ਆਮ ਖਬਰਾਂ

ਉਪਕੁਲਪਤੀ ਜਸਬੀਰ ਸਿੰਘ ਆਹਲੂਵਾਲੀਆਂ ਉੱਤੇ ਕਾਤਲਾਨਾ ਹਮਲਾ; ਹਾਲਤ ਨਾਜੁਕ; ਹਮਲਾਵਰ ਫਰਾਰ

August 2, 2011 | By

ahluwalia21ਫਤਿਹਗੜ੍ਹ ਸਾਹਿਬ (1 ਅਗਸਤ, 2011 – ਗੁਰਪ੍ਰੀਤ ਸਿੰਘ ਮਹਿਕ): ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹਸਾਹਿਬ ਦੇ ਵਾਇਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ਤੇ ਦਿਨ ਦਿਹਾੜਾ ਕਾਤਲਾਨਾ ਹਮਲਾ ਕੀਤਾ ਗਿਆ। ਇਕ ਅਣਪਛਾਤੇ ਵਿਅਕਤੀ ਵਲੋਂ ਨਜ਼ਦੀਕ ਤੋਂ ਗੋਲੀ ਮਾਰ ਕੇ ਗੰਭੀਰ ਜਖਮੀ ਕੀਤੇ ਵੀ ਸੀ ਨੂੰ ਪੀ ਜੀ ਆਈ ਚੰਡੀਗੜ੍ਹਵਿਖੇ ਭਰਤੀ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਲੁਧਿਆਣਾ ਰੇਂਜ ਦੇ ਡੀ ਆਈ ਜੀ ਐਮ ਐਫ ਫਾਰੂਕੀ, ਫ਼ਤਹਿਗੜ੍ਹਸਾਹਿਬ ਦੇ ਐਸ ਐਸ ਪੀ ਰਣਵੀਰ ਸਿੰਘ ਖੱਟੜਾ ਅਤੇ ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ। ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਪਹਿਰ ਸਾਢੇ 3 ਵਜੇ ਦੇ ਕਰੀਬ ਇਕ ਖੁੱਲ੍ਹ ਿਦਾੜੀ ਵਾਲੇ 40 ਤੋ 45 ਸਾਲ ਦੀ ਉਮਰ ਵਾਲਾ ਵਿਅਕਤੀ ਜਿਸ ਦੇ ਨੀਲੀ ਪੱਗ ਬੰਨੀ ਹੋਈ ਸੀ ਨੇ ਯੂਨੀਵਰਸਿਟੀ ਦੀ ਰਿਸੈਪਸ਼ਨ ਨਜ਼ਦੀਕ ਵਾਇਸ ਚਾਂਸਲਰ ਨੂੰ ਅਵਾਜ਼ ਮਾਰ ਕੇ ਬੁਲਾਇਆ ਅਤੇ ਜਦੋ ਵੀ ਸੀ ਨੇ ਉਸ ਵੱਲ ਦੇਖਿਆ ਤਾਂ ਉਸ ਨੇ ਉਨ੍ਹਾਂ ਦੇ ਸਿਰ ਦੀ ਪੁੜਪੜੀ ਵਿਚ ਗੋਲੀ ਮਾਰ ਦਿੱਤੀ । ਪਹਿਲਾਂ ਉਸ ਨੇ ਇੱਕ ਹਵਾਈ ਫਾਇਰ ਕੀਤਾ, ਉਸ ਸਮੇਂ ਵੀ ਸੀ ਫੋਨ ਸੁਣ ਰਹੇ ਸਨ ਅਤੇ ਹਵਾਈ ਫਾਇਰ ਤੋ ਬਾਅਦ ਉਨ੍ਹਾਂਦਾ ਫੋਨ ਧਰਤੀ ਤੇ ਡਿੱਗ ਪਿਆ। ਬਾਅਦ ਵਿੱਚ ਹਮਲਾਵਰ ਬਾਹਰ ਮੇਨ ਗੇਟ ਵੱਲ ਪੈਦਲ ਹੀ ਨਿਕਲ ਗਿਆ।

ਗੰਭੀਰ ਰੂਪ ਵਿੱਚ ਜਖਮੀ ਹੋਣ ਤੋ ਬਾਅਦ ਆਹਲੂਵਾਲੀਆਂ ਨੂੰ ਉਨਾਂ ਦੀ ਗੱਡੀ ਦੇ ਚਾਲਕ ਅਤੇ ਹੋਰ ਸਟਾਫ ਨੇ ਪੀ ਜੀ ਆਈ ਚੰਡੀਗੜ੍ਹਭਰਤੀ ਕਰਵਾਇਆ, ਜਿੱਥੇ ਉਨ੍ਹਾਂਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਹਮਲਾਵਰ ਯੂਨੀਵਰਸਿਟੀ ਦੀ ਬਿਲਡਿੰਗ ਵਿਚੋਂ ਬਾਹਰ ਪੈਦਲ ਹੀ ਗਿਆ। ਦੱਸਿਆ ਜਾਂਦਾ ਹੈ ਕਿ ਉਹ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਕਿਸ ਵਾਹਨ ‘ਤੇ ਬੈਠ ਕੇ ਫਰਾਰ ਹੋ ਗਿਆ।

ਗੋਲੀ ਦੀ ਆਵਾਜ ਸੁਣਨ ਤੋ ਬਾਅਦ ਉੱਥੇ ਮੌਜੂਦ ਸਟਾਫ ਆਪਣੇ ਬਚਾਓ ਵਿੱਚ ਲੱਗ ਗਿਆ। ਘਟਨਾ ਵਾਲੀ ਥਾਂ ਤੇ ਵੀ ਸੀ ਦੀ ਪੱਗ, ਚਰਬੀ ਅਤੇ ਖੂਨ ਨਾਲ ਲੱਥਪਥ, ਐਨਕ ਅਤੇ ਪੈੱਨ ਉੱਥੇ ਗਿਰੇ ਪਏ ਸਨ। ਯੂਨੀਵਰਸਿਟੀ ਵਿੱਚ ਤੈਨਾਤ ਸੁਰੱਖਿਆ ਕਰਮਚਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਪੈਦਲ ਹੀ ਯੂਨੀਵਰਸਿਟੀ ਦੇ ਮੇਨ ਗੇਟ ਤੱਕ ਪਹੁੰਚਿਆਂ ਅਤੇ ਹਮਲਾ ਕਰਨ ਤੋ ਬਾਅਦ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਨਾ ਕੇਵਲ ਪੰਜਾਬ ਪੁਲਿਸ, ਬਲਕਿ ਸੀ ਆਈ ਡੀ, ਇੰਟੈਲੀਜੈਂਸ ਬਿਊਰੋ ਦੇ ਚੰਡੀਗੜ੍ਹਤੋ ਉਚ ਅਧਿਕਾਰੀ ਮੌਕੇ ਤੇ ਜਾਂਚ ਲਈ ਪੁੱਜੇ ਅਤੇ ਯੂਨੀਵਰਸਿਟੀ ਕਰਮਚਾਰੀਆਂ ਅਤੇ ਆਸ ਪਾਸ ਮੌਜੂਦ ਲੋਕਾਂ ਤੋ ਜਾਣਕਾਰੀ ਲੈਣੀ ਸ਼ੁਰੂ ਕੀਤੀ। ਇਸ ਘਟਨਾਂ ਤੋਂ ਬਾਅਦ ਮੌਕੇ ‘ਤੇ ਪਹੁੰਚੇ ਹਲਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ ਜੋਕਿ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਟਰੱਸਟ ਦੇ ਮੈਂਬਰ ਵੀ ਹਨ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ। ਇਸ ਤੋ ਬਾਅਦ ਉਹ ਤੁਰੰਤ ਪੀ ਜੀ ਆਈ ਚੰਡੀਗੜ੍ਹਵਿਖੇ ਡਾ ਆਹਲੂਵਾਲੀਆ ਦਾ ਪਤਾ ਲੈਣ ਚਲੇ ਗਏ।

ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਜੋਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਘਟਨਾ ਵਾਲੀ ਥਾਂ ਤੋ ਪੁੱਜੇ ਅਤੇ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂਕਿਹਾ ਕਿ ਇਹ ਇਕ ਨਿੰਦਨਯੋਗ ਘਟਨਾ ਵਾਪਰੀ ਹੈ, ਪ੍ਰੰਤੂ ਯੂਨੀਵਰਸਿਟੀ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਆ ਮਹੱਈਆਂ ਕਰਵਾਈ ਜਾਵੇਗੀ। ਜਦੋ ਪੱਤਰਕਾਰਾਂ ਨੇ ਉਨ੍ਹਾਂਨੂੰ ਪੁੱਛਿਆ ਕਿਹਾ ਕਿ ਇਹ ਇਸ ਘਟਨਾ ਪਿੱਛੇ ਉਨ੍ਹਾਂਜਥੇਬੰਦੀਆਂ ਦਾ ਹੱਥ ਹੋ ਸਕਦਾ ਹੈ, ਜੋ ਡਾ ਆਹਲੂਵਾਲੀਆਂ ਦੀ ਵੀ ਸੀ ਦੇ ਅਹੁਦੇ ਤੇ ਨਿਯੁਕਤੀ ਦਾ ਵਿਰੋਧ ਕਰ ਰਹੀਆਂ ਸਨ, ਉਨ੍ਹਾਂਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂਕਿਹਾ ਕਿ ਉਂਝ ਪੁਲਿਸ ਨੇ ਉਨ੍ਹਾਂਨੂੰ ਭਰੋਸਾ ਦਵਾਇਆ ਹੈ ਕਿ ਹਮਲਾਵਰ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਜਦੋ ਡਾ ਆਹਲੂਵਾਲੀਆਂ ਦੀ ਸਿਹਤ ਬਾਰੇ ਉਨ੍ਹਾਂਨੂੰ ਪੁੱਛਿਆ ਗਿਆ ਤਾਂ ਉਨ੍ਹਾਂਕਿਹਾ ਕਿ ਉਨ੍ਹਾਂਦੀ ਸ: ਦੀਦਾਰ ਸਿੰਘ ਭੱਟੀ ਨਾਲ ਗੱਲ ਹੋਈ ਹੈ, ਜਿਨ੍ਹਾਂਦੱਸਿਆ ਕਿ ਉਨ੍ਹਾਂਨੂੰ ਆਈ ਸੀ ਯੂ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਿਕਰਯੋਗ ਹੈ ਕਿ ਡਾ ਆਹਲੂਵਾਲੀਆਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ ਸੀ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਨ੍ਹਾਂਨੂੰ ਉਨ੍ਹਾਂਦੇ ਅਹੁਦੇ ਤੋ ਲਾਹ ਦਿੱਤਾ ਸੀ। ਉਹ ਕਈ ਵਿਵਾਦਾਂ ਵਿੱਚ ਫਸੇ ਰਹੇ ਅਤੇ ਉਨ੍ਹਾਂਵਿਰੁੱਧ ਕਈ ਕੋਰਟ ਕੇਸ ਵੀ ਚੱਲੇ, ਜਿਨ੍ਹਾਂਵਿੱਚੋ ਉਹ ਕੁਝ ਵੀ ਬਰੀ ਵੀ ਹੋਏ। ਪੰਥਕ ਜਥੇਬੰਦੀਆਂ ਪਹਿਲਾਂ ਦੀ ਨਿਯੁਕਤੀ ਦਾ ਕਾਫੀ ਸਮੇਂ ਤੋ ਵਿਰੋਧ ਕਰਦੀਆਂ ਆ ਰਹੀਆਂ ਹਨ। ਉਹ ਬਾਦਲ ਪਰਿਵਾਰ ਦੇ ਨੇੜੇ ਦੱਸੇ ਜਾਂਦੇ ਹਨ। ਮੁੱਖ ਮੰਤਰੀ ਸ: ਬਾਦਲ ਨੇ ਯੂਨੀਵਰਸਿਟੀ ਨੂੰ ਸ਼ੁਰੂ ਕਰਨ ਦਾ ਕੰਮ ਡਾ ਆਹਲੂਵਾਲੀਆਂ ਨੂੰ ਖਾਸ ਤੌਰ ਤੇ ਸੌਂਪਿਆ ਅਤੇ ਉਹ ਯੂਨੀਵਰਸਿਟੀ ਦੇ ਬਾਣੀ ਵੀ ਸੀ ਵੱਜੋ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਜਦੋ ਪੱਤਰਕਾਰਾਂ ਨੇ ਬਾਦਲ ਤੋ ਸ੍ਰੀ ਆਹਲੂਵਾਲੀਆਂ ਬਾਰੇ ਪੁੱਛਿਆ ਤਾਂ ਉਨ੍ਹਾਂਕਿਹਾ ਕਿ ਇਹ ਨਿਯੁਕਤੀ ਠੀਕ ਹੋਈ ਹੈ, ਉਹ ਇਕ ਯੋਗ ਵਿਦਵਾਨ ਹਨ।

ਭਾਰੀ ਸੰਖਿਆ ਵਿੱਚ ਯੂਨੀਵਰਸਿਟੀ ਪੁੱਜੀ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਜਿੱਥੇ ਡਾ ਆਹਲੂਵਾਲੀਆਂ ਤੇ ਹਮਲਾ ਹੋਇਆ ਉਥੇ ਸੀ ਸੀ ਟੀ ਵੀ ਕੈਮਰੇ ਨਹੀਂ ਲੱਗੇ ਹੋਏ ਸਨ। ਯੂਨੀਵਰਸਿਟੀ ਵਿੱਚ ਪੂਰੇ ਸੁਰੱਖਿਆ ਪ੍ਰਬੰਧ ਵੀ ਨਹੀਂ ਸਨ। ਡਾ ਆਹਲੂਵਾਲੀਆਂ ਤੇ ਯੂਨੀਵਰਸਿਟੀ ਵਿੱਚ ਦਿਨ ਦਿਹਾਡੇ ਹਮਲੇ ਕਾਰਨ ਫ਼ਤਹਿਗੜ੍ਹਸਾਹਿਬ ਪੁਲਿਸ ਨੂੰ ਵੀ ਭਾਰੀ ਨਾਮੋਸੀ ਦਾ ਸਾਮਣਾ ਕਰਨਾ ਪੈ ਰਿਹਾ ਹੈ, ਕਿਉਂ ਹਮਲਾਵਰ ਸਰੇਆਮ ਇੱਕ ਵਿਦਿਅਕ ਅਦਾਰੇ ਵਿੱਚ ਵੀ ਸੀ ਤੇ ਹਮਲਾ ਕਰ ਕੇ ਭੱਜ ਗਿਆ।

ਇਸ ਹਮਲੇ ਸੰਬੰਧੀ ਹੋਰ ਵਿਸਥਾਰਪੂਰਵਕ ਜਾਣਕਾਰੀ:

ਪੀ.ਜੀ.ਆਈ. ਦੀ ਸਰਜੀਕਲ ਐਮਰਜੈਂਸੀ ਵਿਚ ਦਾਖਲ ਕਰਨ ਪਿੱਛੋਂ ਉਨ੍ਹਾਂ ਦਾ ਤੁਰੰਤ ਸੀ.ਟੀ. ਸਕੈਨ ਕੀਤਾ ਗਿਆ ਜਿਸ ਤੋਂ ਇਹ ਪਤਾ ਲੱਗਾ ਕਿ ਗੋਲੀਆਂ ਨਾਲ ਦਿਮਾਗ ਦਾ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ। ਉਂਜ, ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਨਹੀਂ ਦੱਸੀ ਜਾ ਰਹੀ।

ਡਾ. ਆਹਲੂਵਾਲੀਆ, ਜੋ ਕਿ ਸਾਬਕਾ ਆਈ.ਏ.ਐਸ. ਅਫਸਰ ਹਨ, ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ ‘ਚੋਂ, ਮੂੰਹ ਵਿਚ ਲਗਾਤਾਰ ਖੂਨ ਵਹਿਣ ਕਾਰਨ ਫੇਫੜਿਆਂ ‘ਚ ਵੀ ਖੂਨ ਭਰ ਗਿਆ ਹੈ। ਇਹ ਸਥਿਤੀ ਖਤਰਾ ਖੜ੍ਹਾ ਕਰ ਰਹੀ ਹੈ। ਉਂਜ, ਗੋਲੀਆਂ ਤੋਂ ਦਿਮਾਗ ਦਾ ਸਿੱਧਾ ਨੁਕਸਾਨ ਨਾ ਹੋਣ ਕਾਰਨ ਡਾ. ਆਹਲੂਵਾਲੀਆ ਦੀ ਹਾਲਤ ਵਿਚ ਸੁਧਾਰ ਦੀ ਉਮੀਦ ਬਣੀ ਹੋਈ ਹੈ। ਉਨ੍ਹਾਂ ਨੂੰ ਐਮਰਜੈਂਸੀ ਵਿਚੋਂ ਆਈ.ਸੀ.ਯੂ. ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੀ.ਜੀ.ਆਈ. ਵਿਚ ਉਨ੍ਹਾਂ ਦੀ ਪਤਨੀ ਅਤੇ ਕਰੀਬੀ ਰਿਸ਼ਤੇਦਾਰ ਮੌਜੂਦ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਆਹਲੂਵਾਲੀਆ ਅੱਜ ਆਪਣੇ ਦਫਤਰ ਵਿਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਹਾਇਕ ਸੁਰਜੀਤ ਸਿੰਘ ਲਾਲ ਬੱਤੀ ਵਾਲੀ ਕਾਰ ਵਿਚ ਮਿਲਣ ਆਏ। ਇਸ ਮੁਲਾਕਾਤ ਪਿੱਛੋਂ ਉਪ ਕੁਲਪਤੀ ਇਸ ਮਹਿਮਾਨ ਨੂੰ ਬਾਹਰ ਛੱਡਣ ਲਈ ਆਏ ਤਾਂ ਰਿਸੈਪਸ਼ਨ ‘ਤੇ ਖੜ੍ਹੇ ਇਕ ਨੌਜਵਾਨ ਨੇ ਐਨ ਨੇੜਿਉਂ ਰਿਵਾਲਵਰ ‘ਚੋਂ ਉਨ੍ਹਾਂ ਦੀ ਪੁੜਪੁੜੀ ਵੱਲ ਤਿੰਨ ਫਾਇਰ ਕਰ ਦਿੱਤੇ। ਇਨ੍ਹਾਂ ਤੋਂ ਇਕ ਫਾਇਰ ਤਾਂ ਅਜਾਈਂ ਗਿਆ ਜਦੋਂ ਕਿ ਦੋ ਗੋਲੀਆਂ ਪੁੜਪੁੜੀ ਦੇ ਬਿਲਕੁਲ ਨੇੜੇ ਲੱਗੀਆਂ। ਇਕ ਚਸ਼ਮਦੀਦ ਗਵਾਹ ਅਨੁਸਾਰ ਹਮਲਾਵਾਰ ਨੌਜਵਾਨ ਨੇ ਗੋਲੀਆਂ ਮਾਰਨ ਪਿੱਛੋਂ ਸ੍ਰੀ ਬਾਦਲ ਦੇ ਪੀ.ਏ. ਦੀ ਲਾਲ ਬੱਤੀ ਵਾਲੀ ਗੱਡੀ ਵਿਚ ਸਵਾਰ ਹੋ ਗਿਆ ਅਤੇ ਡਰਾਈਵਰ ਨੂੰ ਧਮਕੀ ਦੇ ਕੇ ਗੱਡੀ ਭਜਾਉਣ ਲਈ ਕਿਹਾ ਪਰ ਡਰਾਈਵਰ ਮੌਕਾ ਬਚਾਅ ਕੇ ਕਾਰ ਵਿਚੋਂ ਭੱਜ ਨਿਕਲਿਆ। ਹਮਲਾਵਰ ਨੌਜਵਾਨ ਨੇ ਉਥੋਂ ਦੀ ਲੰਘ ਰਹੇ ਇਕ ਮੋਟਰਸਾਈਕਲ ਸਵਾਰ ਤੋਂ ਲਿਫਟ ਲੈ ਲਈ। ਉਧਰ ਉਪ ਕੁਲਪਤੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਮਲੇ ਤੋਂ ਅੱਧੇ ਘੰਟੇ ਪਿੱਛੋਂ ਪੁਲੀਸ ਯੂਨੀਵਰਸਿਟੀ ਵਿਚ ਪੁੱਜੀ। ਚੰਡੀਗੜ੍ਹ ਤੋਂ ਪਰਿਵਾਰ ਵੱਲੋਂ ਫਤਿਹਗੜ੍ਹ ਸਾਹਿਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮਦਦ ਲਈ ਫੋਨ ਕੀਤੇ ਜਾਣ ਤੋਂ ਬਾਅਦ ਹਮਲੇ ਕਾਰਨ ਯੂਨੀਵਰਸਿਟੀ ਕੈਂਪਸ ਵਿੱਚ ਦਹਿਸ਼ਤ ਫੈਲ ਗਈ। ਪੁਲੀਸ ਨੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਹੀ ਰਹਿਣ ਦਾ ਹੁਕਮ ਦਿੱਤਾ। ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ ਅਤੇ ਐਸ.ਐਸ.ਪੀ. ਰਣਬੀਰ ਸਿੰਘ ਖੱਟੜਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਯੂਨੀਵਰਸਿਟੀ ਦੀ ਰਿਸੈਪਸ਼ਨ ਨੇੜੇ ਡਾ. ਆਹਲੂਵਾਲੀਆ ਦੀ ਪੱਗ ਤੇ ਐਨਕ ਖੂਨ ਨਾਲ ਲੱਥਪੱਥ ਹੋਈ ਪਈ ਸੀ। ਬਾਅਦ ਵਿੱਚ ਪਟਿਆਲਾ ਪੁਲੀਸ ਰੇਂਜ ਦੇ ਡੀ.ਆਈ.ਜੀ. ਐਮ.ਐਮ. ਫਾਰੂਕੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੀ ਯੂਨੀਵਰਸਿਟੀ ਪਹੁੰਚੇ।

ਐਸ.ਐਸ.ਪੀ. ਸ੍ਰੀ ਖੱਟੜਾ ਨੇ ਦੱਸਿਆ ਕਿ ਹਮਲਾਵਰ ਕੇਸਾਧਾਰੀ ਸੀ। ਉਸ ਨੇ ਨੀਲੀ ਪੱਗ ਬੰਨ੍ਹੀ ਹੋਈ ਸੀ। ਉਸ ਦੀ ਉਮਰ 40 ਸਾਲਾਂ ਦੇ ਕਰੀਬ ਅਨੁਮਾਨੀ ਗਈ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਉਦਘਾਟਨ ਅਜੇ 25 ਮਈ ਨੂੰ ਹੀ ਹੋਇਆ ਹੈ। ਸ੍ਰੀ ਖੱਟੜਾ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮਿਲੇ ਸੁਰਾਗ਼ਾਂ ਦੇ ਆਧਾਰ ‘ਤੇ ਕੁਝ ਥਾਈਂ ਛਾਪੇ ਵੀ ਮਾਰੇ ਗਏ ਹਨ।

ਡਾ. ਆਹਲੂਵਾਲੀਆ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਰਹਿ ਚੁੱਕੇ ਹਨ। ਉਦੋਂ ਉਨ੍ਹਾਂ ਦਾ ਕਾਰਜਕਾਲ ਵਿਵਾਦਗ੍ਰਸਤ ਰਿਹਾ ਸੀ ਅਤੇ ਇਕ ਵਿਦਿਆਰਥਣ ਨਾਲ ਕਥਿਤ ਛੇੜਛਾੜ ਦੇ ਦੋਸ਼ਾਂ ਹੇਠ ਉਨ੍ਹਾਂ ਉੱਪਰ ਮੁਕੱਦਮਾ ਚੱਲਿਆ ਸੀ। ਭਾਵੇਂ, ਇਸ ਕੇਸ ਵਿੱਚੋਂ ਉਹ ਬਰੀ ਹੋ ਗਏ ਸਨ, ਪਰ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਉਪ ਕੁਲਪਤੀ ਲਾਏ ਜਾਣ ਦਾ ਪੰਥਕ ਧਿਰਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ।

ਕਿਵੇਂ ਵਾਪਰਿਆ ਘਟਨਾਕ੍ਰਮ:

* ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿੱਜੀ ਸਕੱਤਰ ਸੁਰਜੀਤ ਸਿੰਘ ਉਪ ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਵਿਚ ਆਏ।

* ਜਿਵੇਂ ਹੀ ਉਪ ਕੁਲਪਤੀ ਸੁਰਜੀਤ ਸਿੰਘ ਨੂੰ ਵਿਦਾਅ ਕਰਨ ਲਈ ਦਫ਼ਤਰੀ ਕਮਰੇ ਵਿਚੋਂ ਬਾਹਰ ਆਏ ਤਾਂ ਰਿਸੈਪਸ਼ਨ ਨੇੜੇ ਖੜ੍ਹੇ ਹਮਲਾਵਰ ਨੇ ਐਨ ਨੇੜਿਉਂ ਉਨ੍ਹਾਂ ਦੀ ਪੁੜਪੁੜੀ ਵਲ ਤਿੰਨ ਗੋਲੀਆਂ ਦਾਗ ਦਿੱਤੀਆਂ। ਇਨ੍ਹਾਂ ਵਿਚੋਂ ਦੋ ਗੋਲੀਆਂ ਡਾ. ਆਹਲੂਵਾਲੀਆ ਨੂੰ ਲੱਗੀਆ।

* ਹਮਲਾਵਰ ਇਕ ਮੋਟਰਸਾਈਕਲ ਤੋਂ ਜਬਰੀ ਲਿਫਟ ਲੈ ਕੇ ਬਚ ਨਿਕਲਣ ਵਿਚ ਕਾਮਯਾਬ।

* ਪੁਲੀਸ ਇਸ ਹਮਲੇ ਤੋਂ ਅੱਧਾ ਘੰਟਾ ਬਾਅਦ ਪਹੁੰਚੀ।

* ਡਾ. ਆਹਲੂਵਾਲੀਆ ਨੂੰ ਨਾਜ਼ੁਕ ਹਾਲਤ ਵਿਚ ਪੀ.ਜੀ.ਆਈ. ਪਹੁੰਚਾਇਆ ਗਿਆ।

* ਪੀ.ਜੀ.ਆਈ. ਦੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਫੌਰੀ ਅਪਰੇਸ਼ਨ ਕਰਨ ਦਾ ਫੈਸਲਾ ਪਰ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਣ ਕਾਰਨ ਅਪਰੇਸ਼ਨ ਮੰਗਲਵਾਰ ਤਕ ਮੁਲਤਵੀ।

* ਸੋਮਵਾਰ ਦੇਰ ਰਾਤੀਂ ਉਪ ਕੁਲਪਤੀ ਨੂੰ ਦਿਲ ਦਾ ਦੌਰਾ ਵੀ ਪਿਆ।

ਵਿਵਾਦਾਂ ਵਿਚ ਘਿਰੇ ਰਹਿਣ ਵਾਲਾ ਉਪਕੁਲਪਤੀ:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਉਪ ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਉਪਰ ਹੋਇਆ ਕਾਤਲਾਨਾ ਹਮਲਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਡਾ. ਆਹਲੂਵਾਲੀਆ ਇਸ ਯੂਨੀਵਰਸਿਟੀ ਦੇ ਵੀ ਵੀ.ਸੀ. ਰਹਿ ਚੁੱਕੇ ਹਨ। ਇਥੇ ਉਪ ਕੁਲਪਤੀ ਹੁੰਦਿਆਂ ਉਨ੍ਹਾਂ ਖ਼ਿਲਾਫ਼ ਗੰਭੀਰ ਦੋਸ਼ ਲੱਗੇ ਸਨ। ਇਕ ਵਿਦਿਆਰਥਣ ਦੇ ਨਾਲ ਕਥਿਤ ਛੇੜ-ਛਾੜ ਦੇ ਸੰਗੀਨ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਖ਼ਿਲਾਫ਼ ਇਥੇ ਵੱਡੇ ਪੱਧਰ ‘ਤੇ ਸੰਘਰਸ਼ ਵੀ ਹੋਇਆ ਸੀ ਜੋ ਉਨ੍ਹਾਂ ਨੂੰ ਅਹਿਮ ਅਹੁਦੇ ਤੋਂ ਲਾਹ ਦੇਣ ਦਾ ਮੁੱਖ ਕਾਰਨ ਬਣਿਆ ਸੀ। ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ 1999 ਵਿਚ ਪੰਜਾਬੀ ਯੂਨੀਵਰਸਿਟੀ ਵਿਖੇ ਉਸ ਵੇਲੇ ਦੀ ਬਾਦਲ ਸਰਕਾਰ ਨੇ ਉਪ ਕੁਲਪਤੀ ਥਾਪਿਆ ਸੀ, ਉੱਚ ਪਾਏ ਦੇ ਵਿਦਵਾਨ ਵਜੋਂ ਜਾਣੇ ਜਾਂਦੇ ਡਾ. ਆਹਲੂਵਾਲੀਆ ਕਰੀਬ ਢਾਈ ਸਾਲ ਬਾਅਦ ਵਿਵਾਦਾਂ ਵਿਚ ਫਸ ਗਏ ਜਦੋਂ ਉਨ੍ਹਾਂ ਉਪਰ ਇਸ ਯੂਨੀਵਰਸਿਟੀ ਦੀ ਹੀ ਇਕ ਵਿਦਿਆਰਥਣ ਨਾਲ ਛੇੜਛਾੜ ਦੇ ਗੰਭੀਰ ਦੋਸ਼ ਲੱਗ ਗਏ।

ਸਾਰੂ ਰਾਣਾ ਕਾਂਡ ਵਜੋਂ ਚਰਚਿਤ ਹੋਏ ਇਸ ਕੇਸ ਨੇ ਉਸ ਵਕਤ ਹੋਰ ਵੀ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਇਥੋਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਉਣ ਲਈ ਤਿੱਖਾ ਸੰਘਰਸ਼ ਵਿੱਢ ਦਿੱਤਾ। ਦੂਜੇ ਪਾਸੇ ਉਨ੍ਹਾਂ ਦੇ ਹਮਾਇਤੀ ਸਮਝੇ ਜਾਂਦੇ ਰਹੇ ਯੂਨੀਵਰਸਿਟੀ ਦੇ ਇਕ ਅਧਿਆਪਕ ਸਮੇਤ ਕੁਝ ਹੋਰਨਾਂ ਉਪਰ ਇਕ ਮੁਜ਼ਾਹਰੇ ਦੌਰਾਨ ਕਥਿਤ ਕਾਤਲਾਨਾ ਹਮਲਾ ਹੋਣ ਦੀ ਘਟਨਾ ਵੀ ਵਾਪਰੀ। ਇਸ ਸਬੰਧੀ ਉਸ ਵੇਲੇ ਦੇ ਵਿਦਿਆਰਥੀ ਆਗੂ ਭੁਪਿੰਦਰ ਸਿੰਘ ਚੀਮਾ ਦੇ ਖ਼ਿਲਾਫ਼ ਸਥਾਨਕ ਥਾਣਾ ਸਦਰ ਵਿਖੇ ਇਰਾਦਾ ਕਤਲ ਅਧੀਨ ਬਾਕਾਇਦਾ ਕੇਸ ਵੀ ਦਰਜ ਕਰਵਾਇਆ ਗਿਆ ਸੀ।

ਕੁਝ ਸਮੇਂ ਬਾਅਦ ਬਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਥਿਤ ਰੂਪ ਵਿਚ ਅਕਾਲੀ ਪੱਖੀ ਹੋਣ ਕਾਰਨ ਡਾ. ਆਹਲੂਵਾਲੀਆ ਨੂੰ ਉਪ ਕੁਲਪਤੀ ਦੇ ਅਹੁਦੇ ਤੋਂ ਲਾਂਭ ਕਰ ਦਿੱਤਾ। ਉਂਜ ਪੰਜਾਬੀ ਯੂਨੀਵਰਸਿਟੀ ਨਾਲ ਡਾ. ਆਹਲੂਵਾਲੀਆ ਦਾ ਰਿਸ਼ਤਾ ਕਾਫੀ ਪੁਰਾਣਾ ਹੈ। ਸ੍ਰੀ ਕ੍ਰਿਪਾਲ ਸਿੰਘ ਨਾਰੰਗ ਦੇ ਉਪ ਕੁਲਪਤੀ ਹੁੰਦਿਆਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਇਸ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਵਜੋਂ ਵੀ ਸੇਵਾ ਨਿਭਾਈ। ਇਸੇ ਦੌਰਾਨ ਡਾ. ਆਹਲੂਵਾਲੀਆ ਉਪਰ ਹਮਲੇ ‘ਤੇ ਅਫਸੋਸ ਜ਼ਾਹਰ ਕਰਦਿਆਂ ਇਸ ਘਟਨਾ ਨੂੰ ਅਧਿਆਪਕ ਵਰਗ ਲਈ ਮੰਦਭਾਗੀ ਅਤੇ ਚਿੰਤਾਜਨਕ ਕਰਾਰ ਦਿੱਤਾ ਹੈ। ਸਿੱਖ ਬੁੱਧੀਜੀਵੀ ਡਾ. ਬਲਕਾਰ ਸਿੰਘ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਅਤੇ ਯੂਨੀਵਰਸਿਟੀ ਦੇ ਡੀਨ ਸਮੇਤ ਹੋਰ ਅਹਿਮ ਅਹੁਦਿਆਂ ‘ਤੇ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਅਜਿਹਾ ਹਮਲਾ ਅਧਿਆਪਕ ਵਰਗ ਵਾਸਤੇ ਵੱਡੀ ਚਿੰਤਾ ਦਾ ਕਾਰਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,