ਸਿਆਸੀ ਖਬਰਾਂ

ਬ੍ਰਹਮਪੁਰਾ, ਸੇਖਵਾਂ, ਅਜਨਾਲਾ, ਸਠਿਆਲਾ ਤੇ ਭਾਈ ਮਨਜੀਤ ਸਿੰਘ ਅਕਾਲ ਤਖਤ ਸਾਹਿਬ ਪਹੁੰਚੇ

October 16, 2018 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ 16 ਅਕਤੂਬਰ, 2018): ਸਾਲ 2015 ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਬਾਦਲ ਪਿਉ-ਪੁੱਤਰ ਦਾ ਨਾਮ ਸਾਹਮਣੇ ਆਉਣ ਅਤੇ ਦਲ ਦੇ ਅਹੁਦੇਦਾਰਾਂ ਵਲੋਂ ਅਪਣਾਈ ਪਹੁੰਚ ਨੂੰ ਲੈਕੇ ਪਾਰਟੀ ਨਿਜ਼ਾਮ ਖਿਲਾਫ ਬਗਾਵਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸੰਬੰਧਤ ਆਗੂਆਂ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਦਾਸ ਕੀਤੀ।

ਬਾਦਲ ਦਲ ਨਾਲ ਸਬੰਧਤ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ, ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਐਮ.ਏ., ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਰਵਿੰਦਰ ਸਿੰਘ ਬ੍ਰਹਮਪੁਰਾ ਤੇ ਮਨਮੋਹਨ ਸਿੰਘ ਸਠਿਆਲਾ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਪੁਜੇ।

ਸਚਖੰਡ ਵਿਖੇ ਮੱਥਾ ਟੇਕਣ ਉਪਰੰਤ ਇਹ ਆਗੂ ਸ੍ਰੀ ਅਕਾਲ ਤਖਤ ਸਾਹਿਬ ਪੁਜੇ ਜਿਥੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਰਦਾਸ ਕੀਤੀ।

ਸ਼੍ਰੋ. ਅ. ਦ. (ਬਾਦਲ) ਦੇ ਮਾਝੇ ਨਾਲ ਸੰਬੰਧਤ ਆਗੂ

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇੱਕ ਅਵਾਜ ਹੋਕੇ ਦੱਸਿਆ ਕਿ ਉਹ ਅੱਜ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪੁਜੇ ਹਨ। ਪੱਤਰਕਾਰਾਂ ਵਲੋਂ ਮਾਝੇ ਦੇ ਟਕਸਾਲੀ ਆਗੂਆਂ ਨੂੰ ਭਵਿਖ ਦੀ ਰਣਨੀਤੀ ਬਾਰੇ ਪੁਛੇ ਜਾਣ ਤੇ ਉਨ੍ਹਾਂ ਕਿਹਾ ਕਿ ਅਜੇ ਕੁਝ ਸਮਾਂ ਇੰਤਜਾਰ ਕੀਤਾ ਜਾਏ। ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਪੰਥ ਪ੍ਰਸਿੱਧ ਢਾਡੀ ਜਥੇਦਾਰ ਬਲਦੇਵ ਸਿੰਘ ਐਮ.ਏ. ਨੇ ਕਿਹਾ ਕਿ ਗੁਰੂ ਗ੍ਰੰਥ ਸਭ ਤੋਂ ਪਹਿਲਾਂ ਬਾਕੀ ਅਹੁਦੇ ਤੇ ਵਫਾਦਾਰੀਆਂ ਬਾਅਦ ਵਿੱਚ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਨੂੰ ਮੁਆਫੀ ਦੇਣਾ ਤੇ ਦਿਵਾਉਣਾ ਦੋਨੋਂ ਹੀ ਬਜ਼ਰ ਗਲਤੀਆਂ ਹਨ। ਇਹ ਫੈਸਲਾ ਤਖਤ ਸਾਹਿਬ ਤੋਂ ਹੋਣਾ ਹੈ ਕਿ ਕਿਸਨੇ ਕਿਸਨੂੰ ਤਲਬ ਕਰਨਾ ਹੈ।

ਇਹਨਾਂ ਆਗੂਆਂ ਵਲੋਂ ਅਕਾਲ ਤਖਤ ਸਾਹਿਬ ਉਪਰ ਕੀਤੀ ਅਰਦਾਸ ਦੀ ਗਲ ਕਰਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ‘ਮੀਰੀ-ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ’।

ਬਾਦਲਕਿਆਂ ਵਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਰੈਲੀ ਮੌਕੇ ਸੁਖਬੀਰ ਬਾਦਲ ਵਲੋਂ ਕੁਝ ਅਖਬਾਰਾਂ ਦਾ ਬਾਈਕਾਟ ਦੇ ਐਲਾਨ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਹਰੇਕ ਨੂੰ ਹੱਕ ਬਣਦਾ ਹੈ ਕਿ ਉਹ ਆਪਣੇ ਵਿਚਾਰ ਪ੍ਰਗਟ ਕਰੇ। ਕਿੰਨ੍ਹੇ ਕੁ ਮੂੰਹ ਬੰਦ ਕਰ ਲਵੋਗੇ ਧਮਕੀਆਂ ਦੇ ਦੇ ਕੇ।

ਜਿਕਰਯੋਗ ਹੈ ਕਿ ਸ਼੍ਰੋ.ਅ.ਦ. (ਬਾਦਲ) ਨਾਲ ਸਬੰਧਤ ਇਨ੍ਹਾਂ ਟਕਸਾਲੀ ਆਗੂਆਂ ਨੇ ਪਿਛਲੇ ਹਫਤੇ ਵੀ ਜਦੋਂ ਦਲ ਦੇ ਨਿਜ਼ਾਮ ਖਿਲਾਫ ਅਵਾਜ ਬੁਲੰਦ ਕੀਤੀ ਤਾਂ ਉਹ ਬਾਰ ਬਾਰ ਦੁਹਰਾ ਰਹੇ ਸਨ ਕਿ ਉਹ ਟਕਸਾਲੀ ਅਕਾਲੀ ਹਨ, ਅਕਾਲੀ ਦਲ ਦੇ ਨਾਲ ਖੜੇ ਹਨ। ਹਾਲਾਂਕਿ ਉਹ ਇਹ ਜਾਣਦੇ ਸਨ ਕਿ ਜਿਸ ਦਲ ਨਾਲ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਜੁੜੇ ਹੋਏ ਹਨ ਉਹ ਅਕਾਲੀ ਨਹੀਂ ਬਲਕਿ ਬਾਦਲ ਦਲ ਹੈ। ਸ਼ਾਇਦ ਇਸੇ ਕਰਕੇ ਹੀ ਉਹ ਖੁਦ ਨੂੰ ਦਲਾਂ ਦੀ ਵਲਗਣ ‘ਚੋਂ ਬਾਹਰ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਪੁਜੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,