ਸਿੱਖ ਖਬਰਾਂ

ਬਰਗਾੜੀ ਬੇਅਦਬੀ ਕੇਸ ਵਿੱਚ ਫੜੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਇਆ ਰੋਸ ਮਾਰਚ, ਸਰਕਾਰ ਨੂੰ 25 ਅਕਤੂਬਰ ਤੱਕ ਦਾ ਦਿੱਤਾ ਸਮਾਂ

October 24, 2015 | By

ਫਰੀਦਕੋਟ (23 ਅਕਤੂਬਰ, 2015): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਵਿੱਚ ਅਸਲ ਦੋਸ਼ੀਆਂ ਨੂੰ ਪੜਨ ਵਿੱਚ ਨਾਕਾਮ ਜਾਂ ਜਾਣ ਬੁੱਝ ਕੇ ਨਾ ਫੜ ਰਹੀ ਪੰਜਾਬ ਪੁਲਿਸ ਵੱਲੋਂ ਇਸ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਸਿੱਖ ਨੌਜਵਾਨਾਂ ‘ਤੇ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰਨ ਵਿਰੱਧ ਸਿੱਖ ਜਥੇਬੰਦੀਆਂ ਨੇ ਬੇਕਸੂਰ ਐਲਾਨਦਿਆਂ ਅੱਜ ਪਿੰਡ ਪੰਜਗਰਾਈਂ ਖੁਰਦ ਤੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਦਫ਼ਤਰ ਤੱਕ ਸ਼ਾਂਤਮਈ ਰੋਸ ਮਾਰਚ ਕੀਤਾ।

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਕੱਤਰ ਹੋਈ ਸਿੱਖ ਸੰਗਤ

ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਇਕੱਤਰ ਹੋਈ ਸਿੱਖ ਸੰਗਤ

ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੇਦੋਸ਼ੇ ਦੋਂ ਸਿੱਖ ਨੌਜਵਾਨਾਂ ’ਤੇ ਪਾਏ ਝੂਠੇ ਪਰਚੇ ਨੂੰ ਰੱਦ ਕਰਵਾਉਣ ਲਈ ਅਤੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਦੇ ਨਾਮ 302 ਮੁਕੱਦਮਾ ਕਤਲ ਦਰਜ਼ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ।

ਉਕਤ ਮੌਕੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖਾਲਸਾ,ਸੰਤ ਰਣਜੀਤ ਸਿੰਘ ਢੰਡਰੀਆਵਾਲੇ,ਬਾਬਾ ਬਲਜੀਤ ਸਿੰਘ ਦਾਦੂਵਾਲ,ਦਲੇਰ ਸਿੰਘ ਖੇੜੀ,ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲ ਦੋਸ਼ੀਆ ਨੂੰ ਫੜਨ ਦੀ ਬਜਾਏ ਕੇਵਲ ਫੋਨ ਰਿਕਾਰਡਿੰਗ ਦੇ ਅਧਾਰ ਤੇ ਸਿੱਖ ਨੌਜਵਾਨਾਂ ਤੇ ਹੀ ਕੇਸ ਪਾ ਦੇਣਾ ਬਹੁਤ ਵੱਡੀ ਬੇਇਨਾਸਾਫੀ ਹੈ।

ਉਨਾਂ ਕਿਹਾ ਕਿ ਜਦੋ ਫੋਨ ਤੇ ਗੱਲਬਾਤ ਕਰਨ ਵਾਲੇ ਐਨ.ਆਰ.ਆਈਜ ਨੇ ਕੌਮੀ ਰੇਡੀਓ ਅਤੇ ਸ਼ੋਸ਼ਲ ਮੀਡੀਆ ਰਾਂਹੀ ਸਪੱਸ਼ਟੀਕਰਨ ਦੇ ਦਿੱਤਾ ਹੈ ਤਾਂ ਫਿਰ ਬਾਕੀ ਮੁੱਦਾ ਕੀ ਰਹਿ ਗਿਆ ਹੈ। ਖਾਸ ਗੱਲ ਇਹ ਵੀ ਹੈ ਕਿ ਜਦੋਂ ਪੁਲਿਸ ਵੱਲੋਂ ਸ਼ੱਕੀ ਵਿਅਕਤੀਆ ਦਾ ਸਕੈਚ ਜਾਰੀ ਕੀਤਾ ਗਿਆ ਤਾਂ ਉਹ ਮੋਨੇ ਸਨ,ਪਰ ਹੁਣ ਪੂਰਨ ਗੁਰਸਿੱਖਾਂ ਤੇ ਇਹ ਕੇਸ ਪਾ ਦੇਣਾ ਸਮਝ ਤੋਂ ਬਾਹਰ ਹੈ ।

ਉਨਾਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਕੋਲ ਕੇਵਲ 48 ਘੰਟੇ ਬਾਕੀ ਹਨ,ਜੇਕਰ ਸ਼ਹੀਦ ਸਿੰਘਾਂ ਦੇ ਭੋਗ ਤੱਕ ਸਾਨੂੰ ਇਨਸਾਫ ਨਾ ਮਿਲਿਆ ਤਾਂ ਭੋਗ ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ।

ਉਹ ਸੰਘਰਸ਼ 14 ਅਕਤੂਬਰ ਦੇ ਪੰਜਾਬ ਬੰਦ ਵਾਲੇ ਹਲਾਤਾਂ ਤੋਂ ਵੀ ਸਖਤ ਹੋਵੇਗਾ। ਉਨਾਂ ਕਿਹਾ ਕਿ ਹੁਣ ਉਹ ਸਮਾਂ ਗਿਆ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਸਨ ਤੇ ਕੋਈ ਵੀ ਪੈਰਵਾਈ ਕਰਨ ਵਾਲਾ ਨਹੀ ਹੁੰਦਾ ਸੀ,ਪਰ ਹੁਣ ਸਿੱਖ ਕੌਮ ਜਾਗਰੂਕ ਹੋ ਚੁੱਕੀ ਹੈ। ਕੋਟਕਪੂਰਾ ਦੇ ਪੁਲਿਸ ਸਟੇਸ਼ਨ ਤੋਂ ਲੈ ਕੇ ਯੂ.ਐਨ.ਓ ਤੱਕ ਪਹੁੰਚ ਰੱਖਦੀ ਹੈ । ਉਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲ ਐਸ.ਐਚ.ਫਲੂਕਾ ਸਮੇਤ ਅਨੇਂਕਾ ਵਕੀਲਾ ਨੇ ਇਹ ਕੇਸ ਮੁਫਤ ਵਿੱਚ ਲੜਨ ਲਈ ਵੀ ਕਿਹਾ ਹੈ ਤਾਂ ਜੋ ਨੌਜਵਾਨ ਨੂੰ ਛੁਡਵਾਇਆ ਜਾ ਸਕੇ।

ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਪਿ੍ਰੰਸੀਪਲ ਅਵਤਾਰ ਸਿੰਘ ਖੋਸਾ,ਵੱਸਣ ਸਿੰਘ ਜੱਫਰਵਾਲ, ਬਾਬਾ ਅਵਤਾਰ ਸਿੰਘ ਸਾਧਾਂਵਾਲਾ,ਭਾਈ ਮੋਹਕਮ ਸਿੰਘ, ਭਾਈ ਰਜਿੰਦਰ ਸਿੰਘ ਢੁਪਾਲੀ,ਬਾਬਾ ਰੇਸ਼ਮ ਸਿੰਘ ਖੁਖਰਾਣਾ,ਭਾਈ ਹਜਿੰਦਰ ਸਿੰਘ ਮਾਝੀ, ਬਾਬਾ ਬਲਦੇਵ ਸਿੰਘ ਜੋਗੇਵਾਲ, ਸਤਨਾਮ ਸਿੰਘ ਚੰਦੜ, ਪਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਇਸ ਸੰਘਰਸ਼ ਵਿੱਚ ਪੂਰੀ ਤਰਾਂ ਇਕਮੁੱਠ ਹੈ ’ਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੇ ਹਨ,ਇਸ ਕਰਕੇ ਹੀ ਮੁਸਲਮਾਨ ਭਾਈਚਾਰਾ ਅਤੇ ਹਿੰਦੂ ਭਰਾਂ ਵੀ ਇਸ ਸੰਘਰਸ਼ ਵਿੱਚ ਪੂਰਾ ਸਾਥ ਦੇ ਰਹੇ ਹਨ।

ਉਨਾਂ ਕਿਹਾ ਕਿ ਜਦੋਂ ਵੀ ਪੂਰੇ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਤਾਂ ਸਾਰਿਆ ਨੇ ਸਾਡਾ ਸਾਥ ਦਿੱਤਾ ਤੇ ਅਸੀ ਵੀ ਪੂਰੀ ਕੋਸਿਸ਼ ਕੀਤੀ ਕਿ ਲਗਾਤਾਰ ਚੱਲ ਰਹੇ ਰੋਸ ਧਰਨਿਆ ਵਿੱਚ ਨਾ ਤਾਂ ਕੋਈ ਦੁਕਾਨ ਬੰਦ ਕਰਵਾਈ ਤੇ ਨਾ ਹੀ ਜਰੂਰੀ ਵਸਤਾ, ਸਕੂਲ ਵੈਨਾਂ,ਐਬੂਲੈਂਸਾਂ,ਆਦਿ ਨੂੰ ਰੋਕਿਆ ਗਿਆ।

ਉਨ੍ਹਾਂ ਦੱਸਿਆ ਕਿ 25 ਅਕਤੂਬਰ ਦਿਨ ਐਤਵਾਰ ਨੂੰ ਬਰਗਾੜੀ ਪਿੰਡ ਦੇ ਸਟੇਡੀਅਮ ਵਿੱਚ ਹੀ ਸਹੀਦਾ ਦਾ ਭੋਗ ਪਾਇਆ ਜਾਵੇਗਾ ,ਇਸ ਦਿਨ ਪੰਜਾਬ ਵਿੱਚ ਕਿਤੇ ਵੀ ਧਰਨਾ ਨਹੀ ਲੱਗੇਗਾ । ਸਾਰੀ ਸੰਗਤ ਭੋਗ ਤੇ ਪਹੁੰਚੇਗੀ ’ਤੇ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ ।

ਉਨਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਵੱਲੋਂ ਵਿਧਾਇਕਾ ਨੂੰ ਉਸੇ ਦਿਨ ਹੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਹਲਕਾ ਵਾਇਜ ਪਾਉਣ ਲਈ ਨਿਰਦੇਸ਼ ਜਾਰੀ ਕਰਨਾ ਸ਼ਹੀਦੀ ਸਮਾਗਮ ਤੇ ਪਹੁੰਚਣ ਵਾਲੀ ਸੰਗਤ ਨੂੰ ਰੋਕਣ ਲਈ ਅਸਫਲ ਕੋਸ਼ਿਸ਼ ਕਰਨਾ ਹੈ, ਅਜਿਹੀਆ ਕੋਝੀਆ ਚਾਲਾਂ ਸ਼ੋਭਾ ਨਹੀ ਦਿੰਦੀਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,