ਆਮ ਖਬਰਾਂ

“ਖੇਤੀ ਸੰਕਟ-ਚੁਣੌਤੀਆਂ ਤੇ ਸੰਭਾਵਨਾਵਾਂ” ਵਿਸ਼ੇ ‘ਤੇ ਵਿਚਾਰ ਚਰਚਾ 2 ਅਕਤੂਬਰ ਨੂੰ ਚੰਡੀਗੜ੍ਹ ਵਿਖੇ

October 1, 2016 | By

ਚੰਡੀਗੜ੍ਹ: ਮਾਹਰ , ਸਿਆਸਤਦਾਨ , ਚਿੰਤਕ , ਸਮਾਜ ਸੇਵੀ ਤੇ ਜਨ ਸਧਾਰਨ ਇਸ ਸਚਾਈ ਨੂੰ ਪ੍ਰਵਾਨ ਕਰਦੇ ਹਨ ਕਿ ਖੇਤੀ ਲਾਹੇਵੰਦਾ ਧੰਦਾ ਨਹੀਂ ਰਿਹਾ। ਖੇਤੀ ਅਰਥ-ਵਿਵਸਥਾ ’ਤੇ ਨਿਰਭਰ ਕਿਸਾਨ-ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦਬੇ ਹੋਣ ਕਾਰਨ ਖ਼ੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੇ ਕੁਦਰਤੀ ਸੋਮਿਆਂ ਦੀ ਬੇਤਹਾਸ਼ਾ ਬਰਬਾਦੀ ਕੀਤੀ ਜਾ ਰਹੀ ਹੈ। ਧਰਤੀ ਹੇਠਲਾ ਪਾਣੀ ਖ਼ਤਰਨਾਕ ਹੱਦ ਤਕ ਡੂੰਘਾ ਚਲਿਆ ਗਿਆ ਹੈ, ਮਿੱਟੀ ਜ਼ਹਿਰੀਲੀ ਹੋ ਰਹੀ ਹੈ, ਵਧ ਰਹੀਆਂ ਬਿਮਾਰੀਆਂ ਆਬੋ-ਹਵਾ ਦੇ ਮਲੀਨ ਹੋਣ ਦੀ ਪੁਸ਼ਟੀ ਕਰਦੀਆਂ ਹਨ। ਸੂਬੇ ਦੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਦੇ ਹੋਏ ਕਿਸਾਨਾਂ ਦੀ ਆਮਦਨ ਵਧਾਉਣਾ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਵੱਡੀ ਚੁਣੌਤੀ ਹੈ। ਇਹ ਸਰਬਪੱਖੀ ਗੰਭੀਰ ਸੰਕਟ ਵਿਕਾਸ ਦੇ ਵਿਸ਼ਵਵਿਆਪੀ ਕਾਰਪੋਰੇਟ ਮਾਡਲ ਤੇ ਦੇਸ਼ ਦੀਆਂ ਨੀਤੀਆਂ ਨਾਲ ਵੀ ਕਾਫ਼ੀ ਹੱਦ ਤਕ ਸਬੰਧਿਤ ਹੈ।

kheti-sankat-in-punjab

ਪ੍ਰਤੀਕਾਤਮਕ ਤਸਵੀਰ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਜ਼ਰੂਰੀ ਹੈ ਕਿ ਖੇਤੀ ਅਰਥਚਾਰੇ ’ਤੇ ਨਿਰਭਰ ਵੱਡੀ ਆਬਾਦੀ ਦੇ ਮਨਾਂ ਵਿੱਚ ਉਮੀਦ ਜਗਾਉਣ ਦੇ ਲਈ ਗੰਭੀਰਤਾ ਨਾਲ ਸੋਚਿਆ ਜਾਵੇ ਤੇ ਨਿੱਠ ਕੇ ਚਰਚਾ ਕੀਤੀ ਜਾਵੇ। ਇਸ ਉਦੇਸ਼ ਦੀ ਪੂਰਤੀ ਲਈ ਪਿੰਡ ਬਚਾਓ-ਪੰਜਾਬ ਬਚਾਓ ਸੰਸਥਾ ਵਲੋਂ 2 ਅਕਤੂਬਰ 2016 ਨੂੰ ਚੰਡੀਗੜ੍ਹ ਦੇ ਸੈਕਟਰ 35 ਵਿਖੇ ਸਥਿਤ ਕਿਸਾਨ ਭਵਨ ‘ਚ ਇਕ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਵਿਚਾਰ ਚਰਚਾ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ ਤੱਕ ਚੱਲੇਗੀ।

ਇਸ ਵਿਚਾਰ ਚਰਚਾ ਵਿਚ ਖੇਤੀ ਮਾਹਰ, ਸਿਆਸਤਦਾਨ, ਹੋਰ ਚਿੰਤਕ, ਸਮਾਜਕ ਕਾਰਕੁਨ ਅਤੇ ਖੇਤੀ ਸਬੰਧਿਤ ਧੰਦਿਆਂ ਨਾਲ ਜੁੜੇ ਲੋਕ ਇੱਕ ਮੰਚ ‘ਤੇ ਆ ਕੇ, ਸਿਰ ਜੋੜ ਕੇ, ਵਿਚਾਰਾਂ ਕਰਨਗੇ ਤਾਂ ਜੋ ਇਸ ਸਬੰਧੀ ਆਮ ਰਾਏ ਬਣਾਈ ਜਾ ਸਕੇ।

ਪਿੰਡ ਬਚਾਓ-ਪੰਜਾਬ ਬਚਾਓ ਸੰਸਥਾ ਵਲੋਂ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਦੇ ਸੰਦਰਭ ਵਿੱਚ ਸਿੱਖਿਆ ਦੇ ਮੁੱਦੇ ’ਤੇ ਪਹਿਲਾਂ ਹੀ ਅਜਿਹਾ ਇੱਕ ਸਫ਼ਲ ਉਪਰਾਲਾ ਕੀਤਾ ਜਾ ਚੁੱਕਿਆ ਹੈ। ਖੇਤੀ ਸੰਕਟ ਬਾਰੇ ਚਰਚਾ ਇਸੇ ਕੜੀ ਦਾ ਦੂਜਾ ਪ੍ਰੋਗਰਾਮ ਹੈ।

ਸੰਸਥਾ ਵਲੋਂ ਮਾਹਰਾਂ ਅਤੇ ਇਸ ਵਿਸ਼ੇ ‘ਤੇ ਰੁਚੀ ਰੱਖਣ ਵਾਲਿਆਂ ਨੂੰ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ।

ਸੰਸਥਾ ਵਲੋਂ ਵਧੇਰੇ ਜਾਣਕਾਰੀ ਲਈ ਡਾ. ਪੀ.ਐਲ. ਗਰਗ (99145-05009), ਕਰਨੈਲ ਸਿੰਘ ਜਖੇਪਲ (96461-38183), ਪਸ਼ੌਰਾ ਸਿੰਘ ਸਿੱਧੂਪੁਰ (98551-88345) ਦੇ ਨੰਬਰ ਦਿੱਤੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,