July 22, 2016 | By ਸਿੱਖ ਸਿਆਸਤ ਬਿਊਰੋ
ਜਲੰਧਰ: ਵਿਦੇਸ਼ੀ ਮੁਦਰਾ ਕਾਨੂੰਨ ਦੀ ਉਲੰਘਣਾ ਦੇ ਇਕ ਮਾਮਲੇ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਤੋਂ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਕੋਲ ਪੇਸ਼ ਹੋ ਕੇ ਜਾਂਚ ਵਿਚ ਸ਼ਾਮਿਲ ਹੋਏ, ਜਿਥੇ ਕਿ ਉਨ੍ਹਾਂ ਤੋਂ 4 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ। ਵਿਦੇਸ਼ੀ ਮੁਦਰਾ ਕਾਨੂੰਨੀ ਦੀ ਉਲੰਘਣਾ ਦੇ ਮਾਮਲੇ ਵਿਚ ਤੀਜੀ ਵਾਰ ਈ. ਡੀ. ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਰਣਇੰਦਰ ਕੂਲ ਰੋਡ ਸਥਿਤ ਈ. ਡੀ. ਦਫ਼ਤਰ ਵਿਚ ਬਾਅਦ ਦੁਪਹਿਰ 3 ਵਜੇ ਪੇਸ਼ ਹੋਏ। ਜਾਂਚ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਣਇੰਦਰ ਸਿੰਘ ਪੌਣੇ ਸੱਤ ਵਜੇ ਦੇ ਕਰੀਬ ਈ. ਡੀ. ਦਫ਼ਤਰ ਤੋਂ ਬਾਹਰ ਆਏ। ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੂੰ 16 ਜੂਨ, 14 ਜੁਲਾਈ ਨੂੰ ਪੇਸ਼ ਹੋਣ ਲਈ ਵੀ ਸੰਮਨ ਜਾਰੀ ਹੋਏ ਸਨ। ਰਣਇੰਦਰ ਸਿੰਘ ਦੇ ਨਾਲ ਉਨ੍ਹਾਂ ਦੇ ਵਕੀਲ ਜੈ ਵੀਰ ਸ਼ੇਰਗਿੱਲ, ਸਾਬਕਾ ਚੇਅਰਮੈਨ ਤਜਿੰਦਰ ਸਿੰਘ ਬਿੱਟੂ ਸਨ। ਰਣਇੰਦਰ ਸਿੰਘ ਜਦੋਂ ਈ. ਡੀ. ਦਫ਼ਤਰ ਵਿਚ ਗਏ ਸਨ, ਤਾਂ ਉਹ ਮੀਡੀਆ ਕਰਮੀਆਂ ਨਾਲ ਬਿਨਾਂ ਕੋਈ ਗੱਲ ਕੀਤੇ ਦਫ਼ਤਰ ਵਿਚ ਚਲੇ ਗਏ।

ਰਣਇੰਦਰ ਸਿੰਘ ਆਪਣੇ ਵਕੀਲ ਜੈ ਵੀਰ ਸਿੰਘ ਸ਼ੇਰਗਿੱਲ ਨਾਲ ਈ.ਡੀ. ਦਫਤਰ ਪੇਸ਼ ਹੋਣ ਲਈ ਜਾਂਦੇ ਹੋਏ
ਈ. ਡੀ. ਨੇ ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੂੰ ਸਵਿਟਜ਼ਰਲੈਂਡ ਵਿਚ ਫ਼ੰਡ ਰੱਖਣ, ਟਰੱਸਟ ਕਾਇਮ ਕਰਨ ਅਤੇ ਬਿਨਾਂ ਟੈਕਸ ਦਿੱਤੇ ਵਿਦੇਸ਼ਾਂ ਵਿਚ ਜਾਇਦਾਦ ਰੱਖਣ ਦੇ ਦੋਸ਼ਾਂ ਦੇ ਮਾਮਲੇ ਵਿਚ ਜਾਣਕਾਰੀ ਲੈਣ ਲਈ ਸੰਮਨ ਜਾਰੀ ਕੀਤਾ ਸੀ। ਆਮਦਨ ਕਰ ਵਿਭਾਗ ਨੇ ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਕੀਤੀ ਸੀ ਤੇ ਕੇਸ ਪੰਜਾਬ ਦੀ ਅਦਾਲਤ ਵਿਚ ਚੱਲ ਰਿਹਾ ਹੈ, ਜਿਸ ਦੀ 26 ਜੁਲਾਈ ਨੂੰ ਅਦਾਲਤ ‘ਚ ਸੁਣਵਾਈ ਹੋਣੀ ਹੈ। ਰਣਇੰਦਰ ਸਿੰਘ ਕੋਲੋਂ ਹੋਈ ਪੁੱਛਗਿੱਛ ਬਾਰੇ ਚਾਹੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਪਰ ਸੂਤਰਾਂ ਦੀ ਮੰਨੀਏ ਤਾਂ ਰਣਇੰਦਰ ਸਿੰਘ ਕੋਲੋਂ ਵਿਭਾਗ ਨੇ ਜਿਹੜੀ ਜਾਣਕਾਰੀ ਮੰਗੀ ਸੀ ਤਾਂ ਉਸ ਮਾਮਲੇ ਵਿਚ ਉਹ ਦਸਤਾਵੇਜ਼ ਵੀ ਨਾਲ ਲੈ ਕੇ ਗਏ ਸਨ। ਉਨਾਂ ਦੀ ਆਮਦ ‘ਤੇ ਮੀਡੀਆ ਕਰਮੀ ਵੀ ਈ. ਡੀ. ਦਫ਼ਤਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਾਂਚ ਵਿਚ ਸ਼ਾਮਿਲ ਹੋਣ ਤੋਂ ਬਾਅਦ ਰਣਇੰਦਰ ਸਿੰਘ ਦੇ ਵਕੀਲ ਜੈ ਵੀਰ ਸ਼ੇਰਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਣਇੰਦਰ ਸਿੰਘ ‘ਤੇ ਕੋਈ ਦੋਸ਼ ਨਹੀਂ ਸੀ ਤੇ ਈ. ਡੀ. ਵੱਲੋਂ ਦਸਤਾਵੇਜ਼ ਮੰਗੇ ਗਏ ਸਨ ਤੇ ਉਹ ਉਪਲਬਧ ਕਰਵਾ ਦਿੱਤੇ ਗਏ ਹਨ।
ਈ. ਡੀ. ਦਫ਼ਤਰ ਵਿਚ ਪੇਸ਼ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਇੰਦਰ ਸਿੰਘ ਨੇ ਈ. ਡੀ. ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ਤੇ ਪਿਛਲੀਆਂ ਦੋ ਤਾਰੀਖ਼ਾਂ ‘ਤੇ ਨਾ ਪੇਸ਼ ਹੋਣ ਬਾਰੇ ਪੁੱਛੇ ਸਵਾਲ ‘ਤੇ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਾਰ ਬੁਖ਼ਾਰ ਹੋ ਗਿਆ ਸੀ, ਜਿਸ ਕਰਕੇ ਉਹ ਜਾਂਚ ਵਿਚ ਸ਼ਾਮਿਲ ਨਹੀਂ ਹੋਏ, ਜਦਕਿ ਦੂਸਰੀ ਵਾਰ ਉਹ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਕਰਕੇ ਰੀਓ ਉਲੰਪਿਕ ਵਿਚ ਉਨ੍ਹਾਂ ਦੀ ਟੀਮ ਨੇ ਸ਼ਾਮਿਲ ਹੋਣਾ ਸੀ ਤੇ ਉਸ ਮਾਮਲੇ ਵਿਚ ਉਹ ਦੂਸਰੀ ਵਾਰ ਈ. ਡੀ. ਕੋਲ ਪੇਸ਼ ਨਹੀਂ ਹੋ ਸਕੇ ਸਨ। ਇਸ ਮੌਕੇ ਰਾਣਾ ਗੁਰਜੀਤ ਸਿੰਘ, ਅਵਤਾਰ ਹੈਨਰੀ, ਰਜਿੰਦਰ ਬੇਰੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਸਤਨਾਮ ਸਿੰਘ ਕੈਂਥ, ਜਗਬੀਰ ਸਿੰਘ ਬਰਾੜ, ਵਿਕਰਮਜੀਤ ਸਿੰਘ ਚੌਧਰੀ, ਮਲਵਿੰਦਰ ਸਿੰਘ ਲੱਕੀ, ਕਾਕੂ ਆਹਲੂਵਾਲੀਆ ਤੇ ਹੋਰ ਹਾਜ਼ਰ ਸਨ।
Related Topics: Captain Amrinder Singh Government, Congress Government in Punjab 2017-2022, corruption, Enforcement Directorate, Punjab Politics, Raninder Singh