ਵਿਦੇਸ਼ » ਸਿੱਖ ਖਬਰਾਂ

ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ-ਕਨੇਡਾ ਦੇ ਨੁਮਾਇੰਦਿਆਂ ਦੀ ਇਕੱਤਰਤਾ ਹੋਈ

February 25, 2020 | By

ਨਿਊਯਾਰਕ: ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਨੇ ਸਿੱਖ ਸਿਆਸਤ ਨੂੰ ਇਹ ਜਾਣਕਾਰੀ ਭੇਜੀ ਹੈ ਕਿ ਜਥੇਬੰਦੀ ਦੇ ਅਮਰੀਕਾ ਅਤੇ ਕਨੇਡਾ ਦੇ ਨੁਮਾਇੰਦਿਆਂ ਦੀ ਇਕ ਦੋ ਦਿਨਾਂ ਦੀ ਇਕੱਤਰਤਾ ਨਿਊਯਾਰਕ ਦੇ ਹੈਮਿਲਟਨ ਹੋਟਲ ਵਿੱਚ ਮੀਟਿੰਗ ਹੋਈ। ਪ੍ਰਬੰਧਕਾਂ ਮੁਤਾਬਿਕ ਇਸ ਇਕੱਤਰਤਾ ਵਿਚ ਸਿੱਖਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਵਰਲਡ ਸਿੱਖ ਪਾਰਲੀਮੈਂਟ ਦੇ ਸਕੱਤਰਾਂ ਮਨਪ੍ਰੀਤ ਸਿੰਘ ਅਤੇ ਹਰਦਿਆਲ ਸਿੰਘ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ, ਜੋ ਕੈਲੀਫੋਰਨੀਆ ਤੋਂ ਸਹਾਇਕ ਖਜਾਨਚੀ ਸ: ਕਰਨੈਲ ਸਿੰਘ ਦੁਆਰਾ ਕੀਤੀ ਗਈ ਅਤੇ ਹਾਜਰ ਜੀਆਂ ਨੇ ਅਰਦਾਸ ਵਿਚ ਹਿੱਸਾ ਲਿਆ।

ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ, ‘ਇਹ ਇਜਲਾਸ ਅਮਰੀਕਾ ਅਤੇ ਕਨੇਡਾ ਦਾ ਪਹਿਲਾ ਇਜਲਾਸ ਹੈ ਜਿਸ ਵਿਚ ਸਿੱਖਾਂ ਨੂੰ ਹਰ ਮੋਰਚੇ ’ਤੇ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਲਈ ਵਿਚਾਰ ਵਟਾਂਦਾਰਾ ਕੀਤਾ ਗਿਆ’।

ਉਨ੍ਹਾਂ ਕਿਹਾ ਕਿ ਦਿੱਲੀ ਸਲਤਨਤ ਦੀਆਂ ਜੇਲ੍ਹ ਵਿਚ ਬੰਦ “ਸਿਆਸੀ ਕੈਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਹੈ ਕਿ ਬਿਨ੍ਹਾਂ ਕਿਸੇ ਡਰ ਦੇ ਸਿੱਖੀ ਵਿਸ਼ਵਾਸ਼ ਦੀ ਪਾਲਣਾ ਕੀਤੀ ਜਾਵੇ”। “ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਕੌਂਸਲਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸਿੱਖ ਰਾਜ ਸਥਾਪਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ”।

ਜਥੇਬੰਦੀ ਦੇ ਅਮਰੀਕਾ ਖੇਤਰ ਦੇ ਸਪੀਕਰ ਡਾ: ਅਮਰਜੀਤ ਸਿੰਘ ਨੇ ਕਿਹਾ, “ਸਾਨੂੰ ਪੰਥ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ। ਵਰਲਡ ਸਿੱਖ ਪਾਰਲੀਮੈਂਟ ਇਕ ਸਿੱਖ ਕੌਮ ਦੀ ਅਗਵਾਈ ਕਰਨ ਵਾਲੀ ਸਾਂਝੀ ਸੰਸਥਾ ਹੈ ਅਤੇ ਜੋ ਕਹਿੰਦੇ ਹਨ ਕਿ ਸਿੱਖ ਕੌਮ ਆਗੂ ਵਿਹੂਣੀ ਹੈ, ਉਨ੍ਹਾਂ ਲਈ ਇਹ ਢੁੱਕਵਾਂ ਜਵਾਬ ਹੈ”।

ਯੂ.ਐੱਨ., ਐੱਨ.ਜੀ.ਓ. ਕੌਂਸਲ ਦੇ ਮੈਂਬਰ ਸਵਰਨਜੀਤ ਸਿੰਘ ਨੇ ਕਿਹਾ, “ਯੂ.ਐੱਨ., ਐੱਨ.ਜੀ.ਓ. ਕੌਂਸਲ ਮੈਂਬਰ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੋ ਵਿਸ਼ਵ ਪੱਧਰ ’ਤੇ ਸਿੱਖਾਂ ਦੀ ਸਥਿਤੀ ਅਤੇ ਉਨ੍ਹਾਂ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਗਰੂਕਤਾ ਲਿਆ ਰਹੀ ਹੈ”।

ਅਮਰੀਕਾ ਵਿਚ ਵਰਲਡ ਸਿੱਖ ਪਾਰਲੀਮੈਂਟ ਦੀ ਸੈਕਟਰੀ ਹਰਮਨ ਕੌਰ ਨੇ ਕਿਹਾ, “ਵਰਲਡ ਸਿੱਖ ਪਾਰਲੀਮੈਂਟ ਦਾ ਨੌਜਵਾਨਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਪ੍ਰੋਜੈਕਟਾਂ ਵਿਚ ਸ਼ਾਮਲ ਹੋਣ ਅਤੇ ਸਹਾਇਤਾ ਕਰਨ ਲਈ ਖੁੱਲ੍ਹਾ ਸੱਦਾ ਹੈੱ”।

ਵਰਲਡ ਸਿੱਖ ਪਾਰਲੀਮੈਂਟ ਦੇ ਸਹਿ-ਸਪੀਕਰ ਡਾ: ਹਰਦਮ ਸਿੰਘ ਆਜਾਦ ਨੇ ਕਿਹਾ, “ਵਰਲਡ ਸਿੱਖ ਪਾਰਲੀਮੈਂਟ ਸਿੱਖ ਕੌਮ ਦੀ ਉਸਾਰੀ ਲਈ ਇੱਕ ਅਧਾਰ ਸਥਾਪਤ ਕਰ ਰਹੀ ਹੈ ਜੋ ਯੋਜਨਾਬੱਧ ਨੀਤੀਆਂ ਰਾਹੀਂ ਹੋਂਦ ਵਿੱਚ ਆਈ ਹੈ। ਅਸੀਂ ਇਨ੍ਹਾਂ ਨੂੰ ਉਜਾਗਰ ਕਰਨ ਵਿਚ ਅਤੇ ਆਪਣੀਆਂ ਕੌਂਸਲਾਂ ਰਾਹੀਂ ਕਾਨੂੰਨੀ ਕਾਰਵਾਈਆਂ ਦੀਆਂ ਰਣਨੀਤੀਆਂ ਉੱਤੇ ਕੰਮ ਕਰਨ ਵਿਚ ਤਰੱਕੀ ਹਾਸਲ ਕੀਤੀ ਹੈ”।

ਵਰਲਡ ਸਿੱਖ ਪਾਰਲੀਮੈਂਟ ਦੇ ਖਜਾਨਚੀ ਸ: ਸੁਨੀਤ ਸਿੰਘ ਨੇ ਕਿਹਾ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ 100 ਸਾਲ ਬਾਅਦ, ਅਸੀਂ ਵੇਖਦੇ ਹਾਂ ਕਿ ਬਦਕਿਸਮਤੀ ਨਾਲ ਇਸਦੇ ਗੈਰ-ਜ਼ਿੰਮੇਵਾਰੀ ਪ੍ਰਤੀਨਿਧ ਬਣ ਗਏ ਹਨ। ਵਰਲਡ ਸਿੱਖ ਪਾਰਲੀਮੈਂਟ ਆਖਰਕਾਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਲਈ ਇੱਕ ਮੌਕਾ ਹੈ ਕਿ ਅਤੇ ਇੱਕਜੁੱਟ ਹੋਣ ਤੇ ਆਪਣੇ ਮਸਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਅਤੇ ਆਪਣੀ ਆਵਾਜ਼ ਉਠਾਉਣ ਦਾ ਸਾਂਝਾ ਪਲੇਟਫਾਰਮ ਹੈ”।

ਵਰਲਡ ਸਿੱਖ ਪਾਰਲੀਮੈਂਟ 10 ਨਵੰਬਰ, 2015 ਨੂੰ ਤਰਨ ਤਾਰਨ ਨੇੜੇ ਪਿੰਡ ਚੱਬਾ (ਪੰਜਾਬ) ਵਿਚ ਹੋਏ ਪੰਥਕ ਇਕੱਠ ਦੇ ਮਤੇ ਤੋਂ ਬਾਅਦ ਹੋਂਦ ਵਿਚ ਆਈ ਸੀ।

ਮਨਪ੍ਰੀਤ ਸਿੰਘ ਅਤੇ ਹਰਦਿਆਲ ਸਿੰਘ ਨੇ ਬਿਆਨ ਵਿਚ ਕਿਹਾ ਹੈ ਕੀ “ਵਰਲਡ ਸਿੱਖ ਪਾਰਲੀਮੈਂਟ ਇਕ ਆਜ਼ਾਦ ਸੰਗਠਨ ਸੰਯੁਕਤ ਰਾਸ਼ਟਰ ਦੇ ਦਫਤਰਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਕੰਮ ਕਰਨ ਦਾ ਵਾਅਦਾ ਕਰਦੀ ਹੈ। ਭਾਰਤੀ ਰਾਜ ਦੇ ਜ਼ੁਲਮ ਅਤੇ ਬੇਰਹਿਮੀ ਨਾਲ ਸਤਾਏ ਹੋਏ ਲੱਖਾਂ ਸਿੱਖਾਂ ਨੂੰ ਇਨਸਾਫ ਪ੍ਰਦਾਨ ਕਰਾਉਣ ਲਈ ਸੰਘਰਸ਼ ਕਰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਤੌਰ ’ਤੇ ਪ੍ਰਵਾਨਿਤ ਸਰਵ ਵਿਆਪੀ ਮਨੁੱਖੀ ਅਧਿਕਾਰਾਂ ਦੀਆਂ ਭਾਵਨਾ ਦਾ ਸਮਰਥਨ ਕਰਦੀ ਹੈ, ਜਿਵੇਂ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ, ਮਨੁੱਖੀ ਅਧਿਕਾਰਾਂ ਦਾ ਵਿਸ਼ਵਵਿਆਪੀ ਐਲਾਨਨਾਮਾ ਅਤੇ 1966 ਦੇ ਮਨੁੱਖੀ ਅਧਿਕਾਰਾਂ ਬਾਰੇ ਪ੍ਰਵਾਨਗੀ- ਇਕ ਸੱਭਿਅਕ ਵਿਸ਼ਵ ਵਿਵਸਥਾ ਦੀ ਕੁੰਜੀ ਹੈ। ਸਿੱਖਾਂ ਦੇ ਧਰਮ-ਸ਼ਾਸ਼ਤਰ ਅਤੇ ਰਾਜਨੀਤਿਕ ਵਿਚਾਰਧਾਰਾ ਵਿਚ ਜਾਤ, ਨਸਲ ਜਾਂ ਰੰਗ ਦੀ ਪਰਵਾਹ ਕੀਤੇ ਬਿਨਾਂ, ਸਾਰਿਆਂ ਲਈ ਨਿਆਂ ਅਤੇ ਅਜ਼ਾਦੀ ਦਾ ਫਰਜ਼ ਸ਼ਾਮਲ ਹੈ”।

ਇਜਲਾਸ ਦੀ ਸਮਾਪਤੀ ਇੱਕ ਪੱਤਰਕਾਰ ਮਿਲਣੀ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਦੌਰਾਨ ਖਬਰਖਾਨੇ ਨੁਮਾਇੰਦਿਆਂ ਨੂੰ ਮੁਖਾਤਿਬ ਹੋਏ।

ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਇਕ ਨਿਜੀ ਚੈਨਲ ਦੀ ਅਜਾਰੇਦਾਰੀ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਾਵਲ ਦੇ ਜਵਾਬ ਵਿਚ ਡਾ. ਅਮਰਜੀਤ ਸਿੰਘ ਨੇ ਕਿਹਾ ਵਰਲਡ ਸਿੱਖ ਪਾਰਲੀਮੈਂਟ ਦਰਬਾਰ ਸਾਹਿਬ ਤੋਂ ਸਰਬ-ਸਾਂਝੇ ਢੰਗ ਨਾਲ ਗੁਰਬਾਣੀ ਪ੍ਰਸਾਰਣ ਕਰਨ ਦੇ ਹੱਕ ਵਿਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,