ਸਿਆਸੀ ਖਬਰਾਂ

ਬਾਦਲ ਦਲ ਦਾ ਬਾਈਕਾਟ ਕਰੋ ਅਤੇ ਹਰਾ ਸਕਣ ਦੇ ਸਮਰੱਥ ਉਮੀਦਵਾਰਾਂ ਨੂੰ ਵੋਟ ਪਾਓ: ਸਿੱਖ ਜਥੇਬੰਦੀਆਂ

February 3, 2017 | By

ਚੰਡੀਗੜ੍ਹ: ਬਾਦਲ ਦਲ ਵਲੋਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਵਿਧਾਨ ਸਭਾ ਚੋਣਾਂ ਦੌਰਾਨ ਸਮਰਥਨ ਲੈਣ ਦਾ ਮੁੱਦਾ ਭਖ ਗਿਆ ਹੈ। ਵੀਰਵਾਰ ਨੂੰ ਕਈ ਸਿੱਖ ਜਥੇਬੰਦੀਆਂ ਨੇ ਅਕਾਲੀ ਦਲ ਬਾਦਲ ਵਲੋਂ ਡੇਰੇ ਤੋਂ ਹਮਾਇਤ ਲੈਣ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਦਲ ਬਾਦਲ ਦਾ ਸਿਆਸੀ ਅਤੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ ਚੋਣਾਂ ਵਿਚ ਅਕਾਲੀ ਦਲ ਬਾਦਲ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਵੱਖ-ਵੱਖ ਹਲਕਿਆਂ ਵਿਚ ਜਿਹੜੀ ਵੀ ਪਾਰਟੀ ਦਾ ਉਮੀਦਵਾਰ ਬਾਦਲ ਦਲ ਦੇ ਉਮੀਦਵਾਰ ਨੂੰ ਹਰਾਉਣ ਦੇ ਸਮਰੱਥ ਜਾਪੇ, ਉਸ ਨੂੰ ਵੋਟਾਂ ਪਾਈਆਂ ਜਾਣ।

ਸਿੱਖ ਜਥੇਬੰਦੀਆਂ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ

ਸਿੱਖ ਜਥੇਬੰਦੀਆਂ ਦੇ ਆਗੂ ਪ੍ਰੈਸ ਕਾਨਫਰੰਸ ਦੌਰਾਨ

ਦੱਸਣਯੋਗ ਹੈ ਕਿ 4 ਫਰਵਰੀ ਨੂੰ ਵਿਧਾਨ ਸਭਾ ਲਈ ਪੈ ਰਹੀਆਂ ਵੋਟਾਂ ਲਈ ਸਿੱਖ ਜਥੇਬੰਦੀਆਂ ਦਾ ਇਹ ਸਟੈਂਡ ਸਿਆਸੀ ਤੌਰ ‘ਤੇ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਨੂੰ ਮਹਿੰਗਾ ਪੈ ਸਕਦਾ ਹੈ। ਵੀਰਵਾਰ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਰਜਿੰਦਰ ਸਿੰਘ ਖ਼ਾਲਸਾ, ਯੁਨਾਇਟਿਡ ਅਕਾਲੀ ਦਲ ਦੇ ਜਥੇਦਾਰ ਗੁਰਨਾਮ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਸਿੱਧੂ, ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਪਾਉਂਟਾ ਸਾਹਿਬ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਦੇ ਜਗਦੇਵ ਸਿੰਘ ਸੋਢੀ ਤੇ ਸਿੱਖ ਇਤਿਹਾਸਕਾਰ ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਸਿੱਖਾਂ ਦੀ ਸਿਆਸੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਬਾਦਲ ਨੇ ਪੰਥ ਵਿਰੋਧੀ ਡੇਰੇ ਨਾਲ ਖੁੱਲ੍ਹੀ ਸਾਂਝ ਪਾ ਲਈ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਦਲ ਬਾਦਲ ਦਾ ਆਪਣੇ ਸੌੜੇ ਸਿਆਸੀ ਹਿਤਾਂ ਲਈ ਭੋਗ ਪਾ ਦਿੱਤਾ ਹੈ। ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਸਿਰਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਵੋਟਾਂ ਪਾਉਣ ਦਾ ਸੱਦਾ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਦਲਾਂ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਹੈ, ਉਥੇ ਹੁਕਮਨਾਮੇ ਦੀ ਵੀ ਉਲੰਘਣਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਆਰ.ਐਸ.ਐਸ. ਦਾ ਵੀ ਪੂਰਾ ਹੱਥ ਹੈ ਅਤੇ ਅਕਾਲੀ ਦਲ ਦੀ ਅਜਿਹੀ ਬਿਰਤੀ ਨੇ ਸਿੱਖੀ ਦੀ ਪਛਾਣ ਖਤਰੇ ਵਿਚ ਪਾ ਦਿੱਤੀ ਹੈ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਡੇਰਾ ਸਿਰਸਾ ਵਿਖੇ (ਫਾਈਲ ਫੋਟੋ)

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਡੇਰਾ ਸਿਰਸਾ ਵਿਖੇ (ਫਾਈਲ ਫੋਟੋ)

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵੀ ਬਾਦਲਾਂ ਨੇ ਡੇਰਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਉਪਰ ਪੇਸ਼ ਕਰਵਾਏ ਬਿਨਾਂ ਹੀ ਜਥੇਦਾਰ ਰਾਹੀਂ ਮੁਆਫ ਕਰਵਾਉਣ ਦਾ ਡਰਾਮਾ ਰਚਿਆ ਸੀ ਪਰ ਸਿੱਖ ਕੌਮ ਵਲੋਂ ਵਿਰੋਧ ਕਰਨ ਤੋਂ ਬਾਅਦ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਫੈਸਲਾ ਵਾਪਸ ਲੈਣਾ ਪਿਆ ਸੀ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਇਸ ਕਦਮ ਨੇ ਸਾਬਿਤ ਕਰ ਦਿੱਤਾ ਹੈ ਕਿ ਹੁਣ ਅਕਾਲੀ ਦਲ ਸਿੱਖ ਪੱਖੀ ਨਹੀਂ ਸਗੋਂ ਸਿੱਖ ਦੋਖੀ ਬਣ ਚੁੱਕਾ ਹੈ। ਇਸੇ ਦੌਰਾਨ ਪੰਥਕ ਤਾਲਮੇਲ ਸੰਗਠਨ ਦੇ ਗਿਆਨੀ ਕੇਵਲ ਸਿੰਘ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਵੇ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਯੁਨਾਇਟਿਡ ਅਕਾਲੀ ਦਲ ਦੇ ਮੋਹਕਮ ਸਿੰਘ ਨੇ ਵੀ ਕਿਹਾ ਕਿ ਪਹਿਲਾਂ ਜਾਰੀ ਕੀਤਾ ਹੁਕਮਨਾਮਾ ਅੱਜ ਵੀ ਸਟੈਂਡ ਕਰਦਾ ਹੈ। ਸੁਖਦੇਵ ਸਿੰਘ ਭੌਰ ਨੇ ਸ਼੍ਰੋਮਣੀ ਕਮੇਟੀ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,