January 7, 2015 | By ਸਿੱਖ ਸਿਆਸਤ ਬਿਊਰੋ
ਅੰਬਾਲਾ ਸ਼ਹਿਰ (6 ਜਨਵਰੀ, 2014): ਪ੍ਰਧਾਨ ਅਵਤਾਰ ਸਿੰਘ ਨੇ ਭਾਈ ਖਾਲਸਾ ਨੂੰ ਦੱਸਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਬੰਦੀ ਸਿੱਖਾਂ ਦੀ ਤੁਰੰਤ ਰਿਹਾਈ ਬਾਰੇ ਗੱਲ ਕਰਨਗੇ । ਇਸ ਤੋਂ ਇਲਾਵਾ 7 ਜਨਵਰੀ ਨੂੰ ਦਿੱਲੀ ਵਿਖੇ ਸੁਪਰੀਮ ਕੋਰਟ ਦੇ ਉਘੇ ਵਕੀਲਾਂ ਨਾਲ ਵੀ ਮੁਲਾਕਾਤ ਕਰਕੇ ਕਾਨੂੰਨੀ ਰਾਏ ਲੈਣਗੇ ।

ਭਾਈ ਗੁਰਬਖਸ਼ ਸਿੰਘ ਨੂੰ ਮਿਲਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ, ਜਗਦੀਸ਼ ਸਿੰਘ ਝੀਡਾ ਅਤੇ ਹੋਰ
ਜਥੇ: ਅਵਤਾਰ ਸਿੰਘ ਨੇ ਇਹ ਵੀ ਦੱਸਿਆ ਕਿ ਉਹ 9 ਜਨਵਰੀ ਨੂੰ ਲਖਨਊ ਵਿਚ ਯੂ. ਪੀ. ਦੇ ਰਾਜਪਾਲ ਨੂੰ ਮਿਲਣ ਲਈ ਜਾਣਗੇ, ਜਿੱਥੇ 90 ਸਾਲਾ ਭਾਈ ਵਰਿਆਮ ਸਿੰਘ ਦੀ ਜੇਲ੍ਹ ਤੋਂ ਰਿਹਾਈ ਬਾਰੇ ਗੱਲਬਾਤ ਲਈ ਸਮਾਂ ਲਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਉਹ ਕਈ ਵਾਰ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਚੁੱਕੇ ਹਨ । ਇਸ ਦੇ ਬਾਵਜੂਦ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ ।
ਜਥੇ: ਅਵਤਾਰ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਕੋਲ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ 119 ਸਿੱਖ ਕੈਦੀਆਂ ਦੀ ਸੂਚੀ ਹੈ, ਜਿਸ ਬਾਰੇ ਉਹ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਲਗਾਤਾਰ ਰਾਬਤਾ ਬਣਾਏ ਹੋਏ ਹਨ । ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਹੌਸਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਭਾਈ ਖਾਲਸਾ ਦੇ ਸੰਘਰਸ਼ ਦਾ ਸਮਰਥਨ ਕਰਦੇ ਹਨ ।
ਇਸ ਮੌਕੇ ‘ਤੇ ਜਥੇ: ਅਵਤਾਰ ਸਿੰਘ ਨੇ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਵਿਖੇ ਲੰਗਰ ਦੀ ਸੇਵਾ ਲਈ 5 ਲੱਖ ਰੁਪਏ ਤੁਰੰਤ ਮਨਜ਼ੂਰ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੌਲੀ ਅਤੇ ਨਰਮੈਲ ਸਿੰਘ ਜੌਲਾ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਖਟੜਾ ਵੀ ਹਾਜ਼ਰ ਸਨ ।
ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਉਥੇ ਪਹਿਲਾਂ ਤੋਂ ਬੈਠੇ ਸਨ ਙ ਉਹ ਕਰੀਬ ਪੌਣੇ 2 ਵਜੇ ਭਾਈ ਖਾਲਸਾ ਨੂੰ ਮਿਲਣ ਲਈ ਪੁੱਜੇ ਸਨ ।
ਭਾਈ ਖਾਲਸਾ ਨੇ ਪ੍ਰਧਾਨ ਨੂੰ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣਾ ਚਾਹੁੰਦੇ ਹਨ । ਇਸ ‘ਤੇ ਜਥੇਦਾਰ ਅਵਤਾਰ ਸਿੰਘ ਨੇ ਤੁਰੰਤ ਅੰਮਿ੍ਤਸਰ ਦਫ਼ਤਰ ਫੋਨ ਕਰਕੇ 7 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੇ ਹੁਕਮ ਦਿੱਤੇ ।
ਭਾਈ ਖਾਲਸਾ 8 ਜਨਵਰੀ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਪੁੱਜਣਗੇ, ਜਿੱਥੇ 9 ਜਨਵਰੀ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਵੇਗੀ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਜਾਵੇਗੀ।
Related Topics: Avtar Singh Makkar, Gurbaksh Singh Khalsa, Shiromani Gurdwara Parbandhak Committee (SGPC)