ਸਿੱਖ ਖਬਰਾਂ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਵੱਧ ਬੱਚੇ ਪੈਦਾ ਕਰਨ ਦਾ ਬਿਆਨ: ਮਹੱਤਵਪੂਰਨ ਗਿਣਤੀ ਨਹੀਂ, ਸਗੋਂ ਗੁਣ ਹੈ

May 19, 2015 | By

ਜਲੰਧਰ (17 ਮਈ, 2015): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਜਾ ਰਹੇ ਅਖ਼ਬਾਰੀ ਬਿਆਨਾਂ ਨੂੰ ਲੈ ਕੇ ਉੱਘੇ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਿੱਖ ਤਖ਼ਤਾਂ ਦੇ ਸਾਬਕਾ ਜਥੇਦਾਰਾਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ । ਕੋਈ ਵੀ ਸਿੱਖ ਵਿਦਵਾਨ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ, ਸਗੋਂ ਬਹੁਤਿਆਂ ਦਾ ਕਹਿਣਾ ਹੈ ਕਿ ਅਜਿਹੀ ਬਿਆਨਬਾਜ਼ੀ ਉੱਚ ਰੁਤਬੇ ਵਾਲੇ ਧਾਰਮਿਕ ਆਗੂ ਦੇ ਮੂੰਹੋਂ ਸ਼ੋਭਦੀ ਨਹੀਂ ।

ਪੰਜਾਬੀ ਅਖਬਾਰ ਅਜੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਵਿਦਵਾਨਾਂ ਦਾ ਕਹਿਣਾ ਹੈ ਕਿ ਸਿੱਖ ਫ਼ਲਸਫ਼ਾ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਉੱਪਰ ਆਧਾਰਤ ਹੈ । ਸਿੱਖ ਫ਼ਲਸਫ਼ੇ ਵਿਚ ਦੂਜਿਆਂ ਉੱਪਰ ਗਲਬੇ ਦੀ ਕੋਈ ਸੋਚ ਹੀ ਨਹੀਂ ਫਿਰ ਸਾਨੂੰ ਕਿਸੇ ਹੋਰ ਧਰਮ ਦੀ ਗਿਣਤੀ ਤੋਂ ਭੈਭੀਤ ਹੋਣ ਦੀ ਕੀ ਲੋੜ ਪੈ ਗਈ ।

ਸਿੱਖ ਵਿਦਵਾਨ

ਸਿੱਖ ਵਿਦਵਾਨ

ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਧਾਰਮਿਕ ਫ਼ਲਸਫ਼ਾ ਕਿਸੇ ਇਕ ਖਾਸ ਵਰਗ ਜਾਂ ਧਰਮ ਦੇ ਲੋਕਾਂ ਦੀ ਮੁਕਤੀ ਦਾ ਸਾਧਨ ਬਣਨ ਦੀ ਬਜਾਏ ਆਪਣੇ ਸਰਬ-ਵਿਆਪੀ ਸੰਕਲਪ ਰਾਹੀਂ ਪੂਰੀ ਲੋਕਾਈ ਦੀ ਮੁਕਤੀ ਦਾ ਸਾਧਨ ਬਣਨ ਦਾ ਦਮ ਭਰਦਾ ਹੈ । ਪਰ ਆਪਣੀ ਅਗਿਆਨਤਾ ਨੂੰ ਲੁਕੋਣ ਲਈ ਵਧੇਰੇ ਬੱਚੇ ਜੰਮਣ ਵਰਗੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ।

ਕਈ ਵਿਦਵਾਨਾਂ ਨੇ ਕਿਹਾ ਕਿ ਖ਼ੁਦ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਾਂ ‘ਚ ਪਤਿਤਪੁਣਾ ਵਧ ਰਿਹਾ ਹੈ, ਜੇ ਅਸੀਂ ਪਹਿਲਾਂ ਪਰਿਵਾਰਾਂ ਨੂੰ ਸੰਭਾਲ ਨਹੀਂ ਸਕਦੇ, ਫਿਰ ਨਵੇਂ ਜੰਮੇ ਬੱਚੇ ਸਿੱਖ ਬਣਾਉਣ ਦੀ ਗਾਰੰਟੀ ਕਿੱਥੋਂ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਮਨਜੀਤ ਸਿੰਘ ਆਖਦੇ ਹਨ ਕਿ ਸਿੱਖ ਫ਼ਲਸਫ਼ੇ ‘ਚ ਪਰਿਵਾਰਾਂ ਦੀਆਂ ਗਿਣਤੀਆਂ-ਮਿਣਤੀਆਂ ਦੀ ਕੋਈ ਗੱਲ ਨਹੀਂ । ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਜੀਅ ਦਾ ਗੁਰਸਿੱਖ ਚੇਤਨਾ ਵੱਲ ਧਿਆਨ ਦੇਈਏ । ਜੇਕਰ ਗੁਰਸਿੱਖ ਪਰਿਵਾਰਕ ਮੈਂਬਰਾਂ ਅੰਦਰ ਗੁਰਸਿੱਖ ਚੇਤਨਾ ਪੈਦਾ ਨਹੀਂ ਕਰ ਸਕਦੇ, ਫਿਰ ਗਿਣਤੀ ‘ਚ ਵਾਧੇ ਦਾ ਕੀ ਅਰਥ । ਉਨ੍ਹਾਂ ਕਿਹਾ ਕਿ ਵੱਧ ਬੱਚੇ ਪੈਦਾ ਕਰਨ ਵਾਲੇ ਵਿਚਾਰ ਉਨ੍ਹਾਂ ਦੇ ਨਿੱਜੀ ਹਨ, ਸਿੱਖੀ ਫ਼ਲਸਫ਼ੇ ਜਾਂ ਸਿਧਾਂਤ ਨਾਲ ਇਸ ਦਾ ਕੋਈ ਸਬੰਧ ਨਹੀਂ ।

ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡ ਸਿੱਖ ਸਟੱਡੀਜ਼ ਦੇ ਡਾਇਰੈਕਟਰ ਭਾਈ ਹਰਿਸਿਮਰਨ ਸਿੰਘ ਨੇ ਕਿਹਾ ਕਿ ਸਿੱਖੀ ਗਿਣਤੀ ਵਧਾਉਣ ਦੇ ਫ਼ਲਸਫ਼ੇ ਦੁਆਲੇ ਨਹੀਂ ਘੁੰਮਦੀ, ਸਗੋਂ ਜੀਵਨ-ਜਾਚ, ਚੰਗੇ ਵਿਵਹਾਰ ਅਤੇ ਕਿਰਦਾਰ ਦਾ ਮਸਲਾ ਹੈ । ਮਹੱਤਵਪੂਰਨ ਗਿਣਤੀ ਨਹੀਂ, ਸਗੋਂ ਗੁਣ ਹੈ । ਉਨ੍ਹਾਂ ਕਿਹਾ ਕਿ ਅੱਜ ਵਣਜਾਰਾ ਤੇ ਸਿਗਲੀਗਰ ਸਿੱਖ ਕਰੋੜਾਂ ਦੀ ਗਿਣਤੀ ਵਿਚ ਹਨ । ਉਨ੍ਹਾਂ ਕੋਲ ਸਾਡੇ ਧਾਰਮਿਕ ਆਗੂ ਜਾਣ, ਉਨ੍ਹਾਂ ਦੀਆਂ ਸਮੱ ਸਿਆਵਾਂ ਸੁਣ ਕੇ ਉਨ੍ਹਾਂ ਨੂੰ ਨਾਲ ਜੋੜਨ ਤਾਂ ਗਿਣਤੀ ਵਧਾਉਣ ਦੀ ਕੋਈ ਸਮੱ ਸਿਆ ਹੀ ਨਹੀਂ ਰਹਿਣੀ ।

ਸਾਬਕਾ ਆਈ. ਏ. ਐਸ. ਗੁਰਤੇਜ ਸਿੰਘ ਆਖਦੇ ਹਨ ਕਿ ਮੈਂ ਅਜਿਹੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਨਹੀਂ । ਉਨ੍ਹਾਂ ਕਿਹਾ ਕਿ ਅਜਿਹੀ ਸੋਚ ਤਾਂ ਗੁਰੂ ਸਾਹਿਬ ਦੇ ਜ਼ਮਾਨੇ ‘ਚ ਵੀ ਕਿਸੇ ਨੇ ਨਹੀਂ ਪ੍ਰਗਟਾਈ ਤੇ ਅੱਜ ਚਾਰ-ਚਾਰ ਬੱਚੇ ਪੈਦਾ ਕਰਕੇ ਗ਼ੁਲਾਮ ਤੇ ਨੌਕਰ ਤਾਂ ਪੈਦਾ ਕਰ ਲੈਣਗੇ ਪਰ ਪ੍ਰਤਿਭਾਵਾਨ ਮਨੁੱਖ ਨਹੀਂ ਬਣਾ ਸਕਣੇ । ਅੱਜ ਗੱਲ ਗੁਣ ਵਾਲੀ ਸਿੱ ਖਿਆ ਦੇਣ ਦੀ ਹੈ ।

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੱਧ ਬੱਚੇ ਪੈਦਾ ਕਰਨ ਦੀ ਸੋਚ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੰ ਦਿਆਂ ਕਿਹਾ ਕਿ ਸੰਸਾਰ ਵਿਚ ਇਸ ਵੇਲੇ ਪਛਾਣ ਤੇ ਪ੍ਰਭਾਵ ਗਿਣਤੀ ਕਰਕੇ ਨਹੀਂ, ਸਗੋਂ ਮਾਨਵਵਾਦੀ ਫ਼ਲਸਫ਼ੇ ਅਤੇ ਗੁਣਾਂ ਕਰਕੇ ਹੈ । ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਹਾਸੋਹੀਣੇ ਬਣ ਰਹੇ ਹਨ ।

ਉੱਘੇ ਸਿੱਖ ਵਕੀਲ ਸ: ਹਰਵਿੰਦਰ ਸਿੰਘ ਫੂਲਕਾ ਨੇ ਅਜਿਹੇ ਵਿਚਾਰਾਂ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਰੁਤਬਾ ਬੜਾ ਉੱਚਾ ਤੇ ਸਤਿਕਾਰ ਵਾਲਾ ਹੈ । ਉਨ੍ਹਾਂ ਨੂੰ ਸਿਆਸੀ ਨੇਤਾਵਾਂ ਵਾਂਗ ਹਰ ਮਸਲੇ ਉੱਪਰ ਪ੍ਰਤੀਕਰਮ ਨਹੀਂ ਦੇਣੇ ਚਾਹੀਦੇ । ਸਿਰਫ਼ ਕੌਮ ਨਾਲ ਸੰਬੰਧਿਤ ਵੱਡੇ ਮੁੱ ਦਿਆਂ ਬਾਰੇ ਪਹਿਲਾਂ ਬਹਿਸ-ਵਿਚਾਰ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਬੋਲਣਾ ਚਾਹੀਦਾ ਹੈ । ਬਿਨਾਂ ਬਹਿਸ-ਵਿਚਾਰ ਦੇ ਦਿੱਤੇ ਬਿਆਨ ਵਾਦ-ਵਿਵਾਦ ਪੈਦਾ ਕਰਦੇ ਹਨ ਤੇ ਇਸ ਉੱਚ ਅਹੁਦੇ ਦੇ ਮਾਣ ਤੇ ਸਤਿਕਾਰ ਨੂੰ ਵੀ ਠੇਸ ਪੁੱਜਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,