ਲੇਖ

ਕੀ ਪੱਖਪਾਤੀ ਹੈ ਮੌਨਿਟਰਿੰਗ ਕਮੇਟੀ ਵੱਲੋਂ ਜ਼ੀਰੇ ਨੇੜਲੇ ਗੰਧਲੇ ਪਾਣੀ ਤੇ ਜ਼ਾਰੀ ਕੀਤੀ ਰਿਪੋਰਟ ?

October 3, 2022 | By

23 ਸਤੰਬਰ ਨੂੰ ਇਕ ਖ਼ਬਰ ਆਈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਦੋ ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਕਰ ਦਿੱਤਾ। ਜ਼ੁਰਮਾਨੇ ਦਾ ਕਾਰਨ ਇਹ ਦਿੱਤਾ ਗਿਆ ਕਿ ਪੰਜਾਬ ਕੂੜੇ ਅਤੇ ਰਹਿੰਦ ਨੂੰ ਸਹੀ ਤਰ੍ਹਾਂ ਨਿਪਟਾਉਣ ਵਿਚ ਅਸਫਲ ਰਿਹਾ ਹੈ ਜਿਸ ਦਾ ਇਥੋਂ ਦੇ ਪੌਣ-ਪਾਣੀ ਤੇ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਕਾਰਵਾਈ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ NGT ਪ੍ਰਦੂਸ਼ਣ ਦੇ ਮਸਲੇ ਨੂੰ ਲੈ ਕੇ ਬਹੁਤ ਗੰਭੀਰ ਹੈ ।

ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਵਿਖੇ ਸ਼ਰਾਬ ਅਤੇ ਰਸਾਇਣ ਦੇ ਕਾਰਖਾਨੇ ਮਾਲਬਰੋਸ ਵੱਲੋਂ ਗੰਦੇ ਕੀਤੇ ਧਰਤੀ ਹੇਠਲੇ ਪਾਣੀ ਦੀ ਜਾਂਚ ਸੰਬੰਧੀ ਮੌਨਿਟਰਿੰਗ ਕਮੇਟੀ ਵੱਲੋਂ 21 ਸਤੰਬਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਸੁਆਲਾਂ ਦੇ ਘੇਰੇ ‘ਚ ਹੈ।

May be an image of outdoors and text that says "ਇੱਕੋ ਮੰਗ ਸ਼ਰਾਬ ਫੈਕਟਰੀ ਬੰਦ ALBROS INTERNATIONAL ALBSI TLTD MALBROS INTERNA TIONAL RILTD Vill- ansoorwal Vill-Mansol(Zira) (Zira) FEROZEPUR ਚੋਕਿਗਨਾਕਾ ਜਿਲਾ ਫਿਰੋਜ਼ਪੁਰ ਇਸ ਫੈਕਟਰੀ ਨੇ ਜ਼ਮੀਨੀ ਪਾਣੀ ਖਰਾਬ ਕਰ ਦਿੱਤਾ ਹੈ"

ਲੱਗਭੱਗ 2 ਮਹੀਨੇ ਪਹਿਲਾਂ ਜੀਰੇ ਨੇੜਲੇ ਪਿੰਡ ਮਹੀਆਂ ਵਾਲਾ ਵਿਖੇ ਇੱਕ ਧਾਰਮਿਕ ਸਥਾਨ ਉੱਤੇ ਪਾਣੀ ਵਾਲਾ ਬੋਰ ਕੀਤਾ ਗਿਆ ਤਾਂ ਉਸ ਵਿਚੋਂ ਲਾਹਣ ਨਿੱਕਲ ਆਈ। ਪਹਿਲਾਂ ਵੀ ਇਸ ਇਲਾਕੇ ਵਿਚ ਲੋਕਾਂ ਦੇ ਘਰਾਂ ਅਤੇ ਖੇਤਾਂ ਲਈ ਕੀਤੇ ਜਾਂਦੇ ਬੋਰਾਂ ਵਿਚ ਅਜਿਹਾ ਹੋ ਜਾਂਦਾ ਸੀ। ਪਰ ਇਸ ਵਾਰ ਧਾਰਮਿਕ ਸਥਾਨ ਦਾ ਬੋਰ ਹੋਣ ਕਰਕੇ ਮਸਲਾ ਭਖ ਗਿਆ। ਸਥਾਨ ਲੋਕਾਂ ਦੱਸਦੇ ਹਨ ਕਿ ਉਕਤ ਸ਼ਰਾਬ ਫੈਕਟਰੀ ਵੱਲੋਂ ਰਸਾਇਣਾਂ ਨਾਲ ਦੂਸ਼ਿਤ ਕਰਕੇ ਪਾਣੀ ਬੋਰ ਰਾਹੀਂ ਜਮੀਨ ਹੇਠ ਪਾਇਆ ਜਾ ਰਿਹਾ ਹੈ ਜਿਸ ਕਾਰਨ ਇਥੇ ਧਰਤੀ ਹੇਠਲਾ ਪਾਣੀ ਪਲੀਤ ਹੋ ਰਿਹਾ ਹੈ। ਐਕਸਪੋਰਟ ਇੰਡੀਆ ਤੇ ਪਾਈ ਜਾਣਕਾਰੀ ਮੁਤਾਬਿਕ ਕੰਪਨੀ ਸਿਲਵਰ ਪੋਟਾਸ਼ੀਅਮ ਸਾਇਨਾਈਡ, ਸੋਡੀਅਮ ਸਲਫਾਈਟ, ਮੋਨੋਈਥਾਨੋਲਮਾਈਨ ਆਦਿ ਤੇ ਵੀ ਕੰਮ ਕਰਦੀ ਹੈ।

ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਚ ਕੈਂਸਰ ਕਾਲਾ ਪੀਲੀਆ ਦਿਲ ਦੇ ਰੋਗ ਅਤੇ ਚਮੜੀ ਰੋਗਾਂ ਦੀ ਤਾਦਾਦ ਆਮ ਨਾਲੋਂ ਕਿਤੇ ਵੱਧ ਹੈ । ਮਾਰਚ ਚ ਇਸੇ ਫੈਕਟਰੀ ਦੀ ਸੁਆਹ ਪਿੰਡਾਂ ਦੇ ਲੋਕਾਂ ਦੇ ਪੱਠਿਆਂ (ਹਰਾ ਚਾਰਾ) ਉੱਤੇ ਪੈਣ ਕਰਕੇ ਪੱਠੇ ਜ਼ਹਿਰੀਲੇ ਹੋ ਗਏ ਜਿਸ ਕਰਕੇ 24-25 ਘਰਾਂ ਦੇ ਤਕਰੀਬਨ 90 ਪਸ਼ੂਆਂ ਦੀ ਮੌਤ ਹੋਈ ਸੀ, ਜਿਸ ਤੋਂ ਬਾਅਦ ਕਾਰਖਾਨੇ ਵੱਲੋਂ ਮੁਆਵਜ਼ਾ ਵੀ ਦਿੱਤਾ ਗਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਇਸ ਕਾਰਖਾਨੇ ਵਿਚ ਅਜਿਹੇ ਕੈਮੀਕਲਾਂ ਦਾ ਭੰਡਾਰ ਹੈ ਜੋ ਜੇਕਰ ਅੱਗ ਫੜ੍ਹਦੇ ਨੇ ਤਾਂ ਧਮਾਕਾ ਐਨਾ ਜਬਰਦਸਤ ਹੋ ਸਕਦਾ ਹੈ ਜਿਸ ਕਾਰਨ ਕਈ ਕਿਲੋਮੀਟਰ ਤੱਕ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪਰ ਕਾਰਖਾਨੇ ਤੋਂ ਰਿਹਾਇਸ਼ੀ ਖੇਤਰ ਦੀ ਦੂਰੀ ਮਹਿਜ 300-400 ਮੀਟਰ ਹੈ । ਸਾਲ 2004 ਵਿੱਚ ਲੱਗਿਆ ‘ਮੈਲਬਰੌਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮੀਟਡ’ ਦਾ ਸ਼ਰਾਬ ਦਾ ਇਕ ਕਾਰਖਾਨਾ ਹੈ, ਜੋ ਕਿ MoEF ਦੀ ਸ਼੍ਰੇਣੀ 17 ਵਿੱਚ ਆਉਂਦਾ ਹੈ। ਲੋਕਾਂ ਦੀ ਸ਼ਿਕਾਇਤ ਹੈ ਕਿ ਕਾਰਖਾਨੇ ਵਾਲੇ ਹਰ ਰੋਜ ਕੈਮੀਕਲ ਨਾਲ ਦੂਸ਼ਿਤ ਕਰੀਬ 18 ਲੱਖ ਲੀਟਰ ਪਾਣੀ ਧਰਤੀ ਹੇਠਲੇ ਪਾਣੀ ਵਿੱਚ ਮੁੜ ਵਿਚ ਪਾ ਦਿੰਦੇ ਹਨ ਜਿਸ ਨਤੀਜੇ ਵਜੋਂ ਕਈ ਸਮੱਸਿਆਵਾਂ ਸਾਹਮਣੇ ਆਈਆਂ ਹਨ। ਧਰਤੀ ਦੇ 550 ਫੁੱਟ ਦੇ ਪਾਣੀ ਦਾ ਟੀ ਡੀ. ਐਸ. 1910 ਨਿੱਕਲਿਆ ਹੈ।

May be an image of text that says "ਇਹ ਲੋਕਾਂ ਵੱਲੋਂ ਛੱਤਾਂ ਤੋਂ ਇਕੱਠੀ ਕੀਤੀ ਸਵਾਹ ਹੈ ਇਹ ਜਦ ਚਾਰੇ ਤੇ ਪੈਂਦੀ ਹੈ ਤਾਂ ਉਸ ਨੂੰ ਖਾ ਕੇ ਸੈਂਕੜੇ ਪਸ਼ੂ ਮਰ ਗਏ ਇਹ ਜ਼ਹਿਰੀਲੀ ਸਵਾਹ ਹੀ ਫ਼ਸਲਾਂ ਰਾਹੀਂ ਤੁਹਾਡੇ ਘਰਾਂ ਵਿੱਚ ਇਹ ਸ਼ਰਾਬ ਫੈਕਟਰੀ ਪਹੁੰਚਾ ਦੇਵੇਗੀ ਜ਼ੀਰਾ ਸਾਂਝਾ ਮੇਰਚਾ"

 

ਮੌਨਿਟਰਿੰਗ ਕਮੇਟੀ ਵੱਲੋਂ ਜਾਰੀ ਕੀਤੀ ਰਿਪੋਰਟ ਸੁਆਲਾਂ ਦੇ ਘੇਰੇ ਚ ਕਿਵੇਂ ?
– ਨਮੂਨਿਆਂ (Samples) ਦੀ ਜਾਂਚ ਤਿੰਨ ਪ੍ਰਯੋਗਸ਼ਾਲਾਵਾਂ ਚੋਂ ਕਰਵਾਈ ਗਈ, ਜਿਨ੍ਹਾਂ ਚ ਪੰਜਾਬ ਬਾਇਓ ਟੈਕਨੋਲੋਜੀ ਇਨਕਿਊਬੇਟਰ, ਮੋਹਾਲੀ , ਸ਼੍ਰੀਰਾਮ ਇੰਸਟੀਚਿਊਟ ਲੈਬੋਰਟਰੀ, ਦਿੱਲੀ ਅਤੇ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਦੀ ਲੈਬ ਸ਼ਾਮਿਲ ਹਨ। ਤਿੰਨਾਂ ਲੈਬਾਂ ਦੇ ਨਤੀਜਿਆਂ ਚ ਕਈ ਜਗ੍ਹਾ ਕਾਫ਼ੀ ਵਖਰੇਵੇਂ ਹਨ। ਮਿਸਾਲ ਵਜੋਂ ਰਿਪੋਰਟ ਚ ਦਿੱਤੀ ਦੂਜੀ ਸਾਰਣੀ (ਟੇਬਲ) ਦੀ ਲੜ੍ਹੀ ਨੰਬਰ 22 ਚ ਟਰਬੀਡਿਟੀ ਦੀ PBTI ਮੋਹਾਲੀ ਵੱਲੋਂ 212, ਸ਼੍ਰੀਰਾਮ ਇੰਸਟੀਚਿਊਟ ਵੱਲੋਂ 820 ਅਤੇ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ (ਪੀਪੀਸੀਬ) ਵੱਲੋਂ 190 ਦੱਸੀ ਗਈ ਹੈ। ਇਹ ਵੀ ਜਿਕਰਯੋਗ ਹੈ ਕਿ ਟਰਬੀਡਿਟੀ ਦੀ ਪ੍ਰਮਿਸਿਬਲ ਹੱਦ ਸਿਰਫ਼ 5 ਹੈ । ਇਸੇ ਹੀ ਸਾਰਣੀ ਦੇ ਲੜ੍ਹੀ ਨੰਬਰ 24 ਚ ਨਾਈਟ੍ਰੇਟ ਦੀ ਮਾਤਰਾ PBTI ਵੱਲੋਂ 14.2, ਪੀਪੀਸੀਬੀ ਵੱਲੋਂ 10.2 ਦੱਸੀ ਗਈ ਹੈ, ਜਦਕਿ ਸ਼੍ਰੀਰਾਮ ਇੰਸਟੀਚਿਊਟ ਦੀ ਲੈਬ ਨੂੰ ਇਹ ਪਾਣੀ ਚ ਦਿਖੀ ਹੀ ਨਹੀਂ। ਇਸੇ ਤਰ੍ਹਾਂ ਕਈ ਜਗ੍ਹਾ ਹੋਰ ਵੀ ਵਖਰੇਵੇਂ ਹਨ। ਅੱਜਕੱਲ ਇਹ ਖੋਜ ਸੰਸਥਾਵਾਂ ਕੋਲ ਬਹੁਤ ਸੂਖ਼ਮ (High Precision – ਭਾਵ ਬਹੁਤ ਉੱਤਮ ਦਰਜੇ ਦੇ, ਜਿਨ੍ਹਾਂ ਚ ਗਲਤੀ ਦੀ ਸੰਭਾਵਨਾ ਨਹੀਂ) ਸੰਦ ਮੌਜੂਦ ਹਨ, ਜਿਸ ਕਰਕੇ ਵੱਡੇ ਵਖਰੇਵੇਂ ਹੋਣ ਤੇ ਸੁਆਲ ਉੱਠਣਾ ਬਣਦਾ ਹੈ (ਪੁਆਇੰਟਾਂ ਚ ਵਖਰੇਵੇਂ ਹੁੰਦੇ ਤਾਂ ਫਿਰ ਵੀ ਕਿਹਾ ਜਾ ਸਕਦਾ ਸੀ ਕਿ ਵਿਧੀ ਵਿਧਾਨ ਵੱਖਰਾ ਹੋਣ ਕਰਕੇ ਏਨਾ ਕੂ ਹੋ ਜਾਂਦਾ ਹੈ)। ਸਾਇੰਸਦਾਨਾਂ ਮੁਤਾਬਿਕ ਨਤੀਜਿਆਂ ਚ ਵਖਰੇਵੇਂ ਹੋਣ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਨਮੂਨਿਆਂ ਦੀ ਸਾਂਭ ਅਤੇ ਜਾਂਚ ਲਈ ਲੋੜੀਂਦੇ ਮਾਹੌਲ (incubation) ਚ ਨੁਕਸ ਰਹਿ ਗਏ ਹੋਣ। ਜਦੋਂ ਸਾਂਭ ਅਤੇ ਜਾਂਚ ਲਈ ਲੋੜੀਂਦਾ ਵਾਤਾਵਰਣ ਨਹੀਂ ਮਿਲਦਾ ਤਾਂ ਨਮੂਨੇ ਚ ਬੈਕਟੀਰੀਆ ਦੀ ਹਰਕਤ ਅਤੇ ਵਿਕਾਸ ਚ ਵੀ ਬਦਲ ਹੁੰਦੇ ਨੇ ਤੇ ਇਸੇ ਤਰ੍ਹਾਂ ਰਸਾਇਣ ਵੀ ਅਲੱਗ ਅਲੱਗ ਤਾਪਮਾਨ , ਦਬਾਅ ਤੇ ਆਪੋ ਚ ਕਿਰਿਆ (reaction) ਕਰਦੇ ਹਨ। ਧਰਨੇ ਤੇ ਬੈਠੇ ਅਤੇ ਸਮੂਹ ਜਾਗਰੂਕ ਲੋਕ ਇਸ ਰਿਪੋਰਟ ਨੂੰ ਸਿੱਧਾ ਸਿੱਧਾ ਕਾਰਖਾਨਾ ਮਾਲਕਾਂ ਦੀ ਪੁਸ਼ਤ ਪਨਾਹੀ ਮੰਨ ਰਹੇ ਹਨ ਕਿਉਂਕਿ ਤਕਰੀਬਨ ਪੂਰੀ ਰਿਪੋਰਟ ਚ ਕਾਰਖਾਨੇ ਨੂੰ ਕਲੀਨ ਚਿੱਟ ਹੀ ਦਿੱਤੀ ਹੈ । ਰਿਪੋਰਟ ਦੇ ਉਕਤ ਨੁਕਸ ਵੀ ਜਾਂਚ ਦੇ ਸਹੀ ਨਾ ਹੋਣ ਦੀ ਹੀ ਹਾਮੀ ਭਰਦੇ ਹਨ।

– ਰਿਪੋਰਟ ਦੀ ਮਦ 2.2.2 ਚ ਇਹ ਲਿਖਿਆ ਹੈ ਕਿ ਪਾਣੀ ਚ ਲੈੱਡ ਅਤੇ ਲੋਹੇ ਦੀ ਵੱਧ ਮਾਤਰਾ ਦਾ ਕਾਰਣ ਪਾਣੀ ਦੀਆਂ ਪਾਈਪਾਂ ਚ ਲੋਹੇ ਦੇ ਹਿੱਸੇ (parts /fittings) ਲੱਗੇ ਹੋਣ ਕਰਕੇ ਹੋ ਸਕਦਾ ਹੈ। ਇੱਥੇ ਕਮੇਟੀ ਦੂਜੇ ਸੰਭਵ ਕਾਰਨ ਦਾ ਜਿਕਰ ਹੀ ਨਹੀਂ ਕਰਦੀ, ਜਿਸ ਕਰਕੇ ਲੋਕ ਧਰਨੇ ਤੇ ਬੈਠੇ ਹਨ। ਅਰਬ ਮੁਲਕਾਂ ਦੇ ਵਿਗਿਆਨੀ ਸਾਦਿਕ ਅਤੇ ਆਲਮ ਵੱਲੋਂ 1997 ਚ ਛਾਪੇ ਇੱਕ ਖੋਜ਼ ਪਰਚੇ ਚ ਓਹਨਾਂ ਉਕਤ ਕਾਰਨ ਦੇ ਨਾਲ ਇਹ ਜਿਕਰ ਵੀ ਕੀਤਾ ਹੈ ਕਿ ਧਰਤੀ ਹੇਠਲੇ ਪਾਣੀ ਚ ਲੋਹੇ ਜਾਂ ਲੈੱਡ ਮਿਲਣ ਦਾ ਵੱਡਾ ਕਾਰਣ ਕਾਰਖਾਨਿਆਂ ਦਾ ਗੰਦ ਵੀ ਹੈ। ਪਰ ਇਸ ਗੱਲ ਨੂੰ ਲੁਕੋ ਲੈਣਾ ਸ਼ਰਮਨਾਕ ਹੈ।

ਫੈਕਟਰੀ ਦੇ ਗੰਦ ਦੀ ਹਵਾੜ ਨੇੜਲੇ ਇਲਾਕਿਆਂ ਦੀ ਹਵਾ ਖਰਾਬ ਕਰ ਰਹੀ ਹੈ। ਫੈਕਟਰੀ ਦੀ ਸੁਆਹ ਕਰਕੇ ਲੋਕਾਂ ਦੇ ਪਸ਼ੂ ਮਰਨ ਦੀ ਗੱਲ ਤਾਂ ਆਪਾਂ ਉੱਪਰ ਕੀਤੀ ਹੀ ਹੈ। ਲੋਕ ਇਹ ਵੀ ਦੱਸਦੇ ਨੇ ਕਿ ਕਾਰਖਾਨੇ ਨੇੜਲੇ ਪਿੰਡਾਂ ਚ ਛੋਟੇ-ਛੋਟੇ ਬੱਚਿਆਂ ਦੇ ਗੁਰਦੇ ਅਤੇ ਫੇਫੜੇ ਖਰਾਬ ਹੋਣ ਦੇ ਕੇਸ ਲਗਾਤਾਰ ਆ ਰਹੇ ਹਨ। ਪਿੰਡ ਮੂਸਰਵਾਲ ਵਿਚ ਲਗਭਗ ਸੌ ਵਿਅਕਤੀ ਕੈਂਸਰ ਦੇ ਮਰੀਜ਼ ਹੋਣ ਬਾਰੇ ਸਥਾਨਕ ਵਾਸੀ ਦੱਸਦੇ ਹਨ।

ਰਿਪੋਰਟ ਮੁਤਾਬਕ ਇਲਾਕੇ ਦੇ ਪਾਣੀ ਅਤੇ ਵਾਤਾਵਰਣ ਦੇ ਗੰਧਲੇ ਹੋਣ ਦਾ ਕਾਰਨ ਕਾਰਖਾਨਾ ਨਹੀਂ ਹੈ । ਬੈਕਟੀਰੀਅਲ ਨੁਕਸਾਂ ਦੇ ਕਾਰਨਾਂ ਦਾ ਮੁੱਖ ਕਾਰਨ ਘਰੇਲੂ ਗੰਦਗੀ ਨੂੰ ਹੀ ਬਣਾਇਆ ਗਿਆ ਹੈ।
ਬੜੀ ਹੈਰਾਨੀ ਹੁੰਦੀ ਹੈ ਕਿ ਆਲੇ-ਦੁਆਲੇ ਦੇ 50 ਪਿੰਡਾਂ ਦੇ ਲੋਕ ਇਸ ਗੱਲ ਦਾ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਦਾ ਪਾਣੀ ਇਸ ਫੈਕਟਰੀ ਦੀ ਵਜਾ ਨਾਲ ਖਰਾਬ ਹੋ ਰਿਹਾ ਹੈ ਤੇ ਉਥੇ ਮੋਨੀਟਰਿੰਗ ਕਮੇਟੀ ਇਹ ਕਹਿ ਰਹੀ ਹੈ ਕਿ ਇਹ ਪਾਣੀ ਦੇ ਖਰਾਬ ਹੋਣ ਦਾ ਕਾਰਨ ਕਾਰਖਾਨਾ ਨਹੀਂ ਅਤੇ ਨਤੀਜਿਆਂ ਮੁਤਾਬਕ ਉਸ ਧਾਰਮਿਕ ਅਸਥਾਨ ਵਾਲੇ ਬੋਰ ਦਾ ਪਾਣੀ ਸਾਫ ਅਤੇ ਮੁਸ਼ਕ ਤੋਂ ਬਿਨਾ ਹੈ। ਰਿਪੋਰਟ ਸਬੰਧੀ ਇਕ ਅਹਿਮ ਗੱਲ ਇਹ ਹੈ ਕਿ ਉਸਦੀ ਸ਼ਬਦਾਵਲੀ ਅਤੇ ਮਾਧਿਅਮ ਆਮ ਲੋਕਾਂ ਦੀ ਸਮਝ ਤੋਂ ਪਰੇ ਹੈ, ਜਿਨ੍ਹਾਂ ਦੇ ਸਿਹਤ ਅਤੇ ਪੌਣ-ਪਾਣੀ ਦੇ ਮਸਲੇ ਦੀ ਗੱਲ ਹੋ ਰਹੀ ਹੈ।
May be an image of body of water
ਸਥਾਨਕ ਲੋਕਾਂ ਦੇ ਧਰਨੇ ਨੂੰ ਹਟਾਉਣ ਲਈ ਇੱਕ ਦੋ ਵਾਰੀ ਪ੍ਰਸ਼ਾਸਨ ਨੇ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ। ਅੱਜ ਵੀ ਇਸ ਰਿਪੋਰਟ ਤੋਂ ਬਾਅਦ ਪ੍ਰਸ਼ਾਸਨ ਲੋਕਾਂ ਨੂੰ ਧਰਨਾ 300 ਮੀਟਰ ਉੱਤੇ ਲਗਾਉਣ ਲਈ ਕਹਿ ਰਿਹਾ ਹੈ ਤਾਂ ਜੋ ਹਾਈਕੋਟ ਦੇ ਹੁਕਮਾਂ ਮੁਤਾਬਕ ਕਾਰਖਾਨੇ ਦੇ ਕਾਮੇ ਅੰਦਰ ਜਾ ਸਕਣ।
May be an image of 1 person, standing, outdoors and text that says "ਕੌਣ ਸੱਚਾ?? ਕਾਗਜ਼ ਦੇ ਕੁੱਝ ਪੰਨੇ ਜਾਂ ਲੋਕਾਂ ਦਾ ਭਾਰੀ ਇੱਕਠ?? MALBROS INTERNATIONL PLTD V”ll-Mansoorwal(Zira) ansoorwal(Zira) FEROZEPUR Post NGT clean chit, DC asks protesters to shift from ethanol plant OUR CORRESPONDENT the media that the NGT report, the groundwater the area was ਚਕਿਂਗਨਾਕਾ PROZEPUR, SEPTEMBER30 ਮੈਲਬਰੋਜ਼ ਸ਼ਰਾਬ ਫੈਕਟਰੀ"
ਮੋਨਿਟਰਿੰਗ ਕਮੇਟੀ ਅਤੇ ਲੋਕਾਂ ਦੇ ਨਜ਼ਰੀਏ ਵਿਚ ਇੰਨਾ ਫਰਕ ਕਿਉਂ ?
ਸਰਕਾਰ ਤੇ ਪ੍ਰਸ਼ਾਸਨ ਲੋਕਾਂ ਵਾਸਤੇ ਹੁੰਦਾ ਹੈ ਫਿਰ ਵੀ ਲੋਕਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਕਿਉਂ?
ਕੀ ਪੰਜਾਬ ਦੇ ਲੋਕਾਂ ਨੂੰ ਹਰ ਵਾਰੀ ਆਪਣੇ ਮੁੱਢਲੇ ਹੱਕ ਜਿਵੇਂ ਸਿਹਤ, ਹਵਾ, ਪੌਣ-ਪਾਣੀ ਵਾਸਤੇ ਪੱਕੇ ਧਰਨੇ ਲਾਉਣੇ ਪੈਣਗੇ?
ਐਸੀਆਂ ਘਟਨਾਵਾਂ ਕਈ ਸਰਕਾਰੀ ਤੰਤਰਾਂ ‘ਤੇ ਸਵਾਲੀਆ ਚਿੰਨ੍ਹ ਹਨ ਚਾਹੇ ਉਹ ਪੰਜਾਬ ਪ੍ਰਸ਼ਾਸਨ ਹੋਵੇ ਚਾਹੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚਾਹੇ ਕੋਈ ਹੋਰ ਸਰਕਾਰੀ ਕਮੇਟੀ।
ਕੀ ਕੁਝ ਪੰਨਿਆਂ ਦੀਆਂ ਰਿਪੋਰਟਾਂ ਕਈ ਪਿੰਡਾਂ ਦੇ ਲੋਕਾਂ ਦੀ ਜ਼ੁਬਾਨ ਅਤੇ ਸਾਹਮਣੇ ਦਿਖਦੇ ਗੰਦ ਨਾਲੋਂ ਵੱਧ ਸੱਚੀਆਂ ਹੋ ਗਈਆਂ ?
ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਆਓ ਪੰਜਾਬ ਦੇ ਪੌਣ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਜਾਗਰੂਕ ਹੋਈਏ, ਇਕੱਠੇ ਹੋਈਏ ਅਤੇ ਹੰਭਲਾ ਮਾਰੀਏ।
ਸਾਂਝੇ ਮੋਰਚੇ ਵੱਲੋਂ 3 ਅਕਤੂਬਰ ਨੂੰ ਧਰਨੇ ਚ ਪਹੁੰਚਣ ਲਈ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ। ਮਸਲਾ ਪੰਜਾਬ ਦੀ ਹੋਂਦ ਦਾ ਹੈ, ਅੱਜ ਜ਼ੀਰੇ ਨੇੜਲੇ ਪਿੰਡ ਤੇ ਕੱਲ ਨੂੰ ਸਾਡੇ ਸਭ ਦੇ ਪਿੰਡ ਹੋ ਸਕਦੇ ਨੇ । ਸਮੱਸਿਆ ਪ੍ਰਤੀ ਜਾਗਰੂਕ ਹੋ ਕੇ ਸਾਂਝੇ ਮੋਰਚੇ ਨਾਲ ਖੜ੍ਹਨਾ ਬਣਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,