ਸਿੱਖ ਖਬਰਾਂ

ਦਰਬਾਰ ਸਾਹਿਬ ਨੇੜੇ ਤੰਬਾਕੂ ਵੇਚ ਰਹੇ ਦੁਕਾਨਦਾਰਾਂ ‘ਤੇ ਸਿੱਖ ਕਾਰਜਕਰਤਾਵਾਂ, ਪੁਲਿਸ ਨੇ ਕੀਤੀ ਕਾਰਵਾਈ

April 25, 2017 | By

ਅੰਮ੍ਰਿਤਸਰ: ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਣਾਈ ਰੱਖਣ ਲਈ ਉਨ੍ਹਾਂ ਸਥਾਨਾਂ ਦੇ ਨੇੜੇ ਪ੍ਰਸ਼ਾਸਨ ਵਲੋਂ ਤੰਬਾਕੂ ਪਦਾਰਥਾਂ ਦੀ ਵਿਕਰੀ ‘ਤੇ ਪਾਬੰਦੀ ਲਾਈ ਗਈ ਹੈ। ਪਰ ਸਖਤ ਪਾਬੰਦੀਆਂ ਦੇ ਬਾਵਜੂਦ ਵੀ ਦਰਬਾਰ ਸਾਹਿਬ ਦੀ ਪਰਕਰਮਾ ਤੋਂ ਕੁਝ ਗਜਾਂ ਦੀ ਦੂਰੀ ‘ਤੇ ਹੀ ਪਾਬੰਦੀ ਸ਼ੁਦਾ ਤੰਬਾਕੂ ਪਦਾਰਥ ਵੇਚੇ ਜਾ ਰਹੇ ਸੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਂ ਦੀ ਇਕ ਸਿੱਖ ਜਥੇਬੰਦੀ ਦੇ ਮੈਂਬਰਾਂ ਨੇ ਜਲੀਆਂਵਾਲਾ ਬਾਗ ਦੇ ਨੇੜੇ ਇਕ ਦੁਕਾਨ ‘ਤੇ ਸਿਗਰਟ, ਖੈਨੀ, ਗੁਟਖਾ ਆਦਿ ਤੰਬਾਕੂ ਪਦਾਰਥਾਂ ਦੇ ਵਿਕਣ ਦਾ ਮਾਮਲਾ ਸਾਹਮਣੇ ਲਿਆਂਦਾ।

ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ ਇਹ ਦੁਕਾਨਦਾਰ ਕੋਲਡ ਡ੍ਰਿੰਕਸ ਅਤੇ ਹੋਰ ਖਾਣ ਦੇ ਸਮਾਨ ਵੇਚਦਾ ਸੀ, ਜਾਂਚ ‘ਚ ਪਤਾ ਲੱਗਿਆ ਕਿ ਪ੍ਰਸ਼ਾਸਨ ਤੋਂ ਬਚਣ ਲਈ ਇਸਨੇ ਆਪਣੇ ਕਾਉਂਟਰ ਦੇ ਹੇਠਾਂ ਤੰਬਾਕੂ ਪਦਾਰਥਾਂ ਨੂੰ ਰੱਖਿਆ ਹੋਇਆ ਸੀ। ਸਿੱਖ ਕਾਰਜਕਰਤਾ ਬਲਬੀਰ ਸਿੰਘ ਮੁੱਛਲ ਦੀ ਅਗਵਾਈ ‘ਚ ਕੁਝ ਹੋਰ ਦੁਕਾਨਾਂ ਦੀ ਵੀ ਜਾਂਚ ‘ਚ ਜਲਿਆਂਵਾਲਾ ਬਾਗ ਦੇ ਨੇੜੇ ਅੱਠ ਅਜਿਹੀਆਂ ਦੁਕਾਨਾਂ ਦਾ ਪਤਾ ਲੱਗਿਆ ਜੋ ਤੰਬਾਕੂ ਉਤਪਾਦ ਵੇਚ ਰਹੀਆਂ ਸਨ।

ਮਿਲੀ ਜਾਣਕਾਰੀ ਮੁਤਾਬਕ ਇਕ ਦੁਕਾਨਦਾਰ ਕੋਲ ‘ਹੁੱਕਾ’ ਪੀਣ ‘ਚ ਇਸਤੇਮਾਲ ਹੋਣ ਵਾਲਾ ਨਸ਼ਾ ਵੀ ਬਰਾਮਦ ਕੀਤਾ ਗਿਆ।

ਸਿੱਖ ਜਥੇਬੰਦੀ ਦੇ ਮੈਂਬਰਾਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਇਨ੍ਹਾਂ ਦੁਕਾਨਾਂ ‘ਤੇ ਵਿਕਣ ਵਾਲੇ ਤੰਬਾਕੂ ਪਦਾਰਥਾਂ ਬਾਰੇ ਸ਼ਿਕਾਇਤ ਕੀਤੀ। ਜਦੋਂ ਪੁਲਿਸ ਨੇ ਵੀ ਆਪਣੀ ਜਾਂਚ ‘ਚ ਇਨ੍ਹਾਂ ਇਤਰਾਜ਼ਯੋਗ ਪਦਾਰਥਾਂ ਨੂੰ ਬਰਾਮਦ ਕੀਤਾ ਤਾਂ ਉਨ੍ਹਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਬੁਲਾ ਲਿਆ। ਹਿੰਦੁਸਤਾਨ ਟਾਈਮਸ ਦੀ ਰਿਪੋਰਟ ਮੁਤਾਬਕ ਥਾਣਾ ਕੋਤਵਾਲੀ ਦੇ ਐਸ.ਐਚ.ਓ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਕੁਲ ਅੱਠ ਦੁਕਾਨਦਾਰਾਂ ਕੋਲੋਂ ਇਤਰਾਜ਼ਯੋਗ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਚਲਾਨ ਕੱਟ ਕੇ ਜ਼ੁਰਮਾਨਾ ਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦੁਕਾਨਦਾਰਾਂ ਨੇ ਜਦੋਂ ਦੇਖਿਆ ਕਿ ਸਿੱਖ ਕਾਰਜਕਰਤਾ ਅਤੇ ਪੁਲਿਸ ਦੁਕਾਨਾਂ ਦੀ ਜਾਂਚ ਕਰ ਰਹੀ ਹੈ ਤਾਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ।

ਸਿੱਖ ਕਾਰਜਕਰਤਾ ਪਪਲਪ੍ਰੀਤ ਸਿੰਘ ਨੇ ਕਿਹਾ, “ਨਾ ਸਿਰਫ ਪ੍ਰਸ਼ਾਸਨ, ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੂੰਘੀ ਨੀਂਦ ‘ਚ ਹਨ, ਉਹ ਕਦੇ ਵੀ ਜਾਂਚ ਨਹੀਂ ਕਰਦੇ ਕਿ ਦਰਬਾਰ ਸਾਹਿਬ ਦੇ ਨੇੜੇ-ਤੇੜੇ ਕੀ ਹੋ ਰਿਹਾ ਹੈ।”

ਸਿੱਖ ਕਾਰਜਕਰਤਾ ਅਤੇ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ

ਸਿੱਖ ਕਾਰਜਕਰਤਾ ਅਤੇ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਤੰਬਾਕੂ ਵੇਚਣ ਵਾਲੀਆਂ ਦੁਕਾਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ

ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਤੋਂ ਬਾਹਰ ਹਨ, ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ।

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਹਰਭਰਨ ਸਿੰਘ ਮਨਾਵਾਂ ਨੇ ਕਿਹਾ ਕਿ ਸ਼ਰਾਬ ਅਤੇ ਹੋਰ ਨਸ਼ੇ ਨਾ ਸਿਰਫ ਦਰਬਾਰ ਸਾਹਿਬ ਅੰਦਰ ਸਗੋਂ ਸਾਰੇ ਪੁਰਾਣੇ ਸ਼ਹਿਰ ‘ਚ ਪਾਬੰਦੀਸ਼ੁਦਾ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਸਿਰਫ ਪ੍ਰਸ਼ਾਸਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਜਾਰੀ ਆਪਣੇ ਚੋਣ ਮਨੋਰਥ ਪੱਤਰ ‘ਚ ਵਾਅਦਾ ਕੀਤਾ ਸੀ ਕਿ ਉਹ ਅੰਮ੍ਰਿਤਸਰ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦੇਣਗੇ ਤਾਂ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਵਾਬ ‘ਚ ਕਿਹਾ ਕਿ ਅੰਮ੍ਰਿਤਸਰ ਤਾਂ ਪਿਛਲੇ ਤਿੰਨ ਦਹਾਕਿਆਂ ਤੋਂ ‘ਪਵਿੱਤਰ ਸ਼ਹਿਰ’ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Activists, Police Take Action Against those Tobacco near Darbar Sahib Complex …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,