾਜ ਦੇ ਹੱਦਬੰਨੇ ਦੇ ਨੇੜੇ ਨੇੜੇ ਫੌਜੀ ਛਾਵਣੀਆਂ ਪਾਂਦੇ ਆਵਣ ਦਾ ਰਵੱਯਾ ਦੋਹਾਂ ਧਿਰਾਂ ਲਈ ਲਾਭਦਾਇਕ ਨਹੀਂ ਹੋ ਸਕਦਾ, ਇਸ ਦਾ ਕੁਝ ਉਪਾ ਹੋਣਾ ਚਾਹੀਦਾ ਹੈ। ਚੂੰਕਿ ਦਰਿਯਾ ਸਤਲੁਜ ਦੇ ਪਾਰਲੇ ਕੰਢੇ ਦੇ ਨਾਲ ਨਾਲ ਸਰਦਾਰਨੀ ਸਦਾ ਕੌਰ ਜੀ ਦੀ ਬਹੁਤ ਸਾਰੀ ਜਾਇਦਾਦ ਸੀ, ਜਿਸ ਵਿਚ ਕਿਲਾ ਵਡਨੀ, ਹਿੰਮਤ ਪੁਰ ਨਾਲ ਲਾਗਵੇਂ ਪੰਦਰਾਂ ਹੋਰ ਪਿੰਡ ਸਨ ਅਤੇ ਸਨਤਾਨ ਦੀ ਦ੍ਰਿਸ਼ਟੀਕੋਨ ਤੋਂ ਸਰਦਾਰਨੀ ਸਦਾ ਕੌਰ ਵੀ ਦਯਾ ਕੌਰ ਦੀ ਤਰ੍ਹਾਂ ਹੀ ਸੀ, ਇਸ ਮਿਸਾਲ ਤੋਂ ਪ੍ਰਭਾਵਿਤ ਹੋਕੇ ਸ਼ੇਰਿ ਪੰਜਾਬ ਨੇ ਸਰਦਾਰਨੀ ਸਦਾ ਕੌਰ ਨੂੰ ਆਖਿਆ ਕਿ ਆਪ ਨੇ ਸਰਦਾਰਨੀ ਦਯਾ ਕੌਰ ਦੀ ਜਾਇਦਾਦ ਦਾ ਅੰਗਰੇਜ਼ੀ ਇਲਾਕੇ ਵਿਚ ਹੋਣ ਦਾ ਭਿਆਨਕ ਨਤੀਜਾ ਤਾਂ ਦੇਖ ਹੀ ਲਿਆ ਹੈ, ਇਸ ਲਈ ਸਾਡੀ ਇੱਛਾ ਹੈ ਕਿ ਆਪ ਦੇ ਵਡਨੀ ਦੇ ਕਿਲ੍ਹੇ ਅਤੇ ਇਲਾਕੇ ਪਰ ਖਾਲਸਾ ਫੌਜ ਦਾ ਕਬਜ਼ਾ ਹੋ ਜਾਣਾ ਚਾਹੀਦਾ ਹੈ। ਸਰਦਾਰਨੀ ਸਦਾ ਕੌਰ ਜਾਣਦੀ ਸੀ ਕਿ ਵਡਨੀ ਅੰਗਰੇਜ਼ਾਂ ਦੇ ਸੁਰੱਖਯਤ ਇਲਾਕੇ ਵਿਚ ਹੈ, ਇਸ ਨੇ ਇਸ ਦੁਸ਼ਟੀ ਨੂੰ ਮੁਖ ਰੱਖ ਕੇ ਸ਼ੇਰਿ ਪੰਜਾਬ ਨੂੰ ਆਖਿਆ ਕਿ ਇਸ ਇਲਾਕੇ ਵਿਚ ਖਾਲਸਾ ਫੌਜ ਭੇਜਣ ਤੋਂ ਪਹਿਲਾਂ ਇਸ ਗੱਲ ਲਈ ਕੁਝ ਮੁਹਲਤ ਦੇਵੇ ਤਾਂਕਿ ਇਸ ਨੂੰ ਵਧੇਰਾ ਸੋਚ ਲਿਆ ਜਾਏ, ਐਸਾ ਨਾ ਹੋਵੇ ਕਿ ਮੇਰੇ ਇਸ ਇਲਾਕੇ ਦੇ ਕਾਰੁਨ ਆਪ ਦੇ ਅਤੇ ਅੰਗਰੇਜ਼ੀ ਹਕੂਮਤ ਵਿਚਕਾਰ ਕੋਈ ਅਜਿਹੀ ਗਲਤ ਫਹਿਮੀ ਪੈਦਾ ਹੋ ਜਾਏ ਜਿਸ ਦੇ ਕਾਰਨ ਆਪਸ ਦੇ ਪਿਆਰ ਨੂੰ ਕੋਈ ਸੱਟ ਵਜੇ। ਚੂੰਕਿ ਸ਼ੇਰਿ ਪੰਜਾਬ ਇਸ ਸਮੇਂ ਵੱਡੀ ਤੇਜ਼ੀ ਵਿਚ ਸਨ ਤੇ ਕਿਸੇ ਤਰ੍ਹਾਂ ਵੀ ਇਸ ਕਾਰਜ ਵਿਚ ਦੇਰੀ ਦੇ ਹੱਕ ਵਿਚ ਨਹੀਂ ਸਨ, ਇਸ ਲਈ ਆਪਨ ਬਿਨਾਂ ਸਦਾ ਕੌਰ ਤੋਂ ਅੰਤਮ ਜੁਵਾਬ ਮਿਲਣ ਦੀ ਉਡੀਕ ਦੇ ਝੱਟ ਆਪਣੀ ਕੁਝ ਫ਼ੌਜ ਸਤਲੁਜ ਤੋਂ ਪਾਰ ਵਡਨੀ ਭੇਜ ਦਿੱਤੀ ਤੇ ਜਾਂਦਿਆਂ ਹੀ ਉਨ੍ਹਾਂ ਕਿਲਿਆਂ ਵਿਚ ਆਪਣੇ ਡੇਰੇ ਜਮਾ ਲਏ, ਪਰ ਜਿਸ ਗੱਲ ਦਾ ਸਰਦਾਰਨੀ ਸਦਾ ਕੌਰ ਨੂੰ ਡਰ ਸੀ ਠੀਕ ਉਹੋ ਕੁਝ ਹੋਕੇ ਰਿਹਾ, ਅਰਥਾਤ ਜਦ ਲੁਧਿਆਣੇ ਦੇ ਪੁਲਟੀਕਲ ਏਜੰਟ ਕੈਪਟਨ ਮਰੇ ਨੇ ਮਹਾਰਾਜੇ ਦਾ ਵਡਨੀ ਪਰ ਕਬਜ਼ਾ ਕਰ ਲੈਣ ਦੀ ਖਬਰ ਸੁਣੀ ਤਾਂ ਉਸ ਨੇ ਸਰ ਡੇਵਡ ਅਕਟਰ ਲੋਨੀ ਦੇ ਹੁਕਮ ਅਨੁਸਾਰ ਆਪਣੀ ਫੌਜ ਵਡਨੀ ਭੇਜ ਕੇ ਆਪਣੀ ਸੁਰੱਖਿਅਤਾ ਦਾ ਹੱਕ ਸਮਝ ਕੇ ਖਾਲਸਾ ਫੌਜ ਦੀ ਥਾਂ ਆਪਣੀ ਫੌਜ ਵਡਨੀ ਦਾਖ਼ਲ ਕਰ ਦਿਤੀ।

ਇਸ ਤਰ੍ਹਾਂ ਮਹਾਰਾਜਾ ਸਾਹਿਬ ਦਾ ਮਨ ਸਦਾ ਕੌਰ ਤੋਂ ਅਪਣੱਤ ਦੇ ਗਿਲੇ ਦੇ ਤੌਰ ਪਰ ਕੁਝ ਭਾਰਾ ਹੋ ਗਿਆ ਕਿ ਜੇ ਕਦੇ ਸਦਾ ਕੌਰ ਇਸ ਕੰਮ ਵਿਚ ਢਿਲਮੱਠ ਨਾ ਕਰਦੀ ਤੇ ਆਪ ਜਾ ਕੇ ਵਡਨੀ ਵਿਚ ਫੌਜ ਰਖਵਾ ਆਉਂਦੀ ਤਾਂ ਇਹ ਬੇਰਸੀ, ਜਿਹੜੀ ਹੁਣ ਹੋਈ ਹੈ, ਕਦੇ ਨਾ ਹੁੰਦੀ। ਇਸ ਨਾਰਾਜ਼ਗੀ ਵਿਚ ਸ਼ੇਰਿ ਪੰਜਾਬ ਨੇ ਸਰਦਾਰਨੀ ਜੀ ਨੂੰ ਅਖਵਾ ਭੇਜਿਆ ਕਿ ਅਗੋਂ ਨੂੰ ਆਪ ਕਿਸੇ ਮੁਹਿਮ ਪਰ ਨਾ ਜਾਇਆ ਕਰੋ ਅਤੇ ਲਾਹੌਰ ਵਿਚ ਹੀ ਟਿਕੇ ਰਿਹਾ ਕਰੋ। ਚੂੰਕਿ ਸਰਦਾਰਨੀ ਜੀ ਦੀ ਆਯੂ ਸੱਠ ਸਾਲਾਂ ਤੋਂ ਕੁਝ ਉੱਪਰ ਟੱਪ ਚੱਲੀ ਸੀ, ਦੂਜਾ ਲਗਪਗ ਸਾਰਾ ਜੀਵਨ ਜੁੱਧਾ ਜੰਗਾਂ ਤੇ ਰਾਜਸੀ ਧੰਦਿਆਂ ਵਿਚ ਬੀਤਣ ਦੇ ਕਾਰਨ ਆਪ ਦੀ ਸਰੀਰਕ ਸ਼ਕਤੀ ਇੰਨੀ ਮੱਧਮ ਹੋ ਚੁੱਕੀ ਸੀ ਕਿ ਹੁਣ ਆਪ ਨੂੰ ਅਸਲੋਂ ਲੋੜ ਵੀ ਇਸੇ ਹੀ ਗੱਲ ਦੀ ਸੀ ਸੋ ਕੁਦਰਤ ਵੱਲੋਂ ਆਪਣੇ ਆਪ ਹੀ ਸਾਰਾ ਸਾਮਾਨ ਪੂਰਾ ਹੋ ਗਿਆ । ਬੱਸ, ਇੰਨੀ ਗੱਲ ਸੀ, ਜਿਸ ਬਾਰੇ ਕਈ ਪਖਪਾਤੀ ਲੇਖਕਾਂ ਨੇ ਅਨੇਕ ਤਰ੍ਹਾਂ ਦੀਆਂ ਮਨ-ਘੜਤ ਕਹਾਣੀਆਂ ਘੜੀਆਂ ਹਨ।

ਚਲਾਣਾ

ਸੰਨ ੧੮੨੩ ਵਿਚ ਸਰਦਾਰਨੀ ਜੀ ਆਪਣੀ ਇੱਛਾ ਅਨੁਸਾਰ ਬਾਕੀ ਜੀਵਨ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿਚ ਸ੍ਰੀ ਅੰਮ੍ਰਿਤਸਰ ਜੀ ਵਿਖੇ ਗੁਜ਼ਾਰਨ ਲਈ ਆਪਣੀ ਨਾਮੀ ਹਵੇਲੀ ਵਿਚ ਜਾ ਵੱਸੀ ਅਤੇ ਇੱਥੇ ਹੀ ੭੦ ਸਾਲ ਦੀ ਆਯੂ ਭੋਗਕੇ ਦਸੰਬਰ ਸੰਨ ੧੮੮੨ ਵਿਚ ਗੁਰੂ-ਰਚਨਾਂ ਵਿਚ ਜਾ ਬਿਰਾਜੀ।

ਸ਼ੇਰਿ ਪੰਜਾਬ ਨੂੰ ਜਦ ਸਰਦਾਰਨੀ ਸਦਾ ਕੌਰ ਦੇ ਚਲਾਣੇ ਦੀ ਖਬਰ ਪਹੁੰਚੀ ਤਾਂ ਆਪ ਜੀ, ਸ਼ਾਹਜ਼ਾਦਾ ਨੌਨਿਹਾਲ ਸਿੰਘ, ਕੰਵਰ ਸ਼ੇਰ ਸਿੰਘ ਆਦਿ ਸਾਰੇ ਪਤਵੰਤਿਆਂ ਦੇ, ਸ੍ਰੀ ਅੰਮ੍ਰਿਤਸਰ ਪਹੁੰਚ ਗਏ ਅਤੇ ਬੜੀ ਸ਼ਾਹਾਨਾ ਸਜਧਜ ਨਾਲ ਸਰਦਾਰਨੀ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ। ਆਪ ਜੀ ਦੀ ਭਾਰੀ ਜਾਇਦਾਦ ਕੁਝ ਤਾਂ ਕੰਵਰ ਸ਼ੇਰ ਸਿੰਘ ਤੇ ਤਾਰਾ ਸਿੰਘ ਨੂੰ ਮਿਲ ਚੁੱਕੀ ਸੀ ਤੇ ਬਾਕੀ ਰਹਿੰਦੀ ਹੁਣ ਖਾਲਸਾ ਸਲਤਨਤ ਦੀ ਉੱਨਤੀ ਲਈ ਖਾਲਸਾ ਰਾਜ ਨਾਲ ਮਿਲਾ ਲਈ ਗਈ।

ਚੱਲਦਾ …

(ਇਸ ਜੀਵਨੀ ਦਾ ਅਗਲਾ ਭਾਗ ਆਉਂਦੇ ਦਿਨਾਂ ਵਿਚ ਸਾਂਝਾ ਕੀਤਾ ਜਾਵੇਗਾ ਜੀ)


ਉਕਤ ਪ੍ਰਸੰਗ “ਖਾਲਸਾ ਰਾਜ ਦੇ ਉਸਰਈਏ” ਕਿਤਾਬ ਵਿਚੋਂ ਛਾਪਿਆ ਗਿਆ ਹੈ। ਇਹ ਕਿਤਾਬ ਤੁਸੀਂ ਸਿੱਖ ਸਿਆਸਤ ਰਾਹੀਂ ਖਰੀਦ ਸਕਦੇ ਹੋ –


ਇਹ ਜੀਵਨੀ ਵੀ ਪੜ੍ਹੋਸ਼ੇਰਿ ਪੰਜਾਬ ਮਹਾਂਰਾਜਾ ਰਣਜੀਤ ਸਿੰਘ (ਲੇਖਕ:ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: