ਸਿਆਸੀ ਖਬਰਾਂ

ਪੰਜਾਬ ਮਹਿਲਾ ਆਯੋਗ ਕੋਲ ਸਬੂਤ ਪੇਸ਼ ਨਾ ਕਰਨ ਵਾਲੇ ਸਹਰਾਵਤ ‘ਤੇ ਕੇਸ ਹੋਵੇ ਦਰਜ: ਆਮ ਆਦਮੀ ਪਾਰਟੀ

September 15, 2016 | By

ਪ੍ਰੋ. ਬਲਜਿੰਦਰ ਕੌਰ, ਯਾਮਿਨੀ ਗੌਮਰ, ਅਨੁ ਰੰਧਾਵਾ ਅਤੇ ਰੁਪਿੰਦਰ ਕੌਰ ਰੂਬੀ ਨੇ ਮਹਿਲਾ ਆਯੋਗ ਤੋਂ ਸਹਰਾਵਤ ਖਿਲਾਫ ਕੀਤੀ ਕਾਰਵਾਈ ਦੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਔਰਤ ਵਿੰਗ ਨੇ ਬ੍ਰਿਜਵਾਸਨ (ਦਿੱਲੀ) ਤੋਂ ਮੁਅਤਲ ਵਿਧਾਇਕ ਦੇਵੇਂਦਰ ਸਹਰਾਵਤ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਹੁਣ ਸਹਰਾਵਤ ਸਬੂਤ ਕਿਉਂ ਨਹੀਂ ਪੇਸ਼ ਕਰ ਰਿਹਾ। ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਸਪੱਸ਼ਟ ਕੀਤਾ ਕਿ ‘ਆਪ’ ਦੇ ਆਗੂਆਂ ਖਿਲਾਫ ਕੀਤੇ ਜਾ ਰਹੇ ਮਾੜੇ ਪ੍ਰਚਾਰ ਦਾ ਪਰਦਾਫਾਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਮਹਿਲਾ ਆਯੋਗ ਸਮੇਤ ਹਰ ਇਕ ਨਿਰਪੱਖ ਜਾਂਚ ‘ਚ ਸ਼ਾਮਲ ਹੋਣਗੇ। ‘ਆਪ’ ਔਰਤ ਵਿੰਗ ਦੀ ਸ਼ਿਕਾਇਤ ‘ਤੇ ਬੁਧਵਾਰ ਨੂੰ ਪੰਜਾਬ ਮਹਿਲਾ ਆਯੋਗ ਵੱਲੋਂ ਤਲਬ ਕੀਤੇ ਗਏ ਦੇਵੇਂਦਰ ਸਹਰਾਵਤ ਆਯੋਗ ਦੇ ਸਾਹਮਣੇ ਸਬੂਤ ਕਿਉਂ ਨਾ ਪੇਸ਼ ਕਰ ਸਕੇ। ਜਿਸ ‘ਤੇ ਪ੍ਰਤਿਕਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਔਰਤ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ, ਬੁਲਾਰੇ ਯਾਮਿਨੀ ਗੌਮਰ, ਘਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੂ ਰੰਧਾਵਾ ਅਤੇ ਬਠਿੰਡਾ ਦੇਹਾਤੀ ਤੋਂ ਉਮੀਦਵਾਰ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਹੁਣ ਮਹਿਲਾ ਆਯੋਗ ਨੂੰ ਦੇਵੇਂਦਰ ਸਹਰਾਵਤ ‘ਤੇ ਕੇਸ ਦਰਜ ਕਰਵਾਉਣਾ ਚਾਹੀਦਾ ਹੈ।

'ਆਪ' ਔਰਤ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਦਿੱਲੀ ਦੇ ਵਿਧਾਇਕ ਦੇਵੇਂਦਰ ਸ਼ੇਰਾਵਤ ਦੇ ਖਿਲਾਫ ਪੰਜਾਬ ਮਹਿਲਾ ਆਯੋਗ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ

‘ਆਪ’ ਔਰਤ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਦਿੱਲੀ ਦੇ ਵਿਧਾਇਕ ਦੇਵੇਂਦਰ ਸ਼ੇਰਾਵਤ ਦੇ ਖਿਲਾਫ ਪੰਜਾਬ ਮਹਿਲਾ ਆਯੋਗ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ (6 ਸਤੰਬਰ, 2016)

ਵੀਰਵਾਰ ਨੂੰ ‘ਆਪ’ ਵੱਲੋਂ ਜਾਰੀ ਪ੍ਰੈਸ ਬਿਆਨ ‘ਚ ‘ਆਪ’ ਦੀਆਂ ਔਰਤ ਆਗੂਆਂ ਨੇ ਕਿਹਾ ਦੇਵੇਂਦਰ ਸਹਰਾਵਤ ਨੇ ਵਿਰੋਧੀਆਂ ਦੇ ਇਸ਼ਾਰੇ ‘ਤੇ ਆਮ ਆਦਮੀ ਪਾਰਟੀ ਦੇ ਆਗੂਆਂ ਉਤੇ ਅਜਿਹੇ ਝੂਠੇ ਇਲਜ਼ਾਮ ਲਗਾਏ ਸਨ, ਪਰ ਜਦ ਸਬੂਤ ਪੇਸ਼ ਕਰਨ ਦਾ ਸਮਾਂ ਆਇਆ ਤਾਂ ਉਹ ਸਬੂਤ ਪੇਸ਼ ਨਾ ਕਰ ਸਕਿਆ। ਸਬੂਤ ਪੇਸ਼ ਨਾ ਕਰਨ ਦੀ ਪੁਸ਼ਟੀ ਮਹਿਲਾ ਆਯੋਗ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਨੇ ਹੀ ਕਰ ਦਿਤੀ। ਇਸ ਲਈ ਦੇਵੇਂਦਰ ਸਹਰਾਵਤ ‘ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ, ਕਿਉਂਕਿ ਬਿਨਾਂ ਸਬੂਤ ਤੋਂ ਕਿਸੇ ਦਾ ਨਾਂ ਲਏ ਬਿਨਾਂ ਅਜਿਹੇ ਝੂਠੇ ਇਲਜ਼ਾਮ ਲਗਾ ਕੇ ਦੇਵੇਂਦਰ ਸਹਰਾਰਵਤ ਨੇ ਪੰਜਾਬ ਭਰ ਦੀ ਔਰਤਾਂ ਨੂੰ ਅਪਮਾਨਤ ਕੀਤਾ ਹੈ।

ਮਹਿਲਾ ਵਿੰਗ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਔਰਤ ਵਿੰਗ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹਰ ਗੱਲ ਨੂੰ ਬਤੰਗੜ ਬਣਾਉਣ ਵਾਲਿਆਂ ਨੂੰ ਦੇਵੇਂਦਰ ਸਹਰਾਵਤ ਦੀ ਟਿੱਪਣੀ ‘ਤੇ ਏਤਰਾਜ ਕਿਉਂ ਨਹੀਂ ਹੋ ਰਿਹਾ?

ਪੰਜਾਬ ਮਹਿਲਾ ਆਯੋਗ ਨੇ ਹੁਣ 29 ਸਤੰਬਰ ਨੂੰ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਬੁਲਾਇਆ ਹੈ। ਔਰਤ ਵਿੰਗ ਨੇ ਕਿਹਾ ਹੈ ਕਿ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੇ ਲਈ ‘ਆਪ’ ਦੇ ਆਗੂ ਮਹਿਲਾ ਆਯੋਗ ਸਮੇਤ ਹਰ ਜਾਂਚ ਵਿਚ ਸਹਿਯੋਗ ਕਰਨਗੇ।

ਪ੍ਰੋ. ਬਲਜਿੰਦਰ ਕੌਰ ਨੇ ਨਾਲ ਹੀ ਇਹ ਵੀ ਕਿਹਾ ਕਿ ਦੇਵੇਂਦਰ ਸਹਰਾਵਤ ਨੂੰ ਉਸਦੇ ਪਿਤਾ ਨੇ ਮਾਨਸਿਕ ਤੌਰ ‘ਤੇ ਬੀਮਾਰ, ਲਾਲਚੀ ਅਤੇ ਕਾਲਾ ਜਾਦੂ ਕਰਨ ਵਾਲਾ ਲਾਲਚੀ ਵਿਅਕਤੀ ਕਿਹਾ। ਉਸਦੇ ਪਿਤਾ ਨੇ ਲਿਖਿਤ ਸ਼ਿਕਾਇਤ ਵਿਚ ਦੇਵੇਂਦਰ ਸਹਰਾਵਤ ‘ਤੇ ਆਪਣੀ ਪਤਨੀ ਨਾਲ ਕੁਟਮਾਰ ਅਤੇ ਇਕ ਰਿਸ਼ਤੇਦਾਰ ਦੀ ਕੁੜੀ ਨਾਲ ਛੇੜਛਾੜ ਕਰਨ ਜਿਹੇ ਗੰਭੀਰ ਆਰੋਪ ਲਗਾਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,