January 4, 2015 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (3 ਜਨਵਰੀ, 2015): ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਤੇ ਮੁੱਖ ਮੰਤਰੀਆਂ ਨੂੰ ਪੱਤਰ ਭੇਜੇ ਗਏ ਹਨ ਅਤੇ ਕੁਝ ਥਾਵਾਂ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਸਿੱਖ ਵਫ਼ਦ ਵੀ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਮਿਲੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਸਜ਼ਾ ਪੂਰੀ ਕਰ ਚੁੱਕੇ ਵਰਿਆਮ ਸਿੰਘ ਦੀ ਰਿਹਾਈ ਲਈ ਸਿੱਖ ਵਫ਼ਦ ਜਲਦੀ ਹੀ ਉੱਤਰ ਪ੍ਰਦੇਸ਼ ਦੇ ਰਾਜਪਾਲ ਸ੍ਰੀ ਰਾਮ ਨਾਇਕ ਨੂੰ ਸਿੱਖ ਵਫ਼ਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿੱਚ 9 ਜਨਵਰੀ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਵਰਿਆਮ ਸਿੰਘ ਦੀ ਉਮਰ 90 ਸਾਲਾਂ ਤੋਂ ਵੱਧ ਹੋ ਚੁੱਕੀ ਹੈ ਅਤੇ ਜੇਲ੍ਹ ਵਿੱਚ ਹੀ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਚੁੱਕੀ ਹੈ। ਉਸ ਦੀ ਸਜ਼ਾ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਮਤਾ ਪਾਸ ਕਰਕੇ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਸਿੱਖ ਕੈਦੀਆਂ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਜੇਲ੍ਹਾਂ ਵਿੱਚ ਬੰਦ ਹਨ, ਦੀ ਰਿਹਾਈ ਲਈ ਵੇਰਵੇ ਵੀ ਤਿਆਰ ਕੀਤੇ ਗਏ ਹਨ।
ਇਨ੍ਹਾਂ ਸਿੱਖਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਜੰਮੂ-ਕਸ਼ਮੀਰ ਦੇ ਰਾਜਪਾਲ ਸ੍ਰੀ ਐਨ.ਐਨ. ਵੋਹਰਾ, ਕਰਨਾਟਕਾ ਦੇ ਮੁੱਖ ਮੰਤਰੀ ਸਿੱਧਾਰਮੱਈਆ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਯੂ. ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਰਾਜਪਾਲ ਸ੍ਰੀ ਰਾਮ ਨਾਇਕ, ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ, ਰਾਜਸਥਾਨ ਦੇ ਰਾਜਪਾਲ ਸ੍ਰੀ ਕਲਿਆਣ ਸਿੰਘ, ਹਰਿਆਣਾ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ, ਕਰਨਾਟਕਾ ਦੇ ਰਾਜਪਾਲ ਸ੍ਰੀ ਵਿਜੂਭਾਈ ਰਦਿਰਾਭਾਈ ਵਾਲਾ ਆਦਿ ਨੂੰ ਪੱਤਰ ਲਿਖ ਕੇ ਕੈਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਨੂੰ ਜੇਲ੍ਹਾਂ ਵਿੱਚ ਬੰਦ ਅਜਿਹੇ ਸਿੱਖ ਕੈਦੀਆਂ ਦੀ ਜੋ ਸੂਚੀ ਮਿਲੀ ਹੈ, ਉਸ ਮੁਤਾਬਿਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਿਹਾੜ ਜੇਲ੍ਹ ਦਿੱਲੀ, ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ੍ਹ ਪਟਿਆਲਾ, ਲਾਲ ਸਿੰਘ, ਦਿਲਬਾਗ ਸਿੰਘ ਤੇ ਸਰਵਣ ਸਿੰਘ ਨਾਭਾ ਜੇਲ੍ਹ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਬੁੜੈਲ ਜੇਲ੍ਹ, ਸੁਬੇਗ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ, ਨੰਦ ਸਿੰਘ ਕੇਂਦਰੀ ਜੇਲ੍ਹ ਪਟਿਆਲਾ, ਬਾਜ਼ ਸਿੰਘ ਤੇ ਹਰਦੀਪ ਸਿੰਘ ਕੇਂਦਰੀ ਜੇਲ੍ਹ ਅੰਮ੍ਰਿਤਸਰ, ਵਰਿਆਮ ਸਿੰਘ ਕੇਂਦਰੀ ਜੇਲ੍ਹ ਪੀਲੀਭੀਤ ਉੱਤਰ ਪ੍ਰਦੇਸ਼, ਗੁਰਦੀਪ ਸਿੰਘ ਖਹਿਰਾ ਕੇਂਦਰੀ ਜੇਲ੍ਹ ਗੁਲਬਰਗ ਕਰਨਾਟਕਾ, ਗੁਰਮੀਤ ਸਿੰਘ ਫੌਜੀ ਕੇਂਦਰੀ ਜੇਲ੍ਹ ਬੀਕਾਨੇਰ, ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਦਯਾ ਸਿੰਘ ਲਹੌਰੀਆ ਤਿਹਾੜ ਜੇਲ੍ਹ ਦਿੱਲੀ, ਬਾਪੂ ਡਾ. ਆਸਾ ਸਿੰਘ ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ, ਬਾਪੂ ਮਾਨ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਇਲਾਵਾ ਮਾਡਲ ਜੇਲ੍ਹ ਕਪੂਰਥਲਾ ਵਿੱਚ 11 ਸਿੱਖ ਕੈਦੀ, ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ ਵਿੱਚ 52 ਸਿੱਖ ਕੈਦੀ, ਕੇਂਦਰੀ ਜੇਲ੍ਹ ਨਾਭਾ ਵਿੱਚ 8, ਕੇਂਦਰੀ ਜੇਲ੍ਹ ਪਟਿਆਲਾ ਵਿੱਚ 4, ਤਿਹਾੜ ਜੇਲ੍ਹ ਦਿੱਲੀ ਵਿੱਚ 2, ਕੇਂਦਰੀ ਜੇਲ੍ਹ ਸਿਰਸਾ ਵਿੱਚ 7, ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ 11, ਅਮਫੂਲਾ ਜੇਲ੍ਹ ਜੰਮੂ ਵਿੱਚ 4 ਸਿੱਖ ਕੈਦੀਆਂ ਸਮੇਤ ਕੁੱਲ 119 ਸਿੱਖ ਕੈਦੀ ਸ਼ਾਮਲ ਹਨ, ਜਿਨ੍ਹਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਸਬੰਧਤ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਪੱਤਰ ਭੇਜ ਕੇ ਇਨ੍ਹਾਂ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਖਾਲਸਾ ਇਸੇ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹੋਏ ਹਨ ਅਤੇ ਸਰਕਾਰਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਲਗਾਤਾਰ ਮੰਗ ਕਰ ਰਹੇ ਹਨ। ਭੁੱਖ ਹੜਤਾਲ ਦਾ ਲੰਮਾ ਸਮਾਂ ਹੋ ਜਾਣ ਕਾਰਨ ਉਨ੍ਹਾਂ ਦੀ ਸਿਹਤ ਦਿਨੋ-ਦਿਨ ਵਿਗੜ ਰਹੀ ਹੈ ਅਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਵੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਨਿੱਘਰ ਰਹੀ ਸਿਹਤ ਵੱਲ ਕੇਂਦਰ ਸਰਕਾਰ ਤੇ ਸਬੰਧਤ ਸਰਕਾਰਾਂ ਨੇ ਧਿਆਨ ਨਾ ਦਿੱਤਾ ਤਾਂ ਇਸ ਤੋਂ ਪੈਦਾ ਹੋਣ ਵਾਲੇ ਹਾਲਾਤ ਲਈ ਸਬੰਧਤ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ।
Related Topics: Avtar Singh Makkar, Gurbaksh Singh Khalsa, Shiromani Gurdwara Parbandhak Committee (SGPC), Sikhs in Jails