ਸਿੱਖ ਖਬਰਾਂ

ਸਿੱਖ ਕੌਮ ਦੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ

December 7, 2017 | By

ਅੰਮ੍ਰਿਤਸਰ: ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਲੈ ਕੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨ ਦੇ ਸੰਘਰਸ਼ ‘ਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਪਰਮਜੀਤ ਸਿੰਘ ਕਾਲਾ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ, ਸ਼ਹੀਦ ਭਾਈ ਰਾਜਵਿੰਦਰ ਸਿੰਘ ਰਾਜਾ ਆਦਿ ਸਿੱਖ ਕੌਮ ਦੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੁੱਚੇ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਬਾਬਾ ਸਾਵਣ ਮੱਲ, ਪਿੰਡ ਛੱਜਲਵੱਡੀ, ਨੇੜੇ ਟਾਂਗਰਾ ਵਿਖੇ ਕਰਵਾਇਆ ਗਿਆ।

ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀਆਂ, ਢਾਡੀਆਂ, ਕਵੀਸ਼ਰਾਂ, ਪ੍ਰਚਾਰਕਾਂ, ਕਥਾਵਾਚਕਾਂ, ਸਿੱਖ ਪੰਥ ਦੀਆਂ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।

ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹਾਦਤਾਂ ਕਦੇ ਵੀ ਅਜਾਈਂ ਨਹੀਂ ਜਾਂਦੀਆਂ। ਸ਼ਹੀਦਾਂ ਨੇ ਆਪਣਾ ਆਪ ਨਿਛਾਵਰ ਕਰਕੇ ਕੌਮ ਦੀਆਂ ਜੜ੍ਹਾਂ ਮਜਬੂਤ ਕੀਤੀਆਂ ਹਨ। ਸ਼ਹੀਦ ਇਤਿਹਾਸ ਦੇ ਮਹਾਂਨਾਇਕ ਤੇ ਕੌਮਾਂ ਲਈ ਪ੍ਰੇਰਣਾ ਸਰੋਤ ਹੁੰਦੇ ਹਨ। ਪੰਜਾਬ ਦੇ ਚੱਪਾ-ਚੱਪਾ ਧਰਤੀ ‘ਤੇ ਸਿੱਖ ਯੋਧਿਆਂ ਦਾ ਲਹੂ ਦਿਖਾਈ ਦਿੰਦਾ ਹੈ। ਸਿੱਖ ਧਰਮ ‘ਚ ਸ਼ਹੀਦੀ ਦਾ ਸਥਾਨ ਬਹੁਤ ਉੱਚਾ ਅਤੇ ਮਹਾਨ ਹੈ। ਸਾਡੇ ਧਰਮ ‘ਚ ਗੁਰੂ ਸਾਹਿਬਾਨਾਂ ਤੋਂ ਬਾਅਦ ਸ਼ਹੀਦਾਂ ਨੂੰ ਸਤਿਕਾਰ ਹਾਸਲ ਹੈ। ਸ਼ਹਾਦਤ “ਅਕਾਲ ਪੁਰਖ ਵਾਹਿਗੁਰੂ” ਦਾ ਖੂਬਸੂਰਤ ਤੋਹਫਾ ਹੈ ਜੋ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਸਾਡੀ ਹੋਂਦ ਅਤੇ ਪਛਾਣ ਸ਼ਹੀਦਾਂ ਦੀ ਹੀ ਦੇਣ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਇਥੇ ਸਮੇਂ-ਸਮੇਂ ‘ਤੇ ਅਣਗਿਣਤ ਸਿੰਘਾਂ–ਸਿੰਘਣੀਆਂ ਨੇ ਸਿੱਖੀ ਸਿਧਾਂਤਾਂ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਅਖੌਤੀ ਅਜ਼ਾਦੀ ਤੋਂ ਬਾਅਦ ਪੰਥ ਅਤੇ ਪੰਜਾਬ ਦੇ ਨਾਲ, ਧੱਕਾ, ਵਿਤਕਰਾ, ਬੇਇਨਸਾਫੀ ਤੇ ਜ਼ੁਲਮ ਹੀ ਹੋਇਆ ਹੈ। ਆਪਣੇ ਹੱਕਾਂ ਦੀ ਰਾਖੀ ਲਈ ਸਿੱਖ ਕੌਮ ਨੇ ਸ਼ਾਂਤਮਈ ਸੰਘਰਸ਼ ਵਿਢਿਆ, ਪਰ ਭਾਰਤ ਸਰਕਾਰ ਵਲੋਂ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਨ ਤੋਂ ਬਾਅਦ ਸਿੱਖਾਂ ਨੇ ਹਥਿਆਂਰਬੰਦ ਸੰਘਰਸ਼ ਦਾ ਰਾਹ ਚੁਣਿਆ ਜਿਸ ਤਹਿਤ ਅਨੇਕਾਂ ਪਰਵਾਨਿਆਂ ਨੇ ਸ਼ਹਾਦਤਾਂ ਦੇ ਜਾਮ ਪੀਤੇ। ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

shaheedi samagam

ਸਿੱਖ ਕੌਮ ਦੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਕਰਵਾਇਆ

ਇਸ ਸਮਾਗਮ ਵਿੱਚ ਸ਼ਹੀਦ ਭਾਈ ਸੁਰਜੀਤ ਸਿੰਘ ਗਧਲੀ, ਸ਼ਹੀਦ ਭਾਈ ਦਲਜੀਤ ਸਿੰਘ ਗਧਲੀ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਗਧਲੀ, ਸ਼ਹੀਦ ਭਾਈ ਕਾਬਲ ਸਿੰਘ ਭੁੱਲਰ, ਸ਼ਹੀਦ ਭਾਈ ਹਮਿੰਦਰਪਾਲ ਸਿੰਘ ਮਿੰਨੀ ਬਰਾੜ (ਟਾਂਗਰਾ), ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ, ਸ਼ਹੀਦ ਭਾਈ ਸੰਗਤ ਸਿੰਘ ਲਾਡੀ ਟਿੱਮੋਵਾਲ, ਸ਼ਹੀਦ ਭਾਈ ਸੁਖਦੇਵ ਸਿੰਘ ਢੰਡ, ਸ਼ਹੀਦ ਭਾਈ ਚੈਂਚਲ ਸਿੰਘ ਉਦੋਕੇ, ਸ਼ਹੀਦ ਭਾਈ ਚਰਨਜੀਤ ਸਿੰਘ ਉਦੋਗੇ, ਸ਼ਹੀਦ ਭਾਈ ਸੁਰਜੀਤ ਸਿੰਘ ਛੱਜਲਵੱਡੀ, ਸ਼ਹੀਦ ਭਾਈ ਗੁਰਜੀਤ ਸਿੰਘ ਫੁੱਮਣ, ਸ਼ਹੀਦ ਭਾਈ ਲਖਵਿੰਦਰ ਸਿੰਘ ਛੱਜਲਵੱਡੀ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ, ਸ਼ਹੀਦ ਭਾਈ ਬਲਵਿੰਦਰ ਸਿੰਘ ਬਿੰਦੂ (ਚਿੰਮਾ ਖੁੱਡੀ) ਦੇ ਪਰਵਾਰਕ ਜੀਆਂ ਨੇ ਹਾਜ਼ਰੀ ਭਰੀ।

ਇਸ ਮੌਕੇ ਭਾਈ ਨਿਰਮਲ ਸਿੰਘ ਨਿੰਮਾ, ਭਾਈ ਮਨਧੀਰ ਸਿੰਘ, ਬਲਵੰਤ ਸਿੰਘ ਗੋਪਾਲਾ, ਰਣਜੀਤ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ, ਜਥੇਦਾਰ ਸਵਰਨ ਸਿੰਘ, ਗਿਆਨੀ ਹਰਚਰਨ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਬੰਟੀ, ਪਰਗਟ ਸਿੰਘ, ਸਰਬਜੀਤ ਕੌਰ, ਰਾਜਿੰਦਰ ਕੌਰ, ਸੁਖਚੈਨ ਸਿੰਘ ਗੋਪਾਲਾ, ਕਵਲਜੀਤ ਸਿੰਘ, ਪਪਲਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਅਮਰਜੀਤ ਸਿੰਘ ਨੇ ਨਿਭਾਈ। ਅਮਰਜੀਤ ਸਿੰਘ ਨੇ ਕਿਹਾ ਕਿ ਇਸ ਸ਼ਹੀਦੀ ਸਮਾਗਮ ਵਿੱਚ ਇੰਗਲੈਂਡ ਤੋਂ ਭਾਈ ਮਨਜੀਤ ਸਿੰਘ ਅਤੇ ਰਜਿੰਦਰ ਸਿੰਘ ਅਤੇ ਅਮਰੀਕਾ ਤੋਂ ਭਾਈ ਚਰਨਦੀਪ ਸਿੰਘ, ਲਖਵਿੰਦਰ ਸਿੰਘ ਅਤੇ ਜੇ.ਪੀ. ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੁਨੇਹੇ ਭੇਜੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,