ਆਮ ਖਬਰਾਂ

ਪੁਲਿਸ ਨੇ ਡਾ. ਆਹਲੂਵਾਲੀਆਂ ਦੇ ਹਮਲਾਵਰ ਦੀ ਸੰਭਾਵਤ ਤਸਵੀਰ ਜਾਰੀ ਕੀਤੀ

August 2, 2011 | By

police released sketch ਫਤਹਿਗੜ੍ਹ ਸਾਹਿਬ (2 ਅਗਸਤ, 2011 – ਗੁਰਪ੍ਰੀਤ ਸਿੰਘ ਮਹਿਕ): ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਸ: ਜਸਵੀਰ ਸਿੰਘ ਆਹਲੂਵਾਲੀਆਂ ਨੂੰ ਬੀਤੇ ਦਿਨੀ ਗੋਲੀ ਮਾਰਨ ਵਾਲੇ ਅਣ-ਪਛਾਤੇ ਸਿੱਖ ਵਿਅਕਤੀ ਦਾ ਅੱਜ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸਕੈੱਚ ਜਾਰੀ ਕਰ ਦਿੱਤਾ। ਅੱਜ ਸਵੇਰੇ ਯੂਨੀਵਰਸਿਟੀ ਕੈਂਪਸ ਵਿਖੇ ਜ਼ਿਲਾ ਪੁਲਿਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਸਾਮਣੇ ਵੀ ਸੀ ਤੇ ਕਾਤਲਾਨਾ ਹਮਲਾ ਕਰਨ ਵਾਲਾ ਦਾ ਸਕੈੱਚ ਜਾਰੀ ਕਰਦਿਆ ਕਿਹਾ ਕਿ ਲਗਭਗ 40 ਸਾਲਾ ਸਿੱਖ ਕੱਦ 6 ਫੁੱਟ ਵਿਅਕਤੀ ਨੂੰ ਫੜਨ ਲਈ ਪੁਲਿਸ ਵਲੋਂ ਸਪੈਸਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਵੱਖ ਵੱਖ ਪਹਿਲੂਆਂ ਤੋਂ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਜਾਰੀ ਕੀਤਾ ਸਕੈਚ ਅਮ੍ਰਿਤਸਰ ਦੇ ਇੱਕ ਮਾਹਿਰ ਵਿਅਕਤੀ ਨੇ ਤਿਆਰ ਕੀਤਾ ਹੈ, ਜਿਸ ਦੀ 90 ਪ੍ਰਤੀਸ਼ਤ ਠੀਕ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਯੂਨੀਵਰਸਿਟੀ ਵਿਚ ਹਮਲਾਵਰ ਵਲੋਂ ਕਿਰਾਏ ਤੇ ਇਕ ਕਾਰ ਲਿਆਉਣ ਵਾਲੇ ਟੈਕਸੀ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਗਭਗ 38 ਵਿਅਕਤਆ ਪਾਸੋ ਪੁੱਛਗਿੱਛ ਕੀਤੀ ਗਈ ਅਤੇ ਪਟਿਆਲਾ ਅਤੇ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ ਗਈ । ਉਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਨੀਲੀ ਪੱਗ ਦੇ ਨਾਲ ਪੈਂਟ ਕਮੀਜ਼ ਪਾਈ ਹੋਈ ਸੀ, ਯੂਨੀਵਰਸਿਟੀ ਵਿਚ ਸਰਹਿੰਦ ਮੰਡੀ ਤੋਂ ਟੈਕਸੀ ਕਿਰਾਏ ‘ਤੇ ਲੈਕੇ ਆਇਆ ਸੀ ਅਤੇ ਟੈਕਸੀ ਵਿਚ ਹੀ ਉਸਨੇ ਗੁਰੂਦੁਆਰਾ ਜੋਤੀ ਸਰੂਪ ਨਜ਼ਦੀਕ ਸ਼ਰਾਬ ਪੀਤੀ । ਉਨਾਂ ਦੱਸਿਆ ਕਿ ਟੈਕਸੀ ਵਿਚੋਂ ਮਹਿੰਗੀ ਸ਼ਰਾਬ ਦੀ ਬੋਤਲ ਨੂੰ ਬਰਾਮਦ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਉਸਨੇ ਟੈਕਸੀ ਵਾਲੇ ਨੂੰ ਆਪਣੇ ਆਪ ਨੂੰ ਡੀਨ ਦੱਸਿਆ ਅਤੇ ਕਿਹਾ ਕਿ ਉਸਦੀ ਵਾਇਸ ਚਾਂਸਲਰ ਨਾਲ ਮੀਟਿੰਗ ਹੈ। ਉਨਾਂ ਦੱਸਿਆ ਕਿ ਜਦੋਂ ਟੈਕਸੀ ਵਾਲੇ ਨੇ ਉਕਤ ਵਿਅਕਤੀ ਨੂੰ ਉਸਦੀ ਆਪਣੀ ਕਾਰ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਦੀ ਕਾਰ ਦਾ ਸਰਹਿੰਦ ਪੁੱਲ ਕੋਲ ਖਰਾਬ ਹੋ ਗਈ ਹੈ, ਇਸ ਲਈ ਉਸ ਨੇ ਟੈਕਸੀ ਕਿਰਾਏ ‘ਤੇ ਕੀਤੀ ਹੈ। ਉਨਾਂ ਦੱਸਿਆ ਕਿ ਟੈਕਸੀ ਵਾਲੇ, ਸਕਿਊਰਟੀ ਗਾਰਡ ਅਤੇ ਯੂਨੀਵਰਸਿਟੀ ਵਿਚ ਮੌਜੂਦ ਸਟਾਫ ਦੀ ਮਦਦ ਨਾਲ ਹਮਲਾਵਰ ਦਾ ਸਕੈਚ ਤਿਆਰ ਕਰਵਾਇਆ ਗਿਆ ਹੈ।

ਕਿਸੇ ਖਾੜਕੂ ਜਥੇਬੰਦੀ ਦੇ ਹੱਥ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਐਸ ਐਸ ਪੀ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਘਟਨਾ ਦੀ ਜਿੰਮੇਵਾਰੀ ਨਹੀਂ ਲਿਆ। ਉਨਾਂ ਕਿਹਾ ਕਿ ਇਹ ਨਫਰਤ ਤੇ ਆਧਾਰਤ ਹਮਲਾ ਹੈ, ਇਸ ਪਿੱਛੇ ਕਿਸੇ ਖਾੜਕੂ ਜਥੇਬੰਦੀ ਦੇ ਹੱਥ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ 1989 ਵਿਚ ਚੰਡੀਗੜ੍ਹ ਵਿਖੇ ਸੈਕਟਰ 34 ਦੇ ਥਾਣਾ ਵਿਖੇ ਸ਼੍ਰੀ ਜਸਵੀਰ ਸਿੰਘ ਆਹਲੂਵਾਲੀਆਂ ਵਲੋਂ ਰਿਪੋਰਟ ਦਰਜ਼ ਕਰਵਾਈ ਗਈ ਸੀ ਕਿ ਉਨਾਂ ਦੇ ਘਰ ਵਿਚ 2 ਨੋਜਵਾਨ ਪਿਸਤੋਲ ਸਮੇਤ ਦਾਖਲ ਹੋਏ ਸਨ ਦੇ ਜਾਨੋ ਮਾਰਨ ਦੀਆਂ ਧਮਕੀਆ ਦੇ ਗਏ ਸਨ।
ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਯੂਨੀਵਰਸਿਟੀ ਵਿਚ ਸੀ.ਸੀ.ਟੀ ਵੀ ਕੈਮਰੇ ਨਹੀ ਲਗਾਏ ਗਏ ਸਨ ਅਤੇ ਜੋ ਸਕਿਓਰਟੀ ਗਾਰਡ ਹਨ ਉਨਾਂ ਕੋਲ ਵੀ ਕਿਸੇ ਪ੍ਰਕਾਰ ਦੇ ਕੋਈ ਹਥਿਆਰ ਆਦਿ ਨਹੀਂ ਸਨ । ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਨੇ ਵਾਇਸ ਚਾਂਸਲਰ ਨੂੰ ਗੋਲੀ ਮਾਰਕੇ ਬਾਹਰ ਖੜੀ ਇੱਕ ਗੱਡੀ ਨੂੰ ਧੱਕੇ ਨਾਲ ਲਿਜਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਫਿਰ ਉਹ ਮੇਨ ਗੇਟ ਕੋਲ ਪੈਦਲ ਪਹੁੰਚਿਆ ਤਾਂ ਉੱਥੇ ਖੜੇ ਦੋ ਨੌਜਵਾਨ ਜੋ ਕਿ ਫਾਰਮ ਲੈ ਰਹੇ ਸਨ ਵਿਚੋਂ ਇਕ ਨੌਜਵਾਨ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਦੂਜੇ ਨੌਜਵਾਨ ਨੂੰ ਰਿਵਾਲਵਰ ਦੀ ਨੌਕ ‘ਤੇ ਮੋਟਰਸਾਇਕਲ ਦੇ ਪਿੱਛੇ ਬੈਠਕੇ ਚੰਡੀਗੜ੍ਹ ਵੱਲ ਨੂੰ ਲੈ ਗਿਆ। ਐਸ ਐਸ ਪੀ ਨੇ ਦੱਸਿਆ ਕਿ ਮੋਟਰਸਾਇਕਲ ਵਾਲੇ ਨੌਜਵਾਨ ਦਾ ਵੀ ਹੁਣ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਥੋਂ ਦਾ ਰਹਿਣ ਵਾਲਾ ਸੀ ਜਾਂ ਜਿਸਨੂੰ ਗੋਲੀ ਚਲਾਉਣ ਵਾਲੇ ਨੇ ਮੋਟਰਸਾਇਕਲ ਤੋਂ ਪਰੇ ਸੁੱਟਿਆ ਸੀ ਉਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਅਜੇ ਕਿਸੇ ਵੀ ਪ੍ਰੀਵਾਰ ਨੇ ਆਪਣੇ ਬੱਚੇ ਦੇ ਗੁੰਮ ਹੋਣ ਦੀ ਪੁਲਸ ਨੂੰ ਜਾਣਕਾਰੀ ਨਹੀਂ ਦਿੱਤੀ।
ਐਸ ਐਸ ਪੀ ਨੇ ਦੱਸਿਆ ਕਿ ਉੱਥੋਂ ਲੰਘ ਰਹੇ ਕਿਸੇ ਵਿਅਕਤੀ ਨੇ ਸ਼ਾਮ ਨੂੰ ਪੁਲਿਸ ਨੂੰ ਸੂਚਿਤ ਕੀਤਾ ਕਿ ਕੋਈ ਵਿਅਕਤੀ ਸ਼ਰਾਬ ਪੀਤੀ ਹਾਲਤ ਵਿਚ ਮੋਟਰਸਾਇਕਲ ਦੇ ਪਿੱਛੇ ਬੈਠਾ ਲਲਕਾਰੇ ਮਾਰਦਾ ਹੋਇਆ ਬਡਾਲੀ ਵਾਲੀ ਸਾਇਡ ਨੂੰ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਕਤ ਵਿਅਕਤੀ ਦੀ ਤਲਾਸ਼ ਵੀ ਕੀਤੀ ਗਈ ਪਰ ਕੁਝ ਪਤਾ ਨਹੀਂ ਚੱਲ ਸਕਿਆ। ਸ. ਖੱਟੜਾ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਜੋ ਗੋਲੀ ਵਾਇਸ ਚਾਂਸਲਰ ਦੇ ਮਾਰੀ ਗਈ ਹੈ ਅਤੇ ਜੋ ਹਵਾਈ ਫਾਇਰ ਕੀਤਾ ਗਿਆ ਹੈ ਉਹ 32 ਬੋਰ ਰਿਵਾਲਵਰ ਤੋਂ ਹੋਇਆ ਹੈ। ਉਨਾਂ ਦੱਸਿਆ ਕਿ ਇਸ ਸਬੰਧੀ 307 ਦਾ ਪਰਚਾ ਦਰਜ਼ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਇਹ ਮੰਨਿਆ ਕਿ ਯੂਨੀਵਰਸਿਟੀ ਵਿਚ ਸੀ.ਸੀ.ਟੀ.ਵੀ. ਕੈਮਰੇ, ਸੁਰੱਖਿਆ ਗਾਰਡਾਂ ਨੂੰ ਸੁਰੱਖਿਆ ਦੇਣ ਸਬੰਧੀ ਪੂਰੀ ਜਾਣਕਾਰੀ ਨਾ ਹੋਣਾ, ਮੁੱਖ ਗੇਟ ‘ਤੇ ਗੇਟ ਜਾਂ ਬੈਰੀਅਰ ਦਾ ਨਾ ਲੱਗਿਆ ਹੋਣਾ ਆਦਿ ਸੁਰੱਖਿਆ ਦੀ ਘਾਟ ਹੈ। ਉਨਾਂ ਪੁੱਛੇ ਜਾਣ ‘ਤੇ ਕਿਹਾ ਕਿ ਪੰਥਕ ਅਤੇ ਗਰਮ ਖਿਆਲੀ ਧੜਿਆਂ ਵਲੋਂ ਸ਼੍ਰੀ ਆਹਲੂਵਾਲੀਆ ਦੇ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਸ਼੍ਰੀ ਆਹਲੂਵਾਲੀਆ ਨੇ ਕਦੇ ਵੀ ਸੁਰੱਖਿਆ ਦੀ ਮੰਗ ਨਹੀਂ ਕੀਤੀ ਸੀ।

ਪੱਤਰਕਾਰਾਂ ਨਾਲ ਗੱਲਬਾਤ ਸਮੇਂ ਸ਼੍ਰੀ ਪ੍ਰੀਤਪਾਲ ਸਿੰਘ ਵਿਰਕ, ਐੱਸ.ਪੀ.ਐੱਚ. ਸ਼੍ਰੀ ਜਸਪ੍ਰੀਤ ਸਿੰਘ ਸਿੱਧੂ, ਐਸ ਪੀ ਡੀ ਗੁਰਪ੍ਰੀਤ ਸਿੰਘ, ਡੀ ਐਸ ਪੀ ਅਮਰਜੀਤ ਸਿੰਘ ਘੁੰਮਣ, ਐੱਸ.ਐੱਚ.ਓ. ਫਤਿਹਗੜ੍ਹ ਸਾਹਿਬ ਸ਼੍ਰੀ ਵਿਲੀਅਮ ਜੈਜੀ ਆਦਿ ਵੀ ਹਾਜ਼ਰ ਸਨ ।

ਉਨਾਂ ਇਸ ਵਾਰਦਾਤ ਨੂੰ ਅੱਤਵਾਦ ਦੀ ਵਾਰਦਾਤ ਕਹਿਣ ਦੀ ਥਾਂ ਹੇਟ ਵਾਰਦਾਤ ਦੱਸਿਆ। ਯੂਨੀਵਰਸਿਟੀ ਵਿਚ ਵਾਇਸ ਚਾਂਸਲਰ ਤੋਂ ਬਾਅਦ ਦਾ ਕੋਈ ਉੱਚ ਅਧਿਕਾਰੀ ਨਾ ਹੋਣ ਕਾਰਨ ਪੁਲਸ ਨੂੰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਵੀ ਸੀ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗੀਆਂ ਪ੍ਰੰਤੂ ਦੂਜੇ ਸਟਾਫ ਚੰਗੀ ਤਰਾ ਕੰਮ ਨਹੀਂ ਕਰ ਸਕਿਆ। ਯੂਨੀਵਰਸਿਟੀ ਵਿੱਚ ਅੱਜ ਸਾਰਾ ਦਿਨ ਪੁਲਿਸ ਮੌਜੂਦ ਰਹੀ ਅਤੇ ਜਾਂਚ ਪੜਤਾਲ ਕਰਦੀ ਰਹੀ।

ਅੱਜ ਦੂਜੇ ਦਿਨ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਯੂਨੀਵਰਸਿਟੀ ਵਿਚ ਆਏ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਸੀ ਜਸਵੀਰ ਸਿੰਘ ਆਹਲੂਵਾਲੀਆਂ ਦੀ ਸਿਹਤ ਬਾਰੇ ਦੱਸਿਆ ਕਿ ਉਹਨਾਂ ਦੀ ਹਾਲਤ ਹਾਲੇ ਵੀ ਨਾਜੁਕ ਬਣੀ ਹੋਈ ਹੈ ਕਿਉਂਕਿ ਉਹਨਾਂ ਦਾ ਬਲੱਡਪ੍ਰੈਸ਼ਰ ਅਤੇ ਸੁਗਰ ਕੰਟਰੋਲ ਨਹੀ ਹੋ ਰਿਹਾ । ਉਹਨਾਂ ਕਿਹਾ ਕਿ ਵੀ ਸੀ ਆਹਲੂਵਾਲੀਆਂ ਦਾ ਅਪ੍ਰੇਸ਼ਨ ਵੀ ਇਸੀ ਕਰਕੇ ਨਹੀਂ ਕੀਤਾ ਜਾ ਸਕਿਆ। ਉਹਨਾਂ ਬੀਤੇ ਦਿਨੀ ਹੋਈ ਹਾਦਸੇ ਤੋ ਬਾਅਦ ਯੂਨੀਵਰਸਿਟੀ ਦੇ ਸਕਿਉਰਟੀ ਨੂੰ ਲੈ ਕੇ ਕੀਤੇ। ਗਏ ਸਵਾਲ ਵਿਚ ਕਿਹਾ ਕਿ ਉਹ ਇਸੀ ਕਰਕੇ ਅੱਜ ਇਥੇ ਆਏ ਹਨ। ਉਹਨਾਂ ਕਿਹਾ ਕਿ ਜਿਲ੍ਹਾਪੁਲਿਸ ਮੁੱਖੀ ਨਾਂਲ ਮੀਟਿੱਗ ਕਰਨ ਉਪਰੰਤ ਹੀ ਇਹ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਨਾਂ ਵੀ ਕੀਤਾ ਜਾ ਸਕਦਾ ਹੈ ਸਕਿਉਰਟੀ ਦਾ ਉਪਰਾਲਾ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,