December 2, 2014 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ (1 ਦਸੰਬਰ, 2014): ਨੇੜਲੇ ਪਿੰਡ ਜੋਧਪੁਰ ਵਿਖੇ ਬਾਅਦ ਦੁਪਹਿਰ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਭੇਤਭਰੀ ਹਾਲਤ ਵਿੱਚ ਅਗਨ ਭੇਟ ਹੋ ਜਾਣ ਨਾਲ ਪਿੰਡ ਵਿੱਚ ਸਥਿਤੀ ਇਕ ਵਾਰ ਫਿਰ ਤਣਾਅ ਵਾਲੀ ਬਣ ਗਈ ਹੈ।
ਇੱਥੇ ਕੋਈ ਇਕ ਮਹੀਨਾ ਪਹਿਲਾਂ ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਆ) ਵੱਲੋਂ ਸਤਿਸੰਗ ਕਰਨ ਮੌਕੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨਾਲ ਹੋਈਆਂ ਹਿੰਸਕ ਝੜਪਾਂ ਵਿੱਚ 20 ਸਿੱਖ ਕਾਰਕੁਨ ਜ਼ਖ਼ਮੀ ਹੋ ਗਏ ਸਨ। ਇਸ ਕਾਰਨ ਪਿੰਡ ਵਿੱਚ ਅਜੇ ਵੀ ਤਣਾਅ ਸੀ ਕਿ ਅੱਜ ਇਕ ਹੋਰ ਵਾਰਦਾਤ ਵਾਪਰ ਗਈ।ਸਥਾਨਕ ਸਿੱਖਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਨੂਰਮਹਿਲ ਡੇਰੇ ਦੇ ਪੈਰੋਕਾਰਾਂ ਵੱਲੋਂ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਜਾਣ ਦੀ ਘਟਨਾ ਖ਼ਿਲਾਫ਼ ਪਿੰਡ ਸਿੱਖ ਜਥੇਬੰਦੀਆਂ ਦੇ ਕਾਰਕੁਨ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਹਨ। ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਹਨ।
ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਬਖਤਾਵਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਵੱਲੋਂ ਪਿੰਡ ਵਿੱਚ ਸਥਿਤੀ ‘ਤੇ ਨਿਗ੍ਹਾ ਰੱਖੀ ਜਾ ਰਹੀ ਹੈ। ਇਸ ਬਾਰੇ ਥਾਣਾ ਸਦਰ ਦੀ ਪੁਲੀਸ ਨੇ ਗੁਰਦੁਆਰੇ ਦੇ ਗ੍ਰੰਥੀ ਭਾਈ ਵਜੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਵਨ ਸਰੂਪ ਦੇ ਨਾਲ-ਨਾਲ ਪੀੜਤਾ ਅਤੇ ਹੋਰ ਵਸਤਰ ਵੀ ਅਗਨ ਭੇਟ ਹੋ ਗਏ।
ਗ੍ਰੰਥੀ ਭਾਈ ਵਜੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਸਬੰਧ ‘ਚ ਕਿਧਰੇ ਗਿਆ ਹੋਇਆ ਸੀ ਕਿ ਜਦੋਂ ਉਹ ਹੋਰਨਾਂ ਵਾਸੀਆਂ ਨਾਲ ਗੁਰਦੁਆਰੇ ਵਿਖੇ ਵਾਪਸ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਗੁਰਦੁਆਰੇ ਦੀ ਉਪਰਲੀ ਮੰਜ਼ਲ ਵਿੱਚ ਧੂੰਆਂ ਨਿਕਲਦਾ ਦਿੱਸਿਆ। ਸੰਗਤ ਜਲਦੀ ਨਾਲ ਉਪਰ ਗਈ ਤਾਂ ਉਨ੍ਹਾਂ ਪਾਵਨ ਸਰੂਪ ਨੂੰ ਅੱਗ ਲੱਗੀ ਦੇਖੀ। ਸੰਗਤਾਂ ਨੇ ਜਲਦੀ ਅੱਗ ‘ਤੇ ਕਾਬੂ ਪਾ ਲਿਆ।
ਜਿਵੇਂ ਹੀ ਇਸ ਬਾਰੇ ਜਾਣਕਾਰੀ ਇਲਾਕੇ ਦੀ ਸਿੱਖ ਸੰਗਤਾਂ ਤੱਕ ਪੁੱਜੀ ਤਾਂ ਸਿੱਖ ਜਥੇਬੰਦੀਆਂ ਤੋਂ ਇਲਾਵਾ ਸਥਾਨਕ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਬੇਗ ਸਿੰਘ, ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਕਰਮਚਾਰੀ ਵੀ ਮੌਕੇ ‘ਤੇ ਪੁੱਜ ਗਏ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਗਰਮ-ਖਿਆਲੀ ਸਿੱਖ ਜਥੇਬੰਦੀਆਂ ਦੇ ਆਗੂ ਬਲਵਿੰਦਰ ਸਿੰਘ ਨੂਰਦੀ, ਭਾਈ ਸੂਬਾ ਸਿੰਘ, ਪ੍ਰਗਟ ਸਿੰਘ, ਭਾਈ ਕੰਵਲਜੀਤ ਸਿੰਘ, ਸੁਖਬੀਰ ਸਿੰਘ ਖਾਲਸਾ, ਰਣਜੀਤ ਸਿੰਘ, ਲਖਵਿੰਦਰ ਸਿੰਘ ਨੇ ਇਸ ਵਾਰਦਾਤ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਗੂਆਂ ਨੇ ਕਿਹਾ ਕਿ ਸਿੱਖ ਕਾਰਕੁਨਾਂ ਉਪਰ ਇਕ ਮਹੀਨਾ ਪਹਿਲਾਂ ਗੋਲੀਆਂ ਚਲਾਉਣ ਵਾਲੇ ਡੇਰੇ ਦੇ ਸ਼ਰਧਾਲੂਆਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਅਜੇ ਤੱਕ ਵੀ ਅਗਲੇਰੀ ਕੋਈ ਕਾਰਵਾਈ ਨਹੀਂ ਕੀਤੀ ਗਈ।
Related Topics: Dera noormahal ashutosh, Tarn Taran