ਖਾਸ ਖਬਰਾਂ » ਸਿੱਖ ਖਬਰਾਂ

2004 ਵਿਚ “ਪੰਥ ਵਿਰੋਧੀ” ਐਲਾਨੀ ਰਾਸ਼ਟਰੀ ਸਿੱਖ ਸੰਗਤ ਮੁੜ ਸਰਗਰਮ ਹੋਈ (ਖਾਸ ਰਿਪੋਰਟ)

October 14, 2017 | By

ਅੰਮ੍ਰਿਤਸਰ: ਇੱਕ ਪਾਸੇ ਤਾਂ ਸਿੱਖ ਆਗੂਆਂ ਅੰਦਰਲੀ ਚੌਧਰ ਦੀ ਭੁੱਖ ਤੇ ਹਊਮੈ ਕਾਰਣ ਕੌਮ ਅਨੇਕਾਂ ਧੜਿਆਂ ਵਿੱਚ ਵੰਡੀ ਹੋਈ ਹੈ ਤੇ ਦੂਸਰੇ ਪਾਸੇ ਕੌਮ ਅੰਦਰਲੀਆਂ ਵੰਡੀਆਂ ਦਾ ਲਾਹਾ ਲੈਂਦਿਆਂ ਹਿੰਦੂਤਵੀ ਤਾਕਤਾਂ ਸਿੱਖਾਂ ਦੀ ਨਿਆਰੀ ਹਸਤੀ ਨੂੰ ਢਾਹ ਲਾਉਣ ਦੀਆਂ ਵਿਓਂਤਾਂ ਨੂੰ ਅਮਲੀ ਰੂਪ ਦੇਣ ਤਿਆਰੀ ਕਰ ਰਹੀ ਹੈ।

ਹਿੰਦੂਤਵੀ ਜਥੇਬੰਦੀ ਰਾਸ਼ਟਰੀ ਸਵੈਅਮ ਸੇਵਕ ਸੰਘ ਦੀ ਹੀ ਇਕ ਹਥਠੋਕਾ ਜਥੇਬੰਦੀ ਰਾਸ਼ਟਰੀ ਸਿੱਖ ਸੰਗਤ ਇਸ ਵਾਰ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਮਨਾ ਕੇ ਸਿੱਖ ਸੰਸਥਾਵਾਂ ਵਿੱਚ ਸਿੱਧੀ ਘੁਸਪੈਠ ਕਰਨ ਦੇ ਮਨਸੂਬੇ ਬਣਾ ਚੁੱਕੀ ਹੈ। ਸਾਲ 2014 ਵਿਚ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਰਾਸ਼ਟਰੀ ਸਿੱਖ ਸੰਗਤ ਨੂੰ ਮੁੜ ਸਰਗਰਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਤੇ ਹੁਣ ਇਸ ਦੀ ਬਕਾਇਦਾ ਸ਼ੁਰੂਆਤ ਕੀਤੀ ਜਾ ਰਹੀ ਹੈ।

ਇਸ ਮਕਸਦ ਦੀ ਪੂਰਤੀ ਲਈ ਭਾਰਤ ਭਰ ਤੋਂ, ਤੇ ਵਿਸ਼ੇਸ਼ ਕਰਕੇ ਪੰਜਾਬ ਚੋਂ, ਅਜੇਹੇ ਸਿੱਖਾਂ ਨੂੰ ਇਸ ਸਮਾਗਮ ਵਿੱਚ ਹਾਜਰ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ ਜੋ ਸਿੱਖ ਪੰਥ ਦੀ ਵਿਲੱਖਣ ਹੋਂਦ ਹਸਤੀ ਨੂੰ ਦਰਕਿਨਾਰ ਕਰਦੇ ਹੋਣ ਅਤੇ ਸਿੱਖਾਂ ਨੂੰ ਹਿੰਦੂਤਵ ਦਾ ਹਿੱਸਾ ਦੱਸਦੇ ਹੋਣ।

ਜਿੱਥੇ ਇਕ ਪਾਸੇ ਬਾਦਲਾਂ ਦੀ ਸਿਆਸੀ ਭਾਈਵਾਲ ਪਾਰਟੀ ਭਾਜਪਾ ਆਪਣੇ ਸਿੱਖ ਵਿੰਗ ਰਾਹੀਂ ਕੌਮ ਦੀਆਂ ਪ੍ਰਮੁਖ ਗੁਰਦੁਆਰਾ ਪਰਬੰਧਕ ਸੰਸਥਾਵਾਂ ਦੀ ਚੋਣ ਵਿੱਚ ਟਿਕਟ ਕੋਟੇ ਦੀ ਮੰਗ ਕਰ ਰਹੀ ਹੈ ਇਸੇ ਦੌਰਾਨ ਰਾਸ਼ਟਰੀ ਸਿੱਖ ਸੰਗਤ ਦੇ ਬੈਨਰ ਹੇਠ ਦਿੱਲੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀਆਂ ਤਿਆਰੀਆਂ ਜੋਰਾਂ ਤੇ ਹਨ।

25 ਅਤਕੂਬਰ 2017 ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ਵਿੱਚ ਰਾਸ਼ਟਰੀ ਸਵੈਅਮ ਸੇਵਕ ਸੰਘ ਦਾ ਪ੍ਰਧਾਨ ਮੋਹਨ ਭਾਗਵਤ ਵੀ ਪੁਜ ਰਿਹਾ ਹੈ।

ਉਧਰ ਦਿੱਲੀ ਵਿੱਚ ਭਾਜਪਾ ਦੇ ਸਿੱਖ ਵਿੰਗ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਮੁਖ ਦਫਤਰ ਤੋਂ ਹਰ ਸੂਬੇ ਦੇ ਜਿਲ੍ਹਾ ਹੈਡਕੁਆਟਰ ਨਾਲ ਰਾਬਤਾ ਕਰਦਿਆਂ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸਾਬਤ ਸੂਰਤ ਦਿੱਖ ਵਾਲੇ ਸਿੱਖਾਂ ਦੀ ਹਾਜਰੀ ਯਕੀਨੀ ਬਨਾਉਣ ਦੀ ਕੋਸ਼ਿਸ਼ ਸ਼ੁਰੂ ਹੋ ਚੱੁਕੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਬੰਧਕਾਂ ਵੱਲੋਂ ਵੱਖ ਵੱਖ ਗੁਰਦੁਆਰਾ ਕਮੇਟੀਆਂ,ਕੁਝ ਨਿਹੰਗ ਸਰੂਪ ਵਾਲੀਆਂ ਸੰਸਥਾਵਾਂ ਨੂੰ ਵੀ ਭਰੋਸੇ ਵਿੱਚ ਲਿਆ ਜਾ ਰਿਹਾ ਹੈ। ਬਹੁਤਾਤ ਸੰਸਥਾਵਾਂ ਤੇ ਸਿੱਖਾਂ ਨੂੰ ਸਮਝਾਉਣ ਲਈ ਭਾਜਪਾ ਵਿੱਚ ਵਿਚਰ ਰਹੇ ਸਿੱਖ ਵਰਕਰਾਂ ਤੇ ਆਗੂਆਂ ਦੀ ਮਦਦ ਲਈ ਜਾ ਰਹੀ ਹੈ।

ਰਾਸ਼ਟਰੀ ਸਿੱਖ ਸੰਗਤ ਦੇ ਇਕ ਆਗੂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਇਸ ਸਮਾਗਮ ਵਿੱਚ ਸਮੂਲੀਅਤ ਲਈ ਅੱਗੇ ਆ ਰਹੇ ਹਨ ਕਿਉਂਕਿ ਇਸ ਨੂੰ ਦਸਮੇਸ਼ ਪਿਤਾ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨਾਲ ਜੋੜਿਆ ਗਿਆ ਹੈ।

ਇਸ ਆਗੂ ਦਾ ਤਾਂ ਇਹ ਵੀ ਦਾਅਵਾ ਹੈ ਪਾਰਟੀ ਲੈਵਲ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੇਂਦਰੀ ਗਠਜੋੜ ਸਰਕਾਰ ਨਾਲ ਜੁੜੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਤੇ ਵਿਸ਼ੇਸ਼ ਕਰਕੇ ਸਿੱਖ ਧਾਰਮਿਕ ਸੰਸਥਾਵਾਂ ਦੇ ਮੁਖੀ ਜਾਂ ਉਨ੍ਹਾਂ ਦੇ ਨੁਮਾਇੰਦੇ ਇਸ ਸਮਾਗਮ ਵਿੱਚ ਸਮੂਲੀਅਤ ਕਰਨ।

ਰਾਸ਼ਟਰੀ ਸਿੱਖ ਸੰਗਤ 2004 ਵਿੱਚ ਪੰਥ ਵਿਰੋਧੀ ਜਥੇਬੰਦੀ ਐਲਾਨੀ ਗਈ ਸੀ:

ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ 13 ਜੁਲਾਈ, 2004 ਨੂੰ ਜਾਰੀ ਕਤੇ ਗਏ ਇਕ ਸੰਦੇਸ਼ ਦੌਰਾਨ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਪੰਥ ਵਿਰੋਧੀ ਜਥੇਬੰਦੀ ਐਲਾਨਦਿਆਂ ਸਮੂਹ ਸਿੱਖਾਂ ਤੇ ਸਿੱਖ ਸੰਸਥਾਵਾਂ ਨੂੰ ਇਸ ਜਥੇਬੰਦੀ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਦੋਣ ਦੀ ਹਿਦਾਇਤ ਦਿੱਤੀ ਗਈ ਸੀ।

ਅੰਮ੍ਰਿਤਸਰ ਤੋਂ ਨਰਿੰਦਰਪਾਲ ਸਿੰਘ ਵੱਲੋਂ ਭੇਜ ਜਾਣਕਾਰੀ ਸਹਿਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,