ਸਿਆਸੀ ਖਬਰਾਂ » ਸਿੱਖ ਖਬਰਾਂ

‘ਕਾਲੇ ਦਿਨ’ ਵਜੋਂ ਮਨਾਏ ਗਏ ਮਾਰਚ ਦੌਰਾਨ ਲੱਗੇ ਨਾਅਰੇ ‘ਸਿੱਖ ਭਾਰਤ ਤੋਂ ਅਜ਼ਾਦੀ ਚਾਹੁੰਦੇ ਹਨ’

August 15, 2016 | By

ਲੁਧਿਆਣਾ: 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦੇ ਦਲ ਖ਼ਾਲਸਾ ਵਲੋਂ ਦਿੱਤੇ ਗਏ ਸੱਦੇ ‘ਤੇ ਦਲ ਖ਼ਾਲਸਾ ਅਤੇ ਹੋਰ ਧਾਰਮਕ-ਰਾਜਨੀਤਕ ਜਥੇਬੰਦੀਆਂ ਵਲੋਂ ਲੁਧਿਆਣਾ ਵਿਖੇ ਇਕ ਰੋਸ ਮਾਰਚ ਕੱਢਿਆ ਗਿਆ। ਦਲ ਖ਼ਾਲਸਾ ਦੇ ਸੈਂਕੜੇ ਕਾਰਜਕਰਤਾਵਾਂ ਅਤੇ ਅਹੁਦੇਦਾਰਾਂ ਅਤੇ ਹੋਰ ਹਮਖਿਆਲ ਜਥੇਬੰਦੀਆਂ ਵਲੋਂ ਲੁਧਿਆਣਾ ਦੇ ਜਗਰਾਉਂ ਪੁਲ ‘ਤੇ 2 ਘੰਟੇ ਤਕ ਮੁਜਾਹਰਾ ਕੀਤਾ ਗਿਆ।

Dal Khalsa Program on 15 August at Ludhiana 06

ਭਾਈ ਹਰਪਾਲ ਸਿੰਘ ਚੀਮਾ ਇਕੱਠ ਨੂੰ ਸੰਬੋਧਨ ਕਰਦੇ ਹੋਏ ਨਾਲ ਖੜ੍ਹੇ ਹਨ ਕਰਨੈਲ ਸਿੰਘ ਪੀਰ ਮੁਹੰਮਦ

ਇਸ ਦੌਰਾਨ ਮੁਜਾਹਰਾਕਾਰੀਆਂ ਵਲੋਂ ‘ਸਿੱਖ ਭਾਰਤ ਤੋਂ ਅਜ਼ਾਦੀ ਚਾਹੁੰਦੇ ਹਨ’ ਦੇ ਨਾਅਰੇ ਲੱਗੇ ਅਤੇ ਸ਼ਾਮਲ ਲੋਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਪਿਛਲੇ 7 ਦਹਾਕਿਆਂ ਤੋਂ ਭਾਰਤ ਵਲੋਂ ਸਿੱਖਾਂ, ਕਸ਼ਮੀਰੀਆਂ ਅਤੇ ਹੋਰ ਦਬੇ ਹੋਏ ਲੋਕਾਂ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ। ਮੁਜਾਹਰੇ ਵਿਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਕੁਝ ਨਹੀਂ ਬਦਲਿਆ। ਅਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸੀ ਉਹ ਭਾਰਤ ਦੀ ਲੀਡਰਸ਼ਿਪ ਨੇ ਭੁਲਾ ਦਿੱਤੇ ਹਨ।

Dal Khalsa Program on 15 August at Ludhiana 04

ਮੁਜਾਹਰੇ ਵਿਚ ਹਿੱਸਾ ਲੈਂਦੇ ਹੋਏ ਦਲ ਖ਼ਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ

ਐਡਵੋਕੇਟ ਚੀਮਾ ਨੇ ਕਿਹਾ ਅੱਜ ਦੇ ਦਿਨ ਸਵੈ-ਰਾਜ ਦੀ ਇਤਿਹਾਸਕ ਇੱਛਾ ਅਤੇ ਸਵੈ-ਨਿਰਣੈ ਦੇ ਹੱਕ ਦੀ ਗੱਲ ਨੂੰ ਅਸੀਂ ਜ਼ੋਰ ਦੇ ਕੇ ਦੁਹਰਾਉਣਾ ਚਾਹੁੰਦੇ ਹਾਂ।

ਇਕ ਹੋਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਹਨ, ਇਹ ਸਾਡੇ ਗੁੱਸੇ ਨੂੰ ਹੋਰ ਬੇਕਾਬੂ ਕਰਦੀਆਂ ਹਨ।

Dal Khalsa Program on 15 August at Ludhiana 02

ਸਿੱਖ ਯੂਥ ਆਫ ਪੰਜਾਬ ਦੇ ਆਗੂ ਅਤੇ ਕਾਰਜਕਰਤਾ

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਭਾਰਤ ਵਿਚ ਸਿੱਖ ਅਤੇ ਕਸ਼ਮੀਰੀ ਹੀ ਇਕੱਲੇ ਨਹੀਂ ਹਨ। ਸਗੋਂ ਹੋਰ ਧਾਰਮਿਕ ਘੱਟਗਿਣਤੀਆਂ, ਦਲਿਤ ਵੀ ਆਪਣੇ ਮੁੱਢਲੇ ਹੱਕਾਂ ਲਈ ਸੰਘਰਸ਼ਸ਼ੀਲ ਹਨ।

ਇਹ ਮਹੱਤਵਪੂਰਨ ਹੈ ਕਿ ਕੌਮਾਂਤਰੀ ਭਾਈਚਾਰਾ ਸਿਰਫ ਉਦੋਂ ਹੀ ਪ੍ਰਤੀਕ੍ਰਿਆ ਕਰਦਾ ਹੈ ਜਦੋਂ ਹਥਿਆਰਬੰਦ ਸੰਘਰਸ਼ ਹੋਵੇ ਪਰ ਸਟੇਟ ਪ੍ਰਾਯੋਜਿਤ ਹਿੰਸਾ ‘ਤੇ ਗੂੰਗੇ ਬਹਿਰੇ ਵਾਲੀ ਚੁੱਪੀ ਧਾਰ ਲੈਂਦਾ ਹੈ। ਬਦਕਿਸਮਤੀ ਨਾਲ ਕੌਮਾਂਤਰੀ ਭਾਈਚਾਰਾ ਖੁੱਲ੍ਹੇਆਮ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਕੀਤੇ ਜਾ ਰਹੇ ਲੋਕਤੰਤਰਿਕ ਅਤੇ ਸ਼ਾਂਤੀਪੂਰਨ ਸੰਘਰਸ਼ ਦੇ ਮਸਲੇ ‘ਤੇ ਅੰਨ੍ਹਾ ਹੋ ਜਾਂਦਾ ਹੈ, ਉਨ੍ਹਾਂ ਨੂੰ ਇਨ੍ਹਾਂ ਲੋਕਾਂ ਦੇ ਦਰਦ, ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਜ਼ਰ ਨਹੀਂ ਆਉਂਦਾ।

Dal Khalsa Program on 15 August at Ludhiana 01

ਮੁਜਾਹਰੇ ਵਿਚ ਸ਼ਾਮਲ ਭਾਈ ਸੁਖਜੀਤ ਸਿੰਘ ਖੋਸਾ ਅਤੇ ਕਰਨੈਲ ਸਿੰਘ ਪੀਰ ਮੁਹੰਮਦ

ਭਾਰਤੀ ਦੇ ਰਾਸ਼ਟਰਪਤੀ ਵਲੋਂ ਦਿੱਤੇ ਗਏ ਭਾਸ਼ਣ “ਸਰਕਾਰ ਘੱਟਗਿਣਤੀਆਂ ਅਤੇ ਦਲਿਤਾਂ ‘ਤੇ ਹੋ ਰਹੇ ਅਤਿਆਚਾਰ ਨੂੰ ਸਖਤੀ ਨਾਲ ਰੋਕੇ” ਦਾ ਹਵਾਲਾ ਦਿੰਦੇ ਹੋਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਸਿਰਫ ਸਾਲਾਨਾਂ ਲਿਪ ਸਰਵਿਸ (ਬੁਲ ਹਿਲਾਉਣ ਦੀ ਵਰਜਿਸ਼) ਹੀ ਹੈ, ਜ਼ਮੀਨ ਹਕੀਕਤ ਕੁਝ ਹੋਰ ਹੈ, ਭਾਵ ਕੁਝ ਨਹੀਂ ਬਦਲਿਆ।

ਮੁਜਾਹਰੇ ਵਿਚ ਅਖੰਡ ਕੀਰਤਨੀ ਜੱਥਾ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸਿੱਖ ਯੂਥ ਆਫ ਪੰਜਾਬ ਨੇ ਵੀ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,