ਚੋਣਵੀਆਂ ਲਿਖਤਾਂ » ਲੇਖ

ਸਿਕਲੀਗਰ ਕਬੀਲੇ: ਇੱਕ ਨਜ਼ਰ

February 16, 2018 | By

-ਸ. ਚਮਕੌਰ ਸਿੰਘ

ਭੂਮਿਕਾ

ਗੁਰੂ ਨਾਨਕ ਸਾਹਿਬ ਵਲੋਂ ਚਲਾਏ ਨਿਰਮਲ ਪੰਥ/ਗੁਰੂ-ਪੰਥ ਵਿਚ ਜਾਤ-ਪਾਤ, ਰੰਗ, ਨਸਲ, ਲਿੰਗ, ਬੋਲੀ, ਇਲਾਕੇ,ਮਜ਼ਹਬ ਆਦਿ ਕਿਸੇ ਵੀ ਆਧਾਰ `ਤੇ ਕਿਸੇ ਨਾਲ ਕੋਈ ਵੀ ਭੇਦ-ਭਾਵ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਇਹੀ ਕਾਰਨ ਹੈਕਿ ਮਨੁੱਖੀ ਸਮਾਜ ਦੇ ਹਰ ਵਰਗ ਦਾ ਗੁਰੂ-ਪੰਥ ਨਾਲ ਗਹਿਰਾ ਸੰਬੰਧ ਰਿਹਾ ਹੈ। ਕਿਸਾਨ, ਮਜ਼ਦੂਰ, ਵਪਾਰੀ,ਦੁਕਾਨਦਾਰ, ਦਸਤਕਾਰ, ਮੁਲਾਜ਼ਮ, ਅਮੀਰ, ਗਰੀਬ ਸਭ ਵਰਗ ਸ਼ੁਰੂ ਤੋਂ ਹੀ ਗੁਰੂ-ਪੰਥ ਨਾਲ ਜੁੜੇ ਆ ਰਹੇ ਹਨ। ਇਹ ਇਕ ਇਤਿਹਾਸਕ ਸੱਚਾਈ ਹੈ ਕਿ ਦੱਖਣੀ ਏਸ਼ੀਆ ਦੇ ਵਿਸ਼ਾਲ ਖਿੱਤੇ, ਵਿਸ਼ੇਸ਼ ਕਰ ਅਜੋਕੇ ਭਾਰਤ ਦੇ ਦੂਰ-ਦਰਾਜ ਖੇਤਰਾਂਵਿਚ ਗੁਰੂ ਨਾਨਕ ਦੀ ਸਿੱਖੀ ਦਾ ਵਿਆਪਕ ਪ੍ਰਭਾਵ ਰਿਹਾ ਹੈ।

ਸ਼ਿਗਲੀਘਰ ਸਿੱਖਾਂ ਦੀ ਤਸਵੀਰ

ਇਸ ਖੇਤਰ ਵਿਚ ਥੋੜ੍ਹੀ ਬਹੁਤ ਦਿਲਚਸਪੀ ਰੱਖਣ ਵਾਲੇ ਖੋਜੀਆਂ ਨੂੰ ਹੈਰਾਨੀਜਨਕ ਤੱਥ ਮਿਲੇ ਹਨ। ਭਾਰਤ ਦੇ ਵੱਖ-ਵੱਖ ਰਾਜਾਂ ਮੱਧ ਪ੍ਰਦੇਸ਼, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ ਆਦਿ ਵਿਚ ਕਈ ਐਸੇ ਕਬੀਲਿਆਂ ਬਾਰੇ ਪਤਾ ਲੱਗਾ ਹੈ ਜਿਹੜੇ ਅੱਜ ਤੱਕ ਗੁਰੂ ਨਾਨਕ ਦੀ ਸਿੱਖੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਾਂਭੀ ਬੈਠੇ ਹਨ। ਇਨ੍ਹਾਂਵਿਚੋਂ ਸਿਕਲੀਗਰ, ਵਣਜਾਰੇ, ਲੁਬਾਣੇ, ਸਤਨਾਮੀਏ, ਭੀਲ ਆਦਿ ਬਹੁਤ ਸਾਰੇ ਕਬੀਲੇ/ਵਰਗ ਅੱਜ ਮੁੱਖ ਧਾਰਾ ਤੋਂ ਅਲੱਗ-ਥਲੱਗ ਹੋ ਚੁੱਕੇ ਹਨ। ਇਨ੍ਹਾਂ ਬਾਰੇ ਵਿਆਪਕ ਪੱਧਰ `ਤੇ ਸੰਜੀਦਾ ਖੋਜ-ਕਾਰਜ ਅਤੇ ਸਰਵੇਖਣ ਹੋਣੇ ਲੋੜੀਂਦੇ ਹਨ ਤਾਂ ਜੋ ਇਨ੍ਹਾਂ ਕਬੀਲਿਆਂ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਇਸ ਨਿਬੰਧ ਵਿਚ ਕੇਵਲ ਸਿਕਲੀਗਰ ਕਬੀਲੇ ਦੇ ਗੁਰੂ-ਪੰਥ ਨਾਲ ਸੰਬੰਧਾਂ ਦਾ ਸੰਭਵ ਵਰਣਨ ਕੀਤਾ ਜਾਵੇਗਾ।

ਸਿਕਲੀਗਰ ਕਬੀਲਾ : ਅਰਥ ਅਤੇ ਪਛਾਣ

‘ਸਿਕਲੀਗਰ’ ਸ਼ਬਦ ਫ਼ਾਰਸੀ ਭਾਸ਼ਾ ਦੇ ‘ਸਕਲਗਰ’ ਦਾ ਪੰਜਾਬੀ ਰੂਪਾਂਤਰ ਹੈ, ਜਿਸ ਦਾ ਅਰਥ ਹੈ- ਸਿਕਲ ਕਰਨ ਵਾਲਾ, ਜੰਗ (ਜੰਗਾਲ) ਉਤਾਰਨ ਵਾਲਾ। ਅਰਬੀ/ਫ਼ਾਰਸੀ ਵਿਚ ‘ਸਕਲ’ (ਸਿਕਲ) ਦਾ ਅਰਥ ਹੈ- ਸਾਫ਼ ਕਰਨ ਦੀ ਕਿਰਿਆ, ਜੰਗ ਉਤਾਰ ਕੇ ਸ਼ਸਤਰ ਆਦਿ ਨੂੰ ਚਮਕਾਉਣ ਦਾ ਕਰਮ।1

‘ਕਬੀਲਾ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ- ਪਰਿਵਾਰ, ਟੱਬਰ, ਕੁਟੰਬ, ਕੁਨਬਾ, ਕੁਲ, ਖ਼ਾਨਦਾਨ, ਨਸਲ,ਆਲ-ਔਲਾਦ, ਘਰਾਣਾ ਆਦਿ।2 ਭਾਵੇਂ ਸਾਧਾਰਨ ਅਰਥਾਂ ਵਿਚ ਇਕੋ ਖ਼ਾਨਦਾਨ, ਵੰਸ਼ ਜਾਂ ਕੁਲ ਨਾਲ ਸੰਬੰਧਤ ਲੋਕ‘ਕਬੀਲਾ’ ਅਖਵਾਉਂਦੇ ਹਨ, ਪਰ ਵਿਸ਼ੇਸ਼ ਅਰਥਾਂ ਵਿਚ ‘ਕਬੀਲਾ’ ਸ਼ਬਦ ਅਜਿਹੇ ਖ਼ਾਨਦਾਨ ਜਾਂ ਕੁਨਬੇ ਲਈ ਵਰਤਿਆ ਜਾਂਦਾ ਹੈ ਜੋ ਪੁਰਾਤਨ ਵੰਸ਼ਕ ਪਰੰਪਰਾਵਾਂ ਅਰਥਾਤ ਪਿਤਾ ਪੁਰਖੀ ਰਵਾਇਤਾਂ ਨੂੰ ਕਾਇਮ ਰੱਖਦਿਆਂ, ਇਕ ਵਿਸ਼ੇਸ਼ (ਕਬਾਇਲੀ) ਜ਼ਾਬਤੇ ਵਿਚ ਬੱਝੇ ਰਹਿੰਦੇ ਹਨ। ਇਕ ਕਬੀਲੇ ਨਾਲ ਸੰਬੰਧਤ ਲੋਕ ‘ਖ਼ਾਨਦਾਨੀ/ਵੰਸ਼ਕ ਸ਼ੁੱਧਤਾ ਅਤੇ ਪਛਾਣ’ਲਈ ਖਾਣ-ਪੀਣ, ਰਹਿਣ-ਸਹਿਣ, ਵਿਸ਼ੇਸ਼ ਕਰ ਵਿਆਹ ਆਦਿ ਦੇ ਮਾਮਲੇ ਵਿਚ ‘ਕਬੀਲੇ’ ਵਲੋਂ ਨਿਰਧਾਰਤ ਬੰਦਿਸ਼ਾਂ ਨੂੰਕੱਟੜਤਾ ਨਾਲ ਨਿਭਾਉਂਦੇ ਹਨ। ਵਕਤ ਦੀ ਤੋਰ ਨਾਲ ਭਾਵੇਂ ਇਨ੍ਹਾਂ ਬੰਦਿਸ਼ਾਂ ਜਾਂ ਮਨਾਹੀਆਂ ਦੀ ਕੱਟੜਤਾ ਹੌਲੀ-ਹੌਲੀ ਘਟ ਰਹੀ ਹੈ ਪਰ ਕਈ ਕਬੀਲਿਆਂ ਵਿਚ ਅੱਜ ਵੀ ਇਨ੍ਹਾਂ ਬੰਦਿਸ਼ਾਂ ਦੀ ਉਲੰਘਣਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਿਪਟਿਆ ਜਾਂਦਾ ਹੈ। ਇਥੋਂ ਤੱਕ ਕਈ ਵਾਰ ਕਬੀਲੇ ਵਿਚੋਂ ਛੇਕ (ਕੱਢ) ਦਿੱਤਾ ਜਾਂਦਾ ਹੈ ਜਿਸ ਕਰਕੇ ਨਵੇਂ ਕਬੀਲੇ/ਉਪ-ਕਬੀਲੇ ਹੋਂਦ ਵਿਚ ਆਉਂਦੇ ਰਹਿੰਦੇ ਹਨ।

ਕੋਸ਼ਗਤ ਅਰਥਾਂ ਦੀ ਰੋਸ਼ਨੀ ਵਿਚ ‘ਸਿਕਲੀਗਰ ਕਬੀਲੇ’ ਤੋਂ ਭਾਵ ਉਸ ਖ਼ਾਨਦਾਨ, ਕੁਲ ਜਾਂ ਵੰਸ਼ ਦੇ ਲੋਕਾਂ ਤੋਂ ਹੈ ਜਿਹੜੇ ਹਥਿਆਰਾਂ, ਧਾਤਾਂ ਦੀਆਂ ਵਸਤਾਂ ਆਦਿ ਦਾ ਜੰਗ (ਜੰਗਾਲ) ਉਤਾਰ ਕੇ, ਉਨ੍ਹਾਂ ਨੂੰ ਲਿਸ਼ਕਾਉਣ/ਚਮਕਾਉਣ ਦਾ ਕਿੱਤਾਕਰਦੇ ਹਨ। ਪਰ ਕਬੀਲੇ ਦੇ ਅਧਿਐਨ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਲੋਕ ਹਥਿਆਰ ਚਮਕਾਉਂਦੇ ਹੀ ਨਹੀਂ ਬਲਕਿਬਣਾਉਂਦੇ ਵੀ ਰਹੇ ਹਨ। ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਮੱਧ-ਯੁੱਗ ਵਿਚ ਤਲਵਾਰਾਂ ਬਰਛਿਆਂ, ਤੀਰਾਂ ਢਾਲਾਂ ਆਦਿ ਤੋਂ ਜੰਗ ਉਤਾਰ ਕੇ ਉਨ੍ਹਾਂ ਨੂੰ ਲਿਸ਼ਕਾਉਣ ਦਾ ਇਕ ਵਿਸ਼ੇਸ਼ ਕਿੱਤਾ ਵਿਕਸਿਤ ਹੋ ਗਿਆ ਸੀ ਅਤੇ ਇਸ ਕਿੱਤੇ ਦੇਕਰਮੀਆਂ ਨੂੰ ‘ਸਿਕਲੀਗਰ’ ਕਿਹਾ ਜਾਣ ਲੱਗਾ।3 ਸਿੱਖ ਸਾਹਿਤ ਵਿਚ ਇਨ੍ਹਾਂ ਦੀ ਪਛਾਣ ‘ਮਾਰਵਾੜੀ ਲੋਹਾਰ’ ਕਰਕੇ ਵੀ ਦਰਜ ਹੈ।

ਅੱਜ ਪੰਜਾਬੀ ਲੋਕ-ਮਾਨਸਿਕਤਾ ਵਿਚ ‘ਸਿਕਲੀਗਰ’ ਕਬੀਲੇ ਦੀ ਜੇਕਰ ਕੋਈ ਪਛਾਣ ਹੈ ਤਾਂ ਉਹ ਬੱਠਲ-ਬਾਲਟੀਆਂ ਦੇ ‘ਥੱਲੇ’ਲਾਉਣ, ਚਿਮਟੇ-ਖੁਰਚਣੇ, ਚਾਕੂ-ਛੁਰੀਆਂ, ਜਿੰਦੇ-ਕੁੰਜੀਆਂ, ਛਾਣਨੀਆਂ ਆਦਿ ਬਣਾਉਣ ਅਤੇ ਵੇਚਣ ਵਾਲਿਆਂ ਦੇ ਰੂਪ ਵਿਚ ਹੈ। ਆਮ ਲੋਕਾਂ ਨੂੰ ਤਾਂ ਇਹ ਵੀ ਜਾਣਕਾਰੀ ਨਹੀਂ ਕਿ ਤਖ਼ਤ ਸਾਹਿਬਾਨ ਅਤੇ ਹੋਰ ਗੁਰ-ਅਸਥਾਨਾਂ ਉਪਰ (ਗੁਰੂਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਗੁਰਸਿੱਖਾਂ ਦੀ ਛੋਹ ਪ੍ਰਾਪਤ) ਜਿਹੜੇ ਸ਼ਸਤਰਾਂ ਦੇ ਦਰਸਨ ਕਰਵਾਏ ਜਾਂਦੇ ਹਨ, ਉਹਸਿਕਲੀਗਰਾਂ ਦੇ ਹੀ ਕਾਰੀਗਰ ਹੱਥਾਂ ਦੁਆਰਾ ਘੜੇ ਹੋਏ ਹਨ।

ਸਿਕਲੀਗਰ ਕਬੀਲੇ ਦਾ ਇਤਿਹਾਸਕ ਪਿਛੋਕੜ

ਸਿਕਲੀਗਰ ਕਬੀਲੇ ਦੇ ਇਤਿਹਾਸਕ ਪਿਛੋਕੜ ਬਾਰੇ ਕੋਈ ਬਹੁਤੀ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਕਿਰਪਾਲ ਕਜ਼ਾਕ ਅਨੁਸਾਰ, ‘ਸਦੀਆਂ ਪੁਰਾਣਾ ਇਨ੍ਹਾਂ ਦਾ ਪਿਛੋਕੜ ਅਣਲਿਖੇ ਇਤਿਹਾਸ ਦੀ ਧੁੰਦ ਵਿਚ ਹੀ ਗੁਆਚ ਗਿਆ ਹੈ…।

ਬਿਨਾਂ ਕੋਈ ਦਲੀਲ ਦਿੱਤੇ (ਇਹ) ਟੱਪਰੀਵਾਸ ਕਬੀਲੇ ਆਪਣਾ ਵਿਛੋਕੜ ਰਾਜਪੂਤਾਨਾ ਮੁੱਢੀਆਂ ਨਾਲ ਜੋੜਦੇ ਹਨ।ਆਪਣੀ ਖ਼ਾਨਾਬਦੋਸ਼ੀ ਦਾ ਮੁੱਢਲਾ ਕਾਰਨ ਉਹ (ਸੰਨ 1308 ਈ.) ਅਲਾਉਦੀਨ ਖਿਲਜੀ ਤੋਂ ਲੈ ਕੇ ਅਕਬਰ ਤੱਕ ਦਾ ਲੰਮਾ ਸਮਾਂ, ਮੁਗਲਾਂ ਵਲੋਂ ਚਿਤੌੜ `ਤੇ ਵਾਰ-ਵਾਰ ਹਮਲਾ ਕਰਨਾ ਅਤੇ ਮੁਗਲਾਂ ਦੀ ਜਿੱਤ ਸਮਝਦੇ ਹਨ। ਬਹੁਤੇ ਟੱਪਰੀਵਾਸ ਇਸੇ ਧਾਰਨਾ ਦੇ ਕਾਇਲ ਹਨ।

ਇਨ੍ਹਾਂ ਕਿਆਸੀਆਂ ਧਾਰਨਾਵਾਂ ਬਾਰੇ ਕੁਝ-ਕੁਝ ਇਤਿਹਾਸਕ ਵੇਰਵੇ ਵੀ ਮਿਲਦੇ ਹਨ ਅਤੇ ਕਬੀਲਿਆਂ `ਚ ਪੀੜ੍ਹੀ-ਦਰ-ਪੀੜ੍ਹੀ ਪ੍ਰਚਲਿਤ ਦੰਤ-ਕਥਾਵਾਂ ਵੀ, ਪਰ ਕਬੀਲੇ ਦੇ ਮੁਢਲੇ ਉਦਗਮ ਬਾਰੇ ਕਬੀਲੇ ਦੇ ਲੋਕ, ਕੋਈ ਠੋਸ ਦਲੀਲ ਦੇਣ ਤੋਂ ਅਸਮਰੱਥ ਹਨ।’’

ਡਾ. ਵਣਜਾਰਾ ਬੇਦੀ ਅਨੁਸਾਰ ਵੀ ਸਿਕਲੀਗਰ ਆਪਣਾ ਮੁੱਢ ਰਾਜਪੂਤਾਂ ਨਾਲ ਜੋੜਦੇ ਹਨ। ਰਵਾਇਤਾਂ ਅਨੁਸਾਰ ਉਨ੍ਹਾਂਦੇ ਵਡਿੱਕੇ ਮਾਰਵਾੜ ਤੋਂ ਆ ਕੇ ਪੰਜਾਬ ਅਤੇ ਹਰਿਆਣੇ ਵਿਚ ਵਸੇ।5 ਸ਼ੇਰ ਸਿੰਘ ਸ਼ੇਰ ਨੇ ਸਿਕਲੀਗਰਾਂ ਦੀ ਵੰਸ਼ਾਵਲੀ ਬਾਰੇ ਦੋ ਮਿੱਥਾਂ ਪੇਸ਼ ਕੀਤੀਆਂ ਹਨ।6 ਪਹਿਲੀ ਅਨੁਸਾਰ ਸਿਕਲੀਗਰਾਂ ਦਾ ਸਬੰਧ ਵਣਜਾਰਿਆਂ, ਲੁਬਾਣਿਆਂ ਦੇ ਨਾਲ-ਨਾਲ ਜੋਗੀਆਂ, ਨਾਥਾਂ ਨਾਲ ਜੁੜਦਾ ਹੈ ਜਦਕਿ ਦੂਜੀ ਮਿੱਥ ਰਾਹੀਂ ਸਿਕਲੀਗਰਾਂ ਦਾ ਸੰਬੰਧ ਰਮਾਇਣ ਦੇ ਪਾਤਰ ਸੁਗਰੀਵ ਦੇ ਨਾਲ-ਨਾਲ ਸ੍ਰੀ ਕ੍ਰਿਸ਼ਨ ਦੀ ਰਾਧਾ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਪਰ ਇਨ੍ਹਾਂ ਮਿੱਥਾਂ ਨੂੰ ਮਿਥਿਹਾਸਕ ਤੱਥ ਮੰਨ ਲੈਣਾ ਠੀਕ ਨਹੀਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਸਿਕਲੀਗਰਾਂ, ਵਣਜਾਰਿਆਂ,ਲੁਬਾਣਿਆਂ ਦਾ ਪਿਛੋਕੜ ਰਾਜਪੂਤਾਂ ਨਾਲ ਸੰਬੰਧਤ ਹੈ।

ਡਾ. ਵਣਜਾਰਾ ਬੇਦੀ ਨੇ ‘ਖੋਜ-ਦਰਪਣ’, ਜੁਲਾਈ 1977 ਦਾ ਹਵਾਲਾ ਦਿੰਦਿਆਂ ਇਕ ਹੋਰ ਧਾਰਨਾ ਦਾ ਉਲੇਖ ਕੀਤਾ ਹੈ ਕਿ ਟਪਰੀਵਾਸਾਂ ਦੀਆਂ ਆਪਣੀਆਂ ਰਵਾਇਤਾਂ ਅਨੁਸਾਰ ਲੁਬਾਣੇ, ਬਾਜ਼ੀਗਰ ਅਤੇ ਸਿਕਲੀਗਰ ਇਕੋ ਵਡਿੱਕੇ ਦੀ ਵੰਸ਼ ਹਨ।ਇਨ੍ਹਾਂ ਦੇ ਵਡੇਰੇ ਚਾਰ ਭਰਾ ਸਨ। ਦੋਹਾਂ ਭਰਾਵਾਂ ਦੀ ਔਲਾਦ ਬਾਜ਼ੀਗਰ ਪ੍ਰਸਿੱਧ ਹੋਈ ਅਤੇ ਬਾਕੀ ਦੋਹਾਂ ਵਿਚੋਂ ਇਕ ਦੀਲੁਬਾਣੇ ਅਤੇ ਦੂਜੇ ਦੀ ਸਿਕਲੀਗਰ ਅਖਵਾਣ ਲੱਗੀ।7

ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਿਕਲੀਗਰਾਂ ਦੀ ਵੰਸ਼ਕ ਉਤਪਤੀ ਅਤੇ ਇਤਿਹਾਸਕ ਪਿਛੋਕੜ ਬਾਰੇ ਵੱਖ-ਵੱਖ ਧਾਰਨਾਵਾਂ ਪਾਈਆਂ ਜਾਂਦੀਆਂ ਹਨ।

ਗੁਰੂ-ਪੰਥ ਨਾਲ ਸੰਬੰਧਤ : ਗੁਰੂ ਹਰਗੋਬਿੰਦ ਸਾਹਿਬ ਸਮੇਂ

ਗੁਰੂ-ਪੰਥ ਨਾਲ ਸਿਕਲੀਗਰਾਂ ਦਾ ਸਬੰਧ ਸਤਾਰਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਜੁੜਦਾ ਹੈ। ਇਹ ਉਹ ਸਮਾਂ ਹੈ ਜਦ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਉਪਰੰਤ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸਮੇਂ ਦੀ ਜਾਬਰ ਮੁਗ਼ਲ ਹਕੂਮਤ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਵਿੱਢਣਾ ਪਿਆ ਸੀ। ਮੁਗ਼ਲਾਂ ਨਾਲ ਲੜਨ ਲਈ ਚੰਗੇ ਹਥਿਆਰਾਂ ਦੀ ਲੋੜਸੁਭਾਵਿਕ ਸੀ। ਪਹਿਲਾਂ ਪਹਿਲ ਇਸ ਲੋੜ ਦੀ ਪੂਰਤੀ ਲਾਹੌਰ ਦੇ ਪ੍ਰਸਿੱਧ ਲੋਹਾਰ ਮੌਲਾਬਖਸ਼ ਵਲੋਂ ਕੀਤੀ ਜਾਂਦੀ ਰਹੀ ਹੈ ਜੋ ਕਿ ਵਧੀਆ ਹਥਿਆਰਾਂ ਨੂੰ ਬਣਾਉਣ ਵਾਲਾ ਇਕ ਮਾਹਰ ਕਾਰੀਗਰ ਸੀ।

ਗੁਰੂ ਹਰਿਗੋਬਿੰਦ ਸਾਹਿਬ ਦੇ ਸਿੱਖ ਸਿਪਾਹੀਆਂ ਲਈ ਵਧੀਆ ਕੁਆਲਿਟੀ ਦੇ ਹਥਿਆਰ ਬਣਾਉਣ ਲਈ ਉਸ ਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਂਦੀ ਸੀ। ਇਸ ਦੀ ਸੂਹ ਮਿਲਣ `ਤੇ ਮੁਗ਼ਲਾਂ ਨੇ ਮੌਲਾ ਬਖਸ਼ ਨੂੰ ਡਰਾਇਆ ਧਮਕਾਇਆ ਜਿਸ ਕਰਕੇ ਉਸ ਨੇ ਸਿੱਖ ਫੌਜਾਂ ਵਾਸਤੇ ਘਟੀਆ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ। ਤਲਵਾਰਾਂ, ਨੇਜੇ ਆਦਿ ‘ਦੁੱਪੜ’/ਕੱਚੇ ਲੋਹੇ ਦੇ ਬਣਾਉਣ ਲੱਗ ਪਿਆ ਅਤੇ ਢਾਲਾਂ ਵਿਚ ਵੀ ਕਚਿਆਈ ਰਹਿਣ ਦਿੱਤੀ। ਮੈਦਾਨੇ-ਜੰਗ ਵਿਚ ਇਨ੍ਹਾਂ ਹਥਿਆਰਾਂ ਦਾ ਘਟੀਆ ਮਿਆਰ ਸਾਹਮਣੇ ਆ ਗਿਆ। ਜਦ ਸਿੱਖਾਂ ਨੇ ਇਸ ਦੀ ਸ਼ਿਕਾਇਤ ਗੁਰੂ ਜੀ ਕੋਲ ਕੀਤੀ ਤਾਂ ਉਨ੍ਹਾਂ ਮੌਲਾਬਖਸ਼ ਨੂੰ ਤਲਬ ਕੀਤਾ। ਉਸ ਨੇ ਗੁਰੂ ਜੀ ਅੱਗੇ ਆਪਣਾ ਸਾਰਾ ਗੁਨਾਹ ਕਬੂਲ ਕਰਦਿਆਂ ਰਹਿਮ ਦਾ ਵਾਸਤਾ ਪਾਇਆ। ਇਸ `ਤੇ ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ।

ਮਾਰਵਾੜ ਦੇ ਕਾਬਲ ਕਾਰੀਗਰ : ਗੁਰੂ ਦਰਬਾਰ ਵਿੱਚ

ਚੰਗੇ ਹਥਿਆਰ ਬਣਾਉਣ ਲਈ ਚੰਗੇ ਕਾਰੀਗਰਾਂ ਦੀ ਲੋੜ ਦਾ ਸਵਾਲ ਪੈਦਾ ਹੋਇਆ। ਲੰਬੀ ਸੋਚ-ਵਿਚਾਰ ਪਿੱਛੋਂ ਗੁਰੂਹਰਿਗੋਬਿੰਦ ਸਾਹਿਬ ਨੇ ਗੁਰੂ ਦਰਬਾਰ ਦੀ ਸਿੱਧੀ  ਨਿਗਰਾਨੀ ਹੇਠ ਹਥਿਆਰ ਤਿਆਰ ਕਰਵਾਉਣ ਦਾ ਨਿਰਣਾ ਲਿਆ।ਉਨ੍ਹਾਂ ਭਾਈ ਜੇਠਾ ਅਤੇ ਭਾਈ ਬਿਧੀ ਚੰਦ ਨੂੰ ਬੁਲਾ ਕੇ ਮਾਰਵਾੜ ਤੋਂ ਰਾਜਪੂਤ ਲੋਹਾਰ ਲੈ ਕੇ ਆਉਣ ਦਾ ਆਦੇਸ਼ ਦਿੱਤਾ।8

ਗੁਰੂ ਜੀ ਦੀ ਆਗਿਆ ਨਾਲ ਮਾਰਵਾੜ ਤੋਂ ਕੁਝ ਲੋਹਾਰ ਪਰਿਵਾਰ ਪੰਜਾਬ ਲਿਆਂਦੇ ਗਏ। ਮਾਰਵਾੜ ਤੋਂ ਆਏ ਇਹ ਪਰਿਵਾਰ ਕੇਹਰ ਸਿੰਘ ਦੀ ਅਗਵਾਈ ਵਿਚ ਗੁਰੂ ਦਰਬਾਰ `ਚ ਹਾਜ਼ਰ ਹੋਏ ਅਤੇ ਆਪਣੇ ਬਣਾਏ ਹੋਏ ਹਥਿਆਰਾਂ ਨੂੰਪ੍ਰਦਰਸ਼ਿਤ ਕੀਤਾ। ਜਾਂਚ-ਪਰਖ ਉਪਰੰਤ ਗੁਰੂ ਜੀ ਨੇ ਉਨ੍ਹਾਂ ਦੇ ਹਥਿਆਰਾਂ ਦੀ ਪੁਖਤਗੀ ਅਤੇ ਕਾਰੀਗਰੀ ਦੀ ਖ਼ੂਬ ਪ੍ਰਸੰਸਾਕੀਤੀ। ਉਨ੍ਹਾਂ ਕੇਹਰ ਸਿੰਘ ਨੂੰ ਮਾਰਵਾੜ ਤੋਂ ਹੋਰ ਲੋਹਾਰ ਲਿਆਉਣ ਲਈ ਆਖਿਆ, ਜਿਸ ਨੂੰ ਕੇਹਰ ਸਿੰਘ ਨੇ ਖਿੜੇ ਮੱਥੇ ਪ੍ਰਵਾਨ ਕਰ ਲਿਆ।9

ਇਸ ਤੋਂ ਬਾਅਦ ਬਹੁਤ ਸਾਰੇ ਮਾਰਵਾੜੀ ਲੋਹਾਰ ਗੁਰੂ ਦਰਬਾਰ ਵਿਚ ਹਾਜ਼ਰ ਹੋਣ ਲੱਗੇ ਅਤੇ ਹਥਿਆਰ ਬਣਾਉਣ ਦੇ ਕੰਮ ਵਿਚ ਜੁਟ ਗਏ। ਹੌਲੀ-ਹੌਲੀ ਇਹ ਗੁਰੂ ਜੀ ਦੇ ਏਨੇ ਮੁਰੀਦ ਹੋ ਗਏ ਕਿ ਹਥਿਆਰ ਬਣਾਉਣ ਦੇ ਨਾਲ-ਨਾਲ ਮੈਦਾਨਿ-ਜੰਗਵਿਚ ਵੀ ਜੂਝਣ ਲੱਗ ਪਏ। ਮੁਗ਼ਲ ਹਕੂਮਤ ਵਿਰੁੱਧ ਖ਼ੂਨ ਖੌਲਣ ਲੱਗਾ। ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗ਼ਲਾਂ ਨਾਲ ਹੋਈਆਂ ਜੰਗਾਂ ਵਿਚ ਇਨ੍ਹਾਂ ਮਾਰਵਾੜੀ ਸੂਰਮਿਆਂ ਨੇ ਹੋਰਨਾਂ ਸਿੱਖਾਂ ਵਾਂਗ ਹੀ ਮੁਗ਼ਲ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਪਛਾੜਿਆ।10

ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ `ਤੇ ਬਿਰਾਜਮਾਨ ਹੋਣ ਤਕ ਦੇ ਲੰਮੇ ਸਮੇਂ ਦੌਰਾਨ ਹਥਿਆਰਬੰਦ ਸੰਘਰਸ਼ ਦੀ ਲੋੜ ਨਾ ਪਈ। ਇਹ ਹਾਲਾਤ ਰਾਜਪੂਤੀ ਸੁਭਾਅ ਦੇ ਅਨੁਕੂਲ ਨਹੀਂ ਸਨ। ਇਸੇ ਸਮੇਂ ਦੌਰਾਨ ਕੁਝ ਮਾਰਵਾੜੀ ਪਰਿਵਾਰ ਵਾਪਸ ਮਾਤ-ਭੂਮੀ ਵੱਲ ਪਰਤ ਗਏ। ਕਈ ਪੰਜਾਬ ਦੇ ਵੱਖ-ਵੱਖ ਥਾਵਾਂ `ਤੇ ਖਿੰਡ ਗਏ। ਕਈਆਂ ਨੇ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਕੁਝ ਰਿਆਸਤੀ ਰਜਵਾੜਿਆਂ ਨੂੰ ਹਥਿਆਰ ਵੇਚਣ ਲੱਗ ਪਏ।11 ਦੂਜੇ ਪਾਸੇ, ਮਾਰਵਾੜ ਅਤੇ ਹੋਰ ਰਾਜਪੂਤ ਰਾਜਿਆਂ-ਰਜਵਾੜਿਆਂ ਦੀਆਂ ਆਪਸੀ ਲੜਾਈਆਂ, ਮੁਗ਼ਲਾਂ ਦੇ ਹਮਲਿਆਂ, ਰਾਜਪੂਤਾਂ ਦੇ ਆਪਸੀ ਵੈਰ-ਵਿਰੋਧ ਅਤੇ ਪਰਿਵਾਰਕ ਤੰਗੀ-ਤਰੁਸ਼ੀ ਦੇ ਸਤਾਏ ਬਹੁਤ ਸਾਰੇ ਰਾਜਪੂਤ ਪਰਿਵਾਰ ਮਾਤ-ਭੂਮੀ ਛੱਡ ਕੇ ਪੰਜਾਬ ਵੱਲ ਆ ਰਹੇ ਸਨ। ਇਹ ਘੁਮੱਕੜ/ਟੱਪਰੀਵਾਸ ਕਬੀਲਿਆਂ ਦੇ ਰੂਪ ਵਿਚ ਇੱਧਰ-ਉੱਧਰ ਘੁੰਮਦੇ ਰਹਿੰਦੇ ਸਨ ਅਤੇ ਟਿਕ ਕੇ ਨਹੀਂ ਸੀ ਬਹਿੰਦੇ।

ਹੌਲੀ-ਹੌਲੀ ਇਹ ਮੁਖ ਧਾਰਾ ਨਾਲੋਂ ਟੁੱਟ ਗਏ। ਜਿਹੜੇ ਪਰਿਵਾਰ ਕਿਸੇ ਕਾਰਨ ਵਾਪਸ ਆਪਣੀ ਧਰਤੀ ਵੱਲ ਪਰਤ ਵੀ ਜਾਂਦੇ, ਉਨ੍ਹਾਂ ਨੂੰ ਮਾਰਵਾੜ ਦੀ ਰਾਜਪੂਤ ਅੱਖ ਨਫ਼ਰਤ ਨਾਲ ਵੇਖਦੀ ਸੀ। ਮਾਰਵਾੜ ਰਹਿੰਦੇ ਰਾਜਪੂਤਾਂ ਨੇ ਇਨ੍ਹਾਂ ਦੇ ਰਿਸ਼ਤੇ ਲੈਣ ਦੇਣ ਤੋਂ ਨਾਂਹ ਕਰ ਦਿੱਤੀ। ਅਜਿਹੀਆਂ ਸਥਿਤੀਆਂ ਵਿਚੋਂ ਹੀ ਵੱਟੋ-ਸੱਟਾ ਵਿਆਹ-ਪ੍ਰਥਾ ਪ੍ਰਚਲਿਤ ਹੋਈ ਅਤੇ ਅਜਿਹੇ ਕਈ ਕਾਰਨ ਪੈਦਾ ਹੋਏ, ਜਿਨ੍ਹਾਂ ਨੇ ਮਾਰਵਾੜੀ ਲੋਹਾਰਾਂ ਨੂੰ ਕਬੀਲਾਵਾਦ ਦੀਆਂ ਪੀਡੀਆਂ ਵਲਗਣਾਂ ਵਿਚ ਜਕੜ ਦਿੱਤਾ।12 ਇਥੇ ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਜਾਤ-ਪਾਤੀ ਭਾਵਨਾ ਦੇ ਨਾਲ-ਨਾਲ ਕਈ ਹੋਰ ਸਮਾਜਿਕ ਬੰਦਿਸ਼ਾਂਤੇ ਕਬੀਲਾਵਾਦੀ ਰੀਤਾਂ ਸ਼ੁਰੂ ਤੋਂ ਹੀ ਰਾਜਪੂਤੀ ਜੀਵਨ-ਸ਼ੈਲੀ ਅਤੇ ਸੁਭਾਅ ਦਾ ਹਿੱਸਾ ਬਣ ਚੁੱਕੀਆਂ ਹਨ।

ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ:

ਮਾਰਵਾੜੀ ਕਬੀਲੇ ਦੀ ਚੜ੍ਹਤ

ਛੇਵੇਂ ਗੁਰੂ ਤੋਂ ਬਾਅਦ ਇਨ੍ਹਾਂ (ਮਾਰਵਾੜੀ ਪਰਿਵਾਰਾਂ) ਦਾ ਸੰਬੰਧ ਸਿੱਖਾਂ ਨਾਲ ਦਿਨੋਂ ਦਿਨ ਵੱਧਦਾ ਗਿਆ।13 ਕਈ ਮਾਰਵਾੜੀ ਸਿੱਖ ਬਣ ਗਏ ਅਤੇ ਗੁਰੂ ਦਰਬਾਰ ਦੇ ਨਿਰੰਤਰ ਸੰਪਰਕ ਵਿਚ ਰਹੇ। ਸੱਤਵੇਂ ਪਾਤਸ਼ਾਹ ਨੇ ਆਪਣੇ ਪਾਸ 2200 ਘੋੜ-ਸਵਾਰ ਸੈਨਿਕ ਰੱਖੇ ਹੋਏ ਸਨ। ਜ਼ਾਹਰ ਹੈ ਉਨ੍ਹਾਂ ਵਿਚ ਮਾਰਵਾੜੀ ਸੂਰਮੇ ਵੀ ਜ਼ਰੂਰ ਹੋਣਗੇ। ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਵੱਲ ਗਏ ਤਾਂ ਕਈ ਮਾਰਵਾੜੀ ਸੂਰਮੇ ਉਨ੍ਹਾਂ ਦੇ ਨਾਲ ਸਨ।14 ਕਹਿਣ ਤੋਂ ਭਾਵ ਸ਼ਾਂਤਮਈ ਦੌਰ ਵਿਚ ਵੀ ਇਨ੍ਹਾਂ ਦਾ ਸੰਬੰਧ ਗੁਰੂ ਦਰਬਾਰ ਨਾਲੋਂ ਟੁੱਟਾ ਨਹੀਂ। ਜਿਵੇਂ ਕਿ ਕਈ ਲਿਖਾਰੀਆਂ ਨੇ ਸੰਕੇਤ ਦਿੱਤਾ ਹੈ, ਘਟ ਜ਼ਰੂਰ ਗਿਆ ਸੀ।

ਪਰ ਗੁੂਰ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਜਿਉਂ ਹੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ `ਤੇ ਬਿਰਾਜਮਾਨ ਹੋਏ,ਇਸ ਮਾਰਵਾੜੀ ਕਬੀਲੇ ਲਈ ਸਮਾਂ ਫਿਰ ਮੌਲ ਉਠਿਆ। ਪੰਜਾਬ ਵਿਚ ਭਟਕਦੇ ਮਾਰਵਾੜੀ ਲੁਹਾਰਾਂ ਨੇ ਸੁਣਿਆ ਕਿ ਕੋਈ ਇਲਾਹੀ ਯੋਧਾ ਰਣ ਵਿਚ ਉੱਤਰ ਰਿਹਾ ਸੀ। ਨਗਾਰੇ `ਤੇ ਚੋਟ ਸੁਣਾਈ ਦਿੱਤੀ। ਨਰਸਿੰਗੇ ਵਜਦੇ ਸੁਣੇ। ਜਿੱਥੇ-ਜਿੱਥੇ ਵੀ ਕਬੀਲੇ ਦੇ ਲੋਕ ਸਨ, ਕਾਰੀਗਰ ਸੂਰਮਿਆਂ ਦਾ ਰਾਜਪੂਤ ਲਹੂ ਖੌਲਣ ਲੱਗਿਆ। ਡੌਲੇ ਫਰਕੇ ਧੁਰ ਅੰਦਰੋਂ ਕਿਤੇ ਚੀਕ ਬੁਲਬੁਲੀ ਉੱਠੀ ਅਤੇ ਇਨ੍ਹਾਂ ਮਾਰਵਾੜੀ ਕਾਰੀਗਰਾਂ ਨੇ ਆਨੰਦਪੁਰ ਵੱਲ ਵਹੀਰਾਂ ਘੱਤ ਦਿੱਤੀਆਂ।15

ਮਾਰਵਾੜੀਆਂ ਨੂੰ ਯਕੀਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਲੋਕਾਂ ਦੇ ਮਨਾਂ ਵਿਚੋਂ ਜ਼ਾਲਮ ਹਾਕਮਾਂ ਦਾ ਭੈਅ ਦੂਰ ਕਰਕੇ, ਉਨ੍ਹਾਂ ਨੂੰ ਅਣਖ ਅਤੇ ਦਲੇਰੀ ਦਾ ਸਬਕ ਪੜ੍ਹਾਉਣ ਲਈ ਤਤਪਰ ਹਨ। ਉਨ੍ਹਾਂ ਦੀ ਰਾਜਪੂਤਾਨੀ ਅਣਖ ਅਤੇਗ਼ੈਰਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਜਾਬਰ ਮੁਗ਼ਲ ਹਕੂਮਤ ਨਾਲ ਲੋਹਾ ਲੈਣ ਵਾਲਾ ਜੋਧਾ ਜਰਨੈਲ ਮਿਲ ਗਿਆ। ਗੁਰੂ ਜੀ ਦੀ ਸਰਪ੍ਰਸਤੀ ਅਤੇ ਅਗਵਾਈ ਉਨ੍ਹਾਂ ਦੇ ਰਾਜਪੂਤੀ ਸੁਭਾਅ ਨੂੰ ਬੜੀ ਹੀ ਰਾਸ ਆਈ। ਉਨ੍ਹਾਂ ਨੂੰ ਇਹ ਵੀ ਅਹਿਸਾਸ ਸੀ ਕਿ ਹਥਿਆਰ ਬਣਾਉਣ ਦੀ ਪ੍ਰਬੀਨਤਾ ਅਤੇ ਕਾਰੀਗਰੀ ਗੁਰੂ ਦਰਬਾਰ ਵਿਚ ਖੂਬ ਕੰਮ ਆਵੇਗੀ।

ਭਾਈ ਰਾਮ ਸਿੰਘ ਅਤੇ ਭਾਈ ਵੀਰ ਸਿੰਘ ਮਾਰਵਾੜੀ ਕਬੀਲੇ ਦੇ ਪ੍ਰਤੀਨਿੱਧ ਵਜੋਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਪੇਸ਼ ਹੋਏ ਅਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਵੇਲੇ ਤੋਂ ਗੁਰੂ ਪੰਥ ਨਾਲ ਸੰਬੰਧਾਂ ਦਾ ਵੇਰਵਾ ਦਿੰਦਿਆਂ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਉਨ੍ਹਾਂ ਮਾਰਵਾੜੀਆਂ ਵਲੋਂ ਬਣਾਏ ਵੱਖ-ਵੱਖ ਤਰ੍ਹਾਂ ਦੇ ਹਥਿਆਰ ਗੁਰੂ ਜੀ ਨੂੰ ਭੇਂਟ ਕੀਤੇ। ਗੁਰੂ ਜੀ ਨੇ ਹਥਿਆਰਾਂ ਦੀ ਪਰਖ ਲਈ ਭਾਈ ਚੌਂਪਾ ਸਿੰਘ ਅਤੇ ਭਾਈ ਨੰਦ ਸਿੰਘ ਦੀ ਜ਼ਿੰਮੇਵਾਰੀ ਲਾਈ। ਇਹ ਹਥਿਆਰ ਅਜਮਾਇਸ਼ਦੌਰਾਨ ਹਰ ਪੱਖੋਂ ਖਰੇ ਸਾਬਤ ਹੋਣ `ਤੇ ਮਾਰਵਾੜੀ ਕਾਰੀਗਰਾਂ ਨੂੰ ਗੁਰੂ ਜੀ ਦੀਆਂ ਫੌਜਾਂ ਲਈ ਹਥਿਆਰ ਤਿਆਰ ਕਰਨ ਦੀਇਜਾਜ਼ਤ ਮਿਲ ਗਈ। ਹੌਲੀ-ਹੌਲੀ ਸਾਰਾ ਕਬੀਲਾ ਗੁਰੂ ਜੀ ਦੀ ਸਰਪ੍ਰਸਤੀ ਹੇਠ ਹਥਿਆਰ ਬਣਾਉਣ ਵਿਚ ਜੁਟ ਗਿਆ।ਮਾਰਵਾੜੀ ਕਬੀਲੇ ਦੇ ਪ੍ਰਤੀਨਿੱਧਾਂ ਵਿਚੋਂ ਭਾਈ ਰਾਮ ਸਿੰਘ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਹ ਦਸਮੇਸ਼ ਜੀ ਦੇ ਸਿਲਹਖਾਨੇ ਦਾ ਸਿਕਲੀਗਰ ਸਿੱਖ ਸੀ ਜੋ ਪਰਮ ਪ੍ਰੇਮ ਨਾਲ ਸੇਵਾ ਕਰਦਾ ਸੀ। ਮਾਰਵਾੜੀਆਂ ਵਿਚੋਂ ਸਭ ਤੋਂ ਪਹਿਲਾਂ ਇਸ ਨੇ ਅੰਮ੍ਰਿਤ ਛਕਿਆ ਸੀ।16

ਮਾਰਵਾੜੀ ਲੋਹਾਰਾਂ ਨੂੰ ‘ਸਿਕਲੀਗਰ’ ਦੀ ਉਪਾਧੀ

ਇਕ ਰਵਾਇਤ ਅਨੁਸਾਰ ਲੋਹਾਰਾਂ ਨੂੰ ‘ਸਿਕਲੀਗਰ’ ਦੀ ਉਪਾਧੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਪ੍ਰਦਾਨ ਕੀਤੀ। ਡਾ. ਕਿਰਪਾਲ ਸਿੰਘ ਕਜ਼ਾਕ ਨੇ ਸਿਕਲੀਗਰ ਬਜ਼ੁਰਗਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਸਾਰਾ ਕਬੀਲਾ ਮਾਰਵਾੜੀ ਲੋਹਾਰਾਂ ਨੂੰ ਪ੍ਰੇਮ ਅਤੇ ਸ਼ਰਧਾ ਨਾਲ ਹਥਿਆਰਾਂ ਨੂੰ ਚਮਕਾਉਂਦੇ (ਸਿਕਲ ਕਰਦੇ) ਵੇਖਿਆ ਤਾਂ ਉਨ੍ਹਾਂ ਖੁਸ਼ ਹੋ ਕੇ ਕਬੀਲੇ ਦੀ ਸਮੁੱਚੀ ਲੋਹਵੰਸ਼ ਨੂੰ ਹੀ ‘ਸਿਕਲੀਗਰਾਂ’ ਦੀ ਉਪਾਧੀ ਨਾਲ ਨਿਵਾਜ ਦਿੱਤਾ।ਜਿਸ ਤੋਂ ਮਗਰੋਂ ਇਹ ਸਮੁੱਚਾ ਕਬੀਲਾ ਸਿਕਲੀਗਰਾਂ ਵਜੋਂ ਜਾਣਿਆ ਜਾਣ ਲੱਗਾ।17

ਸਿਕਲੀਗਰਾਂ ਦੇ ਗੁਰੂ-ਪ੍ਰੇਮ ਅਤੇ ਬਹਾਦਰੀ ਦੇ ਕਿੱਸੇ

ਸਮੁੱਚਾ ਸਿਕਲੀਗਰ ਕਬੀਲਾ ਗੁਰੂ ਗੋਬਿੰਦ ਸਿੰਘ ਜੀ ਨਾਲ ਅਥਾਹ ਸ਼ਰਧਾ ਅਤੇ ਪ੍ਰੇਮ ਰੱਖਦਾ ਸੀ। ਗੁਰੂ-ਪ੍ਰੇਮ ਦੇ ਕਈਕਿੱਸੇ ਸਿਕਲੀਗਰ ਅੱਜ ਵੀ ਬੜੇ ਮਾਣ ਨਾਲ ਸੁਣਾਉਂਦੇ ਹਨ। ਗੁਰੂ ਜੀ ਵੀ ਇਨ੍ਹਾਂ ਸਿੱਖਾਂ ਦੀ ਸ਼ਰਧਾ-ਭਾਵਨਾ ਵੱਲ ਪੂਰੀ ਤਵੱਜੋਂ ਰੱਖਦੇ ਸਨ। ਇਕ ਵਾਰ ਰਾਮ ਸਿੰਘ ਅਤੇ ਵੀਰ ਸਿੰਘ ਆਪਣੇ ਸਾਥੀਆਂ ਨਾਲ ਸ਼ਸਤਰ ਬਣਾਉਣ, ਮੁਰੰਮਤ ਕਰਨ ਅਤੇ ਸਿਕਲ ਕਰਨ ਦਾ ਕੰਮ ਕਰ ਰਹੇ ਸਨ। ਅਜਿਹਾ ਕਰਦਿਆਂ ਕਦੇ-ਕਦੇ ਸ਼ਸਤਰ ਨੂੰ ਪੈਰ ਹੇਠ ਦਬਾਉਣ ਦੀ ਲੋੜ ਵੀਪੈਂਦੀ ਸੀ। ਇਸ ਸਮੇਂ ਇਕ ਅਨਾੜੀ ਸੇਵਕ ਨੇ ਇਸ ਗੱਲ `ਤੇ ਇਤਰਾਜ਼ ਕੀਤਾ ਕਿ ਸ਼ਸਤਰਾਂ ਨੂੰ ਪੈਰ ਹੇਠ ਦਬਾਉਣਾ ਬੇਅਦਬੀ ਹੈ। ਇਸ `ਤੇ ਸਿਕਲੀਗਰ ਕਾਰੀਗਰਾਂ ਨੇ ਹਥਿਆਰਾਂ ਨੂੰ ਚੁੰਮ ਕੇ ਸੀਸ `ਤੇ ਰੱਖ ਲਿਆ। ਅਜਿਹਾ ਕਰਨ ਨਾਲ ਸਾਰਾ ਕੰਮ ਬੰਦ ਹੋ ਗਿਆ। ਅਚਾਨਕ ਗੁਰੂ ਗੋਬਿੰਦ ਸਿੰਘ ਜੀ ਉਧਰ ਨਿਕਲੇ ਤਾਂ ਕਾਰੀਗਰਾਂ ਨੂੰ ਇੰਜ ਬੈਠਿਆਂ ਵੇਖ ਕੇਹੈਰਾਨ ਹੋਏ। ਪੁੱਛਣ `ਤੇ ਜਦ ਸਾਰੀ ਗੱਲ ਦਾ ਪਤਾ ਲੱਗਾ ਤਾਂ ਗੁਰੂ ਜੀ ਨੇ ਮੁਸਕਰਾਉਂਦਿਆਂ ਬੜੇ ਪ੍ਰੇਮ ਨਾਲ ਕਿਹਾ ਕਿ ਭਾਈ ਸ਼ਸਤਰਾਂ ਦੇ ਅਜਿਹੇ ਸਤਿਕਾਰ ਦੀ ਆਸ, ਮੈਦਾਨਿ-ਜੰਗ ਵਿਚ ਜੂਝਣ ਵੇਲੇ ਇਕ ਸਿਪਾਹੀ ਤੋਂ ਤਾਂ ਕੀਤੀ ਜਾ ਸਕਦੀ ਹੈ। ਜੇਕਰ ਸ਼ਸਤਰ ਤਿਆਰ ਕਰਨ ਵਾਲੇ ਕਾਰੀਗਰ ਇਸ ਤਰ੍ਹਾਂ ਜਜ਼ਬਾਤੀ ਹੋਣਗੇ ਤਾਂ ਸ਼ਸਤਰ ਤਿਆਰ ਕਿਵੇਂ ਹੋਣਗੇ? ਸੋਭਾਈ ਆਪਣਾ ਕੰਮ ਜਾਰੀ ਰੱਖੋ। ਸ਼ਸਤਰ ਬਣਾਉਂਦਿਆਂ ਜਿਸ ਤਰ੍ਹਾਂ ਵੀ ਜ਼ਰੂਰੀ ਹੈ, ਤੁਸੀਂ ਕਰ ਸਕਦੇ ਹੋ, ਤੁਹਾਨੂੰ ਸਭ ਮਾਫ਼ ਹੈ।18 ਇਹ ਸਿਕਲੀਗਰਾਂ ਨਾਲ ਗੁਰੂ-ਪ੍ਰੇਮ ਦੀ ਪ੍ਰਤੱਖ ਉਦਾਹਰਣ ਹੈ। ਇਸ ਘਟਨਾ ਨੂੰ ਸੁੱਖਾ ਸਿੰਘ ਨੇ ਵੀ ‘ਗੁਰ-ਬਿਲਾਸ’ ਵਿਚ ਵਿਸਥਾਰ ਸਹਿਤ ਦਰਜ ਕੀਤਾ ਹੈ। ਕੁਝ ਆਖਰੀ ਅੰਸ਼ ਇਸ ਤਰ੍ਹਾਂ ਹਨ-

ਤੁਮ ਹੋ ਸ੍ਰੀ ਅਸਧੁਜ ਕੇ ਦਾਸਾ,

ਤੁਮ ਕੋ ਖਤਾ ਬਖਸ਼ ਸੁਨਤਾਸਾ।

ਤੁਮ ਜੋ ਸਦਾ ਸੇਵ ਇਹ ਕੈਹੋ,

ਰਿਧਿ ਸਿਧਿ ਸਿਖੀ ਫਲ ਪੈਹੋ।

ਤਿਨ ਮੇ ਰਾਮ ਸਿੰਘ ਮਤਿਸਾਰਾ,

ਵਾਗੀ ਦੇਸ ਮਾਰਵਾੜ ਪਿਆਰਾ।

ਤਾ ਕੋ ਬਖਸਿਓ ਦੀਨ ਦਿਆਲ,

ਹੈ ਇਹ ਰੋਸ਼ਨ ਕਥਾ ਵਿਸ਼ਾਲ।19

ਇਸੇ ਤਰ੍ਹਾਂ ਸਿਕਲੀਗਰ ਅੱਜ ਵੀ ਭਾਈ ਬਚਿੱਤਰ ਸਿੰਘ ਵਲੋਂ ਬਹਾਦਰੀ ਨਾਲ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਨ ਦਾ ਜ਼ਿਕਰ ਬੜੇ ਫ਼ਖ਼ਰ ਨਾਲ ਕਰਦੇ ਹਨ। ਸੂਰਬੀਰਤਾ ਦੀ ਇਸ ਘਟਨਾ ਦਾ ਵਰਣਨ ਬਹੁਤ ਸਾਰੇ ਇਤਿਹਾਸਕਾਰਾਂ ਅਤੇ ਪੁਰਾਤਨ ਗ੍ਰੰਥਾਂ ਵਿਚ ਦਰਜ ਹੈ। ਭਾਈ ਬਚਿੱਤਰ ਸਿੰਘ, ਇਕ ਸਿਕਲੀਗਰ ਪਰਿਵਾਰ `ਚੋਂ ਭਾਈ ਮਨੀ ਰਾਮ ਦਾ ਪੁੱਤਰ ਸੀ ਅਤੇ ਭਾਈ ਉਦਯ ਸਿੰਘ ਦਾ ਭਰਾ ਸੀ। ਭਾਈ ਕਾਨ੍ਹ ਸਿੰਘ ਨਾਭਾ20 ਅਤੇ ਹੋਰ ਲਿਖਾਰੀਆਂ ਮੁਤਾਬਿਕ ਸੰਮਤ 1758 ਵਿਚ ਜਦ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਆਨੰਦਪੁਰ ਨੂੰ ਘੇਰ ਲਿਆ ਤਾਂ ਕੇਸਰੀ ਚੰਦ ਜਸਵਾਲੀਏ ਨੇ ਲੋਹੇ ਦੇ ਤਵਿਆਂ ਅਤੇਛੁਰਿਆਂ-ਕਟਾਰਾਂ ਨਾਲ ਲੈਸ ਇਕ ਸ਼ਰਾਬੀ ਹਾਥੀ ਨੂੰ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਅੱਗੇ ਕੀਤਾ।

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਪਰ ਉਹ ਡਰ ਕੇਰਾਤੋ-ਰਾਤ ਹੀ ਦੌੜ ਗਿਆ। ਇਸ ਤੋਂ ਬਾਅਦ ਗੁਰੂ ਜੀ ਦੇ ਆਦੇਸ਼ `ਤੇ ਭਾਈ ਬਚਿੱਤਰ ਸਿੰਘ (ਸਿਕਲੀਗਰ/ਰਾਜਪੂਤ) ਹਾਥੀ ਦੇ ਮੁਕਾਬਲੇ ਲਈ ਅੱਗੇ ਆਇਆ। ਉਨ੍ਹਾਂ ਨੇ ਆਪਣੇ ਘੋੜੇ `ਤੇ ਚੜ੍ਹ ਕੇ, ਹਾਥੀ ਦੇ ਮੱਥੇ `ਤੇ ਮੈਸਾ ਨੇਜਾ (ਕਈ ਲਿਖਤਾਂ ਵਿਚ ਨਾਗਣੀ/ਬਰਛੀ ਲਿਖਿਆ ਹੈ) ਮਾਰਿਆ ਜੋ ਲੋਹੇ ਦੇ ਤਵੇ ਨੂੰ ਚੀਰ ਕੇ ਹਾਥੀ ਦੇ ਮੱਥੇ ਵਿਚ ਜਾ ਧਸਿਆ।ਹਾਥੀ ਨੇ ਪਿਛਲ-ਖੁਰੀਂ ਮੁੜਦਿਆਂ ਆਪਣੀ ਫੌਜ ਦੇ ਸਿਪਾਹੀਆਂ ਨੂੰ ਹੀ ਲਤਾੜਨਾ ਸ਼ੁਰੂ ਕਰ ਦਿੱਤਾ। ਇਸ ਸਮੇਂ ਮੱਚੀ ਭਗਦੜ ਕਾਰਨ ਪਹਾੜੀ ਫੌਜਾਂ ਦਾ ਬਹੁਤ ਨੁਕਸਾਨ ਹੋਇਆ।

ਭਾਈ ਬਚਿੱਤ੍ਰ ਸਿੰਘ ਦਾ ਪਿਤਾ ਭਾਈ ਮਨੀ ਰਾਮ ਮਾਰਵਾੜੀ ਛੇਵੀਂ ਪਾਤਿਸ਼ਾਹੀ ਦੀ ਹਜ਼ੂਰੀ ਵਿਚ ਕਾਫੀ ਸਮਾਂ ਰਿਹਾ ਸੀ।ਪਰ ਜਿਉਂ ਹੀ ਸਿਕਲੀਗਰ ਕਬੀਲਾ ਛੇਵੀਂ ਪਾਤਿਸ਼ਾਹੀ ਤੋਂ ਬਾਦ ਟੁਕੜਿਆਂ ਵਿਚ ਖਿਲਰਿਆ, ਉਦੋਂ ਮਨੀ ਰਾਮ ਦੀ ਕਬੀਲਾਟੁਕੜੀ ਮੁਲਤਾਨ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਕਲੀਗਰ ਕਬੀਲੇ ਨੇ ਫਿਰ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਤਾਂ ਮਨੀ ਰਾਮ ਨੇ ਆਪਣੇ ਪੰਜੇ ਪੁੱਤਰ ਭੇਟ ਕੀਤੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ।ਇਹ ਪੰਜ ਯੋਧੇ ਉਦਯ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਅਨਕ ਸਿੰਘ ਅਤੇ ਬਚਿੱਤਰ ਸਿੰਘ। ਸੰਮਤ 1758 ਦੇ ਜੰਗ ਵਿਚ ਰਾਜਾ ਕੇਸਰੀ ਚੰਦ ਜਸਵਾਲੀਏ ਦਾ ਸਿਰ ਵੱਢ, ਨੇਜੇ ਵਿਚ ਪਰੋ ਕੇ ਦਸਮੇਸ਼ ਜੀ ਦੀ ਹਜ਼ੂਰੀ ਵਿਚ ਲਿਆਉਣ ਵਾਲੇਭਾਈ ਉਦਯ ਸਿੰਘ ਜੀ ਸਨ। ਜਦ ਗੁਰੂ ਜੀ ਨੇ ਆਨੰਦਪੁਰ ਛੱਡਿਆ ਤਦ ਵੀ ਇਹ ਗੁਰੂ ਜੀ ਦੇ ਨਾਲ ਸਨ। ਚਮਕੌਰ ਦੇ ਰਸਤੇ `ਤੇ ਸੰਮਤ 1761 (1704 ਈ.) ਵਿਚ ਇਹ ਗੁਰੂ-ਪਿਆਰਾ ਵੱਡੀ ਬੀਰਤਾ ਨਾਲ ਵੈਰੀਆਂ ਦਾ ਮੁਕਾਬਲਾ ਕਰਦਿਆਂ ਸ਼ਹੀਦ ਹੋਗਿਆ।

ਭਾਈ ਉਦਯ ਸਿੰਘ ਬਾਰੇ ਇਕ ਹੋਰ ਕਥਾ ਪ੍ਰਸਿੱਧ ਹੈ ਕਿ ਇਕ ਵਾਰ ਉਸ ਨੇ ਸ਼ੇਰ ਮਾਰ ਕੇ, ਉਸ ਦੀ ਖੱਲ ਗੁਰੂ ਗੋਬਿੰਦਸਿੰਘ ਜੀ ਅੱਗੇ ਪੇਸ਼ ਕਰ ਦਿੱਤੀ। ਦਸਮੇਸ਼ ਜੀ ਨੇ ਇਹ ਖੱਲ ਇਕ ਗਧੇ ਨੂੰ ਪੁਆਈ। ਹੁਣ ਗਧਾ ਨਿਰਭੈ ਹੋ ਕੇ ਖੇਤਾਂ ਵਿਚ ਰਹਿੰਦਾ ਅਤੇ ਰੱਜ ਕੇ ਖਾਂਦਾ। ਕੋਈ ਵੀ ਡਰਦਾ ਉਸ ਦੇ ਨੇੜੇ ਜਾਣ ਦੀ ਹਿੰਮਤ ਨਾ ਕਰਦਾ। ਬੋਝ-ਭਾਰ ਤੋਂ ਛੁਟਕਾਰਾ ਮਿਲ ਗਿਆ।ਇਕ ਵਾਰ ਉਹੀ ਗਧਾ, ਹੋਰ ਗਧਿਆਂ ਦੇ ਹੀਂਗਣ ਦੀ ਆਵਾਜ਼ ਸੁਣ ਕੇ, ਆਪਣੇ ਮਾਲਕ ਘੁਮਿਆਰ ਦੇ ਘਰ ਚਲਾ ਗਿਆ ਅਤੇ ਹੀਂਗਣ ਲੱਗ ਪਿਆ। ਘੁਮਿਆਰ ਨੇ ‘ਗੁਆਚਿਆ ਹੋਇਆ’ ਗਧਾ ਪਛਾਣ ਲਿਆ ਅਤੇ ਸ਼ੇਰ ਦੀ ਖੱਲ ਉਤਾਰ ਕੇ, ਭਾਰ ਢੋਣ ਵਾਲੀ ਗੂੰਣ (ਚਿੱਲੀ) ਉਸ ਉੱਤੇ ਲੱਦ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਆਪਣੇ ਖ਼ਾਲਸੇ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੇ ਕਿ ਜਿਹੜੇ ਖਾਲਸਾ ਹੋ ਕੇ, ਜਾਤ-ਪਾਤ ਵਿਚ ਮੁੜ ਜਾ ਧਸਣਗੇ, ਉਨ੍ਹਾਂ ਦੀ ਇਹੀ ਦਸ਼ਾ ਹੋਊ।21

ਸਿਕਲੀਗਰ ਕਬੀਲਾ ਅਤੇ ਨੰਦੇੜ

ਸਿਕਲੀਗਰ ਕਬੀਲੇ ਦੀ ਗੁਰੂ-ਭਗਤੀ, ਇਮਾਨਦਾਰੀ, ਬਹਾਦਰੀ ਅਤੇ ਗ਼ੈਰਤ ਲਈ ਕੁਰਬਾਨ ਹੋਣ ਦੀ ਭਾਵਨਾ ਬੁਰੇ ਦਿਨਾਂ ਵਿਚ ਵੀ ਘੱਟ ਨਹੀਂ ਸੀ ਹੋਈ। ਹੋਰ ਸਿਦਕੀ ਸਿੱਖਾਂ ਵਾਂਗ ਸਿਕਲੀਗਰ ਸਿੱਖ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਛੱਡਣ ਤੋਂ ਬਾਅਦ ਅਤੇ ਨੰਦੇੜ ਕੂਚ ਕਰਨ ਵੇਲੇ ਵੀ ਉਨ੍ਹਾਂ ਦੇ ਨਾਲ ਸਨ। ਸਿਕਲੀਗਰ ਇਹ ਦਾਅਵਾ ਕਰਦੇ ਹਨ ਕਿ ਮੋਹਨ ਸਿੰਘ ਅਤੇ ਬਦਨ ਸਿੰਘ ਸਮੇਤ ਕਈ ਸਿਕਲੀਗਰ ਸਿੱਖ ਗੁਰੂ ਜੀ ਦੇ ਨਾਲ ਹੀ ਨੰਦੇੜ ਗਏ। ਜਿਹੜਾ ਜਥਾ ਗੁਰੂ ਜੀ ਨੇ ਨੰਦੇੜ ਤੋਂ ਪੰਜਾਬ ਭੇਜਿਆ ਸੀ ਉਸ ਵਿਚ ਸੁੰਦਰ ਸਿੰਘ ਅਤੇ ਭਗਤ ਸਿੰਘ ਨਾਂ ਦੇ ਸਿਕਲੀਗਰ ਸਿੱਖ ਮੌਜੂਦ ਸਨ।22 ਤਖਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਵਿਖੇ ਮੌਜੂਦ ਵੱਖ-ਵੱਖ ਸ਼ਸਤਰਾਂ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਅਜਿਹੇ ਅਮੋਲਕ ਸ਼ਸਤਰ ਕਿਸੇ ਰਾਜਧਾਨੀ ਦੇ ਸਿਲਹਖਾਨੇ (ਅਸਲਾਖਾਨਾ) ਵਿਚ ਵੀ ਨਹੀਂ ਦੇਖੇ ਜਾਂਦੇ। ਨੰਦੇੜ ਦੇ ਆਸ-ਪਾਸ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ ਦੇ ਬਹੁਤ ਸਾਰੇ ਇਲਾਕਿਆਂ ਵਿਚ ਵਣਜਾਰਿਆਂ ਦੇਟਾਂਡਿਆਂ ਦੀ ਤਰ੍ਹਾਂ ਸਿਕਲੀਗਰ ਸਿੱਖਾਂ ਦੀਆਂ ਬਸਤੀਆਂ ਅੱਜ ਵੀ ਮੌਜੂਦ ਹਨ।

ਸਿਕਲੀਗਰ ਕਬੀਲਾ : ਗੁਰੂ ਗੋਬਿੰਦ ਸਿੰਘ ਤੋਂ ਬਾਅਦ

ਗੁਰੂ ਗੋਬਿੰਦ ਸਿੰਘ ਤੋਂ ਬਾਅਦ ‘ਸਿਕਲੀਗਰ’ ਸ਼ਬਦ, ਸ਼ਸਤਰ ਤਿਆਰ ਕਰਨ ਵਾਲੇ ਮਾਰਵਾੜੀ ਕਬੀਲਿਆਂ ਲਈ ਰੂੜ੍ਹ ਹੋ ਚੁੱਕਾ ਸੀ। ਉਹ ਤਲਵਾਰ ਦਾ ਯੁੱਗ ਸੀ, ਜਦੋਂ ਆਧੁਨਿਕ ਹਥਿਆਰ ਦਾ ਨਾਂ-ਨਿਸ਼ਾਨ ਵੀ ਨਹੀਂ ਸੀ। ਬਿਨਾਂ ਸ਼ੱਕ ਅਠਾਰਵੀਂ ਸਦੀ ਦੌਰਾਨ ਹਥਿਆਰਬੰਦ ਸੰਘਰਸ਼ ਜ਼ੋਰਾਂ `ਤੇ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਅਤੇ ਉਸ ਤੋਂ ਬਾਅਦ ਸ਼ਸਤਰਾਂ ਦੀ ਲੋੜ ਸੁਭਾਵਿਕ ਸੀ। ਅਜਿਹੇ ਸਮੇਂ ਬਾਬਾ ਬੰਦਾ ਸਿੰਘ ਨਾਲ ਸਿਕਲੀਗਰਾਂ ਦੇ ਹੋਣ ਬਾਰੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਇਸ ਬਾਰੇ ‘ਗੁਰਮਤਿ ਪ੍ਰਕਾਸ਼’ ਵਲੋਂ ਸਿਕਲੀਗਰ-ਵਣਜਾਰਿਆਂ ਬਾਰੇ ਪ੍ਰਕਾਸ਼ਤ ਵਿਸ਼ੇਸ਼-ਅੰਕ ਵਿਚ ਗਿ.ਬਚਿੱਤਰ ਸਿੰਘ ਐਡਵੋਕੇਟ ਸਪੱਸ਼ਟ ਸੰਕੇਤ ਦਿੰਦੇ ਹੋਏ ਲਿਖਦੇ ਹਨ ਕਿ ‘ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਅਤੇ ਸਰਹੰਦ ਉੱਤੇ ਹਮਲੇ ਸਮੇਂ ਵਣਜਾਰੇ ਤੇ ਸਿਕਲੀਗਰ ਸਿੱਖਾਂ ਨੇ ਜਨ-ਸ਼ਕਤੀ, ਰੁਪਈਆਂ ਅਤੇ ਹਥਿਆਰਾਂ ਨਾਲ ਭਾਰੀ ਮਦਦ ਕੀਤੀ ਸੀ।’

ਕਈ ਲੇਖਕ ਭਾਈ ਬਾਜ ਸਿੰਘ, ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਜੀ ਬਾਂਹ (ਡਿਪਟੀ) ਅਤੇ ਸਰਹੰਦ ਦਾ ਪਹਿਲਾ ਸਿੱਖ ਸੂਬੇਦਾਰ ਸੀ, ਨੂੰ ਰਾਜਪੂਤ ਲਿਖਦੇ ਹਨ।23 ਇਸ ਦੇ ਬਾਵਜੂਦ ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਸਮੇਂ ਸਿਕਲੀਗਰ ਪਰਿਵਾਰਾਂ ਦਾ ਆਨੰਦਪੁਰ ਵਾਂਗ ਟਿਕ ਕੇ ਬੈਠਣਾ/ਵਿਚਰਨਾ ਸੰਭਵ ਨਹੀਂ ਸੀ,ਕਿਉਂਕਿ ਹਾਲਾਤ ਹੀ ਐਸੇ ਸਨ। ਇਸੇ ਕਾਰਨ ਉਸ ਸਮੇਂ ਸਿਕਲੀਗਰ ਛੋਟੀਆਂ-ਛੋਟੀਆਂ ਟੋਲੀਆਂ ਬਣਾ ਕੇ, ਟੱਪਰੀਵਾਸ ਤਰਜ਼ `ਤੇ ਘੁੰਮਦੇ-ਘੁੰਮਾਉਂਦੇ ਹੀ ਹਥਿਆਰ ਬਣਾਉਂਦੇ ਅਤੇ ਸਥਾਨਕ ਰਜਵਾੜਿਆਂ ਸਮੇਤ ਜਿਥੇ-ਜਿਥੇ ਵੀ ਸੰਭਵ ਹੁੰਦਾ,ਵੇਚ ਦਿੰਦੇ। ਇਸ ਕਸਬ ਦੇ ਨਾਲ-ਨਾਲ ਉਹ ਆਮ ਲੋਕਾਂ ਲਈ ਚਾਕੂ-ਛੁਰੀਆਂ ਆਦਿ ਹੋਰ ਕੰਮ ਕਰਨੇ ਵੀ ਜਾਰੀ ਰੱਖੇ ਹੋਏ ਸਨ।

ਸਿਕਲੀਗਰ ਕਬੀਲਾ ਅਤੇ ਪਟਿਆਲਾ ਰਾਜ-ਦਰਬਾਰ

1937 ਈ: ਵਿਚ ਬੁੱਢਾ ਦਲ ਪਟਿਆਲਾ ਵਲੋਂ ਪ੍ਰਕਾਸ਼ਤ ਹਰਨਾਮ ਸਿੰਘ ਦੀ ਇਕ ਕਾਵਿ-ਲਿਖਤ ‘ਸਿਕਲੀਗਰ ਪ੍ਰਕਾਸ਼’ ਦੇ ਹਵਾਲੇ ਨਾਲ ਸ਼ੇਰ ਸਿੰਘ ਅਤੇ ਕਿਰਪਾਲ ਕਜ਼ਾਕ ਨੇ ਪਟਿਆਲਾ ਰਿਆਸਤ ਨਾਲ ਸਿਕਲੀਗਰਾਂ ਦੇ ਸੰਬੰਧਾਂ ਦਾ ਸੰਖੇਪ-ਵੇਰਵਾ ਦੇਣ ਦਾ ਉਪਰਾਲਾ ਕੀਤਾ ਹੈ। ਕਈ ਸਿਕਲੀਗਰ ਪਰਿਵਾਰ ਘੁੰਮਦੇ-ਘੁੰਮਾਉਂਦੇ ਪਟਿਆਲਾ ਰਾਜ-ਘਰਾਣੇ ਦੇ ਮੋਢੀ ਬਾਬਾ ਆਲਾ ਸਿੰਘ (1691-1765 ਈ:) ਦੀ ਸੇਵਾ ਵਿਚ ਆ ਗਏ। ਇਨ੍ਹਾਂ ਵਿਚੋਂ ਮੰਗਲੋਵਰੀ ਸਿੰਘ, ਲੋਤੀ ਸਿੰਘ, ਮੰਗਤ ਸਿੰਘ, ਰਾਮ ਸਿੰਘ, ਬਲ ਸਿੰਘ, ਲਾਲ ਸਿੰਘ, ਭਗਤ ਸਿੰਘ ਦਾ ਜ਼ਿਕਰ ਉਪਰੋਕਤ ਲਿਖਤਾਂ ਵਿਚ ਆਇਆ ਹੈ। ‘ਜਿਉਂ ਹੀ ਬਾਬਾ ਆਲਾ ਸਿੰਘ ਦੇ ਰਾਜ-ਦਰਬਾਰ ਵਿਚ ਕਬੀਲੇ ਨੂੰ ਕਲਾ ਦੇ ਜ਼ੌਹਰ ਵਿਖਾਉਣ ਦੇ ਅਵਸਰ ਮਿਲੇ ਤਾਂ ਬਾਬਾ ਆਲਾ ਸਿੰਘ ਨੇ ਸਿਕਲੀਗਰ ਕਬੀਲੇ ਦੀ ਜੰਗੀ ਹਥਿਆਰਾਂ ਦੀ ਮੁਹਾਰਤ, ਰਾਜ ਦਰਬਾਰ ਅਤੇ ਸ਼ਸਤਰ ਵਿੱਦਿਆ ਦੀ ਸੂਝ-ਬੂਝ ਨੂੰ ਮੁਖ ਰੱਖਦਿਆਂ, ਕਬੀਲੇ ਦੇ ਚਾਤਰ ਸਿਕਲੀਗਰਾਂ ਨੂੰ ਸਿਲਹਖਾਨਾ (ਅਸਲਾਖਾਨਾ) ਦੇ ਮੁਕੀਏ ਬਣਾਇਆ।’

ਪਟਿਆਲਾ ਰਾਜ-ਦਰਬਾਰ ਦੀ ਛਤਰ-ਛਾਇਆ ਹੇਠ ਸਿਕਲੀਗਰ ਕਬੀਲੇ ਨੇ ਬੇਹਤਰੀਨ ਹਥਿਆਰਾਂ ਦੀ ਸਿਰਜਨਾ ਕੀਤੀ ਜੋ ਅੱਜ ਵੀ ਕਈ ਅਜਾਇਬ ਘਰਾਂ ਦੀ ਸ਼ੋਭਾ ਹਨ। ਇਨ੍ਹਾਂ ਹਥਿਆਰਾਂ ਦੀ ਪੁਖ਼ਤਗੀ ਅਤੇ ਖ਼ੂਬਸੂਰਤੀ ਰਾਹੀਂ, ਇਸ ਟੱਪਰੀਵਾਸ ਕਬੀਲੇ ਦੀ ਲੋਹ-ਵੰਸ਼ ਦੀਆਂ ਪਿਤਾ-ਪੁਰਖੀ ਛੋਹਾਂ, ਪ੍ਰਤੱਖ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਦਿੱਖ,ਕੇਵਲ ਹਥਿਆਰ ਹੋਣ ਦੀ ਵਿਸ਼ੇਸ਼ਤਾ ਤੱਕ ਹੀ ਸੀਮਤ ਨਹੀਂ, ਸਗੋਂ ਮੁੱਠੇ, ਮਿਆਨ, ਢਾਲਾਂ ਦੀਆਂ ਪਿੱਠਾਂ, ਸੰਜੋਆਂ, ਤੀਰਾਂ ਦੇ ਨੱਕੇ, ਬਰਛੇ, ਖੁੱਖਰੀਆਂ, ਜਾਫ਼ਰਤਕੀਏ, ਨਾਗਦੌਣਾਂ, ਬਿਛੂਏ, ਗੁਪਤੀਆਂ, ਨੇਜ਼ੇ, ਬੰਦੂਕਾਂ, ਬੱਟ, ਕੋਟਲੇ, ਸਿੰਗੀਆਂ, ਖੰਡੇ, ਚੱਕਰ, ਤੇਗੇ,ਗੁਰਜ, ਨਾਗਣੀਆਂ ਅਤੇ ਸੈਫਾਂ ਜਿਹੇ ਹਥਿਆਰਾਂ ਉੱਪਰ ਅਜਿਹੀ ਨੱਕਾਸ਼ੀ ਅਤੇ ਮੀਨਾਕਾਰੀ ਅੰਕਿਤ ਹੈ ਜਿਨ੍ਹਾਂ ਨੂੰ ਉੱਤਮ ਕਲਾ-ਕ੍ਰਿਤੀਆਂ ਦੀ ਉਪਾਧੀ ਦਿੱਤੀ ਜਾ ਸਕਦੀ ਹੈ।24

ਬਾਬਾ ਆਲਾ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਮਹਾਰਾਜਾ ਅਮਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜੱਥੇ ਪਾਸੋਂ ਅੰਮ੍ਰਿਤ ਛਕਿਆ ਸੀ। ਰਾਜ-ਪ੍ਰਬੰਧ ਵਿਚ ਨਿਪੁੰਨ ਇਸ ਸੂਰਬੀਰ ਸਰਦਾਰ ਨੇ ਪੰਦਰਾਂ-ਸੋਲਾਂ ਸਾਲ ਦੇ ਰਾਜ-ਕਾਲ ਵਿਚ ਪਟਿਆਲਾ ਰਾਜ ਦੀ ਤਰੱਕੀ ਲਈ ਬਹੁਤ ਕੰਮ ਕੀਤਾ। ਇਸ ਦੀ ਸੇਵਾ ਵਿਚ ਵੀ ਬਹੁਤ ਸਾਰੇ ਸਿਕਲੀਗਰ ਸਿੰਘ ਮੌਜੂਦ ਸਨ। 1767 ਈ: ਵਿਚ ਰਾਜਾ ਅਮਰ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਹਜ਼ਾਰਾਂ (ਗਿਆਨੀ ਸੋਹਨ ਸਿੰਘ ਸੀਤਲ ਅਨੁਸਾਰ ਤੀਹ ਹਜ਼ਾਰ)25 ਹਿੰਦੂ ਮਰਦ-ਇਸਤਰੀਆਂ ਨੂੰ ਕੈਦ ਵਿਚੋਂ ਛੁਡਾਇਆ ਅਤੇ ਆਪਣੇ ਪੱਲਿਓਂ ਖਰਚ ਦੇ ਕੇ ਘਰੋ-ਘਰੀ ਪਹੁੰਚਾਇਆ।26 ਇਸ ਨੇਕ ਕਾਰਜ ਵਿਚ ਸਿਕਲੀਗਰਾਂ ਨੇ ਮਹਾਰਾਜਾ ਅਮਰ ਸਿੰਘ ਦੀ ਮੱਦਦ ਕੀਤੀ ਸੀ।ਇਕ ਵਾਰ ਨਾਹਨ ਦੇ ਰਾਜੇ ਨੇ ਸ਼ਸਤਰ ਅਤੇ ਸ਼ਸਤਰ -ਘਾੜਿਆਂ ਦੀ ਮੰਗ ਕੀਤੀ ਤਾਂ ਮਹਾਰਾਜਾ ਅਮਰ ਸਿੰਘ ਨੇ ਉਚੇਚੇਤੌਰ `ਤੇ ਮੋਹਨ ਸਿੰਘ, ਬਦਨ ਸਿੰਘ, ਟਹਿਲ ਸਿੰਘ, ਮਹਿਲ ਸਿੰਘ ਆਦਿ ਮਾਰਵਾੜੀ ਕਾਰੀਗਰਾਂ (ਸਿਕਲੀਗਰਾਂ) ਨੂੰ ਹੁਨਰਮੰਦ ਜਾਣ ਕੇ ਨਾਹਨ ਭੇਜਿਆ।

ਸੰਮਤ 1851 (1794 ਈ:) ਨੂੰ ਪਟਿਆਲਾ ਰਿਆਸਤ ਦੇ ਦੀਵਾਨ/ਮਿਸਰ ਨੌਧ ਸਿੰਘ ਦੀ ਗੱਦਾਰੀ ਕਾਰਨ, ਜਦ ਪਟਿਆਲਾ ਰਾਜ-ਘਰਾਣੇ ਦੀ ਦਲੇਰ ਅਤੇ ਸੂਝਵਾਨ ਰਾਜ-ਪ੍ਰਬੰਧਕ ਰਾਣੀ ਸਾਹਿਬ ਕੌਰ (ਜੋ ਕਿ ਰਾਜਾ ਅਮਰ ਸਿੰਘ ਦੀ ਸਪੁਤਰੀ ਅਤੇ ਰਾਜਾ ਸਾਹਿਬ ਸਿੰਘ ਦੀ ਵੱਡੀ ਭੈਣ ਸੀ) ਦੀ ਮਰਹੱਟਿਆਂ ਨਾਲ ਜੰਗ ਹੋਈ ਤਾਂ ਕੇਸਰ ਸਿੰਘ, ਮਤਾਬ ਸਿੰਘ,ਖੇਮ ਸਿੰਘ, ਗੁਲਾਬ ਸਿੰਘ, ਜਵਾਹਰ ਸਿੰਘ ਸਮੇਤ ਬਹੁਤ ਸਾਰੇ ਸਿਕਲੀਗਰ ਸਿੰਘਾਂ ਨੇ ਰਾਣੀ ਦੀ ਡਟ ਕੇ ਮੱਦਦ ਕੀਤੀ।ਰਾਣੀ ਸਾਹਿਬ ਕੌਰ ਨੇ ਮਾਰਵਾੜੀ ਰਾਜਪੂਤਾਂ ਦੀ ਵਫ਼ਾਦਾਰੀ ਤੋਂ ਖੁਸ਼ ਹੋ ਕੇ, ਉਨ੍ਹਾਂ ਨੂੰ ਬਹੁਤ ਸਾਰੇ ਇਨਾਮ ਦੇ ਕੇ ਸਨਮਾਨਿਆ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਮਿਸਰ ਨੌਧ ਨੇ ਕਈ ਸਿਕਲੀਗਰਾਂ ਨੂੰ ਆਪਣੀ ਮਾਂ ਦੀ ਮੌਤ ਦੇ ਇਲਜ਼ਾਮ ਵਿਚ, ਚੌਦਾਂ-ਚੌਦਾਂ ਸਾਲ ਦੀ ਕੈਦ ਕਰਵਾ ਦਿੱਤੀ। ਇਹ ਸਮੁੱਚਾ ਪ੍ਰਸੰਗ ‘ਸਿਕਲੀਗਰ ਪ੍ਰਕਾਸ਼’ ਵਿਚ ਵਧੇਰੇ ਸਹਿਤ ਦਰਜ ਹੈ। ਪਟਿਆਲਾ ਰਾਜ-ਦਰਬਾਰ ਨਾਲ ਸੰਬੰਧਿਤ ਸਿਕਲੀਗਰਾਂ ਦੀ ਔਲਾਦ ਅੱਜ ਵੀ ਪਟਿਆਲੇ ਨਿਵਾਸ ਕਰਦੀ ਹੈ।

ਸਿਕਲੀਗਰ ਕਬੀਲਾ : ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ

ਰਾਜੇ ਰਜਵਾੜਿਆਂ ਦੀ ਆਪਸੀ ਖਹਿਬਾਜ਼ੀ/ਖਾਨਾਜੰਗੀ ਅਤੇ ਬਦੇਸ਼ੀ ਹਮਲਾਵਰਾਂ ਦੀ ਵਜ੍ਹਾ ਕਰਕੇ ਸਿਕਲੀਗਰ ਕਬੀਲੇਦੀ ਬੱਝਵੀਂ ਸ਼ਕਤੀ ਖਿੰਡ-ਪੁੰਡ ਚੁੱਕੀ ਸੀ। ਇਸ ਕਬੀਲੇ ਦੇ ਛੋਟੇ-ਛੋਟੇ ਟੋਲੇ, ਵੱਖੋ-ਵੱਖਰੀ ਥਾਵਾਂ `ਤੇ ਵੱਖ-ਵੱਖ ਰਾਜਿਆਂ,ਸਰਦਾਰਾਂ ਲਈ ਕੰਮ ਕਰਦੇ ਸਨ। ਮਿਸਲਾਂ ਦੇ ਪ੍ਰਬੰਧ ਦੌਰਾਨ ਵੀ ਸਿਕਲੀਗਰ ਕਬੀਲੇ ਦੇ ਕਾਰੀਗਰ, ਵੱਖ-ਵੱਖ ਮਿਸਲਾਂ ਲਈ ਜੰਗੀ ਸਾਜੋ-ਸਮਾਨ ਤਿਆਰ ਕਰਦੇ ਸਨ।

ਜਦ ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਮਿਸਲਾਂ ਨੂੰ ਇਕੱਠਾ ਕਰਕੇ ਵਿਸ਼ਾਲ ਸਿੱਖ ਰਾਜ ਦਾ ਗਠਨ ਕੀਤਾ ਤਾਂ ਉਸਨੇ ਆਪਣੀ ਫੌਜ ਲਈ ਜੰਗੀ ਸਾਜੋ-ਸਮਾਨ ਅਤੇ ਹਥਿਆਰ ਬਣਾਉਣ ਵਾਸਤੇ ਬਹੁਤ ਸਾਰੇ ਸਿਕਲੀਗਰਾਂ ਨੂੰ (ਮੁਲਾਜ਼ਮ) ਭਰਤੀ ਕਰ ਲਿਆ। ਮਹਾਰਾਜੇ ਨੇ ਆਪਣੀ ਫੌਜ ਦੀ ਸਿਖਲਾਈ, ਸ਼ਸਤਰਾਂ ਦੇ ਬੇਹਤਰ ਨਿਰਮਾਣ ਅਤੇ ਨਵੀਨੀਕਰਣ ਵੱਲ ਉਚੇਚਾ ਧਿਆਨ ਦਿੱਤਾ। ਮਹਾਰਾਜੇ ਦੀ ਫੌਜ ਲਈ ਰਵਾਇਤੀ ਅਤੇ ਨਵੀਨ ਸ਼ਸਤਰਾਂ ਦੇ ਨਿਰਮਾਣ ਅਤੇ ਮੁਹਾਰਤ ਦਾ ਕਾਰਜ, ਲਾਹੌਰ ਦੀਆਂ ਅਸਲਾ-ਵਰਕਸ਼ਾਪਾਂ ਵਿਚ ਸਿਕਲੀਗਰ ਹੀ ਕਰਦੇ ਸਨ। ਸਿਕਲੀਗਰਾਂ ਨੂੰ ਰਵਾਇਤੀ ਤੇਜ਼ਧਾਰ ਹਥਿਆਰਾਂ ਦੇ ਨਾਲ ਨਾਲ ਅਗਨ ਸ਼ਸਤਰਾਂ ਜਿਵੇਂ ਬੰਦੂਕਾਂ, ਗੋਲ-ਬਾਰੂਦ ਆਦਿ ਬਣਾਉਣ ਦੀ ਮੁਹਾਰਤ ਵੀ ਹਾਸਲ ਸੀ।ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਿਕਲੀਗਰ ਕਬੀਲੇ ਨੇ ਆਪਣੇ ਖੋਏ ਹੋਏ ਵਕਾਰ ਨੂੰ ਬਹਾਲ ਕਰਨ ਲਈ ਸਿਰਤੋੜ ਯਤਨ ਕੀਤੇ।27

ਅੰਗਰੇਜ਼ੀ ਰਾਜ : ਸਿਕਲੀਗਰ ਕਬੀਲੇ ਦਾ ਪਤਨ

ਭਾਰਤ ਵਿਚ ਅੰਗਰੇਜ਼ੀ ਸਾਮਰਾਜ ਸਿਕਲੀਗਰ ਕਬੀਲੇ ਦੇ ਪਤਨ ਦਾ ਕਾਰਨ ਬਣਿਆ। 1849 ਈ: ਵਿਚ ਪੰਜਾਬ ਅੰਗਰੇਜ਼ੀ ਸਾਮਰਾਜ ਅਧੀਨ ਚਲਾ ਗਿਆ। ਉਸ ਸਮੇਂ ਸਿਕਲੀਗਰ ਪੰਜਾਬ ਵਿਚ ਖੁੱਲ੍ਹੇ ਤੌਰ `ਤੇ ਨੇਕ-ਨੀਤੀ ਸਹਿਤ ਹਥਿਆਰ ਬਣਾਉਣ ਦੇ ਕਿੱਤੇ ਵਿਚ ਲੱਗੇ ਹੋਏ ਸਨ। ਉਨ੍ਹਾਂ ਵਿਚੋਂ ਕੁਝ ਅੰਗਰੇਜ਼ ਸਰਕਾਰ ਦੀ ਮੁਲਾਜ਼ਮਤ ਵਿਚ ਚਲੇ ਗਏ,ਜਿਥੇ ਉਨ੍ਹਾਂ ਨੂੰ ਤਲਵਾਰਾਂ, ਵਿਸ਼ੇਸ਼ ਤੌਰ `ਤੇ ਫ਼ੌਜ ਦੇ ਗੋਰਖਾ ਵਿੰਗ ਲਈ ਖੁਖਰੀਆਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਪਰ ਛੇਤੀ ਕਬੀਲੇ ਦੇ ਪਤਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਦੇ ਮੁੱਖ ਤੌਰ `ਤੇ ਤਿੰਨ ਕਾਰਨ ਸਨ-

1.     ਸਾਇੰਸ ਦੀ ਤਰੱਕੀ ਕਾਰਨ ਨਵੀਨ ਸ਼ਸਤਰਾਂ ਦਾ ਆਗਮਨ

2.     ਅੰਗਰੇਜ਼ੀ ਸਰਕਾਰ ਵਲੋਂ ਦੇਸੀ ਹਥਿਆਰ ਬਣਾਉਣ ਤੇ ਪਾਬੰਦੀ

3.     ਅਪਰਾਧੀ ਕਬੀਲਾ ਕਾਨੂੰਨ

ਉਨੀਵੀਂ ਸਦੀ ਵਿਚ ਸਾਇੰਸ ਨੇ ਹਰ ਖੇਤਰ ਵਿਚ ਤਰੱਕੀ ਕਰਕੇ ਵੱਡੀਆਂ ਮੱਲਾਂ ਮਾਰੀਆਂ। ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਦੀ ਜਗ੍ਹਾ ਘਾਤਕ ਬੰਬਾਂ, ਬੰਦੂਕਾਂ, ਤੋਪਾਂ ਨੇ ਮੱਲ ਲਈ। ਇਸ ਕਰਕੇ ਸਿਕਲੀਗਰਾਂ ਦੇ ਰਵਾਇਤੀ ਤੇਪਿਤਾ-ਪੁਰਖੀ ਕਿੱਤੇ ਨੂੰ ਭਾਰੀ ਢਾਹ ਲੱਗੀ।

ਦੂਜਾ, ਅੰਗਰੇਜ਼ ਸਰਕਾਰ ਨੇ ਭਾਰਤ ਵਿਚ ਦੇਸੀ ਹਥਿਆਰ ਬਣਾਉਣ `ਤੇ ਪਾਬੰਦੀ ਲਾ ਦਿੱਤੀ ਅਤੇ ਇਸ ਵਿਰੁੱਧ ਕਾਨੂੰਨ ਪਾਸ ਕਰ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਅੰਗਰੇਜ਼ ਸਰਕਾਰ ਵਿਰੁੱਧ ਲੜਨ ਵਾਲੀਆਂ ਧਿਰਾਂ ਲਈ ਨਾ ਕੋਈ ਹਥਿਆਰ ਬਣਾਏ, ਨਾ ਹੀ ਸਪਲਾਈ ਕਰ ਸਕੇ। ਇਹ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਗਿਆ। ਸਿਕਲੀਗਰ ਕਬੀਲੇ ਦੀ ਰੀੜ੍ਹ ਤੋੜਨ ਲਈ ਇਹ ਮਾਰੂ ਕਾਨੂੰਨ ਬਹੁਤ ਭਿਆਨਕ ਅਤੇ ਕਾਫ਼ੀ ਸੀ। ਅਫ਼ਸੋਸਜਨਕ ਪਹਿਲੂ ਇਹ ਕਿਇਨ੍ਹਾਂ ਹੁਨਰਮੰਦ ਕਾਰੀਗਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਕਿਸੇ ਵੀ ਧਿਰ ਨੇ ਹੀਲਾ ਨਹੀਂ ਕੀਤਾ। ਇਸ ਸਮੇਂ ਸਾਰਾ ਦੇਸ਼ ਵਿਦੇਸ਼ੀ ਪ੍ਰਭਾਵ ਅਧੀਨ ਗ੍ਰੱਸਿਆ ਜਾ ਰਿਹਾ ਸੀ, ਇਸ ਲਈ ਸਿਕਲੀਗਰ ਕਾਰੀਗਰਾਂ ਦਾ ਬੇਹਤਰੀਨ ਹੁਨਰ ਉਨ੍ਹਾਂ ਦੇ ਹੱਥਾਂ ਵਿਚ ਹੀ ਮਰ ਮੁੱਕ ਗਿਆ।28

ਇਸ ਦੇ ਨਾਲ ਹੀ ਅੰਗਰੇਜ਼ ਸਰਕਾਰ ਨੇ ਅਪਰਾਧ ਦੀ ਆੜ ਹੇਠ ਭਾਰਤ ਵਿਚ ਕਬੀਲਿਆਂ ਦੇ ਘੁੰਮਣ `ਤੇ ਪਾਬੰਦੀ ਲਾ ਦਿੱਤੀ। ਮਾਨਵਤਾਵਾਦੀ ਅਤੇ ਵਿਗਿਆਨਕ ਲੀਹਾਂ `ਤੇ ਇਨ੍ਹਾਂ ਟੱਪਰੀਵਾਸਾਂ ਦੇ ਪੁਨਰਵਾਸ ਤੇ ਸੁਧਾਰ ਦੀ ਬਜਾਏ, 1871ਵਿਚ ‘ਅਪਰਾਧੀ ਕਬੀਲਾ ਕਾਨੂੰਨ’ ਥੋਪ ਦਿੱਤਾ ਗਿਆ, ਜਿਸ ਨੇ ਟੱਪਰੀਵਾਸ ਕਬੀਲਿਆਂ ਨੂੰ ਪੀੜ੍ਹੀਆਂ ਤੱਕ ਦਰੜ ਕੇ ਰੱਖ ਦਿੱਤਾ। ਭਾਵੇਂ ਇਹ ਕਾਨੂੰਨ ਸਿਕਲੀਗਰਾਂ `ਤੇ ਲਾਗੂ ਨਹੀਂ ਸੀ ਪਰ ਉਨ੍ਹਾਂ ਦੇ ਪਿਤਰੀ ਭਰਾ ਵਣਜਾਰਾ ਕਬੀਲੇ ਭਾਰਤ ਦੇ ਕਈ ਪ੍ਰਦੇਸ਼ਾਂ ਵਿਚ ਅਪਰਾਧੀ ਕਬੀਲੇ ਘੋਸ਼ਿਤ ਕਰ ਦਿੱਤੇ ਗਏ।29

ਇਸ ਕਾਨੂੰਨ ਦੀ ਪੀਡੀ ਪਕੜ ਵਿਚੋਂ ਕਈ ਹੁਨਰਵੰਦ ਅਤੇ ਮਜ਼ਲੂਮ ਕਬੀਲੇ ਵੀ ਨਾ ਬਚ ਸਕੇ।… ਸਿਕਲੀਗਰ ਕਬੀਲੇ ਤੇ ਖਾਸ ਨਿਗਾਹ ਰੱਖੀ ਗਈ ਕਿਉਂਕਿ ਕਬੀਲਾ ਅੰਗਰੇਜ਼ਾਂ ਦੇ ਖ਼ਿਲਾਫ਼ ਕਿਸੇ ਵੀ ਰਜਵਾੜਾ ਤਾਕਤ ਲਈ ਹਥਿਆਰ ਬਣਾਸਕਦਾ ਸੀ। ਇਸ ਲਈ ਕਬੀਲੇ ਦੇ ਕਾਰੀਗਰਾਂ ਨਾਲ ਸ਼ੱਕ ਦੇ ਆਧਾਰ `ਤੇ ਬੇਰਹਿਮ ਸਖ਼ਤੀ ਕੀਤੀ ਗਈ, ਜਿਸ ਕਰਕੇ ਸਾਰੇ ਕਬੀਲੇ ਨੇ ‘ਭੱਠ ਤਾਉਣ’ ਦੀ ਸਹੁੰ ਪਾ ਦਿੱਤੀ30 ਅਤੇ ਗੁਜ਼ਾਰੇ ਲਈ ਘਰਾਂ ਦਾ ਨਿਕਾ-ਮੋਟਾ ਸਮਾਨ (ਚਾਕੂ-ਛੁਰੀਆਂ,ਬੱਠਲ-ਬਾਲਟੀਆਂ, ਚਿਮਟੇ-ਖੁਰਚਣੇ ਆਦਿ।) ਬਣਾਉਣਾ ਸ਼ੁਰੂ ਕਰ ਦਿੱਤਾ। ਸਮਾਨ ਵੇਚਣ ਲਈ ਇਨ੍ਹਾਂ ਨੂੰ ਪਿੰਡੋ-ਪਿੰਡ,ਨਗਰ-ਨਗਰ ਘੁੰਮਣਾ ਪੈਂਦਾ, ਜਿਸ ਕਰਕੇ ਇਨ੍ਹਾਂ ਨੂੰ ਟੱਪਰੀਵਾਸ ਜੀਵਨ-ਸ਼ੈਲੀ, ਅਪਣਾਉਣੀ ਪਈ।

ਆਜ਼ਾਦੀ ਉਪਰੰਤ ਸਿਕਲੀਗਰ ਕਬੀਲਾ

ਆਜ਼ਾਦੀ ਉਪਰੰਤ, ਸਮਾਜਕ-ਆਰਥਕ ਪਛੜੇਵੇਂ ਕਾਰਨ ਅਨੁਸੂਚਿਤ ਜਾਤੀਆਂ ਵਿਚ ਸ਼ਾਮਲ ਤਾਂ ਕਰ ਦਿੱਤਾ ਗਿਆ ਹੈ ਪਰ ਇਨ੍ਹਾਂ ਦੇ ਕਲਿਆਣ ਅਤੇ ਵਸੇਬੇ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਅਨੁਸੂਚਿਤ ਵਰਗਾਂ ਨੂੰ ਮਿਲਣ ਵਾਲੀਆਂਸਹੂਲਤਾਂ ਤੋਂ ਇਹ ਲੋਕ ਇਸ ਕਰਕੇ ਵੀ ਵਾਂਝੇ ਹਨ ਕਿਉਂਕਿ ਇਹ ਅਨਪੜ੍ਹਤਾ, ਗਰੀਬੀ, ਅਸਥਿਰ ਜੀਵਨ-ਸ਼ੈਲੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹਨ। ਇਹ ਕਬੀਲਾ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਖਿੰਡਿਆ ਹੋਇਆ ਹੈ।ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਯੂ.ਪੀ., ਮੱਧ ਪ੍ਰਦੇਸ਼, ਗੁਜ਼ਰਾਤ, ਮਹਾਂਰਾਸ਼ਟਰ ਸਮੇਤ ਬਹੁਤ ਸਾਰੇਪ੍ਰਦੇਸ਼ਾਂ ਵਿਚ ਇਹਨਾਂ ਦੀ ਵਸੋਂ ਕਰੋੜਾਂ ਵਿਚ ਆਂਕੀ ਗਈ ਹੈ।

ਸਮਾਜਕ, ਆਰਥਕ, ਰਾਜਨੀਤਿਕ, ਵਿਸ਼ੇਸ਼ ਕਰ ਵਿੱਦਿਅਕ ਪੱਖੋਂ ਇਹ ਕਬੀਲਾ ਬੇਹੱਦ ਪੱਛੜੇਪਣ ਦਾ ਸ਼ਿਕਾਰ ਹੈ।ਝੁੱਗੀਆਂ ਝੌਂਪੜੀਆਂ ਵਿਚ ਵਸ ਰਹੇ ਇਹ ਲੋਕ, ਨਵੇਂ ਜ਼ਮਾਨੇ ਦੀ ਤੋਰ ਦੇ ਮੁਕਾਬਲੇ ਵਿਚ ਪਛੜ ਜਾਣ ਕਾਰਨ, ਰੁਜ਼ਗਾਰੋਂ ਹੀਣੇ ਦੋ ਵੇਲੇ ਦੀ ਰੋਜ਼ੀ-ਰੋਟੀ ਪੱਖੋਂ ਬੇਹਾਲ ਹਨ, ਨਾ ਚੰਗਾ ਖਾਣ ਨੂੰ ਨਾ ਪਹਿਨਣ ਨੂੰ। ਜਿਥੇ ਕਿਤੇ ਸਥਾਈ ਬਸਤੀਆਂ ਬਣਾ ਕੇ ਝੌਂਪੜੀ-ਨੁਮਾ ਘਰ ਬਣਾਏ ਵੀ ਹਨ, ਉਥੇ ਨਾ ਕੋਈ ਵਿੱਦਿਆ ਲਈ ਸਕੂਲ ਦਾ ਪ੍ਰਬੰਧ ਹੈ ਅਤੇ ਨਾ ਹੀ ਕੋਈ ਡਾਕਟਰੀ ਸਹੂਲਤ। ਪੀਣ ਵਾਲੇ ਪਾਣੀ ਤੱਕ ਦਾ ਕੋਈ ਬਕਾਇਦਾ ਇੰਤਜ਼ਾਮ ਨਹੀਂ।

ਅਜੋਕੀਆਂ ਸਿੱਖ ਸੰਸਥਾਵਾਂ ਅਤੇ ਸਿਕਲੀਗਰ ਕਬੀਲਾ

ਇਸ ਵਿਚ ਸ਼ੱਕ ਨਹੀਂ ਕਿ ਸਿੱਖ ਇਤਿਹਾਸ ਵਿਚ ਸਿਕਲੀਗਰ ਕਬੀਲੇ ਦੀ ਬੇਹੱਦ ਪ੍ਰਸੰਸਾਯੋਗ ਭੂਮਿਕਾ ਰਹੀ ਹੈ ਪਰ ਉਨ੍ਹਾਂ ਦੇ ਸਿੱਖ ਮੂਲ-ਧਾਰਾ ਨਾਲੋਂ ਨਿਖੜਨ/ਵਿਛੜਨ ਦਾ ਗਿਆਨ ਬਹੁਤ ਘੱਟ ਸਿੱਖਾਂ ਨੂੰ ਹੈ। ਗੁਰੂ ਨਾਨਕ ਦੀ ਫੁਲਵਾੜੀ ਦੇ ਇਸ ਮਹੱਤਵਪੂਰਨ ਹਿੱਸੇ ਬਾਰੇ ਕੁਝ ਸਮਾਂ ਪਹਿਲਾਂ ਤੱਕ ਸਿੱਖ ਸੰਸਥਾਵਾਂ ਬਿਲਕੁਲ ਅਵੇਸਲੀਆਂ ਸਨ। ਹੁਣ ਥੋੜ੍ਹੇਸਮੇਂ ਤੋਂ ਵਿਅਕਤੀਗਤ ਅਤੇ ਸੰਸਥਾਗਤ ਪੱਧਰ `ਤੇ ਕੁਝ ਯਤਨ ਸ਼ੁਰੂ ਹੋਏ ਹਨ। ‘ਗੁਰਮਤਿ ਪ੍ਰਕਾਸ਼’, ‘ਸਿੱਖ ਫੁਲਵਾੜੀ’, ‘ਸਿੱਖ ਰੀਵਿਊ’ ਸਮੇਤ ਕਈ ਸਿੱਖ ਪੱਤਰਕਾਵਾਂ ਵਿਚ ਸਿਕਲੀਗਰਾਂ ਤੋਂ ਇਲਾਵਾ ਵਣਜਾਰੇ, ਸਤਿਨਾਮੀਏ ਆਦਿ ਕਬੀਲਿਆਂ ਬਾਰੇ ਸਮੱਗਰੀ ਪ੍ਰਕਾਸ਼ਤ ਹੋਈ ਹੈ।ਜਿਸ ਕਾਰਨ ਸਿੱਖ ਸੰਸਥਾਵਾਂ ਵਿਚ ਹਿਲਜੁਲ ਸ਼ੁਰੂ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਮੇਤ ਕਈ ਸਿੱਖ ਸੰਸਥਾਵਾਂ ਨੇ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ ਹੈ।

ਇਸ ਪਾਸੇ ਵਧੇਰੇ ਸਰਗਰਮੀ ਛੋਟੀਆਂ/ਸਥਾਨਕ ਪੱਧਰ ਦੀਆਂ ਸੰਸਥਾਵਾਂ ਜਿਵੇਂ ਗੁਰਮਤਿ ਪ੍ਰਚਾਰ ਸੰਸਥਾ, ਨਾਗਪੁਰ,ਸਕਾਟਿਸ਼ ਸਿੱਖ ਕੌਂਸਲ, ਸਤਿਨਾਮ ਫਾਊਂਡੇਸ਼ਨ, ਰਾਇਪੁਰ, ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਸੰਸਥਾ,ਲੁਧਿਆਣਾ, ਵਣਜਾਰਾ ਐਂਡ ਅਦਰ ਵੀਕਰ ਸੈਕਸ਼ਨ ਵੈਲਫੇਅਰ ਸੁਸਾਇਟੀ, ਚੰਡੀਗੜ੍ਹ ਆਦਿ ਨੇ ਦਿਖਾਈ ਹੈ।

ਗੁਰੂ ਅੰਗਦ ਦੇਵ ਵਿੱਦਿਅਕ ਅਤੇ ਭਲਾਈ ਸੰਸਥਾ ਵਲੋਂ ਲੁਧਿਆਣਾ ਦੇ ਪ੍ਰੀਤਨਗਰ ਦੀ ਸਿਕਲੀਗਰ ਬਸਤੀ ਵਿਚ ਸ਼ੁਰੂਕੀਤੇ ਪ੍ਰਾਜੈਕਟ ਨੂੰ ਦੇਖ ਕੇ ਇਸ ਪਾਸੇ ਹੋਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਮਿਲਦੀ ਹੈ ਕਿ ਇਨ੍ਹਾਂ ਕਬੀਲਿਆਂ ਲਈ ਬਹੁਤ ਕੁਝ ਹੋਣ ਵਾਲਾ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਸਿੱਖ ਸੰਸਥਾਵਾਂ ਦੀ ਸਰਗਰਮੀ ਤੋਂ ਪਹਿਲਾਂ ਪੰਜਾਬ, ਦਿੱਲੀ ਸਮੇਤ ਕੁਝ ਥਾਵਾਂ `ਤੇ ਸਿਕਲੀਗਰ ਬਸਤੀਆਂ ਵਿਚ ਨਿਰੰਕਾਰੀਆਂ ਵਲੋਂ ਵੀ ਇਨ੍ਹਾਂ ਦੀ ਭਲਾਈ ਲਈ ਯਤਨ ਆਰੰਭਿਆ ਗਿਆ ਸੀ।

ਸਿਕਲੀਗਰ ਕਬੀਲਾ : ਅਜੋਕੀ ਹਾਲਤ

ਵੱਖ-ਵੱਖ ਧਾਰਮਿਕ ਅਤੇ ਸਮਾਜ-ਸੇਵੀ ਸੰਸਥਾਵਾਂ ਵਲੋਂ ਹੋ ਰਹੇ ਛੋਟੇ ਪੱਧਰ ਦੇ, ਪਰ ਅਹਿਮ ਕਾਰਜਾਂ/ਸਰਵੇਖਣਾਂ ਤੋਂ ਸਿਕਲੀਗਰਾਂ ਬਾਰੇ ਜੋ ਵੀ ਤੱਥ ਦ੍ਰਿਸ਼ਟੀਗੋਚਰ ਹੋ ਰਹੇ ਹਨ, ਉਨ੍ਹਾਂ ਵਿਚੋਂ ਇਕ ਇਹ ਹੈ ਕਿ ਸੈਂਕੜੇ ਵਰ੍ਹੇ ਸਿੱਖੀ ਦੀ ਮੁੱਖ-ਧਾਰਾ ਤੋਂ ਵਿੱਛੜੇ ਰਹਿਣ ਦੇਬਾਵਜੂਦ ਸਿੱਖ ਸਿਕਲੀਗਰ ਪੂਰੇ ਸਿੱਖੀ ਸਰੂਪ ਵਿਚ ਹਨ। ਗੁਰਦੁਆਰਿਆਂ, ਗੁਰਮਤਿ ਲਿਟਰੇਚਰ ਅਤੇ ਧਰਮ-ਪ੍ਰਚਾਰ ਦੀ ਅਣਹੋਂਦ ਦੇ ਬਾਵਜੂਦ ਸਿੱਖੀ ਲਈ ਉਨ੍ਹਾਂ ਅੰਦਰ ਬੇਹੱਦ ਤਾਂਘ ਹੈ। ਬੇਸ਼ੱਕ ਸਮਾਜ ਦੇ ਹੋਰ ਲੋਕਾਂ ਦੀ ਤਰ੍ਹਾਂ ਪੁਰਾਤਨ ਰਹੁ-ਰੀਤਾਂ, ਕਬੀਲਾਈ ਵਿਸ਼ਵਾਸ, ਵਹਿਮ-ਭਰਮ ਇਨ੍ਹਾਂ ਸਿਕਲੀਗਰਾਂ ਵਿਚ ਵੀ ਪ੍ਰਚਲਤ ਹਨ ਅਤੇ ਇਨ੍ਹਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਲੈ ਕੇ, ਕਈ ਦੂਸਰੇ ਧਰਮਾਂ ਦੇ ਲੋਕ, ਇਨ੍ਹਾਂ ਦੇ ਧਰਮ ਪਰਿਵਰਤਨ ਲਈ ਸਰਗਰਮ ਹਨ31 ਪਰ ਇਸ ਦੇ ਬਾਵਜੂਦ ਸਿਕਲੀਗਰਾਂ ਦੀ ਸਿੱਖ ਧਰਮ ਪ੍ਰਤੀ ਸ਼ਰਧਾ ਅਤੇ ਸਤਿਕਾਰ ਜਿਉਂ ਦਾ ਤਿਉਂ ਕਾਇਮ ਹੈ। ਪੁਰਾਤਨ ਰੀਤਾਂ-ਰਸਮਾਂ ਦੇ ਨਾਲ ਨਾਲ ਸਿਕਲੀਗਰ ਕਬੀਲੇ ਦੀ ਰਹਿਤ-ਰਹਿਣੀ ਉਪਰ ਸਿੱਖੀ ਦਾ ਪ੍ਰਭਾਵ ਪ੍ਰਤੱਖ ਦੇਖਿਆ ਜਾ ਸਕਦਾ ਹੈ ਜਿਵੇਂ ਸਿੱਖ ਪਰੰਪਰਾ ਅਨੁਸਾਰ ਬੱਚਿਆਂ ਦਾ ਨਾਮਕਰਨ, ਕੇਸਾਧਾਰੀ ਹੋਣਾ, ਅੰਮ੍ਰਿਤ ਦੀ ਮਰਯਾਦਾ ਵਿਚ ਵਿਸ਼ਵਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਪ੍ਰਤੀ ਅਥਾਹ ਸ਼ਰਧਾ, ਆਨੰਦ ਕਾਰਜ ਦੀ ਰਸਮ ਆਦਿ।32

ਸਿਕਲੀਗਰ ਕਬੀਲੇ ਦਾ ਪਸਾਰਾ ਅਤੇ ਪਛੜੇਵਾਂ ਅੱਜ ਏਨਾ ਵਿਆਪਕ ਹੈ ਕਿ ਵੱਖ-ਵੱਖ ਸੰਸਥਾਵਾਂ ਵਲੋਂ ਆਰੰਭੇ ਭਲਾਈ-ਕਾਰਜ ਨਿਗੂਣੇ ਅਤੇ ਅਧੂਰੇ ਹਨ। ਸਮਾਜਕ, ਆਰਥਕ, ਵਿੱਦਿਅਕ, ਹਰ ਪੱਖੋਂ ਇਸ ਕਬੀਲੇ ਦੀ ਹਾਲਤ ਤਰਸਯੋਗ ਹੈ।ਸਿਕਲੀਗਰਾਂ ਦੀਆਂ ਝੁੱਗੀਆਂ ਵਿਚ ਕਰਾਮਾਤੀ ਗੁਣਵਤਾ ਛੁਪੀ ਹੋਈ ਹੈ। ਇਸ ਗੁਣਵਤਾ ਨੂੰ ਅਨਪੜ੍ਹਤਾ ਅਤੇ ਗਰੀਬੀ ਦੀ ਗ੍ਰਿਫਤ ਵਿਚੋਂ ਕੱਢਣ ਲਈ ਸਿਕਲੀਗਰ ਬਸਤੀਆਂ ਵਿਚ ਵਿੱਦਿਅਕ ਸੰਸਥਾਵਾਂ, ਤਕਨੀਕੀ ਅਤੇ ਦਸਤਕਾਰੀ ਟ੍ਰੇਨਿੰਗ ਸੰਸਥਾਵਾਂ ਦੀ ਲੋੜ ਹੈ। ਆਮ ਧਾਰਨਾ ਹੈ ਕਿ ਸਿਕਲੀਗਰਾਂ ਦੇ ਬੱਚੇ ਇੰਜੀਨੀਅਰ ਦਿਮਾਗ ਲੈ ਕੇ ਜੰਮਦੇ ਹਨ, ਪਰ ਸਕੂਲੀ ਵਿੱਦਿਆ ਅਤੇ ‘ਨਵੇਂ ਜ਼ਮਾਨੇ’ ਦੀ ਤਕਨੀਕੀ ਸਿਖਲਾਈ ਤੋਂ ਵਿਰਵੇ, ਪੁਰਾਣੀ ਤਕਨੀਕ ਦੇ ਮਾਹਰ ਇਹ ਕਾਬਲ ਅਤੇ ਹੁਨਰਮੰਦ ਲੋਕ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜ਼ਬੂਰ ਹਨ। ਅਗਰ ਸਿਕਲੀਗਰਾਂ ਦੀ ਨਵੀਂ ਪੀੜ੍ਹੀ ਨੂੰ ਨਵੇਂਜ਼ਮਾਨੇ ਦੀ ਤਕਨੀਕੀ ਸਿਖਲਾਈ ਅਤੇ ਕੁਝ ਕਰਨ ਦਾ ਮੌਕਾ ਮਿਲੇ ਤਾਂ ਹੈਰਾਨੀਜਨਕ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।

ਅੰਤਲੀ ਗੱਲ : ਖੋਜਕਾਰਾਂ ਲਈ

ਹਥਲਾ ਨਿਬੰਧ, ਸਿਕਲੀਗਰਾਂ ਦੇ ਗੁਰੂ ਪੰਥ ਨਾਲ ਸੰਬੰਧਾਂ ਬਾਰੇ ਉਪਲਬਧ ਸਮੱਗਰੀ `ਤੇ ਸਰਸਰੀ ਝਾਤ ਹੈ। ਇਸ ਕਬੀਲੇ ਬਾਰੇ ਥਾਂ-ਥਾਂ ਖਿੰਡੀ ਪਈ ਸਮੱਗਰੀ, ਤੱਥ, ਰਵਾਇਤਾਂ, ਸਮਾਚਾਰ ਸਿਰੜੀ ਖੋਜਕਾਰਾਂ ਦੀ ਉਡੀਕ ਵਿਚ ਹਨ।

ਸਿਕਲੀਗਰ ਕਬੀਲੇ ਬਾਰੇ ਇਕਾ-ਦੁੱਕਾ ਅਕਾਦਮਿਕ ਕਾਰਜ ਹੀ ਦ੍ਰਿਸ਼ਟੀਗੋਚਰ ਹੁੰਦੇ ਹਨ। ਸ਼ੇਰ ਸਿੰਘ ਸ਼ੇਰ ਅਤੇ ਕਿਰਪਾਲ ਕਜ਼ਾਕ ਦਾ ਖੋਜ-ਕਾਰਜ, ਇਸ ਦਿਸ਼ਾ ਵਿਚ ਬਹੁਤ ਹੀ ਮਹੱਤਵਪੂਰਨ ਹੈ ਪਰ ਇਸ ਵਿਸ਼ੇ ਦੇ ਬਹੁਤ ਸਾਰੇ ਪੱਖ ਅਣਛੋਹੇ ਪਏ ਹਨ। ਨਿਰੋਲ ਇਤਿਹਾਸਕ ਪਹੁੰਚ ਤੋਂ ਇਸ ਵਿਸ਼ੇ `ਤੇ ਕੋਈ ਵੀ ਵਿਉਂਤਬੱਧ ਕਾਰਜ ਸਾਹਮਣੇ ਨਹੀਂ ਆਇਆ।ਸਿਕਲੀਗਰਾਂ ਬਾਰੇ ਪੁਰਾਤਨ ਇਤਿਹਾਸਕ ਸਰੋਤਾਂ ਵਿਚ ਬਹੁਤ ਕੁਝ ਦੱਬਿਆ ਪਿਆ ਹੈ ਜੋ ਕਿ ਸੰਕੇਤਕ ਅਤੇ ਅਸਪੱਸ਼ਟ ਹੋਣ ਦੇ ਨਾਲ-ਨਾਲ ਖਿਲਰਵੇਂ ਰੂਪ ਵਿਚ ਹੈ।

ਪੁਰਾਤਨ ਹਥਿਆਰਾਂ ਦੇ ਅਧਿਐਨ ਤੋਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ। ਇਸੇ ਸਮਾਜ-ਵਿਗਿਆਨ,ਨਸਲ-ਵਿਗਿਆਨ, ਸੁਰੱਖਿਆ ਅਧਿਐਨ ਦੇ ਖੋਜ ਵਿਦਿਆਰਥੀ ਆਪੋ-ਆਪਣੇ ਅਨੁਸ਼ਾਸਨ ਵਿਚ ਰਹਿ ਕੇ, ਇਸ ਅਣਗੌਲੇ ਖੇਤਰ ਬਾਰੇ ਬਹੁਤ ਕੁਝ ਢੂੰਡ ਸਕਦੇ ਹਨ। ਸਮਾਜ ਵਿਗਿਆਨ ਦ੍ਰਿਸ਼ਟੀਕੋਣ ਤੋਂ ਸਿਕਲੀਗਰ ਕਬੀਲੇ ਦਾ ਅਧਿਐਨ, ਵਿਸ਼ਾਲ ਸਰਵੇਖਣ-ਪ੍ਰਾਜੈਕਟ ਦਾ ਮੁਥਾਜ ਹੈ। ਕਹਿਣ ਤੋਂ ਭਾਵ, ਸਿਕਲੀਗਰ ਕਬੀਲੇ ਬਾਰੇ ਅਕਾਦਮਿਕ ਪੱਧਰ`ਤੇ ਵੱਖ-ਵੱਖ ਪੱਖਾਂ ਤੋਂ ਖੋਜ-ਕਾਰਜ ਸੰਭਵ ਹੋ ਸਕਦਾ ਹੈ। ਖੋਜ-ਵਿਦਿਆਰਥੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਹਵਾਲੇ ਅਤੇ ਟਿੱਪਣੀਆਂ-

1.       ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਪੰਜਵੀਂ ਵਾਰ, 1990. ਪੰਨਾ 91.

2.       ਉਹੀ, ਪੰਨਾ 298 ਅਤੇ

ਫ਼ਾਰਸੀ ਪੰਜਾਬੀ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ 1996, ਪੰਨਾ 527

3.       ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਪਹਿਲਾ, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, 2005,ਪੰਨਾ 247.

4.       ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1990, ਪੰਨਾ 14

5.       ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਤੀਜੀ, ਲੋਕ ਪ੍ਰਕਾਸ਼ਨ, ਨਵੀਂ ਦਿੱਲੀ, ਨਵੰਬਰ 1979, ਪੰਨਾ 639-40.

6.       The Sikligars of Punjab, Sterling Publishers Pvt. Ltd. Jullundur-Dehli, 1966, Page 2-4.

7.       ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜਿਲਦ ਤੀਜੀ, ਪੰਨਾ 640

8.       The Sikligars of Punjab, Page 8.

9.       ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਨਾ 17

10.     ਪੁਰਾਤਨ ਇਤਿਹਾਸਕ ਸੋਮਿਆਂ ਦੇ ਆਧਾਰ `ਤੇ ਇਸ ਬਾਰੇ ਵਿਸਥਾਰਤ ਅਧਿਐਨ ਅਜੇ ਲੋੜੀਂਦਾ ਹੈ।

11.     ਸਿਕਲੀਗਰ ਕਬੀਲੇ ਸਭਿਆਚਾਰ, ਪੰਨਾ 18

12.     ਉਹੀ

13.     ਸਿੱਖ ਪੰਥ ਵਿਸ਼ਵਕੋਸ਼, ਭਾਗ ਪਹਿਲਾ, ਪੰਨਾ 247

14.     The Sikligars of Punjab, Page 9

15.     ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਨਾ 18

16.     ਮਹਾਨ ਕੋਸ਼, ਪੰਨਾ 1033

17.     ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਨਾ 19

18.     The Sikligars of Punjab, Page 14

19.     ਗੁਰ ਬਿਲਾਸ ਪਾਤਸ਼ਾਹੀ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਦੂਜੀ ਵਾਰ 1989, ਪੰਨਾ 243

20.     ਮਹਾਨ ਕੋਸ਼, ਪੰਨਾ 1098.

21.     ਉਹੀ, ਪੰਨਾ 9 ਅਤੇ 951

22.     The Sikligars of Punjab, Page 16

23.     ਇਹ ਤੱਥ ਵਧੇਰੇ ਖੋਜ ਦਾ ਮੁਥਾਜ ਹੈ। ਭੱਟ ਵਹੀਆਂ ਅਤੇ ਪੰਡਾ ਵਹੀਆਂ ਦੇ ਆਧਾਰ `ਤੇ ਕਈ ਵਿਦਵਾਨਾਂ ਨੇ ਭਾਈ ਬਚਿੱਤਰ ਸਿੰਘ ਤੇ ਭਾਈ ਉਦਯ ਸਿੰਘ ਨੂੰ ਭਾਈ ਮਨੀ ਸਿੰਘ ਸ਼ਹੀਦ ਦੇ ਪੁੱਤਰ ਦੱਸਦਿਆਂ, ਭਾਈ ਮਨੀ ਸਿੰਘ ਨੂੰ ਪੁਆਰ ਰਾਜਪੂਤ ਲਿਖਿਆ ਹੈ। ਭਾਈ ਬਾਜ ਸਿੰਘ ਨੂੰ ਭਾਈ ਮਨੀ ਸਿੰਘ (ਮਨੀ ਰਾਮ ਰਾਜਪੂਤ?) ਦੇ ਚਚੇਰੇ ਭਰਾ,ਭਾਈ ਨਠੀਆ ਦਾ ਪੁੱਤਰ ਲਿਖਿਆ ਹੈ। ਭੱਟ ਵਹੀਆਂ/ਪੰਡਾ ਵਹੀਆਂ (ਹਵਾਲਾ : ‘‘ਗੁਰੂ ਕੀਆਂ ਸਾਖੀਆਂ’’,ਸੰਪਾਦਿਤ- ਪਿਆਰਾ ਸਿੰਘ ਪਦਮ, ਸਿੰਘ ਬ੍ਰਦਰਜ਼, ਅੰਮ੍ਰਿਤਸਰ, ਤੀਜੀ ਵਾਰ ਮਈ 1955) ਇਨ੍ਹਾਂ ਸਾਰੇ ਸੂਰਮੇ ਸਿੰਘਾਂ ਨੂੰ ਰਾਜਪੂਤਾਂ ਦੀ ਵਣਜਾਰਾ ਸ਼੍ਰੇਣੀ ਨਾਲ ਸੰਬੰਧਿਤ ਦੱਸ ਪਾਉਂਦੀਆਂ ਹਨ। ਇਨ੍ਹਾਂ ਸਰੋਤਾਂ (ਭੱਟ ਵਹੀਆਂ/ਪੰਡਾ ਵਹੀਆਂ) ਦੀ ਇਤਿਹਾਸਕ ਪ੍ਰਮਾਣਿਕਤਾ ਦੇ ਨਿਰੀਖਣ ਦੁਆਰਾ ਇਸ ਖੋਜ-ਖੇਤਰ ਵਿਚ ਹੈਰਾਨੀਜਨਕ ਸਿੱਟੇ/ਤੱਥ ਸਾਹਮਣੇ ਆ ਸਕਦੇ ਹਨ।

24.     ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਨਾ 25

25.     ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਜਵੀਂ ਵਾਰ, 1993, ਪੰਨਾ 136.

26.     ਸਿੱਖ ਇਤਿਹਾਸ ਵਿਚ ਇਸੇ ਤਰ੍ਹਾਂ ਦੀ ਇਕ ਘਟਨਾ ਪਹਿਲਾਂ ਵੀ ਵਾਪਰੀ। 10 ਅਪ੍ਰੈਲ 1761 ਈ. ਨੂੰ ਵਿਸਾਖੀ ਵਾਲੇ ਦਿਨ ਲਏ ਇਕ ਮਹੱਤਵਪੂਰਨ ਫੈਸਲੇ ਮੁਤਾਬਿਕ ਸ. ਜੱਸਾ ਸਿੰਘ ਆਹਲੂਵਾਲੀਆ ਨੇ ਗੋਇੰਦਵਾਲ ਦੇ ਸਥਾਨ `ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ (ਜੋ ਅਬਦਾਲੀ ਦੇ ਪੰਜਵੇਂ ਹੱਲੇ ਸਮੇਂ ਪਾਨੀਪਤ ਦੀ ਲੜਾਈ ਜਿੱਤ ਕੇ ਵਾਪਸ ਜਾ ਰਹੀਆਂ ਸਨ) `ਤੇ ਹਮਲਾ ਕਰਕੇ ਲਗਭਗ 2200 ਹਿੰਦੁਸਤਾਨੀ ਲੜਕੀਆਂ ਨੂੰ ਉਸ ਦੀ ਕੈਦ `ਚੋਂਛੁਡਾਇਆ ਅਤੇ ਘਰੋ-ਘਰੀ ਪਹੁੰਚਾਇਆ।

27.     ਸਿਕਲੀਗਰ ਕਬੀਲੇ ਦਾ ਸਭਿਆਚਾਰ, ਪੰਨਾ 27-28.

28.     ਉਹੀ, ਪੰਨਾ 28

29.     The Sikligars of Punjab, Page 17.

30.     ਸਿਕਲੀਗਰ ਕਬੀਲੇ ਦਾ ਸੱਭਿਆਚਾਰ, ਪੰਨਾ 28.

31.     ਅਣਗੌਲੇ ਸਿੱਖ ਕਬੀਲੇ, (ਲੇਖਕ- ਡਾ. ਦਲਵਿੰਦਰ ਸਿੰਘ ਗਰੇਵਾਲ), ਸਕਾਟਿਸ਼ ਸਿੱਖ ਕੌਂਸਲ ਅਤੇ ਛੱਤੀਸਗੜ੍ਹ ਸਿੱਖ ਕੌਂਸਲ, ਰਾਏਪੁਰ, ਮਿਤੀਹੀਣ, ਪੰਨਾ 3.

32.      ਸਿਕਲੀਗਰ ਕਬੀਲੇ ਦਾ ਸੱਭਿਆਚਾਰ, ਪੰਨਾ 97-100

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,