ਆਮ ਖਬਰਾਂ

ਅਸ਼ੋਕ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ

November 18, 2015 | By

ਅਨਾਮਾਤੁਲਾ ਨੇ ਸਿੰਘਲ ਨੂੰ ਕਿਹਾ ਕਾਤਲ; ਓ.ਪੀ ਸ਼ਰਮਾ ਨੇ ਅਨਾਮਾਤੁਲਾ ਨੂੰ ਕਿਹਾ ਅੱਤਵਾਦੀ
ਦਿੱਲੀ: ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਸ਼ੋਕ ਸਿੰਘਲ਼ ਦੀ ਮੌਤ ਤੇ ਸ਼ਰਧਾਂਜਲੀ ਦੇਣ ਦੇ ਮੁੱਦੇ ਤੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ।

ਆਪ ਆਗੂ ਅਨਾਮਾਤੁਲਾ ਖਾਨ

ਆਪ ਆਗੂ ਅਨਾਮਾਤੁਲਾ ਖਾਨ

ਖਬਰ ਅਨੁਸਾਰ ਜਦੋਂ ਬੀ.ਜੇ.ਪੀ ਦੇ ਮੈਂਬਰਾਂ ਵੱਲੋਂ ਸਿੰਘਲ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਕਹੀ ਗਈ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਮਾਨਾਤੁਲਾ ਖਾਨ ਵੱਲੋਂ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਸਿੰਘਲ ਇੱਕ ਕਾਤਿਲ ਸੀ ਜਿਸਨੇ ਅਨੇਕਾਂ ਮੁਸਲਮਾਨਾਂ ਦਾ ਕਤਲ ਕੀਤਾ ਤੇ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋਂ ਭੜਕੇ ਬੀ.ਜੇ.ਪੀ ਦੇ ਨੇਤਾ ਓ.ਪੀ ਸ਼ਰਮਾ ਨੇ ਆਪ ਆਗੂ ਅਨਾਮਾਤੂਲਾ ਨੂੰ ਅੱਤਵਾਦੀ ਕਹਿ ਦਿੱਤਾ ਜਿਸ ਤੋਂ ਬਾਅਦ ਵਿਧਾਨ ਸਭਾ ਵਿੱਚ ਕਾਫੀ ਹੰਗਾਮਾ ਹੋਇਆ।

ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਅਸ਼ੋਕ ਸਿੰਘਲ

ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਅਸ਼ੋਕ ਸਿੰਘਲ

ਜਿਕਰਯੋਗ ਹੈ ਕਿ ਅਸ਼ੋਕ ਸਿੰਘਲ਼ ਕੱਟੜ ਹਿੰਦੂਤਵ ਪਾਰਟੀ “ਵਿਸ਼ਵ ਹਿੰਦੂ ਪਰਿਸ਼ਦ” ਦਾ ਆਗੂ ਸੀ ਜਿਸ ਦਾ 1992 ਵਿੱਚ ਬਾਬਰੀ ਮਸਜਿਦ ਢਾਹੇ ਜਾਣ ਪਿੱਛੇ ਵੱਡਾ ਹੱਥ ਸੀ।ਬੀਤੇ ਕੱਲ੍ਹ ਅਸ਼ੋਕ ਸਿੰਘਲ ਦੀ ਗੁੜਗਾਵਾਂ ਦੇ ਇੱਕ ਹਸਪਤਾਲ ਵਿੱਚ ਬੀਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ।

ਸਿੰਘਲ ਦੀ ਮੌਤ ਤੇ ਹਸਪਤਾਲ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਾਹਿਰ ਕਰਦਿਆਂ ਸਿੰਘਲ ਦੀ ਮੌਤ ਨੂੰ “ਵੱਡਾ ਨਿਜੀ ਘਾਟਾ” ਕਿਹਾ ਸੀ ਤੇ ਸਿੰਘਲ ਦੀ ਤਰੀਫ ਕਰਦਿਆਂ ਕਿਹਾ ਸੀ ਕਿ ਉਹ “ਆਪਣੇ ਆਪ ਵਿੱਚ ਇੱਕ ਅਦਾਰਾ” ਸੀ।

ਆਗਰਾ ਦਾ ਜੰਮਿਆ ਸਿੰਘਲ 1942 ਵਿੱਚ ਆਰ.ਐਸ.ਐਸ ਦਾ ਮੈਂਬਰ ਬਣਿਆ ਤੇ 1980 ਵਿੱਚ ਆਰ.ਐਸ.ਐਸ ਵੱਲੋਂ ਇਸ ਨੂੰ ਆਪਣੀ ਸੰਸਥਾ “ਵਿਸ਼ਵ ਹਿੰਦੂ ਪਰਿਸ਼ਦ” ਵਿੱਚ ਭੇਜ ਦਿੱਤਾ ਗਿਆ।1984 ਵਿੱਚ ਜਦੋਂ ਸਿੰਘਲ ਵਿਸ਼ਵ ਹਿੰਦੂ ਪਰਿਸ਼ਦ ਦਾ ਕਾਰਜਕਾਰੀ ਪ੍ਰਧਾਨ ਬਣਿਆ ਤਾਂ ਸੰਸਥਾ ਵੱਲੋਂ ਕਰਵਾਈ ਗਈ “ਧਰਮ ਸੰਸਦ” ਦੌਰਾਨ ਹੀ ਬਾਬਰੀ ਮਸਜਿਦ ਨੂੰ ਢਾਹੁਣ ਦੇ ਬੀਜ ਬੀਜੇ ਗਏ ਸਨ।

30 ਅਕਤੂਬਰ 1990 ਵਾਲੇ ਦਿਨ ਅਸ਼ੋਕ ਸਿੰਘਲ ਦੀ ਅਗਵਾਈ ਵਿੱਚ ਇੱਕ ਵੱਡੀ ਭੀੜ ਵੱਲੋਂ ਬਾਬਰੀ ਮਸਜਿਦ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜੋ ਸਫਲ ਨਾ ਹੋ ਸਕੀ। ਪਰ 6 ਦਸੰਬਰ 1992 ਨੂੰ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਬਾਬਰੀ ਮਸਜਿਦ ਢਾਹ ਦਿੱਤੀ ਗਈ ਜਿਸ ਤੋਂ ਬਾਅਦ ਪੂਰੇ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਮੁਸਲਮਾਨ ਫਸਾਦ ਹੋਏ ਸਨ।

ਅਸ਼ੋਕ ਸਿੰਘਲ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹਮਾਇਤੀ ਸੀ ਤੇ ਕੁਝ ਸਮਾ ਪਹਿਲਾਂ ਉਸ ਵੱਲੋਂ ਦਿੱਤਾ ਗਿਆ ਬਿਆਨ ਕਿ ਭਾਰਤ 2020 ਤੱਕ ਹਿੰਦੂ ਰਾਸ਼ਟਰ ਬਣ ਜਾਵੇਗਾ ਵੱਡੀ ਚਰਚਾ ਦਾ ਵਿਸ਼ਾ ਬਣਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,