ਸਿੱਖ ਖਬਰਾਂ

ਲਾਵਾਰਿਸ ਲਾਸ਼ਾਂ ਦਾ ਪਰਦਾਫਾਸ਼ ਕਰਨ ਵਾਲੇ ਸ਼ਹੀਦ ਭਾਈ ਖਾਲੜਾ ਦਾ 21ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

September 6, 2016 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੌਰਾਨ ਪੰਜਾਬ ਪੁਿਲਸ ਅਤੇ ਨੀਮ ਫੌਜੀ ਦਸਤਿਆਂ ਵਲੋਂ ਲਾਵਾਰਿਸ ਕਹਿ ਕੇ ਸਾੜ ਦਿੱਤੇ ਗਏ 25 ਹਜ਼ਾਰ ਸਿੱਖ ਨੌਜਵਾਨਾਂ ਦੀ ਹੋਣੀ ਦਾ ਪਰਦਾਫਾਸ਼ ਕਰਦਿਆਂ ਖੁਦ ਸ਼ਹੀਦੀ ਪਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ ਅੱਜ 21ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇਸ ਅਹਿਦ ਨੂੰ ਦੁਹਰਾਇਆ ਕਿ ਲਾਵਾਰਿਸ ਲਾਸ਼ਾਂ ਕਹਿ ਕੇ ਪੁਲਿਸ ਵਲੋਂ ਖਪਾ ਦਿੱਤੇ ਗਏ ਸਿੱਖਾਂ ਦੇ ਪੀੜਤ ਪ੍ਰੀਵਾਰ ਸਾਡੇ ਆਪਣੇ ਹਨ ਤੇ ਇਨ੍ਹਾਂ ਨੂੰ ਇਨਸਾਫ ਦਿਵਾਉਣ ਤੀਕ ਆਰਗੇਨਾਈਜੇਸ਼ਨ ਦੀ ਜੰਗ ਜਾਰੀ ਰਹੇਗੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਬਾਬਾ ਦਰਸ਼ਨ ਸਿੰਘ ਤਰਨਤਾਰਨ, ਸ. ਹਰਦੀਪ ਸਿੰਘ ਡਿੱਬਡਿਬਾ, ਨੌਜੁਆਨ ਆਗੂ ਭਾਈ ਪਪਲਪ੍ਰੀਤ ਸਿੰਘ, ਸ. ਗੁਰਬਚਨ ਸਿੰਘ ਜਲੰਧਰ, ਸ. ਦਲਬੀਰ ਸਿੰਘ ਪੱਤਰਕਾਰ, ਸ. ਕ੍ਰਿਪਾਲ ਸਿੰਘ ਰੰਧਾਵਾ, ਐਡਵੋਕੇਟ ਜਗਦੀਪ ਸਿੰਘ ਰੰਧਾਵਾ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਸ਼ਾਮਿਲ ਸਨ।

ਪੀੜਤ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਤੀਕ ਜੰਗ ਜਾਰੀ ਰਹੇਗੀ: ਬੀਬੀ ਪਰਮਜੀਤ ਕੌਰ ਖਾਲੜਾ

ਬੁਲਾਰਿਆਂ ਨੇ ਇਕ ਅਵਾਜ਼ ਹੋ ਕੇ ਕਿਹਾ ਕਿ ਉਹ ਸ਼ਹੀਦ ਭਾਈ ਖਾਲੜਾ ਦੇ ਉਨ੍ਹਾਂ ਬੋਲਾਂ ਨੂੰ ਸੱਚ ਕਰਣ ਲਈ ਆਖਰੀ ਸਾਹ ਤੀਕ ਜੱਦੋ-ਜਹਿਦ ਕਰਨਗੇ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ “ਮੈਨੂੰ ਖਤਮ ਕਰਕੇ ਵੀ ਪੁਲਿਸ ਸੱਚ ਨਹੀਂ ਛੁਪਾ ਸਕੇਗੀ।” ਬੀਬੀ ਖਾਲੜਾ ਨੇ ਆਪਣੇ ਸੰਬੋਧਨ ਵਿੱਚ ਬਹੁਤ ਹੀ ਭਾਵੁਕ ਲਹਿਜੇ ਨਾਲ ਕਿਹਾ ਕਿ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਲਈ ਇਨਸਾਫ ਹਾਸਿਲ ਕਰਨਾ ਉਨ੍ਹਾਂ ਰਾਜਨੀਤਕ ਲੋਕਾਂ ਦੀ ਜ਼ਰੂਰਤ ਬਿਲਕੁਲ ਨਹੀਂ ਹੈ ਜੋ ਜੂਨ 1984 ਅਤੇ ਫਿਰ ਸਤੰਬਰ 1995 ਤੋਂ ਨਿਰੰਤਰ ਵਾਅਦਿਆਂ ਦੇ ਲੱਛੇਦਾਰ ਭਾਸ਼ਣ ਦੇਣ ਤੀਕ ਹੀ ਸੀਮਤ ਹਨ ਲੇਕਿਨ ਅਮਲੀ ਰੂਪ ਵਿੱਚ ਕੁਝ ਵੀ ਨਹੀਂ ਕਰ ਸਕੇ। ਬੀਬੀ ਖਾਲੜਾ ਨੇ ਕਿਹਾ ਕਿ ਅੱਜ ਜਿੰਨੇ ਵੀ ਪਰਿਵਾਰ ਇਥੇ ਜੁੜ ਬੈਠੇ ਹਨ ਉਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਆਪਣਾ ਪ੍ਰੀਵਾਰ ਹਨ, ਇਨ੍ਹਾਂ ਨੂੰ ਇਨਸਾਫ ਦਿਵਾਉਂਦਿਆਂ ਸਿੱਖਾਂ ਦੇ ਕਾਤਲ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਫਾਂਸੀ ਦੇ ਫੰਦੇ ਤੀਕ ਪਹੁੰਚਾਣ ਤਕ ਸਾਡਾ ਸੰਘਰਸ਼ ਜਾਰੀ ਰਹੇਗਾ।

Khalra Barsi 03

ਸ਼ਹੀਦ ਭਾਈ ਖਾਲੜਾ ਦੇ ਸ਼ਹੀਦੀ ਦਿਹਾੜੇ ‘ਤੇ ਪੁੱਜੀਆਂ ਸਿੱਖ ਸੰਗਤਾਂ

ਇਸ ਮੌਕੇ ਐਡਵੋਕੇਟ ਧਨਜੀਤ ਸਿੰਘ, ਜੋਗਿੰਦਰ ਸਿੰਘ ਫੌਜੀ, ਹਰਮਨਬੀਰ ਸਿੰਘ ਸਰਹਾਲੀ, ਸਤਿੰਦਰ ਸਿੰਘ ਪਲਾਸੌਰ, ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ, ਸ. ਪਰਮਜੀਤ ਸਿੰਘ ਗਾਜ਼ੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਖਾਲੜਾ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਿਰ ਸਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵਲੋਂ ਸ਼ਰਧਾਂਜਲੀ ਸਮਾਗਮ ਵਿੱਚ ਪੁਜੇ ਸ਼ਹੀਦ ਪ੍ਰੀਵਾਰਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,