ਸਿੱਖ ਖਬਰਾਂ

ਪੀਲੀਭੀਤ ਝੂਠਾ ਪੁਲਿਸ ਮੁਕਾਬਲਾ, 25 ਸਾਲ ਗਵਾਹਾਂ ਨੂੰ ਪੁਲਿਸ ਦੇ ਦਬਾਅ ਤੋਂ ਬਚਾ ਕੇ ਰੱਖਿਆ: ਕਾਹਲੋਂ

April 10, 2016 | By

ਚੰਡੀਗੜ੍ਹ: ਪੀਲੀਭੀਤ ਵਿੱਚ 11 ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਵਾਲੇ ਪੁਲਿਸ ਵਾਲਿਆਂ ਨੂੰ ਸਜ਼ਾ ਦੁਆਉਣ ਵਾਲੇ ਹਰਜਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲੀਸ ਨੇ ਉਸ ਦੇ ਫਾਰਮ ਹਾਊਸ ਵਿੱਚ ਕੰਮ ਕਰਦੇ ਦੋ ਨੌਕਰਾਂ ਮਨੋਹਰ ਲਾਲ ਅਤੇ ਰਾਮ ਲਾਲ ਨੂੰ ਸਰਕਾਰੀ ਗਵਾਹ ਬਣਾ ਕੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮੁਕਾਬਲਾ ਹੋਣ ਦੇ ਦਸਤਾਵੇਜ਼ ਤਿਆਰ ਕਰ ਲਏ। ਉਨ੍ਹਾਂ 25 ਸਾਲ ਨੌਕਰਾਂ ਨੂੰ ਪੁਲੀਸ ਦੇ ਦਬਾਅ ਤੋਂ ਬਚਾ ਕੇ ਰੱਖਿਆ ਸੀ ਅਤੇ ਉਨ੍ਹਾਂ ਵੱਲੋਂ ਅਦਾਲਤ ’ਚ ਸੱਚ ਬਿਆਨ ਕੇ ਅਸਲ ਤਸਵੀਰ ਸਾਹਮਣੇ ਰੱਖ ਦਿੱਤੀ। ਸ੍ਰ. ਕਾਹਲੋਂ ਅਨੁਸਾਰ ਪੁਲੀਸ ਨੇ ਪਹਿਲਾਂ ਉਸ ਵਿਰੁੱਧ ਧਾਰਾ 216 ਤਹਿਤ ਨੋਟਿਸ ਜਾਰੀ ਕਰਕੇ ਦਬਾਉਣ ਦਾ ਯਤਨ ਕੀਤਾ ਸੀ ਅਤੇ ਹੁਣ ਵੀ ਧਮਕੀਆਂ ਮਿਲ ਰਹੀਆਂ ਹਨ।

ਹਰਜਿੰਦਰ ਸਿੰਘ ਕਾਹਲੋਂ ਪੀਲੀਭੀਤ ਫਰਜ਼ੀ ਪੁਲੀਸ ਮੁਕਾਬਲੇ ਬਾਰੇ ਖੁਲਾਸੇ ਕਰਦੇ ਹੋਏ

ਹਰਜਿੰਦਰ ਸਿੰਘ ਕਾਹਲੋਂ ਪੀਲੀਭੀਤ ਫਰਜ਼ੀ ਪੁਲੀਸ ਮੁਕਾਬਲੇ ਬਾਰੇ ਖੁਲਾਸੇ ਕਰਦੇ ਹੋਏ

ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਪੁਲੀਸ ਵੱਲੋਂ 11 ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੇ ਮਾਮਲੇ ਦੀ 25 ਸਾਲਾਂ ਤੋਂ ਪੈਰਵਾਈ ਕਰਦੇ ਆ ਰਹੇ ਹਰਜਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਨਾ ਹੁੰਦੀ ਤਾਂ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਵਿੱਚੋਂ ਸਿੱਖਾਂ ਦਾ ਸਫ਼ਾਇਆ ਹੋ ਜਾਣਾ ਸੀ।

ਹਰਜਿੰਦਰ ਸਿੰਘ ਕਾਹਲੋਂ ਨੇ ਅੱਜ ਇੱਥੇ ਪੱਤਰਕਾਰਾਂ ਕੋਲ ਵੱਡੇ ਖੁਲਾਸੇ ਕਰਦਿਆਂ ਕਿਹਾ ਕਿ 12 ਤੇ 13 ਜੁਲਾਈ 1991 ਨੂੰ ਤਰਾਈ ਖੇਤਰ ਵਿੱਚ ਆਬਾਦ ਸਿੱਖਾਂ ਉੱਪਰ ਦਹਿਸ਼ਤ ਪਾ ਕੇ ਉਨ੍ਹਾਂ ਦਾ ਇੱਥੋਂ ਉਜਾੜਾ ਕਰਨ ਲਈ ਹੀ ਸਿੱਖਾਂ ਨੂੰ ਫ਼ਰਜ਼ੀ ਮੁਕਾਬਲਿਆਂ ਵਿਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਦਾਲਤ ਵੱਲੋਂ 57 ਪੁਲੀਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਇਨ੍ਹਾਂ ਵਿੱਚੋਂ ਜਿਊਂਦੇ 47 ਪੁਲੀਸ ਮੁਲਾਜ਼ਮਾਂ ਕੋਲੋਂ ਉਸ ਦੀ ਜਾਨ ਨੂੰ ਖਤਰਾ ਹੈ।

ਉਨ੍ਹਾਂ ਕਿਹਾ ਕਿ ਯੂਪੀ ਪੁਲੀਸ ਦੀ ਥਾਂ ਪੰਜਾਬ ਪੁਲੀਸ ਜਾਂ ਕੇਂਦਰ ਸਰਕਾਰ ਦੀ ਕਿਸੇ ਸੁਰੱਖਿਆ ਏਜੰਸੀ ਰਾਹੀਂ ਉਸ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ। ਉਹ ਇਨ੍ਹਾਂ ਪੁਲੀਸ ਮੁਲਾਜ਼ਮਾਂ ਦੀਆਂ ਜ਼ਮਾਨਤਾਂ ਦੀਆਂ ਅਪੀਲਾਂ ਵਿਰੁੱਧ ਵੀ ਲੜਣਗੇ ਅਤੇ ਚਾਰਜਸ਼ੀਟ ਵਿੱਚ ਸ਼ਾਮਲ ਨਾ ਕੀਤੇ ਪੁਲੀਸ ਅਧਿਕਾਰੀਆਂ ਨੂੰ ਵੀ ਸਜ਼ਾ ਦਿਵਾਉਣ ਲਈ ਮੁੜ ਅਦਾਲਤ ਦਾ ਕੁੰਡਾ ਖੜਕਾਉਣ ਸਮੇਤ ਮ੍ਰਿਤਕਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਰਾਹਤ ਰਾਸ਼ੀ ਦੇਣ ਲਈ ਵੀ ਜੱਦੋ-ਜਹਿਦ ਕਰਨਗੇ।

ਸ੍ਰੀ ਕਾਹਲੋਂ ਨੇ ਅੱਜ ਇੱਥੇ ਯੂਨਾਈਟਿਡ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ, ਡਾ. ਭਗਵਾਨ ਸਿੰਘ, ਬੀਬੀ ਪ੍ਰੀਤਮ ਕੌਰ ਅਤੇ ਪਾਲ ਸਿੰਘ ਪਾਂਧੀ ਆਦਿ ਦੀ ਹਾਜ਼ਰੀ ਵਿੱਚ ਦੱਸਿਆ ਕਿ ਯੂਪੀ ਪੁਲੀਸ ਨੇ ਸਿੱਖ ਤੀਰਥ ਯਾਤਰੀਆਂ ਦੀ ਬੱਸ ਨੂੰ 12 ਜੁਲਾਈ 1991 ਨੂੰ ਗੰਗਾ ਨਦੀ ਦੇ ਪੁਲ ਉੱਪਰ ਕਸਲਾ ਘਾਟ ਵਿਖੇ ਰੋਕ ਕੇ 11 ਸਿੱਖ ਨੌਜਵਾਨਾਂ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਇਨ੍ਹਾਂ 11 ਸਿੱਖਾਂ ਵਿੱਚੋਂ 10 ਦਾ ਉਥੋਂ ਦੇ ਤਿੰਨ ਜੰਗਲੀ ਖੇਤਰਾਂ ਧਮੇਲਾ ਕੂਆਂ, ਰਾਮ ਨਗਰਾ ਤੇ ਫਰਲੋਠੀ ਘਾਟ ਵਿੱਚ ਫ਼ਰਜ਼ੀ ਮੁਕਾਬਲੇ ਦਿਖਾ ਕੇ ਕਤਲ ਕੀਤਾ ਸੀ।

ਇਨ੍ਹਾਂ ਵਿੱਚੋਂ ਧਮੇਲਾ ਕੂਆਂ ਖੇਤਰ ਉਨ੍ਹਾਂ ਦੇ ਰਿਸੌਲਾ ਫਾਰਮ ਨੇੜੇ ਪੈਂਦਾ ਹੈ। ਇਸ ਕਾਂਡ ਵਿੱਚ ਉਨ੍ਹਾਂ ਦੇ ਪੀਲੀਭੀਤ ਵਿਚ ਰਹਿੰਦੇ ਮਾਸੜ ਨਰਿੰਦਰ ਸਿੰਘ ਸਮੇਤ ਉਥੋਂ ਦੇ ਤਿੰਨ ਸਿੱਖਾਂ ਦਾ ਵੀ ਕਤਲ ਕੀਤਾ ਗਿਆ ਸੀ ਜਦਕਿ ਬਾਕੀ ਅੱਠ ਸਿੱਖ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਸਨ।

ਉਨ੍ਹਾਂ ਦੱਸਿਆ ਕਿ ਫ਼ਰਜ਼ੀ ਮੁਕਾਬਲਿਆਂ ਵੇਲੇ ਉਸ ਦੀ ਉਮਰ 23 ਸਾਲ ਦੇ ਕਰੀਬ ਸੀ। ਉਹ ਇਸ ਵਿਰੁੱਧ ਪੀਲੀਭੀਤ ਦੇ ਉਸ ਵੇਲੇ ਦੇ ਐਸਐਸਪੀ ਆਰਡੀ ਤ੍ਰਿਪਾਠੀ ਨੂੰ ਮਿਲਣ ਚਲਾ ਗਿਆ। ਇਸੇ ਦੌਰਾਨ ਉਸ ਨੂੰ ਕਨਸੋਅ ਮਿਲੀ ਕਿ ਐਸਐਸਪੀ ਉਸ ਵਿਰੁੱਧ ਵੀ ਗੁੱਸੇ ਵਿੱਚ ਹੈ, ਜਿਸ ਤੋਂ ਬਾਅਦ ਉਹ ਇਕ ਟਰੱਕ ਰਾਹੀਂ ਕਿਸੇ ਤਰ੍ਹਾਂ ਜਰਨਲ ਜਗਜੀਤ ਸਿੰਘ ਅਰੋੜਾ ਕੋਲ ਦਿੱਲੀ ਪੁੱਜ ਗਿਆ ਅਤੇ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਇਸ ਬਾਰੇ ਮਰਹੂਮ ਖੁਸ਼ਵੰਤ ਸਿੰਘ, ਪ੍ਰੋਫੈਸਰ ਮਹੀਪ ਸਿੰਘ, ਜਸਟਿਸ ਆਰਐਸ ਸੋਢੀ, ਜਸਟਿਸ ਅਜੀਤ ਸਿੰਘ ਬੈਂਸ, ਐਚਐਸ ਫੂਲਕਾ, ਪ੍ਰੋਫੈਸਰ ਜਸਪਾਲ ਸਿੰਘ ਅਤੇ ਅਵਤਾਰ ਸਿੰਘ ਹਿੱਤ ਆਦਿ ਨਾਲ ਗੱਲਬਾਤ ਕੀਤੀ ਅਤੇ ਜਸਟਿਸ ਸੋਢੀ ਰਾਹੀਂ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਕੇ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਉਸ ਨੂੰ ਰਕਾਬਗੰਜ ਗੁਰਦੁਆਰਾ ਦਿੱਲੀ ਦੇ ਗੈਸਟ ਹਾਊਸ ਵਿੱਚ ਠਹਿਰਾਇਆ ਅਤੇ ਉਸ ਵੇਲੇ ਸ੍ਰੀ ਫੂਲਕਾ ਨੇ ਉਸ ਦੀ ਵਿੱਤੀ ਮਦਦ ਵੀ ਕੀਤੀ। ਇਸ ਦੌਰਾਨ ਵਕੀਲਾਂ ਨੇ ਉਸ ਨੂੰ ਰਿੱਟ ਪਾਉਣ ਲਈ ਕਿਸੇ ਪੀੜਤ ਪਰਿਵਾਰ ਦੇ ਮੈਂਬਰ ਨੂੰ ਦਿੱਲੀ ਲਿਆਉਣ ਲਈ ਕਿਹਾ। ਉਹ ਭੇਸ ਬਦਲ ਕੇ ਪੀਲੀਭੀਤ ਗਿਆ ਅਤੇ ਮ੍ਰਿਤਕ ਨਰਿੰਦਰ ਸਿੰਘ ਦੀ ਮਾਤਾ ਨੂੰ ਆਪਣੇ ਨਾਲ ਲੈ ਕੇ ਦਿੱਲੀ ਪੁੱਜਾ ਅਤੇ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਰਿੱਟ ਪਾਈ ਗਈ। ਇਸ ਤੋਂ ਬਾਅਦ ਪੀਲੀਭੀਤ ਦੇ ਮਾਰੇ ਗਏ ਤਿੰਨ ਸਿੱਖਾਂ ਦੇ ਪਰਿਵਾਰ ਵੀ ਇਸ ਰਿੱਟ ਦਾ ਹਿੱਸਾ ਬਣ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,