November 14, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਲੰਘੀ 11 ਨਵੰਬਰ ਨੂੰ ਦਲ ਖ਼ਾਲਸਾ ਦੇ ਯੂਥ ਵਿੰਗ, ਸਿੱਖ ਯੂਥ ਆਫ ਪੰਜਾਬ ਦੇ ਕਾਰਜਕਰਤਾਵਾਂ ਨੇ ਬੰਦੀ ਛੋੜ ਦਿਵਸ ਦੀ ਪੂਰਵ ਸੰਧਿਆ ਮੌਕੇ ਸੱਚਖੰਡ ਦਰਬਾਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਤੰਦਰੁਸਤੀ, ਚੜ੍ਹਦੀ ਕਲਾ ਅਤੇ ਬੰਦ ਖ਼ਲਾਸੀ ਲਈ ਅਰਦਾਸ ਕੀਤੀ।
ਇਸ ਮੌਕੇ ਉਹਨਾਂ ਪੰਥਕ ਸੰਸਥਾਵਾਂ ਵਲੋਂ ਇਸ ਮਿਸ਼ਨ ਲਈ ਆਰੰਭੇ ਉੱਦਮ ਤੇ ਉਪਰਾਲਿਆਂ ਦੀ ਸਫ਼ਲਤਾ ਲਈ ਵੀ ਅਰਦਾਸ ਕੀਤੀ।
ਜਥੇਬੰਦੀ ਦੇ ਮੈਂਬਰਾਂ ਨੇ ਲੰਮੇ ਸਮੇ ਤੋਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜੁਝਾਰੂਆਂ ਤੋਂ ਇਲਾਵਾ ਜੱਗੀ ਜੌਹਲ ਤੇ ਸਾਥੀ, ਹਾਲ ਹੀ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਸੰਨੀ ਅਤੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਫੜੀਆਂ ਸਨ ਜਿਸ ਉਤੇ ਸਰਕਾਰਾਂ ਲਈ ਸੁਨੇਹੇ ਅਤੇ ਸੰਗਤਾਂ ਦੇ ਨਾਮ ਪੈਗਾਮ ਲਿਖੇ ਹੋਏ ਸਨ।
ਨੌਜਵਾਨਾਂ ਵਲੋਂ ਇਹਨਾਂ ਨਜ਼ਰਬੰਦੀਆਂ ਖ਼ਿਲਾਫ਼ ਕਾਨੂੰਨੀ ਅਤੇ ਰਾਜਨੀਤਿਕ ਤਰੀਕਿਆਂ ਨਾਲ ਕੌਮੀ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦਸਿਆ ਕਿ ਇਹਨਾਂ ਦੀਆਂ ਰਿਹਾਈਆਂ ਕਿਸੇ ਰਹਿਮ ਦੀ ਮੁਹਤਾਜ ਨਹੀਂ ਹਨ। ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਈ ਹਰ ਕੈਦੀ ਦਾ ਮੌਲਿਕ ਤੇ ਮਨੁੱਖੀ ਅਧਿਕਾਰ ਹੈ, ਭਾਰਤ ਸਰਕਾਰ ਇਹਨਾਂ ਨੂੰ ਰਿਹਾਅ ਨਾ ਕਰਕੇ ਇਹਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ।
ਯੂਥ ਆਗੂ ਅਤੇ ਨੌਜਵਾਨ ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾ ਨੇ ਦਸਿਆ ਕਿ ਸਿੱਖ ਰਾਜਸੀ ਕੈਦੀਆਂ ਦਾ ਮੁੱਦਾ ਨਵੰਬਰ 2019 ਵਿੱਚ ਗੁਰੂ ਨਾਨਕ ਸਾਹਿਬ ਦੇ 550ਵੇ ਗੁਰਪੁਰਬ ਤੋਂ ਪੰਜਾਬ ਅਤੇ ਪੰਥਕ ਪਿੜ ਅੰਦਰ ਛਾਇਆ ਰਿਹਾ। ਉਹਨਾਂ ਕਿਹਾ ਕਿ ਇਹ ਬੰਦੀ ਸਿੰਘ, ਸਿੱਖ ਸੰਘਰਸ਼ ਦੌਰਾਨ ਜੱਦੋ-ਜਹਿਦ ਕਰਦਿਆਂ ਭਾਰਤ ਸਟੇਟ ਦੇ ਕੈਦੀ ਬਣੇ ਹਨ।
ਇਸ ਮੌਕੇ ਪ੍ਰਭਜੀਤ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਕਾਹਨੂੰਵਾਨ, ਸਤਬੀਰ ਸਿੰਘ, ਸੁਖਜਿੰਦਰ ਸਿੰਘ ਟੇਰਕਿਆਣਾ, ਵਿੱਕੀ ਸਿੰਘ ਖੋਸਾ ਆਦਿ ਹਾਜਿਰ ਸਨ।
Related Topics: Bandi Singhs, Dal Khalsa, Sikh Youth of Punjab