ਚੋਣਵੀਆਂ ਵੀਡੀਓ » ਜਖਮ ਨੂੰ ਸੂਰਜ ਬਣਨ ਦਿਓ... » ਵੀਡੀਓ » ਸਿੱਖ ਖਬਰਾਂ

ਜੂਨ ’84 ਘੱਲੂਘਾਰੇ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਵੱਲੋਂ “ਪਦਮ ਸ਼੍ਰੀ ਦੀ ਵਾਪਸੀ” ਬਾਰੇ ਲਿਖੀ ਚਿੱਠੀ

June 10, 2022 | By

 

 

 

ਘੱਲੂਘਾਰਾ ਜੂਨ 1984 ਤੋਂ ਬਾਅਦ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰ ਦਿੱਤਾ ਗਿਆ। ਇਸ ਮੌਕੇ ਭਗਤ ਜੀ ਵੱਲੋਂ ਜੋ ਚਿੱਠੀ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਲਿਖੀ ਗਈ ਸੀ, ਉਹ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ:

‘ਪਦਮ ਸ਼੍ਰੀ’ ਦੀ ਵਾਪਸੀ

ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।

ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,

ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:

1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।

2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।

3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।

4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।

5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।

6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।

7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।

ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।

ਪੂਰਨ ਸਿੰਘ, ਭਗਤ।

-0-

ਜਖ਼ਮ ਨੂੰ ਸੂਰਜ ਬਣਨ ਦਿਓ …

ਜੂਨ 1984 ਦੇ ਘੱਲੂਘਾਰ ਬਾਰੇ ਇਸ ਖਾਸ ਲੇਖ ਲੜੀ ਤਹਿਤ ਛਪੀਆਂ ਹੋਰ ਰਚਨਾਵਾਂ ਪੜ੍ਹਨ/ਸੁਣ ਲਈ ਇਹ ਪੰਨਾ ਖੋਲ੍ਹੋ …

 

*ਉਪਰੋਕਤ ਲਿਖਤ ਪਹਿਲਾਂ 10 ਜੂਨ 2016 ਨੂੰ ਛਾਪੀ ਗਈ ਸੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,